ਦੁਬਈ, 23 ਅਕਤੂਬਰ
ਇਰਾਨ ਦੀ ਪਰਮਾਣੂ ਊਰਜਾ ਏਜੰਸੀ ਨੇ ਅੱਜ ਕਿਹਾ ਕਿ ਅਣਪਛਾਤੇ ਵਿਦੇਸ਼ੀ ਮੁਲਕ ਦੀ ਸ਼ਹਿ ਉਤੇ ਉਨ੍ਹਾਂ ਦੇ ਨੈੱਟਵਰਕ ’ਚ ਸੰਨ੍ਹ ਲਾਇਆ ਗਿਆ ਹੈ। ਏਜੰਸੀ ਨੇ ਕਿਹਾ ਕਿ ਹੈਕਰਾਂ ਨੇ ਉਨ੍ਹਾਂ ਦੇ ਈਮੇਲ ਸਿਸਟਮ ਤੱਕ ਪਹੁੰਚ ਬਣਾ ਲਈ ਹੈ। ਇਕ ਅਣਪਛਾਤੇ ਗਰੁੱਪ ਨੇ ਹੈਕਿੰਗ ਦੀ ਜ਼ਿੰਮੇਵਾਰੀ ਲਈ ਹੈ ਤੇ ਹਾਲ ਹੀ ਵਿਚ ਹੋਏ ਰੋਸ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਰਾਨ ਦੀ ਏਜੰਸੀ ਨੇ ਕਿਹਾ ਕਿ ਰੂਸ ਦੀ ਮਦਦ ਨਾਲ ਲਾਏ ਗਏ ਬੁਸ਼ਹਿਰ ਪਲਾਂਟ ਨਾਲ ਸਬੰਧਤ 50 ਗੀਗਾਬਾਈਟ ਈਮੇਲਾਂ ਤੇ ਹੋਰ ਦਸਤਾਵੇਜ਼ ਲੀਕ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਰਾਨ ਵਿਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ ਹੋਏ ਹਨ। -ਏਪੀ