35.2 C
Patiāla
Tuesday, April 23, 2024

ਸੂਲਾਂ

Must read


ਗੁਰਚਰਨ ਕੌਰ ਥਿੰਦ

ਦਫ਼ਤਰ ਦੇ ਬਾਹਰ ਡਰਾਈਵਰ ਜੀਪ ਸਟਾਰਟ ਕਰ ਕੇ ਆਪਣੇ ਵੱਡੇ ਅਫ਼ਸਰ ਨੂੰ ਦੌਰੇ ’ਤੇ ਲਿਜਾਣ ਲਈ ਤਿਆਰ ਬਰ ਤਿਆਰ ਸੀ। ਤਹਿਸੀਲਦਾਰ ਸਰਵਣ ਸਿੰਘ ਅਤੇ ਉਹਦਾ ਅਸਿਸਟੈਂਟ ਹੱਥ ਵਿੱਚ ਦੋ ਕੁ ਫਾਈਲਾਂ ਫੜੀ ਬਾਹਰ ਆ ਜੀਪ ਵਿੱਚ ਬੈਠ ਗਏ। ਜਦੋਂ ਦਾ ਇਸ ਪਿੰਡ ਵੱਲ ਉਸ ਦਾ ਆਉਣਾ ਤੈਅ ਹੋਇਆ ਸੀ ਉਦੋਂ ਤੋਂ ਹੀ ਚਿਰਾਂ ਦਾ ਕਿੰਨਾ ਕੁਝ ਭੁੱਲਿਆ ਵਿਸਾਰਿਆ ਜ਼ਿਹਨ ਵਿੱਚ ਖੌਰੂ ਪਾਉਣ ਲੱਗ ਪਿਆ ਸੀ। ਹੁਣ ਜਦੋਂ ਜੀਪ ਉੱਧਰ ਵੱਲ ਤੇਜ਼ ਗਤੀ ਨਾਲ ਦੌੜਦੀ ਜਾ ਰਹੀ ਸੀ ਤਾਂ ਇੱਕ ਤੋਂ ਬਾਅਦ ਇੱਕ ਯਾਦ ਅੱਖਾਂ ਅੱਗੋਂ ਲੰਘਦੀ ਮਹਿਸੂਸ ਹੁੰਦੀ ਸੀ।

“ਸਕੂਲ ਲੱਗਣ ਦੀ ਘੰਟੀ ਵੱਜਦਿਆਂ ਹੀ ਇੱਧਰ ਉੱਧਰ ਦੌੜੇ ਭੱਜੇ ਫਿਰਦੇ, ਬਾਹਰ ਗਰਾਊਂਡ ਵਿੱਚ ਖੇਡਦੇ ਜਾਂ ਪਿੱਛੇ ਰਹਿ ਗਏ ਲੇਟ ਹੋਣ ਡਰੋਂ ਲਗਭਗ ਦੌੜਦੇ ਹੋਏ ਨਿੱਕੇ-ਵੱਡੇ ਮੁੰਡੇ ਪ੍ਰਾਰਥਨਾ ਵਾਲੀ ਗਰਾਊਂਡ ਵਿੱਚ ਪਹੁੰਚ ਜਾਂਦੇ। ਉਨ੍ਹਾਂ ਵਿੱਚ ਮੈਂ ਵੀ ਹੁੰਦਾ। ਸਾਉਲਾ ਰੰਗ ਮਾੜਚੂ ਜਿਹਾ ਸਰੀਰ ਅੱਧੋਰਾਣੀ ਵਰਦੀ ਤੇ ਪੈਰੀਂ ਕੈਂਚੀ ਚੱਪਲਾਂ।

ਸਾਰੀ ਛੁੱਟੀ ਦੀ ਘੰਟੀ ਵੱਜਦੀ। ਸਾਰੇ ਨਿੱਕੇ-ਵੱਡੇ ਮੁੰਡੇ ਕੱਚੇ ਪਹੇ ’ਤੇ ਵਾਹੋਦਾਹੀ ਅੱਗੜ ਪਿੱਛੜ ਭੱਜ ਤੁਰਦੇ। ਉਨ੍ਹਾਂ ਵਿੱਚ ਮੈਂ ਸੁਕੜੂ ਜਿਹਾ ਵੀ ਭਾਰਾ ਬਸਤਾ ਮੋਢੇ ਪਾਈ ਦੁੜਕੀ ਆਉਂਦਾ। ਭਾਵੇਂ ਕੈਂਚੀ ਚੱਪਲ ਦੀ ਖੋਚਲੀ ਹੋਈ ਬੱਧਰੀ ਮੇਰੀ ਚਾਲ ਮੱਠੀ ਕਰ ਦੇਂਦੀ।

ਰਾਹ ਵਿੱਚ ਸੂਆ ਆਉਂਦਾ ਸੀ। ਕਈ ਪੜ੍ਹਾਕੂ ਤਾਂ ਉਸ ਨੂੰ ਗੌਲ਼ਦੇ ਈ ਨਾ ਤੇ ਨੱਕ ਦੀ ਸੇਧੇ ਘਰ ਪਹੁੰਚ ਜਾਂਦੇ। ਪਰ ਕਈ ਲਾਕੜੀ ਬਸਤੇ ਇੱਕ ਪਾਸੇ ਸੁੱਟ ਤੇ ਵਰਦੀ ਲਾਹ ਪੁਲ ਦੇ ਮੁਹਾਣੇ ’ਤੇ ਖੜ੍ਹ ਠਾਹ ਪਾਣੀ ਵਿੱਚ ਛਾਲ ਮਾਰ ਦੇਂਦੇ। ਸੜਦੀ ਦੁਪਹਿਰ ਵਿੱਚ ਤਪਦੇ ਪਿੰਡੇ ਸੂਏ ਦੇ ਠੰਢੇ ਪਾਣੀ ਦੀ ਠੰਢਕ ਮਾਣਦੇ ਛਲੱਪ ਛਲੱਪ ਲੱਤਾਂ ਮਾਰਦੇ ਕਿੰਨੀ ਦੂਰ ਨਿਕਲ ਜਾਂਦੇ। ਉਦੋਂ ਡੂੰਘੇ ਪਾਣੀ ਵਿੱਚ ਛਾਲਾਂ ਮਾਰਨ ਵਾਲਿਆਂ ਵਿੱਚ ਮੈਂ ਵੀ ਹੁੰਦਾ। ਜੋ ਅਕਸਰ ਆਪਣੀਆਂ ਪਤਲੀਆਂ ਲੱਤਾਂ ਨਾਲ ਪਾਣੀ ਨੂੰ ਚੀਰਦਾ ਸਭ ਤੋਂ ਅੱਗੇ ਨਿਕਲ ਜਾਂਦਾ।

ਉਦੋਂ ਵੀ ਜਦੋਂ ਅਜੇ ਮੈਂ ਪਿੰਡ ਦੇ ਛੋਟੇ ਸਕੂਲ ਵਿੱਚ ਪੜ੍ਹਦਾ ਸੀ ਤਾਂ ਸਿੱਧਾ ਘਰ ਜਾਣ ਦੀ ਬਜਾਏ ਕਿੰਨਾ ਵਲ਼ਾ ਪਾ ਕੇ ਪਿੰਡ ਦੇ ਬਾਹਰਵਾਰ ਵਗਦੇ ਖਾਲ਼ ਵਿੱਚ ਤਾਰੀਆਂ ਲਾਉਣ ਚਲਾ ਜਾਂਦਾ। ਉਹ ਤਾਂ ਇਸੇ ਸੂਏ ਵਿੱਚੋਂ ਨਿਕਲਣ ਵਾਲਾ ਛੋਟਾ ਜਿਹਾ ਖਾਲ਼ ਸੀ ਤੇ ਹੁਣ ਇਸ ਵੱਡੇ ਸੂਏ ਦਾ ਨਜ਼ਾਰਾ ਹੀ ਹੋਰ ਸੀ।

ਮਾਂ ਉਦੋਂ ਵੀ ਖਿਝਦੀ ਸੀ ਜਦੋਂ ਨਾਲ ਦੇ ਘਰ ਪਹੁੰਚ ਜਾਂਦੇ। ਤੇ ਹੁਣ ਵੀ ਹੋਰਾਂ ਮੁੰਡਿਆਂ ਨੂੰ ਘਰ ਪਹੁੰਚਦਾ ਵੇਖ ਉਹ ਖਪਦੀ ਏ। ਇਹ ਉਹਦੀ ਮੇਰੇ ਲਈ ਚਿੰਤਾ ਸੀ ਜਾਂ ਫਿਰ ਪਿੰਡ ਦੇ ਅੱਡੇ ’ਤੇ ਦੁਕਾਨ ’ਤੇ ਮੈਨੂੰ ਉਡੀਕ ਰਹੇ ਮੇਰੇ ਬਾਪ ਦੇ ਗੁੱਸੇ ਦਾ ਡਰ ਹੁੰਦਾ ਸੀ। ਮੈਂ ਕਦੇ ਗੌਲ਼ਿਆ ਨਹੀਂ ਸੀ।

“ਵੇ ਸੋਨੂੰ, ਤੂੰ ਹੁਣ ਆਇਆਂ। ਤੇਰਾ ਭਾਪਾ ’ਡੀਕਦਾ ਹੋਣਾ। ਜਾਹ ਭੱਜ ਕੇ ਜਾਹ ਮੇਰਾ ਪੁੱਤ!” ਬੀਬੀ ਦਾ ਮੇਰੇ ਲਈ ਆਡਰ ਹੁੰਦਾ। ਨਾ ਬੀਬੀ ਹੋਰ ਕੋਈ ਗੱਲ ਕਰਦੀ ਤੇ ਨਾ ਹੀ ਰੋਟੀ ਪੁੱਛਦੀ। ਮੈਂ ਛਾਬੇ ਵਿੱਚ ਪਈਆਂ ਰੋਟੀਆਂ ਚੁੱਕਦਾ ਜੇ ਥੋੜ੍ਹੀ ਬਹੁਤ ਦਾਲ ਭਾਜੀ ਹੁੰਦੀ ਤਾਂ ਉੱਤੇ ਪਾ ਲੈਂਦਾ ਨਹੀਂ ਤਾਂ ਅਚਾਰ ਨਾਲ ਚੋਪੜ ਗੋਲ ਗੋਲ ਲਪੇਟ ਗਲੂਚਾ ਬਣਾ ਪਿੰਡ ਦੇ ਅੱਡੇ ’ਤੇ ਭਾਪੇ ਦੀ ਦੁਕਾਨ ਵੱਲ ਸ਼ੂਟ ਵੱਟ ਲੈਂਦਾ।

