39.1 C
Patiāla
Thursday, April 25, 2024

ਉਹ ਕਿਉਂ ਆਈ ਸੀ!

Must read


ਰਵਿੰਦਰ ਸਿੰਘ ਸੋਢੀ

ਕਿਸੇ ਦੀ ਮਰਗਤ ਦੇ ਭੋਗ ’ਤੇ ਬੈਠਾ ਸੀ। ਭੋਗ ਤੋਂ ਬਾਅਦ ਸ਼ਰਧਾਂਜਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤੁਰ ਗਏ ਭਲੇ ਪੁਰਸ਼ ਮੇਰੇ ਦਫ਼ਤਰ ਵਿੱਚੋਂ ਹੀ ਸੇਵਾਮੁਕਤ ਹੋਏ ਸਨ। ਬਹੁਤ ਹੀ ਮਿਲਣਸਾਰ ਅਤੇ ਹਰ ਇੱਕ ਦੀ ਸਹਾਇਤਾ ਕਰਨ ਵਾਲੇ। ਮੇਰੇ ਨਾਲੋਂ ਉਮਰ ਵਿੱਚ ਤਕਰੀਬਨ ਪੰਦਰਾਂ ਕੁ ਸਾਲ ਵੱਡੇ। ਜਿਸ ਦਿਨ ਮੈਂ ਨਵੇਂ ਦਫ਼ਤਰ ਵਿੱਚ ਹਾਜ਼ਰ ਹੋਇਆ ਤਾਂ ਉਹ ਮੇਰੀ ਸੀਟ ’ਤੇ ਆਪ ਹੀ ਆ ਗਏ। ਮੇਰੇ ਸਬੰਧੀ ਸਭ ਕੁਝ ਪੁੱਛਿਆ ਅਤੇ ਕਿਹਾ ਕਿ ਕੰਮ ਤੋਂ ਘਬਰਾਉਣਾ ਨਹੀਂ, ਜਿਹੜੀ ਚੀਜ਼ ਦਾ ਪਤਾ ਨਾ ਲੱਗੇ ਪੁੱਛ ਲਿਆ ਕਰ। ਕੋਈ ਵੀ ਕੰਮ ਸਿੱਖ ਕੇ ਨਹੀਂ ਆਉਂਦਾ, ਸਿੱਖਣਾ ਪੈਂਦਾ ਹੈ। ਹੌਲੀ-ਹੌਲੀ ਮੈਂ ਉਨ੍ਹਾਂ ਦੇ ਨੇੜੇ ਹੁੰਦਾ ਗਿਆ। ਦਫ਼ਤਰ ਵਿੱਚ ਹੀ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਲੜਕੀਆਂ ਹਨ। ਬਹੁਤ ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਛੋਟੀ ਬੇਟੀ ਪੰਜ-ਛੇ ਮਹੀਨਿਆਂ ਦੀ ਹੀ ਸੀ ਅਤੇ ਵੱਡੀ ਪੰਜ ਕੁ ਸਾਲ ਦੀ ਤਾਂ ਉਨ੍ਹਾਂ ਦੀ ਪਤਨੀ ਬੱਚਿਆਂ ਨੂੰ ਉਨ੍ਹਾਂ ਕੋਲ ਛੱਡ ਕੇ ਕਿਸੇ ਹੋਰ ਬੰਦੇ ਨਾਲ ਰਹਿਣ ਲੱਗ ਪਈ ਸੀ। ਕਈਆਂ ਨੇ ਕੁਝ ਉਲਟ-ਪੁਲਟ ਗੱਲਾਂ ਵੀ ਦੱਸੀਆਂ, ਪਰ ਮੇਰੇ ਦਿਲ ਵਿੱਚ ਉਨ੍ਹਾਂ ਲਈ ਹੋਰ ਇੱਜ਼ਤ ਵਧ ਗਈ ਕਿ ਉਨ੍ਹਾਂ ਨੇ ਆਪਣੀਆਂ ਬੱਚੀਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਇਕੱਲਿਆਂ ਹੀ ਬਾਖ਼ੂਬੀ ਨਿਭਾਈ। ਪਿਉ ਦੇ ਨਾਲ-ਨਾਲ ਮਾਂ ਵੀ ਬਣੇ

ਸ਼ਰਧਾਂਜਲੀਆਂ ਦਾ ਸਿਲਸਿਲਾ ਜਾਰੀ ਸੀ। ਅਸਲ ਵਿੱਚ ਉਨ੍ਹਾਂ ਦੀ ਜਾਣ-ਪਛਾਣ ਦਾ ਘੇਰਾ ਵਿਸ਼ਾਲ ਸੀ। ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਨੇ ਕਿਸੇ ਹੋਰ ਸੰਸਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇੱਕ ਵਾਰ ਉਨ੍ਹਾਂ ਨੂੰ ਪੁੱਛਿਆ ਵੀ ਕਿ ਉਹ ਆਰਾਮ ਕਿਉਂ ਨਹੀਂ ਕਰਦੇ ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਸੀ ਕਿ ਜਿੰਨੀ ਦੇਰ ਸਿਹਤ ਠੀਕ ਹੋਵੇ, ਕੰਮ ਕਰਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਕੋਈ ਰੁਝੇਵਾਂ ਹੋਣਾ ਬਹੁਤ ਜ਼ਰੂਰੀ ਹੈ।

ਮੈਂ ਸ਼ਰਧਾਂਜਲੀਆਂ ਤੋਂ ਅੱਕਿਆ ਇੱਧਰ-ਉੱਧਰ ਦੇਖ ਰਿਹਾ ਸੀ ਤਾਂ ਮੇਰੀ ਨਜ਼ਰ ਬਾਰ-ਬਾਰ ਇੱਕ ਔਰਤ ’ਤੇ ਜਾ ਰਹੀ ਸੀ। ਇਹ ਨਹੀਂ ਕਿ ਮੈਂ ਉਸ ਵੱਲ ਕਿਸੇ ਭੈੜੀ ਨਜ਼ਰ ਨਾਲ ਦੇਖ ਰਿਹਾ ਸੀ। ਉਹ ਸਰੀਰ ਦੀ ਕੁਝ ਭਾਰੀ ਜ਼ਰੂਰ ਸੀ, ਪਰ ਬੇਡੌਲ ਨਹੀਂ। ਉਸ ਦੇ ਨੈਣ-ਨਕਸ਼ ਢਲਦੀ ਉਮਰੇ ਵੀ ਪ੍ਰਭਾਵਿਤ ਕਰ ਰਹੇ ਸਨ। ਉਹ ਚਿੱਟੀ ਸਾੜ੍ਹੀ ਵਿੱਚ ਜਚ ਰਹੀ ਸੀ। ਮੰਗਲ ਸੂਤਰ ਵੀ ਗਲ਼ ਵਿੱਚ ਲਟਕ ਰਿਹਾ ਸੀ ਅਤੇ ਮੱਥੇ ’ਤੇ ਲਾਲ ਬਿੰਦੀ ਲੱਗੀ ਹੋਈ ਸੀ। ਉਹ ਸਾਰਾ ਸਮਾਂ ਚੱਕਰ ਹੀ ਕੱਟਦੀ ਰਹੀ। ਹੋ ਸਕਦਾ ਹੈ ਕਿ ਉਹ ਫਰਸ਼ ’ਤੇ ਬੈਠ ਨਾ ਸਕਦੀ ਹੋਵੇ।

