38 C
Patiāla
Thursday, April 25, 2024

ਰੋਮਾਂਚਕ ਮੈਚ ’ਚ ਭਾਰਤ ਨੇ ਪਾਕਿ ਨੂੰ ਚਾਰ ਵਿਕਟਾਂ ਨਾਲ ਹਰਾਇਆ

Must read


ਮੈਲਬਰਨ, 23 ਅਕਤੂਬਰ

ਵਿਰਾਟ ਕੋਹਲੀ ਦੀਆਂ ਨਾਬਾਦ 83 ਦੌੜਾਂ ਦੀ ਬਦੌਲਤ ਭਾਰਤ ਨੇ ਅੱਜ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਦੇਸ਼ ਨੂੰ ਦੀਵਾਲੀ ਦਾ ਤੋਹਫਾ ਦਿੱਤਾ। ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤ ਨੇ ਮੈਚ ਦੀ ਆਖਰੀ ਗੇਂਦ ’ਤੇ ਹਾਸਲ ਕੀਤਾ। ਇਸ ਜਿੱਤ ਨਾਲ ਭਾਰਤ ਨੇ ਏਸ਼ੀਆ ਕੱਪ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਸ਼ਾਨਦਾਰ ਪ੍ਰਦਰਸ਼ਨ ਲਈ ਕੋਹਲੀ ਨੂੰ ‘ਪਲੇਅਰ ਆਫ ਦਿ ਮੈਚ’ ਅਲੈਨਿਆ ਗਿਆ। ਆਪਣੀ 83 ਦੌੜਾਂ ਦੀ ਪਾਰੀ ਵਿੱਚ ਉਸ ਨੇ ਛੇ ਚੌਕੇ ਤੇ ਚਾਰ ਛੱਕੇ ਜੜੇ।

ਜਿੱਤ ਲਈ ਮਿਲੇ 160 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਸੱਤਵੇਂ ਓਵਰ ਤੱਕ ਭਾਰਤ 31 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਚੁੱਕਾ ਸੀ। ਹਾਰਦਿਕ ਪੰਡਿਆ ਨੇ 37 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਖੇਡਦਿਆਂ ਕੋਹਲੀ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਓਵਰ ਤੋਂ ਪਹਿਲਾਂ ਭਾਰਤ 144 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਚੁੱਕਾ ਸੀ ਤੇ ਛੇ ਗੇਂਦਾਂ ’ਚ 16 ਦੌੜਾਂ ਦੀ ਜ਼ਰੂਰਤ ਸੀ।

ਆਖਰੀ ਓਵਰ ਦੀ ਪਹਿਲੀ ਗੇਂਦ ’ਤੇ ਪਾਕਿਸਤਾਨੀ ਸਪਿੰਨਰ ਮੁਹੰਮਦ ਨਵਾਜ਼ ਨੇ ਹਾਰਦਿਕ ਪੰਡਿਆ ਨੂੰ ਆਊਟ ਕਰ ਦਿੱਤਾ। ਇਸ ਮਗਰੋਂ ਬੱਲੇਬਾਜ਼ੀ ਕਰਨ ਆਏ ਦਿਨੇਸ਼ ਕਾਰਤਿਕ ਨੇ ਇੱਕ ਦੌੜ ਲੈ ਕੇ ਕੋਹਲੀ ਨੂੰ ਸਟ੍ਰਾਈਕ ਦਿੱਤੀ। ਤੀਜੀ ਗੇਂਦ ’ਤੇ ਕੋਹਲੀ ਨੇ ਦੋ ਦੌੜਾਂ ਲਈਆਂ। ਚੌਥੀ ਗੇਂਦ ਨੋਬਾਲ ਸੀ ਅਤੇ ਕੋਹਲੀ ਨੇ ਇਸ ’ਤੇ ਛੱਕਾ ਜੜਿਆ, ਜਿਸ ਮਗਰੋਂ ਭਾਰਤ ਨੂੰ ਤਿੰਨ ਗੇਂਦਾਂ ਵਿੱਚ ਛੇ ਦੌੜਾਂ ਦੀ ਜ਼ਰੂਰਤ ਸੀ। ਇਸ ਮਗਰੋਂ ਨਵਾਜ਼ ਨੇ ਵਾਈਡ ਗੇਂਦ ਸੁੱਟੀ ਅਤੇ ਅਗਲੀ ਗੇਂਦ ਵਿੱਚ ਭਾਰਤ ਨੇ ਬਾਈਜ਼ ਦੇ ਰੂਪ ਵਿੱਚ ਤਿੰਨ ਦੌੜਾਂ ਲਈਆਂ। ਪੰਜਵੀਂ ਗੇਂਦ ’ਤੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਨੇ ਕਾਰਤਿਕ ਨੂੰ ਸਟੰਪ ਕਰ ਦਿੱਤਾ। ਉਸ ਦੀ ਥਾਂ ’ਤੇ ਆਏ ਆਰ ਅਸ਼ਵਿਨ ਨੇ ਆਖਰੀ ਗੇਂਦ ’ਤੇ ਇੱਕ ਦੌੜ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬੱਲੇਬਾਜ਼ਾਂ ਦੀ ਸ਼ੁਰੂਆਤ ਵੀ ਬਹੁਤੀ ਚੰਗੀ ਨਹੀਂ ਰਹੀ। ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਓਵਰ ਦੀ ਪਹਿਲੀ ਗੇਂਦ ’ਤੇ ਹੀ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ (0) ਦੀ ਵਿਕਟ ਲੈ ਕੇ ਵਿਰੋਧੀ ਟੀਮ ’ਤੇ ਦਬਾਅ ਬਣਾਇਆ। ਇਸ ਮਗਰੋਂ ਅਰਸ਼ਦੀਪ ਨੇ ਰਿਜ਼ਵਾਨ (4) ਨੂੰ ਵੀ ਜਲਦੀ ਤੋਰ ਦਿੱਤਾ। ਬਾਅਦ ਵਿੱਚ ਸ਼ਾਨ ਮਸੂਦ (52) ਅਤੇ ਇਫਤਿਖਾਰ ਅਹਿਮਦ (51) ਨੇ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਲੈਅ ਵਿੱਚ ਦਿਖਾਈ ਨਹੀਂ ਦਿੱਤਾ ਤੇ ਟੀਮ ਅੱਠ ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਅਰਸ਼ਦੀਪ ਤੇ ਹਾਰਦਿਕ ਪੰਡਿਆ ਨੇ ਤਿੰਨ-ਤਿੰਨ ਅਤੇ ਭੁਵੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ ਨੇ ਇੱਕ-ਇੱਕ ਵਿਕਟ ਲਈ। ਇਸ ਦੌਰਾਨ ਕੌਮਾਂਤਰੀ ਕ੍ਰਿਕਟ ਕੌਂਸਲ ਸਣੇ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article