ਸਕੂਲ ਵਿੱਚ ਕਈ ਵਾਰੀ ਭੈਣ ਜੀ ਵਿਹੜੇ ਵਾਲੇ ਬੱਚਿਆਂ ਨੂੰ ਖੜ੍ਹਾ ਕੇ ਕੁਝ ਪੁੱਛਦੀ ਤੇ ਆਪਣੇ ਰਜਿਸਟਰ ਵਿੱਚ ਲਿਖਦੀ। ਫਿਰ ਉਨ੍ਹਾਂ ਨੂੰ ਆਪਣੇ ਭਾਪੇ ਜਾਂ ਬੀਬੀ ਨੂੰ ਬੁਲਾ ਕੇ ਲਿਆਉਣ ਨੂੰ ਕਹਿੰਦੀ। ਉਨ੍ਹਾਂ ਨੂੰ ਸਕੂਲੋਂ ਕੁਝ ਪੈਸੇ ਮਿਲਣੇ ਹੁੰਦੇ ਸੀ ਜੀਹਨੂੰ ਵਜ਼ੀਫ਼ਾ ਆਖਦੇ ਸੀ। ਨਿੱਕੇ ਸਕੂਲ ਵਿੱਚ ਤਾਂ ਸ਼ਾਇਦ ਮੈਨੂੰ ਬਾਹਲਾ ਫ਼ਰਕ ਨਹੀਂ ਪੈਂਦਾ ਸੀ, ਪਰ ਵੱਡੇ ਸਕੂਲ ਵਿੱਚ ਜਦੋਂ ਹਾਜ਼ਰੀ ਲਾਉਣ ਵਾਲਾ ਮਾਸਟਰ ਕਹਿੰਦਾ, ‘ਭਈ ਵਿਹੜੇ ਤੇ ਠੱਠੀ ਵਾਲੇ ਅੱਧੀ ਛੁੱਟੀ ਕਲਰਕ ਕੋਲੋਂ ਵਜ਼ੀਫ਼ਾ ਲੈ ਆਇਓ’ ਤਾਂ ਮੈਂ ਮੂੰਹ ਨੀਵਾਂ ਕਰ ਲੈਂਦਾ। ਭਾਵੇਂ ਕਹਿੰਦੇ ਤਾਂ ਉਨ੍ਹਾਂ ਪੈਸਿਆਂ ਨੂੰ ਵਜ਼ੀਫ਼ਾ ਸੀ, ਹੋਰਾਂ ਦਾ ਤਾਂ ਪਤਾ ਨਹੀਂ, ਪਰ ਮੈਨੂੰ ਇਹ ਮੁਫ਼ਤ ਦੀ ਮਿਲੀ ਸਰਕਾਰੀ ਸਹਾਇਤਾ ਹੀਣਾ ਕਰ ਜਾਂਦੀ ਸੀ। ਉਹਦੇ ਨਾਲ ਮੇਰਾ ਵਿਹੜੇ ਵੱਲ ਦਾ ਹੋਣਾ ਜੁ ਜੁੜਿਆ ਹੁੰਦਾ ਸੀ।

ਖ਼ੈਰ! ਮੈਂ ਸਾਰਾ ਦਿਨ ਪੈਸੇ ਸੰਭਾਲ ਸੰਭਾਲ ਕੇ ਰੱਖਦਾ ਕਿ ਗਵਾਚ ਨਾ ਜਾਣ। ਉਸ ਦਿਨ ਮੈਂ ਪੁਲ਼ ’ਤੇ ਨਹਾਉਂਦਾ ਨਾ, ਸਿੱਧਾ ਘਰ ਆ ਜਾਂਦਾ। ਆਪਣੀ ਬੀਬੀ ਦੇ ਹੱਥ ’ਤੇ ਪੈਸੇ ਰੱਖਦਿਆਂ ਥੋੜ੍ਹੇ ਜਿਹੇ ਹੱਕ ਨਾਲ ਆਖਦਾ, ‘ਬੀਬੀ, ਮੈਨੂੰ ਨਵੀਂ ਵਰਦੀ ਸੰਵਾ ਦੇ’। ਬੀਬੀ ਮੇਰੀ ਅਰਕਾਂ ਤੇ ਗੋਡਿਆਂ ਤੋਂ ਘਸੀ ਅਧੋਰਾਣੀ ਵਰਦੀ ਵੱਲ ਵੇਖ ਮੁੜੇ ਤੁੜੇ ਨੋਟ ਆਪਣੀ ਚੁੰਨੀ ਦੇ ਲੜ ਬੰਨ੍ਹ ਲੈਂਦੀ। ਸਕੂਲ ਵਾਲੇ ਕੱਚੇ ਰੇਤਲੇ ਪਹੇ ’ਤੇ ਆਉਂਦਿਆਂ ਕੈਂਚੀ ਚੱਪਲ ਦੀ ਬੱਧਰੀ ਨਿਕਲ ਗਈ ਤਾਂ ਚੱਪਲ ਹੱਥ ਵਿੱਚ ਫੜ ਲਈ ਸੀ। ਪੈਰ ਵਿੱਚ ਦੋ-ਮੂੰਹੀ ਸੂਲ਼ ਐਨੇ ਜ਼ੋਰ ਦੀ ਖੁੱਭੀ ਕਿ ਉੱਥੇ ਹੀ ਪੈਰ ਫੜ ਕੇ ਬਹਿ ਗਿਆ ਸਾਂ। ਜੀਅ ਕੀਤਾ ਬੀਬੀ ਨੂੰ ਨਵੀਂ ਜੁੱਤੀ ਲਈ ਵੀ ਆਖ ਦੇਵਾਂ। ਪਰ ਬੀਬੀ ਤਾਂ ਮੈਨੂੂੰ ਘਰ ਦੀ ਰਾਖੀ ਲਈ ਛੱਡ ਆਪ ਗਾਂ ਲਈ ਆਡਾਂ ’ਚੋਂ ਘਾਹ ਖੋਤਣ ਚਲੇ ਗਈ ਸੀ। ਓਨੇ ਚਿਰ ਵਿੱਚ ਮੈਂ ਸਕੂਲ ਦਾ ਕੰਮ ਮੁਕਾਉਣਾ ਸੀ ਤੇ ਫਿਰ ਭਾਪੇ ਦੀ ਦੁਕਾਨ ’ਤੇ ਜਾ ਹੱਥ-ਪੜੱਥੀ ਪਵਾਉਣੀ ਸੀ।

ਦੁਕਾਨ ਕਾਹਦੀ ਚਾਹ ਦਾ ਛੋਟਾ ਜਿਹਾ ਖੋਖਾ ਸੀ। ਸਟੋਵ, ਪਤੀਲਾ ਜਿਹਦੇ ਅੰਦਰ ਜੰਮੀ ਕਾਲੋਂ ਰਗੜਿਆਂ ਵੀ ਨਹੀਂ ਸੀ ਲਹਿੰਦੀ। ਘਸੀ ਜਿਹੀ ਚਾਹ ਪੋਣੀ। ਸੱਤ ਅੱਠ ਕੱਚ ਦੇ ਗਲਾਸ ਜਿਨ੍ਹਾਂ ਵਿੱਚੋਂ ਕਈਆਂ ਦੇ ਕੰਢੇ ਭੁਰੇ ਹੋਏ। ਇੱਕ ਅਧੋਰਾਣਾ ਜਿਹਾ ਮੇਜ਼ ਤੇ ਬੈਂਚ। ਦੋ ਤਿੰਨ ਕੱਚ ਦੇ ਮਰਤਬਾਨਾਂ ਵਿੱਚ ਗਾਹਕਾਂ ਲਈ ਰਸ ਬਿਸਕੁਟ ਤੇ ਮੱਠੀਆਂ। ਬਸ ਇਹੋ ਜਾਇਦਾਦ ਸੀ ਉਹਦੇ ਭਾਪੇ ਦੀ ਦੁਕਾਨ ਦੀ। ਗਾਹਕ ਵੀ ਗਿਣਤੀ ਕੁ ਦੇ ਹੀ। ਵੱਡੇ ਪਿੱਪਲ ਦੇ ਥੜ੍ਹੇ ’ਤੇ ਤਾਸ਼ ਖੇਡਦੇ ਪਿੰਡ ਦੇ ਵਿਹਲੜ, ਆਉਂਦੇ ਜਾਂਦੇ ਦਮ ਮਾਰਦੇ ਰਾਹੀ ਅਤੇ ਕਦੇ ਕਦਾਈਂ ਸਕੂਲ-ਕਾਲਜ ਵਾਲੇ ਪਾੜ੍ਹੇ ਚਾਹ ਨਾਲ ਰਸ ਖਾ ਚਾਰ ਪੈਸੇ ਵਟਾ ਦੇਂਦੇ। ਜੋ ਵੀ ਸੀ ਕੋਈ ਨਾ ਕੋਈ ਗਾਹਕ ਆਇਆ ਹੀ ਰਹਿੰਦਾ। ਸਾਹੋ ਸਾਹ ਹੋਇਆ ਉਹ ਜਾਂਦਿਆਂ ਹੀ ਆਪਣੇ ਭਾਪੇ ਦਾ ਹੱਥ ਵਟਾਉਣ ਲੱਗ ਪੈਂਦਾ। ਨਾਲ ਦੇ ਨਲਕੇ ਤੋਂ ਪਾਣੀ ਦੀ ਬਾਲਟੀ ਭਰ ਕੇ ਲਿਆਉਣਾ, ਖੋਖੇ ਦੁਆਲੇ ਪਾਣੀ ਤਰੌਂਕ ਝਾੜੂ ਨਾਲ ਖਲਾਰਾ ਸਾਫ਼ ਕਰਨਾ। ਤੇ ਫਿਰ ਚਾਹ ਬਣਾ ਗਾਹਕ ਭੁਗਤਾਉਣਾ। ਇਹ ਉਹਦਾ ਸਕੂਲ ਦੀ ਛੁੱਟੀ ਤੋਂ ਬਾਅਦ ਨਿੱਤ ਦਾ ਕੰਮ ਸੀ। ਉਹ ਜਾਂਦਾ ਤਾਂ ਉਹਦਾ ਭਾਪਾ ਰਤਾ ਦਮ ਮਾਰ ਲੈਂਦਾ।

“ਛੇ ਸੱਤ ਸਾਲ ਦਾ ਹੀ ਹੋਣਾ ਜਦੋਂ ਤੋਂ ਮੈਂ ਇਹ ਕੰਮ ਸੰਭਾਲ ਲਿਆ ਸੀ। ਉਦੋਂ ਮੇਰੀ ਬੀਬੀ ਨੇ ਮੈਨੂੰ ਪਿੰਡ ਵਾਲੇ ਨਿੱਕੇ ਸਕੂਲ ਵਿੱਚ ਦਾਖਲ ਕਰਵਾੲਆ ਹੀ ਸੀ। ਅਸੀਂ ਟਾਟਾਂ ’ਤੇ ਬਹਿੰਦੇ। ਇੱਕ ਪਾਸੇ ਕੁੜੀਆਂ ਤੇ ਇੱਕ ਪਾਸੇ ਮੁੰਡੇ। ਅਗਲੀਆਂ ਜਮਾਤਾਂ ਵਿੱਚ ਬੈਂਚ ਮਿਲ ਗਏ। ਮੈਨੂੰ ਤੇ ਵਿਹੜੇ ਦੇ ਮੇਰੇ ਨਾਲ ਦੇ ਅਧੋਰਾਣੇ ਤੰਦ ਮੈਲ ਪਈ ਝੱਗੇ ਪਜਾਮੇ ਵਾਲੇ ਨਿਆਣਿਆਂ ਨੂੰ ਪਿੱਛੇ ਬਠਾਇਆ ਜਾਂਦਾ। ਅਗਲੇ ਬੈਂਚਾਂ ’ਤੇ ਸਾਫ਼ ਸੁਥਰੀ ਵਰਦੀ ਵਾਲੇ ਬੈਠਦੇ। ਹਾਲਾਂਕਿ ਸੁਆਲ ਸਾਡੇ ਵਿੱਚੋਂ ਕਈ ਜਣੇ ਪਹਿਲਾਂ ਕੱਢ ਲੈਂਦੇ ਸਾਂ ਤੇ ਸਬਕ ਵੀ ਵਧੀਆ ਸੁਣਾ ਦੇਂਦੇ ਸੀ।