ਆਖਰ ਸ਼ਰਧਾਂਜਲੀਆਂ ਦਾ ਸਿਲਸਿਲਾ ਖ਼ਤਮ ਹੋਇਆ। ਕੁਝ ਚਾਹ ਪੀਣ ਤੁਰ ਗਏ ਅਤੇ ਕੁਝ ਇੱਕ ਦੂਜੇ ਨੂੰ ਮਿਲ ਰਹੇ ਸਨ। ਮੈਂ ਵੀ ਆਪਣੇ ਦਫ਼ਤਰ ਦੇ ਕੁਝ ਸਾਥੀਆਂ ਨਾਲ ਖੜ੍ਹਾ ਸੀ। ਮੈਂ ਦੂਰੋਂ ਹੀ ਦੇਖਿਆ ਕਿ ਸਾਡੇ ਦਫ਼ਤਰ ਵਿੱਚੋਂ ਸੇਵਾਮੁਕਤ ਹੋ ਚੁੱਕੇ ਵੱਡੀ ਉਮਰ ਦੇ ‘ਆਂਟੀ ਜੀ’ ਖੜ੍ਹੇ ਸਨ। ਮੈਂ ਆਪਣੇ ਸਾਥੀਆਂ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਨੂੰ ਮਿਲਣ ਚਲਾ ਗਿਆ। ਉਨ੍ਹਾਂ ਨੇ ਵੀ ਜੈਦੇਵ ਸਰ ਦੀਆਂ ਗੱਲਾਂ ਛੋਹ ਲਈਆਂ। ਉਨ੍ਹਾਂ ਤੋਂ ਮੈਂ ਪਹਿਲੀ ਬਾਰ ਸੁਣਿਆ ਕਿ ਉਨ੍ਹਾਂ ਦੀ ਪਤਨੀ ਦੇ ਛੱਡ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਈਆਂ ਨੇ ਜ਼ੋਰ ਪਾਇਆ ਕਿ ਕਿਸੇ ਜ਼ਰੂਰਤਮੰਦ ਨਾਲ ਵਿਆਹ ਕਰਵਾ ਲਵੇ, ਬੱਚੀਆਂ ਦੀ ਪਰਵਰਿਸ਼ ਠੀਕ ਹੋ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਉਨ੍ਹਾਂ ਦੀਆਂ ਦੋਵੇਂ ਕੁੜੀਆਂ ਹੀ ਹਨ। ਜੇ ਵਿਆਹ ਦਾ ਸੁੱਖ ਹੁੰਦਾ ਤਾਂ ਪਹਿਲੀ ਤੋਂ ਹੀ ਮਿਲ ਜਾਂਦਾ।

ਏਨੇ ਨੂੰ ਸਾਡੇ ਦਫ਼ਤਰ ਦੇ ਕੁਝ ਹੋਰ ਬੰਦੇ ਆਂਟੀ ਨੂੰ ਮਿਲਣ ਆ ਗਏ। ਆਂਟੀ ਉਨ੍ਹਾਂ ਨਾਲ ਗੱਲਾਂ ਵਿੱਚ ਰੁੱਝ ਗਏ ਅਤੇ ਸਾਡੀ ਗੱਲ ਵਿੱਚੇ ਹੀ ਰਹਿ ਗਈ। ਮੈਂ ਆਪਣੇ ਮਿੱਤਰਾਂ ਦੀ ਟੋਲੀ ਵਿੱਚ ਫੇਰ ਆ ਕੇ ਸ਼ਾਮਲ ਹੋ ਗਿਆ। ਮੈਂ ਭਾਵੇਂ ਆਪਣੇ ਦਫ਼ਤਰ ਦੇ ਮਿੱਤਰਾਂ ਕੋਲ ਹੀ ਖੜ੍ਹਾ ਸੀ, ਪਰ ਮੇਰਾ ਧਿਆਨ ਬਾਰ-ਬਾਰ ਉਸ ਔਰਤ ਵੱਲ ਹੀ ਜਾ ਰਿਹਾ ਸੀ।

ਜੈਦੇਵ ਸਰ ਨਾਲ ਮੇਰੀ ਕਦੇ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸਬੰਧੀ ਕੋਈ ਗੱਲ ਨਹੀਂ ਸੀ ਹੋਈ। ਇੱਕ, ਉਹ ਮੇਰੇ ਤੋਂ ਉਮਰ ਵਿੱਚ ਕਾਫ਼ੀ ਵੱਡੇ ਸਨ ਅਤੇ ਦੂਜਾ, ਇਹ ਉਨ੍ਹਾਂ ਦੀ ਜ਼ਿੰਦਗੀ ਦਾ ਦੁਖਦਾਈ ਅਤੇ ਨਿੱਜੀ ਮਾਮਲਾ ਸੀ। ਦਫ਼ਤਰ ਦੇ ਕੁਝ ਵੱਡੀ ਉਮਰ ਦੇ ਸਹਿਕਰਮੀਆਂ ਤੋਂ ਪਤਾ ਲੱਗਿਆ ਸੀ ਕਿ ਮਿਸਿਜ਼ ਜੈਦੇਵ ਜਵਾਨੀ ਵਿੱਚ ਬਹੁਤ ਖ਼ੂਬਸੂਰਤ ਸੀ। ਵੈਸੇ ਤਾਂ ਜੈਦੇਵ ਸਰ ਵੀ ਪੁਰਾਣੀਆਂ ਫਿਲਮਾਂ ਦੇ ਹੀਰੋਆਂ ਵਰਗੇ ਲੱਗਦੇ ਸਨ। ਮੈਂ ਕਈ ਬਾਰ ਉਨ੍ਹਾਂ ਨੂੰ ਕਿਹਾ ਵੀ ਕਿ ਸਰ, ਤੁਸੀਂ ਕਿੱਥੇ ਇਨ੍ਹਾਂ ਦਫ਼ਤਰੀ ਝਮੇਲਿਆਂ ਵਿੱਚ ਫਸ ਗਏ, ਤੁਹਾਨੂੰ ਤਾਂ ਫਿਲਮਾਂ ਵਿੱਚ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਹੱਸ ਕੇ ਗੱਲ ਟਾਲਦੇ ਹੋਏ ਕਹਿਣਾ, “ਅੱਜ ਤੈਨੂੰ ਮਜ਼ਾਕ ਕਰਨ ਲਈ ਹੋਰ ਕੋਈ ਨਹੀਂ ਮਿਲਿਆ?”

