ਦਰਸ਼ਨ ਸਿੰਘ ਸੋਢੀ
ਮੁਹਾਲੀ, 3 ਨਵੰਬਰ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦਾ ਦੋ ਰੋਜ਼ਾ ਕੌਮੀ ਪੱਧਰ ਦਾ ਸਾਲਾਨਾ ਟੈਕਨੋ ਕਲਚਰਲ ਫੈਸਟੀਵਲ ‘ਪਰਿਵਰਤਨ-2022’ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ‘ਇਨੋਵੇਟ ਕ੍ਰਿਏਟ ਸੈਲੀਬ੍ਰੇਟ’ ਥੀਮ ਵਾਲੇ ਇਸ ਵਿਲੱਖਣ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਲਈ ਤਕਨੀਕੀ, ਗੈਰ-ਤਕਨੀਕੀ ਅਤੇ ਸਭਿਆਚਾਰਕ ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਕਰੁਨੇਸ਼ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੌਰਾਨ ਕੀਤੀਆਂ ਨਵੀਆਂ ਕਾਢਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸੈਰ ਸਪਾਟਾ ਨੂੰ ਪ੍ਰਮੋਟ ਕਰਨ ਲਈ ‘ਆਪ’ ਸਰਕਾਰ ਨੇ ਪਹਿਲੀ ਵਾਰ 100 ਕਰੋੜ ਰੁਪਏ ਰੱਖੇ ਹਨ ਅਤੇ ਕੇਂਦਰ ਸਰਕਾਰ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਕਾਰਨ ਦੋ ਸਾਲ ਬਾਅਦ ਲਾਂਡਰਾਂ ਕੈਂਪਸ ਵਿੱਚ ਪਰਿਵਰਤਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।