ਮੂਹਰਲੇ ਬੈਂਚਾਂ ’ਤੇ ਨਿੱਤ ਨਵੀਂ ਫਰਾਕ ਤੇ ਗੁਲਾਬੀ ਰਿਬਨਾਂ ਨਾਲ ਕੰਨਾਂ ਉੱਤੇ ਦੋਵੇਂ ਪਾਸੇ ਕਰੇਲੇ ਬਣਾਈ ਬਾਪੂ ਨੰਬਰਦਾਰ ਨੱਥਾ ਸਿੰਹੁ ਦੀ ਗੋਰੀ ਚਿੱਟੀ ਗੋਭਲੀ ਜਿਹੀ ਪੋਤਰੀ ਚੀਨੂੰ ਵੱਲ ਮੇਰਾ ਜੀਅ ਕਰਦਾ ਮੈਂ ਵੇਖੀ ਜਾਵਾਂ। ਕਈ ਵਾਰ ਹੌਸਲਾ ਕਰ ਉਹਦੇ ਕੋਲ ਜਾ ਬਹਿੰਦਾ ਤਾਂ ਭੈਣ ਜੀ ਝੱਟ ਆਪਣੀ ਥਾਂ ’ਤੇ ਜਾਣ ਲਈ ਝਿੜਕਦੀ। ਉਂਜ ਚੀਨੂੰ ਨੂੰ ਸਬਕ ਵੀ ਛੇਤੀ ਚੇਤੇ ਨ੍ਹੀਂ ਸੀ ਹੁੰਦਾ।

ਮੈਂ ਅਕਸਰ ਚੀਨੂੰ ਦੇ ਘਰੋਂ ਲੱਸੀ ਲੈਣ ਜਾਂਦਾ ਸੀ। ਚੀਨੂੰ ਦੀ ਦਾਦੀ ਆਪਣਾ ਭਾਂਡਾ ਉੱਚਾ ਰੱਖ ਕੇ ਮੇਰੇ ਭਾਂਡੇ ਵਿੱਚ ਧਾਰ ਬੰਨ੍ਹ ਕੇ ਲੱਸੀ ਪਾਉਂਦੀ। ਉਦੋਂ ਤਾਂ ਨਹੀਂ, ਪਰ ਹੁਣ ਸਮਝਦਾਂ ਭਈ ਏਸ ਡਰੋਂ ਕਿ ਕਿਤੇ ਮੇਰੇ ਭਾਂਡੇ ਨਾਲ ਛੋਹ ਕੇ ਭਿੱਟ ਨਾ ਜਾਵੇ। ਮੈਂ ਉਨ੍ਹਾਂ ਦੇ ਥੜ੍ਹੇ ਤੋਂ ਹੇਠਾਂ ਹੀ ਬਹਿੰਦਾ। ਚੀਨੂੰ ਥੜ੍ਹੇ ਉੱਪਰ ਭੱਜੀ ਫਿਰਦੀ। ਮੇਰਾ ਜੀਅ ਕਰਦਾ ਉਹ ਮੇਰੇ ਕੋਲ ਆ ਕੇ ਖੇਡੇ।

ਕਦੇ ਕਦਾਈਂ ਜੇ ਕਿਤੇ ਉਹ ਮੇਰੇ ਨੇੜੇ ਆ ਜਾਂਦੀ ਤਾਂ ਉਹਦੀ ਦਾਦੀ ਝੱਟ ’ਵਾਜ਼ ਮਾਰ ਲੈਂਦੀ। ਚਿੱਟੇ ਸੂਤ ਦੇ ਮੰਜੇ ’ਤੇ ਬੈਠਾ ਉਹਦਾ ਦਾਦਾ ਆਪਣੀਆਂ ਮੋਟੀਆਂ ਲਾਲ ਅੱਖਾਂ ਨਾਲ ਮੈਨੂੰ ਘੂਰਦਾ। ਆਪਣੀਆਂ ਲੰਮੀਆਂ ਚਿੱਟੀਆਂ ਮੁੱਛਾਂ ਨੂੰ ਵੱਟ ਦੇ ਉੱਪਰ ਚੁੱਕਦਾ। ਮੁੱਛਾਂ ਦੇ ਠੂੰਹੇ ਮੈਨੂੰ ਮੇਰੀ ਹਿੱਕ ’ਚ ਡੰਗਦੇ ਲੱਗਦੇ।

ਅੰਦਰ ਇੱਕ ਲੂਹਰੀ ਜਿਹੀ ਉੱਠਦੀ। ਮੈਂ ਆਪਣੇ ਉੱਪਰਲੇ ਬੁੱਲ੍ਹਾਂ ’ਤੇ ਹੱਥ ਫੇਰਦਾ। ‘ਜਦੋਂ ਮੇਰੀਆਂ ਮੁੱਛਾਂ ਉੱਗੀਆਂ ਮੈਂ ਵੀ ਇੰਜ ਈ ਵੱਟ ਦਿਆ ਕਰੂੰ ਮੁੱਛਾਂ ਨੂੰ’ ਮੈਂ ਕਿਆਸਦਾ। ਪਰ ਅੰਦਰੋਂ ਡਰਦਾ ਮੈਂ ਲੱਸੀ ਲੈ ਘਰ ਮੁੜਨ ਦੀ ਕਰਦਾ। ਲੱਸੀ ਵਾਲਾ ਭਾਂਡਾ ਚੁੱਕ ਮੈਂ ਗਲ਼ੀਓ ਗਲ਼ੀ ਜਾ ਰਿਹਾ ਹੁੰਦਾ ਤਾਂ ਬਾਬੇ ਟਰੱਕ ਦੇ ਘਰਾਂ ਵਾਲੇ ਪਾਸੇ ਵੱਲ ਦੀ ਕਿੱਕਰ ਦਾ ਕੰਡਾ ਜਾਂ ਮਿੱਟੀ ਘੱਟੇ ਵਿੱਚ ਦੱਬੀ ਕੋਈ ਸੂਲ਼ ਨੰਗੇ ਪੈਰਾਂ ’ਚ ਖੁੱਭ ਜਾਂਦੀ। ਧੂਹ ਕੇ ਬਾਹਰ ਕੱਢਦਿਆਂ ਲਹੂ ਦੀ ਧਤੀਰੀ ਮਿੱਟੀ ’ਚ ਰਲਗੱਡ ਹੋ ਪਤਾ ਈ ਨਾ ਚੱਲਦਾ ਕਿੱਧਰ ਛਿਪਨ ਹੋ ਜਾਂਦੀ ਤੇ ਮੈਂ ਪੀੜ ਦੀ ਚੀਸ ਬੁੱਲ੍ਹਾਂ ਵਿੱਚ ਘੁੱਟਦਾ ਰਾਹੇ ਪਿਆ ਰਹਿੰਦਾ।”

ਪੱਕੀ ਸੜਕ ਤੋਂ ਉਤਰ ਸਰਕਾਰੀ ਜੀਪ ਪਿੰਡ ਦੇ ਕੱਚੇ ਪਹੇ ਉੱਪਰ ਪੈ ਗਈ ਸੀ। ਪਿੰਡ ਵੱਲ ਜਾਂਦਿਆਂ ਛੱਪੜ ਨਜ਼ਰੀਂ ਆਇਆ ਤਾਂ ਉਸ ਛੱਪੜ ਵਿੱਚ ਮੱਝਾਂ ਦੀਆਂ ਪੂਛਾਂ ਨੂੰ ਫੜ ਲਾਈਆਂ ਤਾਰੀਆਂ ਵੀ ਅੱਖਾਂ ਅੱਗੋਂ ਲੰਘ ਗਈਆਂ। ‘ਇਹ ਹੀ ਤਾਂ ਸਾਡੇ ਪਿੰਡ ਦਾ ਸਵਿਮਿੰਗ ਪੂਲ ਸੀ ਜਿੱਥੋਂ ਸਾਡੇ ਵਰਗੇ ਤੈਰਨ ਦੇ ਮੁੱਢਲੇ ਲੈਸਨ ਲੈਂਦੇ ਸੀ।’ ਬੁੱਲ੍ਹਾਂ ਤੱਕ ਪਹੁੰਚਦੀ ਮੁਸਕਰਾਹਟ ਅੰਦਰ ਹੀ ਘੁੱਟੀ ਗਈ।

ਜੀਪ ਪਿੰਡ ਦੇ ਵਿਚਕਾਰ ਪਿੱਪਲ ਦੇ ਚੁਫ਼ੇਰੇ ਵਲ਼ੇ ਥੜ੍ਹੇ ਕੋਲ ਆ ਰੁਕੀ। ਉਹਦਾ ਗੰਨਮੈਨ ਤੇ ਸੈਕਟਰੀ ਉਤਰ ਕੇ ਹੇਠਾਂ ਖੜ੍ਹੇ ਹੋ ਗਏ। ਉਹ ਮੂਹਰਲੀ ਸੀਟ ਤੋਂ ਹੇਠਾਂ ਉਤਰਿਆ ਤਾਂ ਥੜ੍ਹੇ ’ਤੇ ਬੈਠੇ ਕਈ ਜਣੇ ਅਗਲਵਾਂਡੀ ਹੋ ਮਿਲੇ। ਕਿਸੇ ਦੇ ਪੈਰਾਂ ਵੱਲ ਉਹ ਝੁਕਿਆ ਤੇ ਕਿਸੇ ਨੇ ਉਹਦੇ ਗੋਡੀਂ ਹੱਥ ਲਾਏ। ਕਿਸੇ ਨਾਲ ਹੱਥ ਮਿਲਾਏ ਤੇ ਕਈ ਆਪਣਿਆਂ ਵਾਂਗ ਬਗਲਗ਼ੀਰ ਹੋ ਮਿਲੇ। ਗੱਲਾਂ ਕਰਦੇ ਸਾਰੇ ਜਣੇ ਪੰਚਾਇਤ ਘਰ ਅੰਦਰ ਡਿੱਠੀਆਂ ਚਾਰ ਕੁਰਸੀਆਂ ਉੱਪਰ ਵਿਚਕਾਰ ਤਹਿਸੀਲਦਾਰ ਤੇ ਆਸੇ ਪਾਸੇ ਸਰਪੰਚ ਤੇ ਦੋ ਮੋਹਤਬਰ ਬੈਠ ਗਏ। ਬਾਕੀ ਥੱਲੇ ਵਿਛੀ ਦਰੀ ਉੱਪਰ ਦਰਜਾ ਬਦਰਜਾ ਇੰਜ ਬਹਿੰਦੇ ਗਏ ਕਿ ਪਿੰਡ ਦੀ ਆਬਾਦੀ ਵਾਂਗ ਹੀ ਇੱਕ ਪਾਸੇ ਜ਼ਿਮੀਂਦਾਰ ਅਤੇ ਦੂਜੇ ਪਾਸੇ ਪਿੰਡ ਦੇ ਵਿਹੜੇ ਤੇ ਠੱਠੀ ਦੇ ਬੰਦੇ ਦੋ ਹਿੱਸਿਆਂ ਵਿੱਚ ਵੰਡੇ ਗਏ।