ਉਨ੍ਹਾਂ ਬਾਰੇ ਇਹ ਵੀ ਸੁਣਿਆ ਹੈ ਕਿ ਸ਼ੁਰੂ-ਸ਼ੁਰੂ ਵਿੱਚ ਇਸ ਜੋੜੀ ਦਾ ਆਪਸੀ ਪਿਆਰ ਬਹੁਤ ਸੀ। ਭਾਵੇਂ ਉਨ੍ਹਾਂ ਦੇ ਸਮੇਂ ਵਿੱਚ ਦੋਸਤਾਂ-ਮਿੱਤਰਾਂ ਦੀਆਂ ਮਹਿਫ਼ਲਾਂ ਵਿੱਚ ਪਤੀ-ਪਤਨੀ ਬਹੁਤੀ ਖੁੱਲ੍ਹ ਨਹੀਂ ਸੀ ਲੈਂਦੇ, ਪਰ ਜੈਦੇਵ ਜੋੜੀ ਸਲੀਕੇ ਵਿੱਚ ਰਹਿੰਦੇ ਹੋਏ ਆਪਸੀ ਪਿਆਰ ਦੇ ਇਜ਼ਹਾਰ ਵਿੱਚ ਕੰਜੂਸੀ ਵੀ ਨਹੀਂ ਸੀ ਕਰਦੀ। ਪਹਿਲੀ ਬੱਚੀ ਨੂੰ ਦੋਵਾਂ ਨੇ ਬੜੇ ਲਾਡ-ਪਿਆਰ ਨਾਲ ਪਾਲਿਆ।

ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਅਚਾਨਕ ਉਨ੍ਹਾਂ ਦੀ ਪਿਆਰ ਦੀ ਬੇੜੀ ਵੀ ਘੁੰਮਣ ਘੇਰੀ ਵਿੱਚ ਫਸ ਗਈ। ਸਮਾਜਿਕ ਇਕੱਠਾਂ ਵਿੱਚ ਵੀ ਦੋਹਾਂ ਦੇ ਤੇਵਰਾਂ ਤੋਂ ਪਤਾ ਲੱਗ ਜਾਂਦਾ ਕਿ ਪਹਿਲਾਂ ਵਰਗਾ ਪਿਆਰ ਕਿਤੇ ਉੱਡ-ਪੁੱਡ ਗਿਆ ਹੈ। ਦਿਖਾਵੇ ਦੇ ਤੌਰ ’ਤੇ ਇਕੱਠੇ ਆਉਂਦੇ ਜ਼ਰੂਰ, ਪਰ ਪਾਰਖੂ ਅੱਖਾਂ ਵਾਲੇ ਪਹਿਚਾਣ ਲੈਂਦੇ ਕਿ ਦੋਹਾਂ ਵਿੱਚ ਕੋਈ ਅੰਦਰੂਨੀ ਕਸ਼ਮਕਸ਼ ਚੱਲ ਰਹੀ ਹੈ। ਉਨ੍ਹਾਂ ਦੇ ਗੁਆਂਢੀਆਂ ਤੋਂ ਸੁਣਨ ਨੂੰ ਮਿਲਦਾ ਕਿ ਪਹਿਲਾਂ ਇਸ ਜੋੜੀ ਦੇ ਘਰੋਂ ਹਾਸਿਆਂ ਦੀਆਂ ਫੁਹਾਰਾਂ ਆਉਂਦੀਆਂ ਸਨ, ਪਰ ਹੁਣ ਕੁਝ ਦੇਰ ਤੋਂ ਬੋਲ-ਬੁਲਾਰਾ ਹੀ ਸੁਣਦਾ ਹੈ। ਬੱਚੀ ਰੋਂਦੀ ਰਹਿੰਦੀ ਹੈ, ਪਰ ਦੋਵੇਂ ਉਸ ਨੂੰ ਚੁੱਪ ਕਰਵਾਉਣ ਦੀ ਥਾਂ ਆਪ ਲੜਦੇ ਰਹਿੰਦੇ ਹਨ।

ਮੁਹੱਲੇ ਵਿੱਚ ਇਹ ਵੀ ਚਰਚਾ ਹੋਣ ਲੱਗ ਪਈ ਕਿ ਜਦੋਂ ਜੈਦੇਵ ਘਰ ਨਹੀਂ ਹੁੰਦੇ, ਕੋਈ ਓਪਰਾ ਮਰਦ ਆਉਂਦਾ ਹੈ। ਜਦੋਂ ਮਿਸਿਜ਼ ਜੈਦੇਵ ਉਸ ਨੂੰ ਘਰ ਤੋਂ ਬਾਹਰ ਵੀ ਛੱਡਣ ਆਉਂਦੀ ਤਾਂ ਉੱਥੇ ਖੜ੍ਹੇ ਵੀ ਹੌਲੀ-ਹੌਲੀ ਗੱਲਾਂ ਕਰਦੇ ਰਹਿੰਦੇ। ਇੱਕ ਬਾਰ ਤਾਂ ਕਹਿੰਦੇ ਕਿ ਉਹ ਓਪਰਾ ਬੰਦਾ ਘਰ ਦੇ ਅੰਦਰ ਹੀ ਸੀ ਕਿ ਜੈਦੇਵ ਸਰ ਵੀ ਘਰ ਪਹੁੰਚ ਗਏ। ਘਰ ਵਿੱਚੋਂ ਬੋਲ-ਬੁਲਾਰੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ।

ਇਨ੍ਹਾਂ ਦਿਨਾਂ ਵਿੱਚ ਮਿਸਿਜ਼ ਜੈਦੇਵ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਸੀ। ਇੱਕ ਦਿਨ ਉਹ ਘਰ ਦੇ ਬਾਹਰ ਖੜ੍ਹੀ ਆਪਣੇ ਨਾਲ ਵਾਲੇ ਘਰ ਦੀ ਔਰਤ ਨੂੰ ਕਹਿ ਰਹੀ ਸੀ, “ਕਿੱਥੇ ਮੈਨੂੰ ਦੁਬਾਰਾ ਮੁਸੀਬਤ ਵਿੱਚ ਫਸਾ ਦਿੱਤਾ। ਮੈਂ ਤਾਂ ਪਹਿਲਾਂ ਹੀ ਇੱਕ ਜੰਜਾਲ ਨਾਲ ਬੰਨ੍ਹੀ ਬੈਠੀ ਹਾਂ।” ਸ਼ਾਮ ਤੱਕ ਇਹ ਗੱਲ ਸਾਰੇ ਮੁਹੱਲੇ ਵਿੱਚ ਫੈਲ ਗਈ ਅਤੇ ਅਗਲੇ ਦਿਨ ਦਫ਼ਤਰ ਵਿੱਚ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਲੋਕ ਮੂੰਹ ਜੋੜ-ਜੋੜ, ਚਟਖਾਰੇ ਲੈ ਕੇ ਗੱਲਾਂ ਕਰਨ ਲੱਗ ਪਏ। ਇਨ੍ਹਾਂ ਗੱਲਾਂ ਦੀ ਭਿੰਣਕ ਉਨ੍ਹਾਂ ਨੂੰ ਵੀ ਲੱਗ ਗਈ। ਉਹ ਆਪ ਵੀ ਪਰੇਸ਼ਾਨ ਰਹਿਣ ਲੱਗੇ। ਕਈ ਬਾਰ ਦੋ-ਦੋ, ਚਾਰ-ਚਾਰ ਦਿਨਾਂ ਦੀਆਂ ਛੁੱਟੀਆਂ ਲੈ ਕੇ ਘਰ ਹੀ ਬੈਠੇ ਰਹਿੰਦੇ।

