ਸਿਡਨੀ: ਸ਼ਾਦਾਬ ਖਾਨ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਟੀ-20 ਵਿਸ਼ਵ ਕੱਪ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਡਕਵਰਥ ਲੁਈਸ ਵਿਧੀ (ਡੀਆਰਐੱਸ) ਰਾਹੀਂ 33 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਸ਼ਾਦਾਬ ਦੀਆਂ 22 ਗੇਂਦਾਂ ’ਚ 52 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 185 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ 14 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ ਸਿਰਫ 109 ਦੌੜਾਂ ਹੀ ਬਣਾ ਸਕੀ। ਮੀਂਹ ਦੀ ਰੁਕਾਵਟ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਡਕਵਰਥ ਲੁਈਸ ਵਿਧੀ ਅਨੁਸਾਰ ਜਿੱਤ ਲਈ 14 ਓਵਰਾਂ ਵਿੱਚ 142 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਵੁਮਾ ਨੇ ਪਾਰੀ ਵਿੱਚ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ ਤਿੰਨ, ਸ਼ਾਦਾਬ ਖਾਨ ਨੇ ਦੋ ਅਤੇ ਨਸੀਮ ਸ਼ਾਹ, ਹੈਰਿਸ ਰਾਊਫ ਤੇ ਮੁਹੰਮਦ ਵਸੀਮ ਜੂਨੀਅਰ ਨੇ ਇੱਕ-ਇੱਕ ਵਿਕਟ ਲਈ। ਇਸ ਜਿੱਤ ਨਾਲ ਪਾਕਿਸਤਾਨ (ਚਾਰ ਅੰਕ) ਗਰੁੱਪ-2 ਵਿੱਚ ਤੀਜੇ ਸਥਾਨ ’ਤੇ ਆ ਗਈ ਹੈ ਜਦਕਿ ਦੱਖਣੀ ਅਫਰੀਕਾ (ਪੰਜ ਅੰਕ) ਭਾਰਤ (6 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਹੈ। -ਪੀਟੀਆਈ