ਮਸਲਾ ਪੰਚਾਇਤੀ ਜ਼ਮੀਨ ਨਾਲ ਸਬੰਧਤ ਸੀ। ਬੇਜ਼ਮੀਨੇ ਖੇਤ ਮਜ਼ਦੂਰਾਂ ਨੇ ਸਾਂਝੀ ਪੰਚਾਇਤੀ ਜ਼ਮੀਨ ਵਿੱਚੋਂ ਆਪਣੇ ਬਣਦੇ ਹਿੱਸੇ ਦੀ ਜ਼ਮੀਨ ਦੀ ਮੰਗ ਕੀਤੀ ਸੀ। ਉਹ ਵੀ ਪੱਠਾ ਦੱਥਾ ਬੀਜਣਾ ਚਾਹੁੰਦੇ ਸਨ। ਤਾਂ ਜੋ ਨਾ ਤਾਂ ਜ਼ਿਮੀਦਾਰਾਂ ਦੀਆਂ ਆਡਾਂ ਖੋਤਣੀਆਂ ਪੈਣ ਤੇ ਨਾ ਦੁਰ ਫਿੱਟੇ ਸਹਿਣੀ ਪਵੇ। ਵਾਹੀਕਾਰਾਂ ਲਈ ਇਹ ਤਾਂ ਜੱਗੋਂ ਤੇਰਵ੍ਹੀਂ ਗੱਲ ਸੀ। ‘ਇਹ ਕਿੱਥੋਂ ਆ ਗਏ ਹਿੱਸਾ ਮੰਗਣ ਵਾਲੇ? ਸਾਡੀਆਂ ਜ਼ਮੀਨਾਂ ਵਿੱਚੋਂ ਕੱਟੀ ਗਈ ਆ ਇਹ ਸਾਂਝੀ ਜ਼ਮੀਨ। ਜ਼ਮੀਨ ਨਾ ਨਾਲੇ ਹੋਰ ਵੀ ਕੁਝ ਦੇਈਏ ਇਨ੍ਹਾਂ ਨੂੰ!’ ਜਿੰਨੇ ਮੂੰਹ ਓਨੀਆਂ ਗੱਲਾਂ। ਅਰਜ਼ੀ ਰਾਹੀਂ ਗੱਲ ਡੀ.ਸੀ. ਦਫ਼ਤਰ ਪਹੁੰਚ ਗਈ। ਅੱਜ ਉਸੇ ਅਰਜ਼ੀ ਦੀ ਸੁਣਵਾਈ ਲਈ ਤਹਿਸੀਲਦਾਰ ਸਰਵਣ ਸਿੰਘ ਅਮਲੇ ਫੈਲੇ ਨਾਲ ਆਇਆ ਸੀ।

ਜਦੋਂ ਤਹਿਸੀਲਦਾਰ ਦੇ ਅਸਿਸਟੈਂਟ ਨੇ ਸਰਕਾਰੇ ਪਾਈ ਗਈ ਅਰਜ਼ੀ ਦਾ ਵੇਰਵਾ ਦਿੱਤਾ ਤਾਂ ’ਕੱਠ ਵਿੱਚ ਪਹਿਲਾਂ ਘੁਸਰ ਮੁਸਰ ਫਿਰ ਬਹਿਸ ਤੇ ਆਖਰ ਕਾਵਾਂਰੌਲੀ ਪੈ ਗਈ।

“ਪੰਚਾਇਤੀ ਜ਼ਮੀਨ ’ਤੇ ਇਨ੍ਹਾਂ ਦਾ ਕੀ ਹੱਕ? ਇਹ ਕਿਤੇ ਵਾਹੀਕਾਰ ਆ?”

“ਕਿਉਂ ਅਸੀਂ ਪਿੰਡ ਦੇ ਵਾਸੂ ਨਹੀਂ। ਸਾਡਾ ਵੀ ਹੱਕ ਬਣਦਾ।”

“ਜ਼ਮੀਨ ਦੇ ਠੇਕੇ ਦੀ ਆਮਦਨ ਪੰਚਾਇਤ ਨੂੰ ਆਉਂਦੀ। ਇਹ ਦੇਣਗੇ ਠੇਕਾ ਭਲਾ?”

“ਇਨ੍ਹਾਂ ਕੋਲੋਂ ਕਿੱਥੇ ਵਾਹੀ ਹੋਣੀ। ਇਨ੍ਹਾਂ ਦੇ ਪਿਓ ਦਾਦੇ ਨੇ ਨਾ ਕੀਤੀ ਕਦੇ ਵਾਹੀ, ਇਹ ਉੱਠੇ ਵੱਡੇ…”

“ਕਿਉਂ? ਤੁਹਾਡੀਆਂ ਪੈਲੀਆਂ ਵੀ ਤਾਂ ਅਸੀਂ ਵਾਹੁੰਦੇ ਬੀਜਦੇ ਆਂ।”

“ਨਾ ਕੋਈ ਸੰਦ ਨਾ ਵਲੇਵਾ। ਵਾਹੁਣੀ ਬੀਜਣੀ ਇਨ੍ਹਾਂ ਜ਼ਮੀਨ ਵੱਡੇ ਲਾਣੇਦਾਰਾਂ ਨੇ!”

ਦੋਵਾਂ ਧਿਰਾਂ ਵੱਲੋਂ ਸੁਆਲਾਂ ਜੁਆਬਾਂ ਦਾ ਅਦਾਨ ਪ੍ਰਦਾਨ ਤਿੱਖਾ ਹੁੰਦਾ ਗਿਆ। ਆਖਰ ਤਹਿਸੀਲਦਾਰ ਸਰਵਣ ਸਿੰਘ ਨੇ ਗੱਲ ਮੁਕਾਈ।

“ਵੇਖੋ ਜੀ, ਕਾਨੂੰਨ ਅਨੁਸਾਰ ਪੰਚਾਇਤੀ ਜ਼ਮੀਨ ਦੇ ਤਿੱਜੇ ਹਿੱਸੇ ’ਤੇ ਇਨ੍ਹਾਂ ਦਾ ਹੱਕ ਬਣਦਾ ਤੇ ਹੱਕ ਇਨ੍ਹਾਂ ਨੂੰ ਮਿਲਣਾ ਵੀ ਆ। ਰਹੀ ਗੱਲ ਖੇਤੀ ਦੇ ਸੰਦਾਂ ਦੀ ਤਾਂ ਸਰਪੰਚ ਸਾਹਿਬ ਤੁਸੀਂ ਕਰਿਓ ਮਿਹਰਬਾਨੀ। ਆਪਣੇ ਟਰੈਕਟਰ ਨਾਲ ਵਾਹ ਦਿਆ ਕਰਿਓ। ਬਾਕੀ ਆਪੇ ਪ੍ਰਬੰਧ ਕਰਨਗੇ। ਇਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ।” ਤਹਿਸੀਲਦਾਰ ਨੇ ਰਤਾ ਕੁ ਵਿਅੰਗ ਨਾਲ ਕਿਹਾ ਤਾਂ ਸਰਪੰਚ ਦੀਆਂ ਠੂੰਹੇ ਵਰਗੀਆਂ ਮੁੱਛਾਂ ਰਤਾ ਕੁ ਕੰਬੀਆਂ। ਉਸ ਨੇ ਰੋਹ ਨਾਲ ਪੈਰਾਂ ਭਾਰ ਬੈਠੀ ਧਿਰ ਵੱਲ ਵੇਖਿਆ ਜੋ ਬਰਾਬਰ ਦੀ ਜ਼ੁਬਾਨ ਚਲਾ ਰਹੀ ਸੀ।

“ਕਾਨੂੰਨ ਵੀ ਤੇ ਮੈਂ ਵੀ ਅਰਜ਼ੀ ਦੇਣ ਵਾਲੀ ਧਿਰ ਨਾਲ ਆਂ। ਤੇ ਜੇ ਲੋੜ ਪਈ ਤਾਂ ਕਾਲਾ ਕੋਟ ਪਾ ਕੇ ਕਚਿਹਰੀ ਵਿੱਚ ਇਨ੍ਹਾਂ ਦੇ ਹੱਕ ਵਿੱਚ ਲੜਨ ਤੋਂ ਗੁਰੇਜ਼ ਵੀ ਨਹੀਂ ਕਰਾਂਗਾ।” ਆਪਣੀ ਵਕਾਲਤ ਦੀ ਡਿਗਰੀ ਦੀ ਤਾਕਤ ਜ਼ਾਹਰ ਕਰਦਿਆਂ ਤਹਿਸੀਲਦਾਰ ਨੇ ਵਾਦ-ਵਿਵਾਦ ਮੁੱਕਦਾ ਕੀਤਾ ਅਤੇ ਲਿਖਤੀ ਫੈਸਲਾ ਸਰਪੰਚ ਹੱਥ ਫੜਾਇਆ।

ਪੰਚਾਇਤ ਘਰ ਵਿੱਚੋਂ ਬਾਹਰ ਨਿਕਲ ਆਪਣੀ ਗੱਡੀ ਵੱਲ ਜਾਂਦਿਆਂ ਕਈ ਨਜ਼ਰਾਂ ਦੀਆਂ ਨਿੱਕੀਆਂ ਨਿੱਕੀਆਂ ਨਵ-ਜੰਮੀਆਂ ਸੂਲਾਂ ਪਿੰਡੇ ’ਤੇ ਜਲੂਣ ਕਰਦੀਆਂ ਮਹਿਸੂਸ ਵੀ ਹੋਈਆਂ। ਉਨ੍ਹਾਂ ਲਈ ਉਹ ਪਿੰਡ ਦੇ ਅੱਡੇ ’ਤੇ ਖੋਖੇ ਵਿੱਚ ਚਾਹ ਬਣਾਉਣ ਵਾਲਾ ਸੋਨੂੰ ਹੀ ਸੀ। ਉਂਜ ਭਾਵੇਂ ਹੁਣ ਉਹਦੇ ਕਮਰੇ ਦੇ ਬਾਹਰ ‘ਤਹਿਸੀਲਦਾਰ ਸਰਵਣ ਸਿੰਘ’ ਵਾਲੀ ਤਖ਼ਤੀ ਲੱਗੀ ਸੀ। ਗੱਡੀ ਛੱਪੜ ਕੋਲੋਂ ਲੰਘੀ। ਛੱਪੜ ਦੇ ਦੂਜੇ ਪਾਸੇ ਨੰਬਰਦਾਰ ਨੱਥਾ ਸਿੰਹੁ ਦਾ ਉੱਚੇ ਚੁਬਾਰੇ ਵਾਲਾ ਘਰ ਨਜ਼ਰ ਪਿਆ ਤਾਂ ਇੱਕ ਕਸੂਤੀ ਜਿਹੀ ਯਾਦ ਬਿਜਲੀ ਵਾਂਗ ਚੇਤਿਆਂ ਵਿੱਚੋਂ ਲੰਘ ਗਈ।