ਮਿਸਿਜ਼ ਜੈਦੇਵ ਦੂਜੇ ਬੱਚੇ ਦੇ ਜਣੇਪੇ ਲਈ ਆਪਣੇ ਪੇਕੇ ਚਲੀ ਗਈ। ਇੱਕ ਦਿਨ ਖ਼ਬਰ ਆਈ ਕਿ ਲੜਕੀ ਹੋਈ ਹੈ। ਉਹ ਕਈ ਦਿਨ ਆਪਣੀ ਨਵੀਂ ਜੰਮੀ ਬੱਚੀ ਨੂੰ ਦੇਖਣ ਨਾ ਗਏ। ਮਹੀਨੇ ਕੁ ਬਾਅਦ ਹੀ ਗਏ, ਉਹ ਵੀ ਸਵੇਰੇ ਜਾ ਕੇ ਸ਼ਾਮ ਨੂੰ ਮੁੜ ਵੀ ਆਏ। ਦਫ਼ਤਰ ਵਾਲਿਆਂ ਦੀਆਂ ਗੱਲਾਂ ਤੋਂ ਹੀ ਪਤਾ ਲੱਗਿਆ ਕਿ ਉਨ੍ਹਾਂ ਦਿਨਾਂ ਵਿੱਚ ਜੈਦੇਵ ਸਰ ਚੁੱਪ ਹੀ ਰਹਿੰਦੇ। ਦਫ਼ਤਰ ਵਿੱਚ ਵੀ ਕਿਸੇ ਨਾਲ ਸਿਰਫ਼ ਕੰਮ ਦੀ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਨਾ ਕਰਦੇ। ਜੇ ਕਿਤੇ ਵਿਆਹ ਸ਼ਾਦੀ ’ਤੇ ਜਾਣਾ ਵੀ ਪੈਂਦਾ ਤਾਂ ਸ਼ਗਨ ਫੜਾ ਕੇ ਹੀ ਵਾਪਸ ਆ ਜਾਂਦੇ।

ਤਿੰਨ ਕੁ ਮਹੀਨਿਆਂ ਬਾਅਦ ਉਨ੍ਹਾਂ ਦੀ ਪਤਨੀ ਆਪਣੀਆਂ ਦੋਵੇਂ ਬੱਚੀਆਂ ਨਾਲ ਆਪਣੇ ਪੇਕੇ ਘਰ ਤੋਂ ਮੁੜ ਆਈ। ਦੋਹਾਂ ਦਾ ਬੋਲ-ਬੁਲਾਰਾ ਘਟ ਗਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੂਫ਼ਾਨ ਮੱਠਾ ਪੈ ਗਿਆ ਹੋਵੇ, ਪਰ ਨਹੀਂ, ਜਵਾਲਾ ਮੁਖੀ ਅੰਦਰ ਹੀ ਅੰਦਰ ਭਖ ਰਿਹਾ ਸੀ, ਜੋ ਕਦੇ ਵੀ ਫਟ ਸਕਦਾ ਸੀ। ਹੁਣ ਤਾਂ ਉਹ ਬੰਦਾ ਸ਼ਰੇਆਮ ਹੀ ਉਨ੍ਹਾਂ ਦੇ ਘਰ ਆਉਣ ਲੱਗ ਪਿਆ। ਇੱਕ ਦਿਨ ਅਣਹੋਣੀ ਵਾਪਰ ਹੀ ਗਈ। ਜਦੋਂ ਉਹ ਸ਼ਾਮ ਨੂੰ ਦਫ਼ਤਰ ਤੋਂ ਘਰ ਪਹੁੰਚੇ ਤਾਂ ਉਹ ਆਦਮੀ ਘਰ ਹੀ ਸੀ। ਉਨ੍ਹਾਂ ਦੀ ਪਤਨੀ ਦਾ ਅਟੈਚੀ ਸੋਫੇ ’ਤੇ ਪਿਆ ਸੀ। ਉਹ ਅਜੇ ਘਰ ਦੇ ਅੰਦਰ ਆਏ ਹੀ ਸਨ ਕਿ ਉਨ੍ਹਾਂ ਦੀ ਪਤਨੀ ਨੇ ਆਪਣਾ ਅਟੈਚੀ ਚੁੱਕਦੇ ਹੋਏ ਆਪਣਾ ਫੈਸਲਾ ਸੁਣਾ ਦਿੱਤਾ, “ਮੈਂ ਜਾ ਰਹੀ ਹਾਂ। ਇੱਥੇ ਹੋਰ ਨਹੀਂ ਰਹਿ ਸਕਦੀ।”

ਪੰਜ ਕੁ ਸਾਲ ਦੀ ਬੱਚੀ ਨੂੰ ਕੁਝ-ਕੁਝ ਸਮਝ ਪੈ ਰਹੀ ਸੀ ਕਿ ਉਸ ਦੀ ਮਾਂ ਕੀ ਕਹਿ ਰਹੀ ਹੈ। ਉਸ ਨੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਮਾਂ ਦੇ ਹੱਥੋਂ ਅਟੈਚੀ ਫੜਨਾ ਚਾਹਿਆ, ਪਰ ਮਾਂ ਨੇ ਗੁੱਸੇ ਵਿੱਚ ਉਸ ਦਾ ਹੱਥ ਪਰਾਂ ਕਰ ਦਿੱਤਾ। ਬੱਚੀ ਰੋਣ ਲੱਗ ਪਈ, ਪਰ ਮਾਂ ’ਤੇ ਇਸ ਦਾ ਕੋਈ ਅਸਰ ਨਾ ਹੋਇਆ। ਛੋਟੀ ਬੱਚੀ ਦੀਵਾਨ ’ਤੇ ਸੁੱਤੀ ਪਈ ਸੀ। ਜੈਦੇਵ ਸਾਹਿਬ ਮੂੰਹੋਂ ਕੁਝ ਨਾ ਬੋਲੇ। ਉਨ੍ਹਾਂ ਨੇ ਬੱਚੀਆਂ ਵੱਲ ਦੇਖਿਆ। ਉਨ੍ਹਾਂ ਦੀ ਪਤਨੀ ਸਮਝ ਗਈ ਕਿ ਉਹ ਬੱਚਿਆਂ ਬਾਰੇ ਪੁੱਛ ਰਹੇ ਹਨ। “ਇਹ ਤੇਰੇ ਕੋਲ ਹੀ ਰਹਿਣਗੀਆਂ।” ਉਸ ਨੇ ਆਪਣਾ ਇੱਕ ਤਰਫ਼ਾ ਫੈਸਲਾ ਸੁਣਾ ਦਿੱਤਾ। ਇਹ ਸੁਣਦੇ ਹੀ ਉਹ ਸੋਫੇ ’ਤੇ ਬੈਠ ਗਏ।

ਉਹ ਆਦਮੀ ਬੋਲਿਆ, “ਚੱਲੀਏ?”

