39.1 C
Patiāla
Thursday, April 25, 2024

ਯੂਕਰੇਨ: ਰੂਸੀ ਡਰੋਨਾਂ ਨੇ ਬਿਜਲੀ-ਪਾਣੀ ਦੀ ਸਪਲਾਈ ਨੂੰ ਮੁੜ ਬਣਾਇਆ ਨਿਸ਼ਾਨਾ

Must read


ਕੀਵ, 18 ਅਕਤੂਬਰ

ਰੂਸ ਵੱਲੋਂ ਡਰੋਨਾਂ ਰਾਹੀਂ ਕੀਤੇ ਹਵਾਈ ਹਮਲਿਆਂ ਨਾਲ ਮੰਗਲਵਾਰ ਨੂੰ ਯੂਕਰੇਨ ਵਿੱਚ ਵੱਡੇ ਪੱਧਰ ’ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਨੁਕਸਾਨ ਪੁੱਜਿਆ ਹੈ। ਇਨ੍ਹਾਂ ਹਮਲਿਆਂ ਨਾਲ ਹਜ਼ਾਰਾਂ ਲੋਕਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਰਾਜਧਾਨੀ ਕੀਵ ਵਿੱਚ ਵੀ ਦੋ ਪਾਵਰ ਸਟੇਸ਼ਨਾਂ ਨੂੰ ਨੁਕਸਾਨ ਪੁੱਜਿਆ ਹੈ ਤੇ ਦੋ ਲੋਕਾਂ ਦੀ ਮੌਤ ਹੋਈ ਹੈ।

ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਨ੍ਹਾਂ ਹਮਲਿਆਂ ਨੂੰ ਰੂਸ ਦੀ ਯੂਕਰੇਨ ਨੂੰ ਠੰਢ ਅਤੇ ਹਨੇਰੇ ਵਿੱਚ ਲਿਜਾਣ ਅਤੇ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵਿੱਚ ਅੜਿੱਕਾ ਡਾਹੁਣ ਦੀ ਮੁਹਿੰਮ ਕਰਾਰ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਪਿਛਲੇ ਹਫਤੇ ਰੂਸੀ ਹਮਲਿਆਂ ਵਿੱਚ ਮੁਲਕ ਦੇ ਲਗਪਗ ਇੱਕ ਤਿਹਾਈ ਪਾਵਰ ਸਟੇਸ਼ਨ ਤਬਾਹ ਹੋ ਗਏ ਹਨ, ਜਿਸ ਨਾਲ ਮੁਲਕ ਵਿੱਚ ਵੱਡੇ ਪੱਧਰ ’ਤੇ ਬਲੈਕ ਆਊਟ ਹੋ ਗਿਆ ਹੈ। ਹੁਣ ਪੂਤਿਨ ਨਾਲ ਗੱਲਬਾਤ ਲਈ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ , ਅਜਿਹੇ ਵਿੱਚ ਪਾਣੀ ਅਤੇ ਬਿਜਲੀ ਨੂੰ ਤਰਸ ਰਹੇ ਲੋਕਾਂ ਨੂੰ ਅਖੌਤੀ ਆਤਮਘਾਤੀ ਡਰੋਨਾਂ ਦੀ ਵੱਡੇ ਪੱਧਰ ’ਤੇ ਵਰਤੋਂ ਕਰ ਕੇ ਨਿਸ਼ਾਨਾ ਬਣਾ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁੂਤਿਨ ਨੇ ਜੰਗ ਦਾ ਨਵਾਂ ਦੌਰ ਆਰੰਭ ਦਿੱਤਾ ਹੈ। ਇੱਥੋਂ ਤੱਕ ਕਿ ਫਰੰਟ ਲਾਈਨ ਤੋਂ ਬਹੁਤ ਦੂਰ, ਬੁਨਿਆਦੀ ਸਹੂਲਤਾਂ ਨੂੰ ਪੁੱਜਿਆ ਨੁਕਸਾਨ ਆਮ ਨਹੀਂ ਹੈ। ਰੋਜ਼ਾਨਾ ਦੇਸ਼ ਵਿੱਚ ਦੂਰ ਦੂਰ ਤੱਕ ਮਿਜ਼ਾਈਲਾਂ ਨਾਲ ਹਮਲੇ ਹੋ ਰਹੇ ਹਨ। ਹਾਲ ਹੀ ਦੇ ਹਮਲਿਆਂ ਨਾਲ ਜ਼ਾਇਟੋਮੀਰ ਸ਼ਹਿਰ ਦੀ ਬਿਜਲੀ ਅਤੇ ਪਾਣੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਹ ਸ਼ਹਿਰ ਰਾਜਧਾਨੀ ਕੀਵ ਤੋਂ 140 ਕਿਲੋਮੀਟਰ ਪੱਛਮ ਵਿੱਚ ਹੈ ਜਿਥੇ ਫੌਜੀ ਠਿਕਾਣੇ, ਉਦਯੋਗਾਂ ਤੇ ਲਗਪਗ 250,000 ਲੋਕ ਰਹਿੰਦੇ ਹਨ। ਸ਼ਹਿਰ ਦੇ ਅਤੇ ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਅੱਜ ਹੋਏ ਹਮਲਿਆਂ ਨਾਲ ਹਸਪਤਾਲਾਂ ਦੀ ਬਿਜਲੀ ਠੱਪ ਹੋ ਗਈ ਹੈ ਤੇ ਐਮਰਜੈਂਸੀ ਸੇਵਾਵਾਂ ਬੈਕਅੱਪ ਪਾਵਰ ‘ਤੇ ਚੱਲ ਰਹੀਆਂ ਹਨ। ਇਸੇ ਤਰ੍ਹਾਂ ਦੱਖਣ ਦੇ ਕੇਂਦਰੀ ਸ਼ਹਿਰ ਦਾਨੀਪਰੋ ਵਿੱਚ ਵੀ ਬਿਜਲੀ ਸਪਲਾਈ ਠੱਪ ਹੋਈ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਬੀਤੇ ਇਕ ਹਫ਼ਤੇ ਵਿੱਚ 100 ਆਤਮਘਾਤੀ ਡਰੋਨਾਂ ਨੇ ਪਾਵਰ ਪਲਾਂਟ, ਸੀਵਰੇਜ ਟਰੀਟਮੈਂਟ ਪਲਾਂਟਾਂ, ਰਿਹਾਇਸ਼ੀ ਇਮਾਰਤਾਂ, ਪੁਲਾਂ ਅਤੇ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਜ਼ਮੀਨੀ ਜੰਗ ਵਿੱਚ ਹੋਏ ਨੁਕਸਾਨ ਦੀ ਭਰਪਾਈ ਦਹਿਸ਼ਤ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ, ‘‘ ਪੂਰੀ ਦੁਨੀਆ ਤੇ ਸਾਡੇ ’ਤੇ ਦਬਾਅ ਬਣਾਇਆ ਜਾ ਸਕੇ। ’’ -ਏਪੀ