“ਮੇਰੇ ਵੱਡੇ ਵੀਰ ਸ਼ਿੰਦੇ ਨੇ ਬਾਰ੍ਹਵੀਂ ਪਾਸ ਕਰ ਟੈਕਸੀ ਪਾ ਲਈ। ਵਿਆਹ-ਸ਼ਾਦੀਆਂ ਦੇ ਮੌਕੇ ਤਾਂ ਉਹ ਭੁਗਤਾਉਂਦਾ ਹੀ ਸੀ ਉਂਜ ਵੀ ਜੇ ਪਿੰਡ ਵਿੱਚ ਕਿਸੇ ਨੇ ਕਿਧਰੇ ਆਉਣਾ ਜਾਣਾ ਹੁੰਦਾ ਤਾਂ ਸ਼ਿੰਦੇ ਨੂੰ ਸੁਨੇਹਾ ਪਹੁੰਚ ਜਾਂਦਾ। ਇੱਕ ਦਿਨ ਨੰਬਰਦਾਰ ਦੇ ਘਰੋਂ ਸੁਨੇਹਾ ਆਇਆ। ਮੈਨੂੰ ਕਾਲਜ ਤੋਂ ਛੁੱਟੀ ਸੀ। ਸ਼ਿੰਦੇ ਨੇ ਮੇਰੀ ਡਿਊਟੀ ਲਾ ਦਿੱਤੀ। ‘ਚੀਨੂੰ’ ਨੂੰ ਉਹਦੇ ਸਹੁਰਿਆਂ ਤੋਂ ਲੈਣ ਜਾਣਾ ਸੀ। ਵਾਪਸ ਘਰ ਪਹੁੰਚੇ ਤਾਂ ‘ਚੀਨੂੰ’ ਤਾਂ ਆਪਣੀ ਚਹੁੰ ਕੁ ਸਾਲਾਂ ਦੀ ਕੁੜੀ ਤੇ ਹੋਰ ਨਿੱਕਸੁੱਕ ਲੈ ਕੇ ਇੱਕ ਪਾਸਿਓਂ ਉੱਤਰ ਗਈ, ਪਰ ਭਾਰੇ ਸਰੀਰ ਵਾਲੀ ਉਹਦੀ ਮੰਮੀ ਕੋਲੋਂ ਹਿੱਲਿਆ ਨਾ ਜਾਵੇ। ‘ਵੇ ਸੋਨੂੰ ਪੁੱਤ, ਆਹ ਕਾਕੇ ਨੂੰ ਫੜੀਂ ਜ਼ਰਾ।’ ਗੋਦ ਵਿੱਚ ਬੈਠੇ ‘ਚੀਨੂੰ’ ਦੇ ਸਾਲ ਕੁ ਦੇ ਮੁੰਡੇ ਨੂੰ ਮੈਨੂੰ ਫੜਨ ਲਈ ਕਹਿੰਦੀ ਉਹ ਮਸਾਂ ਹਿੱਲੀ। ਨਿਆਣਾ ਡੌਰ ਭੌਰ ਜਿਹਾ ਵੇਖਦਾ ਰੋਣ ਲੱਗ ਪਿਆ। ‘ਕੋਈ ਨਾ ਪੁੱਤ, ਤੇਰਾ ਮਾਮਾ ਆ’ ਕਹਿੰਦਿਆਂ ਉਸ ਨੇ ਮੁੰਡਾ ਮੇਰੇ ਹੱਥਾਂ ਵੱਲ ਵਧਾਇਆ। ਮੇਰੇ ਕੰਨਾਂ ਵਿੱਚ ਤਿੱਖੇ ਮੂੰਹ ਵਾਲੀਆਂ ਸੂਲਾਂ ਚੁੱਭਦੀਆਂ ਲੱਗੀਆਂ। ਜੀਅ ਕੀਤਾ ਹੱਥ ਪਰ੍ਹੇ ਕਰ ਲਵਾਂ ਤੇ ਮੁੰਡਾ ਠਾਹ ਥੱਲੇ ਮਾਰਾਂ। ਖ਼ੈਰ ਅੰਦਰ ਜਾ ਮੁੰਡਾ ‘ਚੀਨੂੰ’ ਨੂੰ ਫੜਾਉਂਦਿਆਂ ਜਾਣ ਬੁੱਝ ਕੇ ਉਹਦੇ ਗੋਭਲੇ ਜਿਹੇ ਹੱਥਾਂ ਨੂੰ ਛੋਹਣ ਦਾ ਸੁਆਦ ਜ਼ਰੂਰ ਲੈ ਲਿਆ।

ਕੱਲ੍ਹ ਤੇ ਅੱਜ ਦੀ ਤੁਲਨਾ ਕਰਦਾ ਉਹਦਾ ਹੱਥ ਆਪਣੀਆਂ ਮੁੱਛਾਂ ’ਤੇ ਚਲਾ ਗਿਆ। ਜੀਅ ਕੀਤਾ ਵੱਟ ਦੇ ਕੇ ਮੁੱਛਾਂ ਖੜ੍ਹੀਆਂ ਕਰੇ। ‘ਪਰ ਕਿੱਥੇ! ਇਹ ਸਹੁਰੀ ਦੀਆਂ ਤਾਂ ਉੱਗਦੀਆਂ ਵੀ ਹੇਠਾਂ ਵੱਲ ਨੂੰ ਨੇ।’ ਝੁੰਝਲਾਹਟ ਉਹਦੇ ਚਿਹਰੇ ’ਤੇ ਪਸਰ ਗਈ।

“ਉਸੇ ਦਿਨ ਦੀ ਗੱਲ ਏ। ਖਵਰੇ ਨੰਬਰਦਾਰ ਨੱਥਾ ਸਿੰਹੁ ਨੇ ‘ਚੀਨੂੰ’ ਦੇ ਮੇਰੇ ਹੱਥ ਛੋਹਣ ਵਾਲੀ ਚਲਾਕੀ ਵੇਖ ਲਈ ਸੀ ਜਾਂ ਮੇਰਾ ਵਹਿਮ ਹੀ ਸੀ। ਉਸ ਨੇ ਜ਼ੋਰ ਦੀ ਖੰਘੂਰਾ ਮਾਰਿਆ ਅਤੇ ਆਪਣੀਆਂ ਲੰਮੀਆਂ ਚਿੱਟੀਆਂ ਮੁੱਛਾਂ ਨੂੰ ਵੱਟ ਚਾੜ੍ਹ ਕੈੜੀ ਅੱਖ ਨਾਲ ਮੇਰੇ ਵੱਲ ਵੇਖਿਆ। ਮੇਰੇ ਹੱਥ ਵੀ ਫ਼ਜ਼ੂਲ ਹੀ ਆਪਣੀਆਂ ਮੁੱਛਾਂ ਟੋਂਹਦੇ ਜਾਪੇ ਜੋ ਹੈ ਹੀ ਨਹੀਂ ਸਨ। ਉਦੋਂ ਤੋਂ ਮੈਂ ਸਿਰ ਦੇ ਵਾਲ ਤਾਂ ਚਾਹੇ ਨਹੀਂ ਰੱਖੇ, ਪਰ ਦਾੜ੍ਹੀ ਮੁੱਛਾਂ ’ਤੇ ਉਸਤਰਾ ਫੇਰਨਾ ਬੰਦ ਕਰ ਦਿੱਤਾ ਸੀ ਅਤੇ ਸਿਰ ਦੀ ਪਗੜੀ ਆਪਣੇ ਪਹਿਰਾਵੇ ਦਾ ਹਿੱਸਾ ਬਣਾ ਲਈ ਸੀ।” ਉਸ ਨੇ ਦੋਵਾਂ ਹੱਥਾਂ ਨਾਲ ਆਪਣੀ ਪਗੜੀ ਨੂੰ ਸੂਤ ਸਿਰ ਕੀਤਾ। ਹੁਣ ਉਹ ਮਾਂ ਦੇ ਸੋਨੂੰ ਪੁੱਤ ਤੋਂ ਸ. ਸਰਵਣ ਸਿੰਘ ਬਣ ਚੁੱਕਾ ਸੀ।

“ਅੱਜ ਕਿਤੇ ਬਾਹਰ ਗਏ ਸੀ?” ਉਹਦੇ ਗਲ਼ੋਂ ਲਾਹੀ ਚਿੱਟੀ ਕਮੀਜ਼ ਦੇ ਕਾਲਰ ’ਤੇ ਜੰਮੀ ਕਾਲੋਂ ਦੀ ਤਹਿ ਵੇਖ ਕੁਸਮ ਨੇ ਸਹਿਜ ਸੁਭਾਅ ਪੁੱਛ ਲਿਆ ਸੀ। ‘ਹਾਂ…ਨਈਂ…’ ਉਹ ਗੱਲ ਆਈ ਗਈ ਕਰ ਗਿਆ। ਉਹ ਘਰ ਵਿੱਚ ਆਪਣੇ ਦਫ਼ਤਰ ਦੀ ਰੋਜ਼ਮਰ੍ਹਾ ਦੇ ਰੁਟੀਨ ਬਾਰੇ ਘੱਟ ਵੱਧ ਹੀ ਗੱਲ ਕਰਿਆ ਕਰਦਾ ਸੀ। ਆਹ ਆਪਣੇ ਪਿੰਡ ਦੌਰੇ ’ਤੇ ਜਾਣ ਵਾਲੀ ਗੱਲ ਤਾਂ ਭਲਾ ਕਰਨੀ ਹੀ ਕੀ ਸੀ।

ਉਸ ਨੇ ਪੜ੍ਹਾਈ ਔਖੇ ਸੌਖੇ ਜਾਰੀ ਰੱਖੀ ਸੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਉਹਦਾ ਬਾਪ ਤੇ ਭਰਾ ਵੀ ਸਹਾਰਾ ਦੇਈ ਗਏ ਸਨ। ਜਿਉਂ ਹੀ ਵਕਾਲਤ ਦਾ ਕੰਮ ਸ਼ੁਰੂ ਕੀਤਾ ਤਾਂ ਉਹ ਪਿੰਡ ਨੂੰ ਤਾਂ ਜਿਵੇਂ ਸਦਾ ਲਈ ਅਲਵਿਦਾ ਆਖ ਆਇਆ ਸੀ। ਸ਼ਹਿਰ ਵਿੱਚ ਛੋਟਾ ਜਿਹਾ ਘਰ ਖਰੀਦ ਲਿਆ। ਉੱਥੇ ਹੀ ਉਹਦਾ ਵਿਆਹ ਹੋਇਆ। ਹੁਣ ਤਾਂ ਸੁੱਖ ਨਾਲ ਪੌਸ਼ ਕਾਲੋਨੀ ਵਿੱਚ ਵੱਡੀ ਸਾਰੀ ਕੋਠੀ ਵਿੱਚ ਰਹਿੰਦੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਡੈਡ ਦਾ ਕੋਈ ਪਿੰਡ ਵੀ ਹੈ ਤੇ ਉਹ ਪਿੰਡ ਦੇ ਵਿਹੜੇ ਵਾਲੇ ਪਾਸੇ ਨਿੱਕੇ ਜਿਹੇ ਘਰ ਵਿੱਚ ਜੰਮਿਆ ਪਲ਼ਿਆ ਸੀ।

“ਮੈਂ ਨਹੀਂ ਆਪਣੇ ਬੱਚਿਆਂ ਨੂੰ ਫੀਸ ਮੁਆਫ਼ੀ ਵਾਲੇ ਸਕੂਲਾਂ ਵਿੱਚ ਪੜ੍ਹਾਇਆ। ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਇਆ ਪੂਰੀਆਂ ਫੀਸਾਂ ਦੇ ਕੇ।” ਅਕਸਰ ਮਾਣ ਨਾਲ ਸੋਚਦੇ ਨੂੰ ਆਪਣੀਆਂ ਤੰਗੀਆਂ ਤੁਰਸ਼ੀਆਂ ਚੇਤੇ ਆ ਜਾਂਦੀਆਂ।

“ਮੈਂ ਨਹੀਂ ਸੀ ਚਾਹੁੰਦਾ ਵਜ਼ੀਫ਼ੇ ਦੇ ਨਾਂ ’ਤੇ ਦਿੱਤੇ ਜਾਣ ਵਾਲੇ ਚੰਦ ਰੁਪਈਆਂ ਲਈ ਮੇਰੇ ਬੱਚੇ ਹੱਥ ਅੱਡਦੇ ਹੀਣੇ ਹੋਣ।” ਉਹ ਆਪਣੀਆਂ ਮੁੱਛਾਂ ਦੀਆਂ ਨੋਕਾਂ ਨੂੰ ਵੱਟ ਦੇਣ ਦਾ ਯਤਨ ਕਰਦਾ। ਹੁਣ ਸੁੱਖ ਨਾਲ ਉਹਦੀ ਬੇਟੀ ‘ਸ਼ਿਵਾਨੀ’ ਡਾਕਟਰ ਤੇ ਬੇਟਾ ‘ਇਕਬਾਲ’ ਇੰਜਨੀਅਰ ਹੈ। ਉਹ ਅਕਸਰ ਮਾਣ ਨਾਲ ਸਿਰ ਉੱਚਾ ਕਰ ਦੱਸਦਾ ਸੀ।