“ਹਾਂ।’’ ਇਹ ਕਹਿੰਦੇ ਹੋਏ ਉਹ ਬਾਹਰ ਦੇ ਦਰਵਾਜ਼ੇ ਵੱਲ ਵਧੀ। ਉਸ ਦੀ ਪੰਜ ਸਾਲ ਦੀ ਬੱਚੀ ਤੁਰੀ ਜਾਂਦੀ ਮਾਂ ਦੀਆਂ ਲੱਤਾਂ ਨਾਲ ਚਿੰਬੜ ਗਈ। ਉਸ ਆਦਮੀ ਨੇ ਬੱਚੀ ਨੂੰ ਖਿੱਚ ਕੇ ਸੋਫੇ ’ਤੇ ਬਿਠਾ ਦਿੱਤਾ ਅਤੇ ਦੋਵੇਂ ਜਲਦੀ-ਜਲਦੀ ਘਰੋਂ ਬਾਹਰ ਹੋ ਗਏ। ਉਹ ਜਾਂਦੀ-ਜਾਂਦੀ ਵੀ ਆਖਰੀ ਤੀਰ ਹੋਰ ਚਲਾ ਗਈ, “ਆਈ ਹੇਟ ਯੂ।”

ਬੱਚੀ ਇੱਕ ਬਾਰ ਫੇਰ ਮਾਂ ਦੇ ਪਿੱਛੇ ਭੱਜੀ, ਪਰ ਇਸ ਬਾਰ ਉਨ੍ਹਾਂ ਨੇ ਆਪ ਜਾ ਕੇ ਉਸ ਨੂੰ ਗੋਦੀ ਚੁੱਕਿਆ ਅਤੇ ਉਸ ਦੇ ਸਿਰ ’ਤੇ ਹੱਥ ਫੇਰਦੇ ਹੋਏ ਦੀਵਾਨ ’ਤੇ ਸੁੱਤੀ ਬੱਚੀ ਦੇ ਕੋਲ ਹੀ ਆ ਕੇ ਬੈਠ ਗਏ। ਵੱਡੀ ਬੇਟੀ ਉਨ੍ਹਾਂ ਦੀ ਗੋਦੀ ਵਿੱਚ ਹੀ ਸਿਸਕੀਆਂ ਲੈ ਰਹੀ ਸੀ। ਪਤਾ ਨਹੀਂ ਕੀ ਸੋਚ ਰਹੇ ਸਨ ਜਾਂ ਇਸ ਅਚਾਨਕ ਵਾਪਰੀ ਘਟਨਾ ਕਰ ਕੇ ਉਨ੍ਹਾਂ ਦੀ ਸੋਚਣ ਸ਼ਕਤੀ ਹੀ ਖ਼ਤਮ ਹੋ ਗਈ ਸੀ? ਉਨ੍ਹਾਂ ਨੂੰ ਹੋਸ਼ ਉਦੋਂ ਆਈ ਜਦੋਂ ਛੋਟੀ ਕੁੜੀ ਦੇ ਰੋਣ ਦੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿੱਚ ਪਈ। ਵੱਡੀ ਨੂੰ ਗੋਦੀ ਤੋਂ ਲਾਹ ਕੇ ਉਨ੍ਹਾਂ ਨੇ ਛੋਟੀ ਨੂੰ ਗੋਦੀ ਚੁੱਕ ਲਿਆ। ਉਨ੍ਹਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰਨ? ਏਨੇ ਨੂੰ ਉਨ੍ਹਾਂ ਦੇ ਗੁਆਂਢੀ ਤਿਵਾੜੀ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਅੰਦਰ ਆ ਗਏ।

ਛੋਟੀ ਭੈਣ ਨੂੰ ਰੋਂਦੀ ਦੇਖ, ਵੱਡੀ ਕੁੜੀ ਫੇਰ ਰੋਣ ਲੱਗ ਪਈ। ਨਾਲ ਵਾਲੇ ਆਂਟੀ ਨੂੰ ਦੇਖ ਉਹ ਰੋਂਦੀ ਹੋਈ ਉਨ੍ਹਾਂ ਵੱਲ ਭੱਜੀ। ਆਂਟੀ ਨੇ ਉਸ ਨੂੰ ਗੋਦੀ ਚੁੱਕ ਲਿਆ। ਕੁੜੀ ਬੋਲੀ, “ਆਂਟੀ, ਮੰਮੀ ਗਈ।”

ਤਿਵਾੜੀ ਸਾਹਿਬ, ਜੈਦੇਵ ਕੋਲ ਆ ਕੇ ਕਹਿਣ ਲੱਗੇ, “ਸਾਨੂੰ ਕੁਝ-ਕੁਝ ਅੰਦਾਜ਼ਾ ਤਾਂ ਹੋ ਗਿਆ ਹੈ। ਅਸੀਂ ਬਿਨ ਬੁਲਾਏ ਹੀ ਆ ਗਏ ਹਾਂ, ਤੁਹਾਨੂੰ ਬੁਰਾ ਤਾਂ ਨਹੀਂ ਲੱਗਿਆ?”

ਜੈਦੇਵ ਸਾਹਿਬ ਕੁਝ ਬੋਲਣ ਹੀ ਲੱਗੇ ਸਨ ਕਿ ਉਨ੍ਹਾਂ ਦੇ ਗੋਦੀ ਚੁੱਕੀ ਬੱਚੀ ਜ਼ਿਆਦਾ ਰੋਣ ਲੱਗ ਪਈ। ਆਂਟੀ ਨੇ ਵੱਡੀ ਨੂੰ ਗੋਦੀ ਤੋਂ ਲਾਹ ਕੇ ਛੋਟੀ ਨੂੰ ਫੜ ਲਿਆ, ਪਰ ਉਹ ਲਗਾਤਾਰ ਰੋਈ ਜਾ ਰਹੀ ਸੀ। ਉਸ ਨੇ ਰੋਂਦੀ ਬੱਚੀ ਨੂੰ ਆਪਣੇ ਪਤੀ ਨੂੰ ਫੜਾਇਆ ਅਤੇ ਆਪ ਜਲਦੀ-ਜਲਦੀ ਰਸੋਈ ਵਿੱਚ ਚਲੀ ਗਈ। ਉਹ ਆਪ ਜਿਵੇਂ ਪੱਥਰ ਦਾ ਬੁੱਤ ਬਣ ਗਏ ਹੋਣ। ਵੱਡੀ ਬੱਚੀ ਰੋਂਦੀ ਹੋਈ “ਡੈਡੀ, ਡੈਡੀ” ਕਹਿੰਦੀ ਉਨ੍ਹਾਂ ਦਾ ਹੱਥ ਖਿੱਚ ਰਹੀ ਸੀ।

ਤਿਵਾੜੀ ਸਾਹਿਬ ਨੇ ਉਨ੍ਹਾਂ ਨੂੰ ਕਿਹਾ, “ਬੱਚੀ ਨੂੰ ਚੁੱਪ ਕਰਾ।”

ਸ਼ਾਇਦ ਉਨ੍ਹਾਂ ਨੇ ਸੁਣਿਆ ਹੀ ਨਹੀਂ ਸੀ। ਤਿਵਾੜੀ ਨੇ ਉਨ੍ਹਾਂ ਨੂੰ ਇੱਕ ਹੱਥ ਨਾਲ ਜ਼ੋਰ ਦੀ ਹਲੂਣਿਆ, “ਤੁਹਾਡੀ ਬੇਟੀ ਰੋ ਰਹੀ ਹੈ, ਇਸ ਨੂੰ ਫੜੋ।”

