39.1 C
Patiāla
Thursday, April 25, 2024

ਵਿਜੀਲੈਂਸ ਬਿਊਰੋ ਨੇ ਵਿਜੈਇੰਦਰ ਸਿੰਗਲਾ ਖ਼ਿਲਾਫ਼ ਜਾਂਚ ਆਰੰਭੀ

Must read


ਦਵਿੰਦਰ ਪਾਲ

ਚੰਡੀਗੜ੍ਹ, 29 ਅਕਤੂਬਰ

ਮੁੱਖ ਅੰਸ਼

  • ਵਿਜੀਲੈਂਸ ਦੇ ਨਿਸ਼ਾਨੇ ’ਤੇ ਆਇਆ ਕਾਂਗਰਸ ਦਾ ਪੰਜਵਾਂ ਸਾਬਕਾ ਮੰਤਰੀ
  • ਸਮੁੱਚੇ ਅਸਾਸਿਆਂ, ਆਮਦਨ ਦਾ ਲੇਖਾ-ਜੋਖਾ ਮੰਗਿਆ ਗਿਆ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਖਿਲਾਫ਼ ਜਾਂਚ ਆਰੰਭ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਵੱਲੋਂ ਇਸ ਸਾਬਕਾ ਮੰਤਰੀ ਖ਼ਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ਵਿੱਚ ਜਾਂਚ-ਪੜਤਾਲ ਆਰੰਭੀ ਗਈ ਹੈ। ਸਿੰਗਲਾ ਨੇ ਵਿਜੀਲੈਂਸ ਦੀ ਇਸ ਕਾਰਵਾਈ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਮੰਤਰੀ ਦੇ ਅਸਾਸਿਆਂ ਸਬੰਧੀ ਤੱਥ ਇਕੱਤਰ ਕੀਤੇ ਜਾ ਰਹੇ ਹਨ ਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਜੈਇੰਦਰ ਸਿੰਗਲਾ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀਆਂ ਦੋਵੇਂ ਕਾਂਗਰਸ ਸਰਕਾਰਾਂ ਸਮੇਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਹੇ ਹਨ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਕਾਂਗਰਸ ਦਾ ਇਹ ਪੰਜਵਾਂ ਸਾਬਕਾ ਮੰਤਰੀ ਹੈ ਜੋ ਵਿਜੀਲੈਂਸ ਦੇ ਨਿਸ਼ਾਨੇ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਭੂਸ਼ਨ ਆਸ਼ੂ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜ਼ੀਆਂ ਅਤੇ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ਼ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸੱਤਾ ਤਬਦੀਲੀ ਤੋਂ ਬਾਅਦ ਸਾਬਕਾ ਲੋਕ ਨਿਰਮਾਣ ਮੰਤਰੀ ਦੇ ਖਿਲਾਫ਼ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਤੇ ਸਾਰੀਆਂ ਸ਼ਿਕਾਇਤਾਂ ਦਾ ਨਿਰੀਖਣ ਕਰਨ ਤੋਂ ਬਾਅਦ ਵਿਜੀਲੈਂਸ ਜਾਂਚ ਦਰਜ ਕਰਕੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ ਸੀ। ਵਿਜੀਲੈਂਸ ਦਾ ਇਹ ਵੀ ਦੱਸਣਾ ਹੈ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਦੀ ਪੜਤਾਲ ਦੌਰਾਨ ਸਮੁੱਚੇ ਅਸਾਸਿਆਂ, ਪਿਛਲੇ ਸਮੇਂ ਦੀ ਆਮਦਨ ਦਾ ਲੇਖਾ ਜੋਖਾ ਮੰਗਿਆ ਗਿਆ ਹੈ। ਇਸ ਤੋਂ ਬਿਨਾਂ ਪਿਛਲੇ ਸਮੇਂ ਦੌਰਾਨ ਕੀਤੇ ਖ਼ਰਚ, ਖਰੀਦੋ-ਫਰੋਖ਼ਤ ਆਦਿ ਦਾ ਮਿਲਾਨ ਕੀਤਾ ਜਾ ਰਿਹਾ ਹੈ। ਐਸੋੋਸੀਏਸ਼ਨ ਫ਼ਾਰ ਡੈਮੋਕਰੈਟਿਕ ਰਾਈਟਸ (ਏਡੀਆਰ) ਮੁਤਾਬਕ ਵਿਜੈਇੰਦਰ ਸਿੰਗਲਾ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 17.32 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਪ੍ਰਗਟਾਵਾ ਕੀਤਾ ਗਿਆ ਸੀ ਜਦੋਂ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਕਾਂਗਰਸੀ ਆਗੂ ਵੱਲੋਂ 18.87 ਕਰੋੜ ਰੁਪਏ ਦੀ ਦੀ ਚੱਲ-ਅਚੱਲ ਜਾਇਦਾਦ ਹੋਣ ਦਾ ਪ੍ਰਗਟਾਵਾ ਚੋਣ ਕਮਿਸ਼ਨ ਨੂੰ ਦਿੱਤੇ ਦਸਤਾਵੇਜ਼ਾਂ ਵਿੱਚ ਕੀਤਾ ਗਿਆ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਲੋਕ ਨਿਰਮਾਣ ਮੰਤਰੀ ਖਿਲਾਫ਼ ਚੱਲ ਰਹੀ ਜਾਂਚ ਨੂੰ ਪੂਰੇ ਨਿਰਪੱਖ ਤਰੀਕੇ ਨਾਲ ਸਿਰੇ ਲਾਉਣ ਅਤੇ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਸਨ। ਮਾਨ ਜਦ ਸੰਸਦ ਮੈਂਬਰ ਵਜੋਂ ਸੰਗਰੂਰ ਹਲਕੇ ਦੀ ਨੁਮਾਇੰਦੀ ਕਰਦੇ ਸਨ ਤਾਂ ਉਸ ਸਮੇਂ ਵੀ ਸਾਬਕਾ ਮੰਤਰੀ ਦੇ ਖਿਲਾਫ਼ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਸਨ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਬਿਊਰੋ ਵੱਲੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਦੇ ਖਿਲਾਫ਼ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿੱਚ ਹੀ ਜਾਂਚ ਆਰੰਭ ਕੀਤਾ ਗਈ ਹੈ।

News Source link

- Advertisement -

More articles

- Advertisement -

Latest article