ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਅਕਤੂਬਰ
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਲੁਧਿਆਣਾ ਦੀ ਐੱਸਈਐੱਲ ਟੈਕਸਟਾਈਲ (ਧਾਗਾ ਤੇ ਕੱਪੜਾ ਨਿਰਮਾਣ ਕੰਪਨੀ) ਦੇ ਡਾਇਰੈਕਟਰ ਨੀਰਜ ਸਲੂਜਾ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਨੀਰਜ ਸਲੂਜਾ ਨੂੰ ਕੱਲ੍ਹ ਸੈਂਟਰਲ ਬੈਂਕ ਆਫ਼ ਇੰਡੀਆ ਨਾਲ 1530.99 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਦੀ ਜਾਂਚ ਟੀਮ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਸੱਤ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ 6 ਅਗਸਤ 2020 ਨੂੰ ਧਾਗਾ ਤੇ ਕੱਪੜਾ ਨਿਰਮਾਣ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਸੀਬੀਆਈ ਵੱਲੋਂ ਲਗਪਗ 1530.99 ਕਰੋੜ ਰੁਪਏ ਦੀ ਧੋਖਾਧੜੀ ਸਬੰਧੀ ਕੀਤੀ ਗਈ ਮੁੱਢਲੀ ਜਾਂਚ ਮਗਰੋਂ ਕੰਪਨੀ ਦੇ ਡਾਇਰੈਕਟਰ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁਝ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸੀਬੀਆਈ ਜਾਂਚ ਅਨੁਸਾਰ ਕੱਪੜਾ ਨਿਰਮਾਣ ਕੰਪਨੀ ਦੇ ਡਾਇਰੈਕਟਰ ਨੇ ਕੁਝ ਲੋਕਾਂ ਨਾਲ ਰਲ ਕੇ ਬੈਂਕ ਨਾਲ ਇੰਨੀ ਵੱਡੀ ਰਕਮ ਦੀ ਧੋਖਾਧੜੀ ਕੀਤੀ ਹੈ।
ਹਾਲਾਂਕਿ ਮੁਲਜ਼ਮਾਂ ਵੱਲੋਂ ਬੈਂਕ ਕਰਜ਼ੇ ਦੀ ਵੱਡੀ ਰਕਮ ਸਬੰਧਤ ਧਿਰਾਂ ਨੂੰ ਮੋੜ ਦਿੱਤੀ ਗਈ ਸੀ ਤੇ ਬਾਅਦ ਵਿੱਚ ਐਡਜਸਟਮੈਂਟ ਐਂਟਰੀਆਂ ਕੀਤੀਆਂ ਗਈਆਂ ਸਨ, ਪਰ ਮੁਲਜ਼ਮਾਂ ਵੱਲੋਂ ਜਿਨ੍ਹਾਂ ਸਪਲਾਇਰਾਂ ਤੋਂ ਮਸ਼ੀਨਾਂ ਦੀ ਖ਼ਰੀਦ ਕੀਤੀ ਦਿਖਾਈ ਗਈ ਸੀ, ਉਹ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ। ਇੰਜ ਮੁਲਜ਼ਮਾਂ ਨੇ ਕੁੱਲ ਰਕਮ ਦੇ ਬਿੱਲ ਵਧਾ ਕੇ ਪੇਸ਼ ਕੀਤੇ ਅਤੇ ਵੇਚੇ ਗਏ ਸਾਮਾਨ ਦੀ ਵਿਕਰੀ ਤੋਂ ਪ੍ਰਾਪਤ ਰਕਮ ਵੀ ਬੈਂਕ ਵਿੱਚ ਜਮ੍ਹਾਂ ਨਹੀਂ ਕੀਤੀ ਗਈ।
ਸੀਬੀਆਈ ਅਨੁਸਾਰ ਉਕਤ ਕੰਪਨੀ ਦੀਆਂ ਇਕਾਈਆਂ ਮਲੋਟ, ਨਵਾਂ ਸ਼ਹਿਰ, ਨੀਮਰਾਣਾ (ਰਾਜਸਥਾਨ) ਅਤੇ ਹਾਂਸੀ (ਹਰਿਆਣਾ) ਵਿੱਚ ਸਥਾਪਤ ਹਨ, ਜੋ ਕਿ ਧਾਗਾ ਤੇ ਕੱਪੜਾ ਤਿਆਰ ਕਰਦੀਆਂ ਹਨ। ਸੀਬੀਆਈ ਨੇ ਕਿਹਾ ਕਿ 14 ਅਗਸਤ 2020 ਨੂੰ ਮੁਲਜ਼ਮਾਂ ਦੇ ਘਰ ਦੀ ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ, ਜਿਸ ਮਗਰੋਂ ਮੁਲਜ਼ਮਾਂ ਖ਼ਿਲਾਫ਼ ਐੱਲਓਸੀ ਵੀ ਜਾਰੀ ਕੀਤੀ ਗਈ ਸੀ। ਜਾਂਚ ਦੌਰਾਨ ਉਕਤ ਡਾਇਰੈਕਟਰ ਜਵਾਬ ਦੇਣ ਮੌਕੇ ਟਾਲ-ਮਟੋਲ ਕਰਦਾ ਪਾਇਆ ਗਿਆ, ਜਿਸ ਕਰਕੇ ਹੁਣ ਉਸ ਤੋਂ ਮੁੜ ਪੁੱਛ-ਪੜਤਾਲ ਕੀਤੀ ਜਾਵੇਗੀ।