ਵੱਡੀ ਬੇਟੀ ਰੋਂਦੀ-ਰੋਂਦੀ “ਡੈਡੀ, ਡੈਡੀ” ਦੀ ਰਟ ਲਾਈ ਜਾ ਰਹੀ ਸੀ।

ਏਨੇ ਨੂੰ ਤਿਵਾੜੀ ਸਾਹਿਬ ਦੀ ਪਤਨੀ ਬੋਤਲ ਵਿੱਚ ਦੁੱਧ ਲੈ ਕੇ ਆ ਗਈ। ਉਸ ਨੇ ਛੋਟੀ ਕੁੜੀ ਨੂੰ ਆਪਣੀ ਗੋਦੀ ਵਿੱਚ ਲਿਆ ਅਤੇ ਦੁੱਧ ਪਿਲਾਉਣ ਸੌਣ ਕਮਰੇ ਵਿੱਚ ਚਲੀ ਗਈ। ਬੱਚੀ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ। ਸ਼ਾਇਦ ਉਸ ਦੀ ਮਾਂ ਨੇ ਪਹਿਲਾਂ ਤੋਂ ਹੀ ਛੋਟੀ ਕੁੜੀ ਨੂੰ ਬੋਤਲ ਦੀ ਆਦਤ ਪਾ ਦਿੱਤੀ ਸੀ। ਹੋ ਸਕਦਾ ਹੈ ਕਿ ਉਸ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਸਬੰਧੀ ਕੋਈ ਫੈਸਲਾ ਪਹਿਲਾਂ ਹੀ ਕਰ ਲਿਆ ਹੋਵੇ। ਤਿਵਾੜੀ ਸਾਹਿਬ ਨੇ ਜੈਦੇਵ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਸੋਫੇ ’ਤੇ ਬਿਠਾ ਦਿੱਤਾ। ਰੋਂਦੀ ਹੋਈ ਵੱਡੀ ਕੁੜੀ ਉਨ੍ਹਾਂ ਦੀ ਗੋਦੀ ਵਿੱਚ ਬੈਠ ਗਈ। ਉਹ ਬਾਰ-ਬਾਰ ਇੱਕ ਹੀ ਗੱਲ ਕਹਿ ਰਹੀ ਸੀ, “ਡੈਡੀ ਮੰਮੀ ਕਿੱਥੇ ਗਏ?” ਆਪਣੀ ਕੁੜੀ ਦੀ ਇਹ ਗੱਲ ਸੁਣ ਕੇ ਉਹ ਇਕਦਮ ਤ੍ਰਭਕ ਗਏ ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਕੇ ਇਕਦਮ ਜਾਗ ਪਏ ਹੋਣ। ਉਨ੍ਹਾਂ ਨੂੰ ਹੌਲੀ-ਹੌਲੀ ਆਪਣੀ ਪਤਨੀ ਦੇ ਆਖਰੀ ਸ਼ਬਦ ਯਾਦ ਆਏ “ਆਈ ਹੇਟ ਯੂ”। ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਦੇ ਦਿਮਾਗ਼ ਵਿੱਚ ਹਲਚਲ ਜਿਹੀ ਮਚਾ ਦਿੱਤੀ। ਉਹ ਇਕਦਮ ਚੀਕੇ, “ਆਈ ਹੇਟ ਯੂ ਟੂ, ਆਈ ਹੇਟ ਯੂ ਟੂ”। ਡੈਡੀ ਦੀ ਇਹ ਆਵਾਜ਼ ਸੁਣ ਕੇ ਵੱਡੀ ਕੁੜੀ ਡਰ ਕੇ ਰੋਣ ਲੱਗ ਪਈ। ਨਾਲ ਦੇ ਕਮਰੇ ਵਿੱਚ ਛੋਟੀ ਕੁੜੀ ਜਿਹੜੀ ਦੁੱਧ ਪੀਂਦੀ-ਪੀਂਦੀ ਸੌਂ ਗਈ ਸੀ, ਉਹ ਵੀ ਡਰ ਕੇ ਜਾਗ ਪਈ ਅਤੇ ਰੋਣ ਲੱਗੀ।

ਤਿਵਾੜੀ ਸਾਹਿਬ ਨੇ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖਦੇ ਕਿਹਾ, “ਜੈਦੇਵ, ਹੌਸਲਾ ਰੱਖ। ਜੇ ਮਾਂ ਨਿਰਮੋਹੀ ਨਿਕਲੀ ਤਾਂ ਪਿਉ ਨੂੰ ਤਾਂ ਹਿੰਮਤ ਕਰਕੇ ਬੱਚੀਆਂ ਨੂੰ ਸੰਭਾਲਣਾ ਹੀ ਪਊ।”

ਏਨੇ ਨੂੰ ਤਿਵਾੜੀ ਸਾਹਿਬ ਦੀ ਪਤਨੀ ਵੀ ਛੋਟੀ ਬੱਚੀ ਨੂੰ ਲੈ ਕੇ ਉਨ੍ਹਾਂ ਕੋਲ ਆ ਗਈ ਅਤੇ ਕਹਿਣ ਲੱਗੀ, “ਵੀਰ ਜੀ, ਕਰਨ ਕਰਾਉਣ ਵਾਲਾ ਤਾਂ ਰੱਬ ਹੀ ਹੈ, ਪਰ ਤੁਹਾਡੇ ਨਾਲ ਵਾਅਦਾ ਹੈ ਕਿ ਇਨ੍ਹਾਂ ਬੱਚੀਆਂ ਦੀ ਦੇਖਭਾਲ ਮੈਂ ਕਰਾਂਗੀ। ਜਿਵੇਂ ਮੇਰੇ ਬੱਚੇ, ਉਵੇਂ ਇਹ। ਇਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਕਿਸੇ ਸਿਆਣੀ ਉਮਰ ਦੀ ਤੀਵੀਂ ਦਾ ਇੰਤਜ਼ਾਮ ਕਰਦੇ ਹਾਂ, ਜੋ ਤੁਹਾਡੇ ਦਫ਼ਤਰ ਜਾਣ ਬਾਅਦ ਇਨ੍ਹਾਂ ਨੂੰ ਸਾਂਭੇਗੀ। ਮੈਂ ਚੱਕਰ ਲਾਉਂਦੀ ਰਹਾਂਗੀ।”

ਉਹ ਮੂੰਹੋਂ ਕੁਝ ਨਾ ਬੋਲੇ, ਬਸ ਹੱਥ ਹੀ ਜੋੜੇ। ਅਚਾਨਕ ਹੀ ਜਿਵੇਂ ਉਨ੍ਹਾਂ ਅੰਦਰ ਡੱਕਿਆ ਤੂਫ਼ਾਨ ਉਛਾਲੇ ਮਾਰਦਾ ਬਾਹਰ ਆ ਗਿਆ। ਉਹ ਤਿਵਾੜੀ ਸਾਹਿਬ ਨੂੰ ਜੱਫੀ ਪਾ ਰੋਣ ਲੱਗ ਪਏ। ਵੱਡੀ ਕੁੜੀ ਆਪਣੇ ਡੈਡੀ ਨੂੰ ਰੋਂਦੇ ਦੇਖ ਆਪ ਵੀ ਉੱਚੀ-ਉੱਚੀ ਰੋਣ ਲੱਗੀ। ਤਿਵਾੜੀ ਸਾਹਿਬ ਨੇ ਆਪਣੀ ਪਤਨੀ ਨੂੰ ਇਸ਼ਾਰਾ ਕੀਤਾ ਕਿ ਉਹ ਦੋਵੇਂ ਬੱਚੀਆਂ ਨੂੰ ਲੈ ਕੇ ਆਪਣੇ ਘਰ ਚਲੀ ਜਾਵੇ।