ਦਫ਼ਤਰ ਤੋਂ ਆ ਫਰੈੱਸ਼ ਹੋ ਚਾਹ ਦੀਆਂ ਚੁਸਕੀਆਂ ਲੈਂਦਿਆਂ ਉਸ ਨੇ ਟੀ.ਵੀ. ਆਨ ਕਰ ਲਿਆ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦਾ ਬੁਲਿਟਨ ਚੱਲ ਰਿਹਾ ਸੀ। ਨਿਊਜ਼ਰੀਡਰ ਸੂਬੇ ਦੀ ਕੁਝ ਮਹੀਨਿਆਂ ਤੋਂ ਬਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵਧਾ ਚੜ੍ਹਾ ਕੇ ਬਿਆਨ ਕਰ ਰਿਹਾ ਸੀ। ਨਾਲੋ ਨਾਲ ਮੁੱਖ-ਮੰਤਰੀ ਦੀ ਤਸਵੀਰ ਪਰਦਾ ਮੱਲੀ ਨਜ਼ਰ ਆ ਰਹੀ ਸੀ। ਸਰਵਣ ਸਿੰਘ ਦੇ ਦਿਲ ਵਾਲੇ ਪਾਸੇ ਜਿਵੇਂ ਕੁਝ ਚੁੱਭਿਆ ਹੋਵੇ। ਇਸ ਸਰਕਾਰ ਦੇ ਮੁੱਖ ਮੰਤਰੀ ਦੀ ਨਾਮਜ਼ਦਗੀ ਵੇਲੇ ਉਹਦੇ ਦਲਿਤ ਹੋਣ ਨੂੰ ਜਿਵੇਂ ਪਾਰਟੀ ਨੇ ਰਾਜਨੀਤਕ ਲਾਹਾ ਲੈਣ ਖਾਤਰ ਵਰਤਿਆ ਅਤੇ ਜਿਵੇਂ ਮੀਡੀਆ ਨੇ ਬਾਰ ਬਾਰ ਭੰਡਿਆ ਸੀ, ਸੋਚ ਉਹਦਾ ਮੂੰਹ ਕਸੈਲਾ ਹੋ ਗਿਆ।

“ਕਿਵੇਂ… ਹਰ ਚੈਨਲ ’ਤੇ ਵਾਰ ਵਾਰ ਕਹਿੰਦੇ ਸੀ, ‘ਇੱਕ ਦਲਿਤ ਨੂੰ ਪਹਿਲੀ ਵਾਰ ਸੂਬੇ ਦਾ ਮੁੱਖ-ਮੰਤਰੀ ਬਣਾਇਆ ਜਾ ਰਿਹਾ ਹੈ। ਇੱਕ ਦਲਿਤ ਸੂਬੇ ਦੀ ਅਗਵਾਈ ਕਰੇਗਾ।’’ ਐਨੇ ਸਾਲ ਜੱਟ ਬਣਦੇ ਰਹੇ ਕਦੇ ਕਿਸੇ ਕਿਹਾ ਭਈ ਜੱਟ ਮੁੱਖ-ਮੰਤਰੀ ਆ। ਦਲਿਤ ਨੂੰ ਦਲਿਤ ਕਹਿ ਪਤਾ ਨਹੀਂ ਕੀ ਮਿਲਦਾ ਕੁਤੀੜ੍ਹ ਨੂੰ?” ਉਹਨੇ ਕੌੜਾ ਥੁੱਕ ਥੁੱਕਣ ਦੀ ਬਜਾਏ ਮੀਡੀਆ ਨੂੰ ਗਾਲ੍ਹ ਕੱਢ ਅੰਦਰ ਹੀ ਨਿਗਲ ਲਿਆ।

“ਸ਼ੁਕਰ ਆ ਮੇਰੇ ਬੱਚੇ ਵਿਦੇਸ਼ ਨੇ। ਘੱਟੋ ਘੱਟੋ ਆਹ ਦਲਿਤ ਵਾਲੀ ਪੱਟੀ ਤੋਂ ਤਾਂ ਛੁਟਕਾਰਾ ਮਿਲਿਆ ਉਨ੍ਹਾਂ ਨੂੰ! ਥੋੜ੍ਹੀ ਰਹਿ ਗਈ ਨੌਕਰੀ। ਵਿਹਲੇ ਹੋ ਬੱਚਿਆਂ ਕੋਲ ਜਾ ਵੱਸਣਾ।” ਸੋਚਦਾ ਉਹ ਕਿਤੇ ਦੂਰ ਆਪਣੀ ਬੇਟੀ ਸ਼ਿਵਾਨੀ ਕੋਲ ਪਹੁੰਚ ਗਿਆ।

ਇੱਥੇ ਭਾਵੇਂ ਉਹਨੇ ਡਾਕਟਰੀ ਪਾਸ ਕੀਤੀ ਸੀ, ਪਰ ਕੈਨੇਡਾ ਜਾ ਕੇ ਡਾਕਟਰੀ ਦੀ ਕਦਰ ਨਹੀਂ ਸੀ ਪਈ। ਇੱਥੋਂ ਦੀ ਡਿਗਰੀ ਬਰਾਬਰ ਨਹੀਂ ਸਮਝਦੇ ਉੱਥੇ। ਡਾਕਟਰੀ ਕਰਨ ਲਈ ਟੈਸਟ ਪਾਸ ਕਰਨੇ ਪੈਂਦੇ ਹਨ ਜੋ ਸੌਖੇ ਨਹੀਂ। ਸ਼ਿਵਾਨੀ ਨੇ ਵੀ ਹੈਲਥ ਦਾ ਕੋਈ ਡਿਪਲੋਮਾ ਕਰ ਲਿਆ ਸੀ ਤੇ ਹੈਲਥ ਡਿਪਾਰਮੈਂਟ ਵਿੱਚ ਨੌਕਰੀ ਕਰਦੀ ਹੈ। ਜਦੋਂ ਉਹ ਬੇਟੀ ਕੋਲ ਗਏ ਸਨ ਤਾਂ ਸ਼ਿਵਾਨੀ ਦਾ ਘਰ ਬਾਰ ਵੇਖ ਕੇ ਮਨ ਬੜਾ ਪ੍ਰਸੰਨ ਹੋਇਆ ਸੀ। ਉੱਥੇ ਕੋਈ ਅੰਤਰ ਹੀ ਨਹੀਂ। ਸਾਰੇ ਇੱਕੋ ਜਿਹੇ ਘਰ। ਕੋਈ ਬਾਹਲਾ ਫ਼ਰਕ ਹੀ ਨਹੀਂ। ਕਾਲੇ ਗੋਰੇ ਭੂਰੇ ਸਾਰੇ ਨਾਲੋ ਨਾਲ ਰਹਿੰਦੇ। ਸ਼ਿਵਾਨੀ ਦੇ ਦੇਸ਼ ਪਹੁੰਚਿਆ ਉਹ ਅੱਖਾਂ ਬੰਦ ਕਰੀ ਸੋਫ਼ੇ ’ਤੇ ਬੈਠਾ ਸੌਂ ਗਿਆ ਜਾਪਦਾ ਸੀ। ਸੁਮਨ ਨੇ ਡਿਨਰ ਲਈ ਆ ਹਲੂਣਿਆ ਤਾਂ ਉਹ ਝਟਕੇ ਨਾਲ ਸੁਚੇਤ ਹੋ ਡਾਈਨਿੰਗ ਟੇਬਲ ’ਤੇ ਜਾ ਬੈਠਾ।

ਅੱੱਜਕੱਲ੍ਹ ਹਰ ਵੇਲੇ, ਹਰ ਥਾਂ ਨਵੇਂ ਮੁੱਖ ਮੰਤਰੀ ਦੀ ਚਰਚਾ ਦਾ ਬਾਜ਼ਾਰ ਗਰਮ ਰਹਿੰਦਾ। ਭਾਵੇਂ ਦਫ਼ਤਰ, ਭਾਵੇਂ ਮੀਡੀਆ ਤੇ ਭਾਵੇਂ ਰਾਹ ਵਿੱਚ ਲੱਗੀਆਂ ਮੁੱਖ ਮੰਤਰੀ ਦੀਆਂ ਫੋਟੋਆਂ ਸਮੇਤ ਪ੍ਰਾਪਤੀਆਂ ਵਾਲੀਆਂ ਹੋਰਡਿੰਗਜ਼। “ਯਾਰ ਆਹ ਕੀ ਹੋ ਰਿਹਾ ਆਲੇ ਦੁਆਲੇ? ਮੇਰਾ ਤਾਂ ਜੀਅ ਕਾਹਲਾ ਪੈਣ ਲੱਗ ਪਿਆ।” ਇੱਕ ਦਿਨ ਆਪਣੇ ਸਹਿਕਰਮੀ ਨਾਲ ਗੱਲ ਕਰਦਿਆਂ ਉਹ ਜਿਵੇਂ ਫਿਸ ਹੀ ਪਿਆ ਹੋਵੇ।

“ਕਿਉਂ? ਕੀ ਗੱਲ ਹੋਗੀ?” ਉਹਦਾ ਸਾਥੀ ਹੈਰਾਨ ਸੀ। “ਅਖੇ ਦਲਿਤ ਮੁੱਖ ਮੰਤਰੀ ਨੇ ਆਹ ਕੀਤਾ। ਦਲਿਤ ਮੁੱਖ ਮੰਤਰੀ ਨੇ ਉਹ ਕੀਤਾ। ਤੇ ਮੁੱਖ ਮੰਤਰੀ ਸਾਹਿਬ ਵੀ ਹੁੱਬ ਹੁੱਬ ਕੇ ਆਪਣੇ ਦਲਿਤ ਹੋਣ ਦਾ ਵਿਖਾਵਾ ਕਰਦੇ ਰਤਾ ਝੇਪ ਨ੍ਹੀਂ ਮੰਨਦੇ।”

“ਹੱਦ ਹੋਗੀ ਯਾਰ ਤੇਰੀ! ਸਾਨੂੰ ’ਤੇ ਮਾਣ ਕਰਨਾ ਚਾਹੀਦਾ ਭਈ ਸਾਡੇ ਭਾਈਚਾਰੇ ਨੂੰ ਐਨਾ ਮਾਣ ਮਿਲਿਆ। ਤੇ ਤੂੰ?…ਆਪਾਂ ਵੀ ਤਾਂ ਇਸੇ ਕਰਕੇ ਉੱਚੇ ਅਹੁਦਿਆਂ ’ਤੇ ਬੈਠੇ ਆਂ। ਇਸੇ ਸਦਕਾ ਸਾਡੇ ਬੱਚੇ ਉੱਚੀਆਂ ਪੜ੍ਹਾਈਆਂ ਕਰ ਮਾਣ ਨਾਲ ਸਿਰ ਉੱਚਾ ਕਰ ਤੁਰਦੇ ਆ।” ਉਹਦੇ ਨਾਲ ਦਾ ਮਾਣ ਨਾਲ ਜਿਵੇਂ ਆਪਣੇ ਦਲਿਤ ਹੋਣ ਦਾ ਵਖਿਆਨ ਕਰ ਰਿਹਾ ਹੋਵੇ। ਉਹਦਾ ਜੀਅ ਕੀਤਾ ਕੁਝ ਕਹੇ, ਪਰ ਉਹ ਚੁੱਪ ਵੱਟ ਗਿਆ ਸੀ।

ਸੀਟਾਂ ਤਾਂ ਉਹਦੇ ਬੱਚਿਆਂ ਨੂੰ ਵੀ ਰਿਜ਼ਰਵ ਕੋਟੇ ਦੇ ਆਧਾਰ ’ਤੇ ਹੀ ਮਿਲੀਆਂ ਸਨ। ਪਰ ਜਾਤ ਦਾ ਸਰਟੀਫੀਕੇਟ ਬਣਾਉਣ ਲਈ ਸਰਪੰਚ ਦੇ ਦਸਤਖ਼ਤ ਕਰਵਾਉਣ ਉਹ ਕਦੇ ਪਿੰਡ ਨਹੀਂ ਗਿਆ ਸੀ। ਇਹ ਕੰਮ ਉਹਦਾ ਭਾਪਾ ਹੀ ਪਿੰਡ ਜਾ ਕੇ ਕਰਵਾਉਂਦਾ ਹੁੰਦਾ ਸੀ। ਨਾ ਹੀ ਉਹਨੇ ਕਦੇ ਆਪਣੇ ਬੱਚਿਆਂ ਨਾਲ ਇਸ ਬਾਰੇ ਕੋਈ ਬਹੁਤੀ ਸਾਂਝ ਪਾਈ ਸੀ। ਜਿਵੇਂ ਕਬੂਤਰ ਬਿੱਲੀ ਨੂੰ ਵੇਖ ਅੱਖਾਂ ਮੀਟ ਲੈਂਦਾ, ਐਹੋ ਜੇ ਵੇਲੇ ਇੰਜ ਕਰ ਉਹ ਸਮਝ ਲੈਂਦਾ ਕਿ ਬੱਚਿਆਂ ਨੂੰ ਕਿਹੜਾ ਕੁਝ ਪਤਾ?