ਉਸ ਰਾਤ ਤਿਵਾੜੀ ਸਾਹਿਬ ਨੇ ਜੈਦੇਵ ਨੂੰ ਆਪਣੇ ਘਰ ਹੀ ਰੱਖਿਆ। ਛੋਟੀ ਬੱਚੀ ਉਨ੍ਹਾਂ ਦੀ ਪਤਨੀ ਨਾਲ ਪੈ ਗਈ ਅਤੇ ਵੱਡੀ ਆਪਣੇ ਡੈਡੀ ਨਾਲ।

ਰੱਬ ਆਪੇ ਕੋਈ ਨਾ ਕੋਈ ਢੋਅ ਢੁਕਾ ਹੀ ਦਿੰਦਾ ਹੈ। ਅਗਲੇ ਦਿਨ ਉਨ੍ਹਾਂ ਦੇ ਦਫ਼ਤਰ ਵਿੱਚ ਵੀ ਇਹ ਖ਼ਬਰ ਪਹੁੰਚ ਗਈ। ਦਫ਼ਤਰ ਦਾ ਇੱਕ ਚਪੜਾਸੀ ਉਨ੍ਹਾਂ ਨੂੰ ਮਿਲਣ ਆਇਆ। ਉਸ ਨੇ ਬਿਨਾਂ ਕੁਝ ਪੁੱਛੇ ਹੀ ਰਸੋਈ ਸਾਫ਼ ਕੀਤੀ ਅਤੇ ਬਾਅਦ ਵਿੱਚ ਸਾਰੇ ਘਰ ਦੀ ਸਫ਼ਾਈ। ਇਨ੍ਹਾਂ ਕੰਮਾਂ ਤੋਂ ਵਿਹਲਾ ਹੋ ਕੇ ਉਸ ਨੇ ਜੈਦੇਵ ਸਰ ਨੂੰ ਪੁੱਛਿਆ, “ਸਾਹਿਬ ਕੋਈ ਹੋਰ ਸੇਵਾ?”

ਉਸ ਸਮੇਂ ਤਿਵਾੜੀ ਸਾਹਿਬ ਵੀ ਉੱਥੇ ਹੀ ਬੈਠੇ ਸਨ। ਉਨ੍ਹਾਂ ਨੇ ਕਿਹਾ, “ਕੀ ਕੋਈ ਸਿਆਣੀ ਉਮਰ ਦੀ ਔਰਤ ਬੱਚਿਆਂ ਨੂੰ ਸੰਭਾਲਣ ਲਈ ਮਿਲ ਸਕਦੀ ਹੈ?”

ਚਪੜਾਸੀ ਹੱਥ ਜੋੜਦਾ ਬੋਲਿਆ, “ਜੇ ਜਾਤ-ਪਾਤ ਦਾ ਵਹਿਮ ਨਹੀਂ ਤਾਂ ਮੇਰੀ ਮਾਂ ਇਹ ਕੰਮ ਕਰ ਸਕਦੀ ਹੈ।”

ਇਸ ਬਾਰ ਜੈਦੇਵ ਸਾਹਿਬ ਆਪ ਬੋਲੇ, “ਨਨਕੂ, ਤੈਨੂੰ ਤਕਲੀਫ਼ ਤਾਂ ਨਹੀਂ ਹੋਵੇਗੀ?”

ਨਨਕੂ ਹੱਥ ਜੋੜਦਾ ਬੋਲਿਆ, “ਮੈਂ ਤਾਂ ਆਪਣੀ ਪਤਨੀ ਅਤੇ ਆਪਣੀ ਮਾਂ ਦੇ ਕਲੇਸ਼ ਤੋਂ ਬਚ ਜਾਵਾਂਗਾ।” ਫੇਰ ਕੁਝ ਸੋਚ ਕੇ ਕਹਿਣ ਲੱਗਿਆ, “ਤੁਸੀਂ ਫਿਕਰ ਨਾ ਕਰੋ, ਮੇਰੀ ਮਾਂ ਬੱਚਿਆਂ ਦਾ ਪੂਰਾ ਧਿਆਨ ਰੱਖੇਗੀ।”

ਤਿਵਾੜੀ ਸਾਹਿਬ ਪੁੱਛਣ ਲੱਗੇ, “ਕੀ ਉਹ ਅੱਜ ਹੀ ਆ ਸਕਦੀ ਹੈ?”

“ਕਿਉਂ ਨਹੀਂ ਸਾਹਿਬ!” ਨਨਕੂ ਬੋਲਿਆ।

ਇਹ ਕਹਿ ਕੇ ਨਨਕੂ ਚਲਾ ਗਿਆ ਅਤੇ ਅੱਧੇ ਘੰਟੇ ਬਾਅਦ ਹੀ ਆਪਣੀ ਅੰਮਾਂ ਨੂੰ ਲੈ ਆਇਆ। ਸੱਠ ਕੁ ਸਾਲ ਦੀ ਅੰਮਾਂ ਨੇ ਆਉਂਦੇ ਹੀ ਪਹਿਲਾਂ ਵੱਡੀ ਕੁੜੀ ਨੂੰ ਪਿਆਰ ਕੀਤਾ, ਫੇਰ ਛੋਟੀ ਕੁੜੀ ਨੂੰ ਆਪਣੀ ਗੋਦੀ ਚੁੱਕ ਲਿਆ। ਉਸ ਨੇ ਸਾਰੇ ਘਰ ਦਾ ਚੱਕਰ ਲਾਇਆ। ਜੈਦੇਵ ਸਾਹਿਬ ਨੇ ਇੱਕ ਕਮਰਾ ਉਸ ਨੂੰ ਦੇ ਦਿੱਤਾ। ਉਹ ਆਪਣੇ ਨਾਲ ਸਿਰਫ਼ ਕੱਪੜਿਆਂ ਦੀ ਇੱਕ ਗੱਠੜੀ ਹੀ ਲੈ ਕੇ ਆਈ ਸੀ। ਘਰ ਦੀ ਰੋਟੀ, ਸਫ਼ਾਈ ਅਤੇ ਕੱਪੜਿਆਂ ਲਈ ਪਹਿਲਾਂ ਹੀ ਇੱਕ ਮਾਈ ਰੱਖੀ ਹੋਈ ਸੀ। ਅੰਮਾਂ ਦਾ ਕੰਮ ਸਿਰਫ਼ ਦੋਵੇਂ ਬੱਚਿਆਂ ਨੂੰ ਸਾਂਭਣ ਦਾ ਹੀ ਸੀ। ਇੱਕ ਦੋ ਦਿਨਾਂ ਵਿੱਚ ਹੀ ਦੋਵੇਂ ਬੱਚੇ ਅੰਮਾਂ ਨਾਲ ਘੁਲ ਮਿਲ ਗਏ। ਜੈਦੇਵ ਸਾਹਿਬ ਦਫ਼ਤਰ ਜਾਣ ਲੱਗ ਪਏ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਤਿਵਾੜੀ ਸਾਹਿਬ ਦੀ ਪਤਨੀ ਦੋ-ਚਾਰ ਚੱਕਰ ਲਾ ਜਾਂਦੀ। ਜਦੋਂ ਜੈਦੇਵ ਸਾਹਿਬ ਦੀਆਂ ਭੈਣਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹ ਵੀ ਮਹੀਨੇ ਕੁ ਬਾਅਦ ਬਾਰ-ਬਾਰ ਦੋ-ਚਾਰ ਦਿਨਾਂ ਲਈ ਆ ਜਾਂਦੀਆਂ। ਬਾਹਰੀ ਤੌਰ ’ਤੇ ਜੈਦੇਵ ਸਾਹਿਬ ਵੀ ਕੁਝ ਸੰਭਲ ਗਏ।

ਦਿਨਾਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ ਲੰਘਦੇ ਗਏ। ਜੈਦੇਵ ਸਾਹਿਬ ਦੀਆਂ ਦੋਵੇਂ ਬੇਟੀਆਂ ਸਕੂਲ ਤੋਂ ਕਾਲਜ ਪਹੁੰਚ ਗਈਆਂ। ਵੱਡੀ ਨੇ ਐੱਮ.ਐੱਸ.ਸੀ. ਕਰ ਲਈ। ਅੰਮਾਂ ਨੇ ਉਨ੍ਹਾਂ ਨੂੰ ਆਪਣੀਆਂ ਬੱਚਿਆਂ ਦੀ ਤਰ੍ਹਾਂ ਪਾਲਿਆ, ਦੁਨੀਆ ਦੀ ਹਰ ਊਚ ਨੀਚ ਤੋਂ ਵੀ ਜਾਣੂ ਕਰਵਾਇਆ। ਜੈਦੇਵ ਸਾਹਿਬ ਨੇ ਵੀ ਅੰਮਾਂ ਦਾ ਆਪਣੀ ਮਾਂ ਵਾਂਗ ਸਤਿਕਾਰ ਕੀਤਾ।

ਜੈਦੇਵ ਸਾਹਿਬ ਦੀ ਇੱਕ ਭੈਣ ਨੇ ਹੀ ਆਪਣੇ ਸਹੁਰਿਆਂ ਵਿੱਚੋਂ ਇੱਕ ਚੰਗਾ ਮੁੰਡਾ ਲੱਭ ਕੇ ਵੱਡੀ ਦਾ ਵਿਆਹ ਕਰਵਾ ਦਿੱਤਾ। ਦੂਜੀ ਬੇਟੀ ਲਈ ਵੀ ਕਿਸੇ ਮਿੱਤਰ ਨੇ ਚੰਗੇ ਮੁੰਡੇ ਦੀ ਦੱਸ ਪਾਈ। ਦੋਹਾਂ ਦੇ ਵਿਆਹ ਤੋਂ ਬਾਅਦ ਜੈਦੇਵ ਸਾਹਿਬ ਨੂੰ ਤਸੱਲੀ ਮਿਲੀ ਕਿ ਜੀਵਨ ਸਾਥਣ ਦੇ ਰੂਪ ਵਿੱਚ ਮਿਲੀ ਔਰਤ ਨੇ ਤਾਂ ਭਾਵੇਂ ਦੋਵੇਂ ਬੱਚੀਆਂ ਨੂੰ ਪਾਲਣ ਦਾ ਫਰਜ਼ ਨਹੀਂ ਨਿਭਾਇਆ, ਪਰ ਇੱਕ ਅਣਜਾਣ ਔਰਤ ਅੰਮਾਂ ਨੇ ਇਹ ਫਰਜ਼ ਬਾਖ਼ੂਬੀ ਨਿਭਾਇਆ।

ਉਮਰ ਦੇ ਸੱਤ ਦਹਾਕੇ ਪਾਰ ਕਰਨ ਤੋਂ ਬਾਅਦ ਵੀ ਉਹ ਆਪਣੇ ਕੰਮ ਵਿੱਚ ਮਸਤ ਰਹੇ। ਜ਼ਿੰਦਗੀ ਜਦੋਂ ਵਧੀਆ ਚਾਲੇ ਚੱਲ ਰਹੀ ਸੀ ਤਾਂ ਅਚਾਨਕ ਦਿਲ ਦਾ ਪਹਿਲਾ ਦੌਰਾ ਹੀ ਜਾਨ ਲੇਵਾ ਸਿੱਧ ਹੋਇਆ।

ਅੱਜ ਜਦੋਂ ਉਨ੍ਹਾਂ ਦੇ ਭੋਗ ਸਮੇਂ ਆਂਟੀ ਤੋਂ ਸੁਣਿਆ ਕਿ ਜੈਦੇਵ ਸਰ ਨੇ ਆਪਣੀ ਜਵਾਨੀ ਵਿੱਚ ਹੀ ਕਿਸੇ ਹੋਰ ਔਰਤ ਨੂੰ ਆਪਣੀ ਜ਼ਿੰਦਗੀ ਵਿੱਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਮੇਰੇ ਦਿਲ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ। ਏਨੇ ਨੂੰ ਆਂਟੀ ਆਪ ਹੀ ਮੇਰੇ ਕੋਲ ਆ ਗਏ ਅਤੇ ਕਹਿਣ ਲੱਗੇ “ਮਿਸਿਜ਼ ਜੈਦੇਵ ਨੂੰ ਮਿਲ ਕੇ ਆਈ ਹਾਂ।”

ਉਨ੍ਹਾਂ ਦੀ ਇਹ ਗੱਲ ਮੈਨੂੰ ਸਮਝ ਨਾ ਆਈ। ਮੈਂ ਹੈਰਾਨ ਹੁੰਦੇ ਪੁੱਛਿਆ, “ਮਿਸਿਜ਼ ਜੈਦੇਵ! ਕੀ ਉਹ ਇੱਥੇ ਆਏ ਹਨ?”

“ਹਾਂ, ਉਹ ਦੇਖ।” ਉਨ੍ਹਾਂ ਨੇ ਇੱਕ ਔਰਤ ਵੱਲ ਇਸ਼ਾਰਾ ਕਰਦੇ ਕਿਹਾ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਉਹ ਉਸ ਔਰਤ ਵੱਲ ਹੀ ਇਸ਼ਾਰਾ ਕਰ ਰਹੇ ਸਨ, ਜਿਸ ਨੂੰ ਮੈਂ ਬਾਰ-ਬਾਰ ਦੇਖ ਰਿਹਾ ਸੀ।

ਹੁਣ ਮੈਂ ਇਹ ਸੋਚ ਰਿਹਾ ਸੀ ਕਿ ਕਿਸੇ ਸਮੇਂ ਜੈਦੇਵ ਸਰ ਨੂੰ ਛੱਡ ਕੇ ਜਾ ਚੁੱਕੀ ਉਨ੍ਹਾਂ ਦੀ ਪਤਨੀ ਦਾ ਕੀ ਰਿਸ਼ਤਾ ਰਹਿ ਗਿਆ ਸੀ ਉਨ੍ਹਾਂ ਨਾਲ ਅਤੇ ਅੱਜ ਭੋਗ ਦੇ ਸਮੇਂ ਉਹ ਕਿਉਂ ਆਈ ਸੀ?
ਸੰਪਰਕ: 001-604-369-2371News Source link
#ਉਹ #ਕਉ #ਆਈ #ਸ

- Advertisement -

More articles

- Advertisement -

Latest article