ਅੱਜ ਦਫ਼ਤਰੋਂ ਆਇਆ ਤਾਂ ਕੁਝ ਮਸੋਸਿਆ ਜਿਹਾ ਸੀ। ਉਦੋਂ ਹੀ ਫੋਨ ਦੀ ਘੰਟੀ ਵੱਜ ਪਈ। ਫੋਨ ਵੇਖਿਆ ਤਾਂ ਕੈਨੇਡਾ ਤੋਂ ਸ਼ਿਵਾਨੀ ਦਾ ਸੀ। ਇਕਦਮ ਚਿਹਰਾ ਹੁਲਾਸ ਗਿਆ।

“ਹੈਲੋ ਬੇਟੇ!”

“ਹੈਲੋ ਡੈਡ!”

“ਕੀ ਹਾਲ ਚਾਲ ਬੇਟੇ।”

“ਠੀਕ ਹੈ, ਡੈਡ ਤੁਸੀਂ ਸੁਣਾਓ।”

ਆਵਾਜ਼ ਸੁਣ ਕੁਸਮ ਵੀ ਕੋਲ ਆ ਬੈਠੀ। ਕੁਝ ਦੇਰ ਗੱਲ ਕਰਨ ਤੋਂ ਬਾਅਦ ਉਸ ਨੇ ਫੋਨ ਕੁਸਮ ਨੂੰ ਫੜਾ ਦਿੱਤਾ। ਮਾਵਾਂ ਧੀਆਂ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ। ਫਿਰ ਡੈਡੀ ਦੀ ਵਾਰੀ ਆ ਗਈ।

“ਹਾਂਜੀ ਡੈਡੀ ਜੀ। ਮੈਂ ਪੁੱਛਣਾ ਭਲਾ ਆਪਣਾ ਪਿੰਡ ਕਿਹੜਾ ਆ?”

“ਕਿਉਂ? ਆਪਾਂ ਤਾਂ ਸ਼ਹਿਰ ਰਹਿੰਦੇ ਆਂ। ਜਿੱਥੋਂ ਤੂੰ ਗਈ ਏਂ!” ਉਹ ਬੇਟੀ ਦੀ ਨਾਦਾਨੀ ’ਤੇ ਹੈਰਾਨ ਸੀ।

“ਨਹੀਂ ਡੈਡੀ ਜੀ, ਇੱਥੇ ਹਰੇਕ ਦਾ ਪਿਛਲਾ ਪਿੰਡ ਹੈਗਾ। ਸਾਰੇ ਪੁੱਛਦੇ ਦੱਸਦੇ ਆ ਆਪਣਾ ਪਿਛਲਾ ਪਿੰਡ। ਆਪਣਾ ਵੀ ਤਾਂ ਕੋਈ ਹੋਊਗਾ ਈ ਨਾ। ਸਾਨੂੰ ਤੁਸੀਂ ਕਦੇ ਦੱਸਿਆ ਈ ਨਹੀਂ। ਪਲੀਜ਼! ਦੱਸੋ ਮੈਂ ਵੀ ਆਪਣੇ ਨਾਲਦਿਆਂ ਨਾਲ ਸ਼ੇਅਰ ਕਰਨਾ।” ਸ਼ਿਵਾਨੀ ਜ਼ਿੱਦ ਹੀ ਕਰ ਬੈਠੀ।

ਧੀ ਦੀ ਜ਼ਿੱਦ ਅੱਗੇ ਜਿਵੇਂ ਉਸ ਨੇ ਗੋਡੇ ਟੇਕ ਦਿੱਤੇ ਹੋਣ ਅਤੇ ਆਪਣੇ ਪਿੰਡ ਦਾ ਨਾਂ ਤੇ ਟਿਕਾਣਾ ਦੱਸ ਕੇ ਹੀ ਉਹਦੀ ਖ਼ਲਾਸੀ ਹੋਈ।

“ਐਤਕੀਂ ਜਦੋਂ ਮੈਂ ਇੰਡੀਆ ਆਈ ਤਾਂ ਮੈਂ ਪਿੰਡ ਜ਼ਰੂਰ ਜਾਣਾ। ਲੈ ਕੇ ਜਾਓਗੇ ਨਾ ਡੈਡ? ਵਾਅਦਾ ਕਰੋ।”

“ਪੱਕਾ ਵਾਅਦਾ।” ਆਖ ਉਸ ਨੇ ਸ਼ਿਵਾਨੀ ਤੋਂ ਖਹਿੜਾ ਛੁਡਾਇਆ। ਜਿਹੜਾ ਪਿੰਡ ਉਹ ਵਰ੍ਹਿਆਂ ਤੋਂ ਵਿਸਾਰੀ ਬੈਠਾ ਸੀ। ਜਿਹੜਾ ਉਹਦੇ ਟੱਬਰ ਲਈ ਅਜਨਬੀ ਸੀ। ਅੱਜ ਉਹਦੀ ਧੀ ਦੀ ਪੁੱਛ ਨੇ ਉਹਦੇ ਅੰਦਰ ਕੁਝ ਤੁਣਕਣ ਲਾ ਦਿੱਤਾ ਸੀ। ਐਤਕੀਂ ਸ਼ਿਵਾਨੀ ਆਪਣੇ ਪੂਰੇ ਪਰਿਵਾਰ ਨਾਲ ਆ ਰਹੀ ਸੀ। ਸਾਰਾ ਘਰ ਖੁਸ਼ ਸੀ। ਅਗਾਊਂ ਤਿਆਰੀਆਂ ਹੋ ਰਹੀਆਂ ਸਨ। ਸ਼ਿਵਾਨੀ ਦੇ ਆਗਮਨ ਨਾਲ ਕੋਠੀ ਵਿੱਚ ਚਹਿਲ ਪਹਿਲ ਹੋ ਗਈ। ਆਸ਼ੂ ਤੇ ਅਗਮ ਦਾ ਕਮਰੋ ਕਮਰੀ ਫਿਰਦਿਆਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਅਗਲੇ ਦਿਨ ਹੀ ਸ਼ਿਵਾਨੀ ਨੇ ਪਿੰਡ ਜਾਣ ਦੀ ਰਟ ਲਾ ਦਿੱਤੀ।

ਆਖਰ ਲੈ ਕੇ ਜਾਣਾ ਹੀ ਪਿਆ। ਪਿੰਡ ਦੇ ਨਾਂ ਵਾਲਾ ਫੱਟਾ ਪੜ੍ਹ ਸ਼ਿਵਾਨੀ ਚਹਿਕ ਉੱਠੀ। “ਡੈਡ, ਇਹ ਆ ਆਪਣਾ ਪਿੰਡ!”

“ਹਾਂ ਬੇਟੇ, ਇਹ ਈ ਪਿੰਡ ਆ ਜਿੱਥੇ ਮੈਂ ਜੰਮਿਆ। ਮੇਰਾ ਬਾਪ ਤੇ ਉਹਦਾ ਬਾਪ। ਸਾਡੇ ਵਡੇਰੇ ਸਦੀਆਂ ਤੋਂ ਇੱਥੇ ਰਹਿੰਦੇ ਰਹੇ ਨੇ।” ਉਹ ਭਾਵਨਾ ਵੱਸ ਆਖ ਗਿਆ।

ਪੱਕੀ ਸੜਕੋਂ ਉਤਰ ਉਨ੍ਹਾਂ ਦੀ ਕਾਰ ਕੱਚੇ ਪਹੇ ਪੈ ਛੱਪੜ ਕੋਲੋਂ ਲੰਘੀ ਤਾਂ ਸ਼ਿਵਾਨੀ ਬੋਲ ਉੱਠੀ, “ਡੈਡ, ਤੁਹਾਡਾ ਘਰ ਕਿਹੜਾ ਸੀ। ਉਹ ਵੇਖਣਾ।”

“ਸ਼ਿਵਾਨੀ ਹੁਣ ਉੱਥੇ ਕੋਈ ਹੋਰ ਰਹਿੰਦਾ ਹੋਣਾ। ਉਹ ਹੁਣ ਆਪਣਾ ਘਰ ਤਾਂ ਰਿਹਾ ਨ੍ਹੀਂ। ਉਹਦਾ ਕੀ ਵੇਖਣਾ। ਛੱਡ ਪਰ੍ਹੇ। ਪਿੰਡ ਤਾਂ ਵਿਖਾ ਦਿੱਤਾ ਤੈਨੂੰ!” ਉਸ ਨੇ ਟਾਲਣ ਦੀ ਕੋਸ਼ਿਸ਼ ਕੀਤੀ।

“ਚਲੋ, ਕੋਲੋਂ ਦੀ ਲੰਘਾ ਦਿਓ। ਪਲੀਜ਼ ਪਾਪਾ!” ਸ਼ਿਵਾਨੀ ਨੇ ਤਰਲਾ ਲਿਆ। ਪਤਾ ਨ੍ਹੀਂ ਪਿੰਡ ਵਿੱਚ ਉਹ ਆਪਣੀਆਂ ਕਿਹੜੀਆਂ ਜੜ੍ਹਾਂ ਤਲਾਸ਼ਣਾ ਚਾਹੁੰਦੀ ਸੀ। ਉਸ ਬਥੇਰਾ ਆਊਂ ਗਊਂ ਕੀਤਾ, ਪਰ ਸ਼ਿਵਾਨੀ ਦਾ ‘ਪਲੀਜ਼ ਪਾਪਾ!’ ਕਹਿਣਾ ਉਸ ਤੋਂ ਮੋੜ ਨਾ ਹੋਇਆ। ਉਸ ਨੇ ਕਾਰ ਪਿੰਡ ਦੀ ਦੋ ਮੰਜ਼ਲੇ ਚੁਬਾਰਿਆਂ ਵਾਲੀ ਸੰਘਣੀ ਵਸੋਂ ਤੋਂ ਬਾਹਰਲੇ ਪਾਸੇ ਨੂੰ ਮੋੜ ਲਈ ਅਤੇ ਛੋਟੇ ਨੀਵੇਂ ਘਰਾਂ ਵਾਲੀ ਬਾਹਰਲੀ ਵਿਰਲੀ ਆਬਾਦੀ ਕੋਲ ਰੋਕ ਲਈ।

“ਸ਼ਿਵਾਨੀ, ਇਹ ਆ ਸਾਡਾ ਆਪਣੇ ਪੁਰਖਿਆਂ ਵਾਲਾ ਘਰ।” ਉਸ ਨੇ ਇੱਕ ਅੱਧੋਰਾਣੇ ਛੋਟੇ ਜਿਹੇ ਘਰ ਵੱਲ ਇਸ਼ਾਰਾ ਕਰ ਆਖਿਆ। ਸ਼ਿਵਾਨੀ ਨੇ ਹੈਰਾਨ ਹੋ ਵੇਖਿਆ। ਉਹ ਕਾਰ ਵਿੱਚੋਂ ਉਤਰ ਉੱਧਰ ਨੂੰ ਤੁਰਨ ਲੱਗੀ। ਬੱਚੇ ਵੀ ਉਹਦੇ ਨਾਲ ਤੁਰ ਪਏ। ਉਹ ਅਤੇ ਕੁਸਮ ਵੀ ਉਨ੍ਹਾਂ ਦੇ ਪਿੱਛੇ ਹੋ ਤੁਰੇ।

ਘਰਾਂ ਦੇ ਬੂਹਿਆਂ ਦੀਆਂ ਵਿਰਲਾਂ ਵਿੱਚੋਂ ਇਸ ਲਾਮਡੋਰ ਨੂੰ ਕਈ ਅੱਖਾਂ ਨੇ ਵੇਖਿਆ। ਦਰੋਂ ਬਾਹਰ ਹੋ ਕਈ ਇਸ ਟੱਬਰ ਨੂੰ ਪਛਾਣਨ ਲੱਗੇ। ਸਾਹਮਣੇ ਘਰੋਂ ਹੱਡੀਆਂ ਦੀ ਮੁੱਠ ਇੱਕ ਬਜ਼ੁਰਗ ਨੇ ਬਾਹਰ ਆ ਸਰਵਣ ਸਿੰਘ ਦਾ ਸਿਰ ਪਲੋਸਿਆ, “ਕਾਕਾ ਤੂੰ ਮੁੱਖੇ ਦਾ ਮੁੰਡਾ ਸੋਨੂੰ ਏ ਨਾ!”

“ਹਾਂ ਤਾਇਆ, ਮੈਂ ਸੋਨੂੰ ਈ ਆਂ।” ਉਹ ਬਜ਼ੁਰਗ ਦੇ ਪੈਰਾਂ ਵੱਲ ਝੁਕਿਆ, “ਤੇ ਆਹ ਤੁਹਾਡੀ ਨੂੰਹ। ਇਹ ਮੇਰੀ ਧੀ ਤੇ ਮੇਰੇ ਦੋਹਤਾ ਦੋਹਤੀ।” ਉਸ ਇੱਕੋ ਸਾਹੇ ਸਭ ਦੀ ਜਾਣ-ਪਛਾਣ ਕਰਵਾ ਦਿੱਤੀ। ਬਜ਼ੁਰਗ ਵਾਰੀ ਵਾਰੀ ਸਭ ਦਾ ਸਿਰ ਪਲੋਸਣ ਲੱਗਾ।

“ਇਹ ਆਪਣੇ ਘਰਾਂ ਵਿੱਚੋਂ ਮੇਰੇ ਤਾਇਆ ਜੀ ਨੇ।” ਉਸ ਨੇ ਸਾਰਿਆਂ ਨੂੰ ਮੁਖ਼ਾਤਿਬ ਹੋ ਦੱਸਿਆ। ਉਹਦੇ ਬੋਲਾਂ ਵਿੱਚ ਅਪਣੱਤ ਸਾਫ਼ ਝਲਕਦੀ ਸੀ। ਹੋਰ ਕਈ ਜਾਣੂ ਬਾਹਰ ਆ ਉਨ੍ਹਾਂ ਨੂੰ ਮਿਲਣ ਲੱਗੇ। ਇੱਕ ਜਣਾ ਤਾਂ ਬਦੋਬਦੀ ਉਨ੍ਹਾਂ ਨੂੰ ਘਰ ਲੈ ਗਿਆ ਅਤੇ ਚਾਹ ਪਾਣੀ ਪਿਆਇਆ। ਤੁਰਨ ਲੱਗਿਆਂ ਸ਼ਿਵਾਨੀ ਦੀ ਮੁੱਠ ਵਿੱਚ ਸੌ ਦਾ ਨੋਟ ਦੇ ਉਸ ਨੂੰ ਪਿੰਡ ਦੀ ਧੀ ਆਖ ਮਾਣ ਦਿੱਤਾ।

ਵਾਪਸੀ ’ਤੇ ਕੁਝ ਦੇਰ ਤਾਂ ਕਾਰ ਵਿੱਚ ਚੁੱਪ ਹੀ ਛਾਈ ਰਹੀ ਜਿਵੇਂ ਕਿਸੇ ਕੋਲ ਕਰਨ ਲਈ ਕੋਈ ਗੱਲ ਹੀ ਨਾ ਹੋਵੇ। ਆਖਰ ਸ਼ਿਵਾਨੀ ਇਸ ਚੁੱਪ ਨੂੰ ਤੋੜਦਿਆਂ ਬੋਲੀ, “ਡੈਡ, ਪਿੰਡ ਦੇ ਲੋਕ ਕਿੰਨਾ ਪਿਆਰ ਕਰਦੇ ਨੇ! ਇੰਜ ਲੱਗਦਾ ਜਿਵੇਂ ਸਾਰੇ ਆਪਣੇ ਈ ਹੋਣ! ਆਪਣੇ ਸ਼ਹਿਰ ਵਿੱਚ ਤਾਂ ਮਸਾਂ ਈ ਕੋਈ ਕਿਸੇ ਨੂੰ ਬਲਾਉਂਦਾ। ਆਹ ਵੇਖੋ, ਕਿਵੇਂ ਸਾਰੇ ਆ ਆ ਕੇ ਮਿਲਦੇ ਸੀ ਮੋਹ ਪਿਆਰ ਨਾਲ ਜਿਵੇਂ ਬਾਹਲੇ ਹੀ ਸਕੇ ਹੋਣ!”

“ਹਾਂ! ਪੁੱਤਰ, ਪਿੰਡਾਂ ਦੇ ਲੋਕ ਇੰਜ ਦੇ ਈ ਮੋਹਖੋਰੇ ਹੁੰਦੇ ਨੇ। ਆਪਣਾਪਣ ਹੁੰਦਾ ਇੱਥੇ ਸਾਰਿਆਂ ਵਿੱਚ।” ਉਹ ਵੀ ਖੁਸ਼ ਹੁੰਦਾ ਬੋਲਿਆ।

“ਪਰ ਡੈਡ! ਇੱਕ ਗੱਲ ਮੈਨੂੰ ਸਮਝ ਨ੍ਹੀਂ ਪਈ। ਪਿੰਡ ਦੇ ਘਰ ਦੋ ਹਿੱਸਿਆਂ ’ਚ ਕਿਉਂ ਵੰਡੇ ਆ ਤੇ ਘਰਾਂ ’ਚ ਐਨਾ ਫ਼ਰਕ ਕਿਉਂ ਆ? ਤੁਹਾਡਾ ਘਰ ਬਾਹਰਲੇ ਘਰਾਂ ਵਿੱਚ ਕਿਉਂ ਸੀ?” ਉਹਦੇ ਅੰਦਰਲੇ ਜਕੋਤਕੇ ਬੋਲ ਹੀ ਪਏ।

“ਪਿੰਡਾਂ ਵਿੱਚ ਇੰਜ ਈ ਹੁੰਦਾ ਬੇਟੇ!” ਆਖ ਉਹ ਚੁੱਪ ਕਰ ਗਿਆ।

“ਪਰ ਕਿਉਂ?” ਸ਼ਿਵਾਨੀ ਦੀ ਇਸ ਪੁੱਛ ਦਾ ਜੁਆਬ ਉਹਦੇ ਕੋਲੋਂ ਦੇ ਨਹੀਂ ਸੀ ਹੋ ਰਿਹਾ। ਉਸ ਨੇ ਬਾਕੀ ਗੱਲ ਘਰ ਜਾ ਕੇ ਕਰਨ ਲਈ ਆਖ ਹਾਲ ਦੀ ਘੜੀ ਖਹਿੜਾ ਛੁਡਾਇਆ।

ਤੇ ਫਿਰ ਇੱਕ ਦਿਨ ਦੁਖਦੀ ਇਸ ਸੂਲ ਦੀ ਪੀੜ ਵੀ ਜਰਨੀ ਪਈ। ਉਸ ਨੂੰ ਸ਼ਿਵਾਨੀ ਨੂੰ ਸਭ ਊਚ-ਨੀਚ ਸਮਝਾਉਣੀ ਪਈ ਅਤੇ ਉਹ ਸਮਝ ਵੀ ਗਈ।

“ਹੁਣ ਮੈਂ ਸਮਝੀ, ਉੱਥੇ ਕਿਉਂ ਲੋਕੀਂ ਤੁਹਾਡਾ ਪਿਛਲਾ ਪਿੰਡ ਪੁੱਛਦੇ ਨੇ। ਪਿੰਡ ਤੋਂ ਤੇ ਪਿੰਡ ਵਿਚਲੇ ਤੁਹਾਡੇ ਘਰ ਤੋਂ ਬਿਨਾਂ ਪੁੱਛੇ ਪਤਾ ਜੁ ਲੱਗ ਜਾਣਾ ਹੁੰਦਾ ਜੋ ਸਾਹਮਣੇ ਵਾਲਾ ਸਿੱਧਾ ਨ੍ਹੀਂ ਪੁੱਛ ਸਕਦਾ।” ਸ਼ਿਵਾਨੀ ਆਪਣੇ ਨਾਲਦਿਆਂ ਦੀਆਂ ਪੁੱਛਾਂ ਦਾ ਚੇਤਾ ਕਰਦੀ ਬੋਲੀ, “ਡੈਡ, ਤੁਹਾਨੂੰ ਪਤਾ ਬਾਹਰ ਕੈਨੇਡਾ ਵਿੱਚ ਗੁਰਦੁਆਰੇ ਵੀ ਵੱਖਰੇ ਵੱਖਰੇ ਬਣੇ ਹੋਏ ਨੇ। ਮੈਨੂੰ ਤਾਂ ਪਤਾ ਈ ਨਹੀਂ ਸੀ ਇਹ ਕਿਉਂ ਤੇ ਕੀ ਆ। ਮੈਨੂੰ ਕਈ ਪੁੱਛਦੇ ਤੁਸੀਂ ਕਿਹੜੇ ਗੁਰਦੁਆਰੇ ਜਾਂਦੇ ਓ? ਮੈਂ ਕਹਿਣਾ ਜਿੱਥੇ ਜੀਅ ਕਰੇ ਮੱਥਾ ਟੇਕ ਆਈਦਾ। ਗੁਰਦੁਆਰਾ ਤਾਂ ਗੁਰਦੁਆਰਾ ਹੀ ਹੈ। ਇਸ ਗੱਲ ’ਤੇ ਕਈ ਦੂਜੇ ਪਾਸੇ ਮੂੰਹ ਕਰ ਹੱਸਦੇ ਵੀ ਵੇਖੇ ਸੀ। ਹੁਣ ਪਤਾ ਲੱਗਿਆ ਉਹ ਮੇਰੀ ਬੇਸਮਝੀ ’ਤੇ ਹੱਸਦੇ ਹੋਣੇ ਆ।” ਸ਼ਿਵਾਨੀ ਕਿਨਾ ਕੁਝ ਕਹਿ ਤੇ ਦੱਸ ਗਈ।

ਦੋਵੇਂ ਜੀਅ ਅਬੋਲ ਬੈਠੇ ਸੁਣਦੇ ਰਹੇ। ਆਪਣੀ ਹੋਂਦ ਦੀਆਂ ਸੂਲਾਂ ਦੀ ਚੀਸ ਨੂੰ ਚੂਸਦੇ। ਸਦੀਆਂ ਤੋਂ ਸਮਿਆਂ ਦੀ ਹਿੱਕ ਵਿੱਚ ਖੁੱਭੇ ਇਸ ਨਾਮਨਿਹਾਦ ਜਾਤਾਂ ਦੀ ਵੰਡ ਦੇ ਕਿੱਲੇ ਨੂੰ ਪੁੱਟ ਸੁੱਟਣ ਲਈ ਪਰ ਤੋਲਦੇ ਪਰਿੰਦੇ! News Source link
#ਸਲ

- Advertisement -

More articles

- Advertisement -

Latest article