ਰੂਸੀ ਲੜਾਕੂ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ, 13 ਹਲਾਕ

ਮਾਸਕੋ: ਰੂਸ ਦਾ ਇੱਕ ਲੜਾਕੂ ਜਹਾਜ਼ ਇੰਜਣ ਖਰਾਬ ਹੋਣ ਕਾਰਨ ਯੇਸਕ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਨੇ ਅੱਗ ਤੋਂ ਬਚਣ ਲਈ ਨੌਂ-ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ ਸੀ। ਰੂਸ ਦੇ ਰੱਖਿਆ ਮੰਤਰਾਲੇ ਅਨੁਸਾਰ ਇੱਕ ਸਿਖਲਾਈ ਮਿਸ਼ਨ ਦੌਰਾਨ ਉਡਾਣ ਭਰਦੇ ਸਮੇਂ ਐੱਸਯੂ-34 ਲੜਾਕੂ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗ ਗਈ, ਜਿਸ ਕਾਰਨ ਉਹ ਯੇਸਕ ਵਿੱਚ ਡਿੱਗ ਗਿਆ। ਜਹਾਜ਼ ’ਚ ਸਵਾਰ ਦੋਵੇਂ ਕਰਿਊ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ ਪਰ ਜਹਾਜ਼ ਰਿਹਾਇਸ਼ੀ ਇਲਾਕੇ ’ਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 13 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 19 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਖ਼ਬਰ ਏਜੰਸੀ ‘ਆਰਆਈਏ-ਨੋਵੋਸਤੀ’ ਮੁਤਾਬਕ ਇਲਾਕੇ ਦੀ ਉਪ ਰਾਜਪਾਲ ਐਨਾ ਮੇਨਕੋਵਾ ਨੇ ਦੱਸਿਆ ਕਿ ਮਾਰੇ ਗਏ ਲੋਕਾਂ ’ਚੋਂ ਤਿੰਨ ਦੀ ਮੌਤ ਇਮਾਰਤ ਤੋਂ ਛਾਲ ਮਾਰਨ ਕਾਰਨ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 500 ਤੋਂ ਵੱਧ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਕ੍ਰੈਮਲਿਨ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ ਅਤੇ ਸਥਾਨਕ ਗਵਰਨਰ ਨੂੰ ਸਿਹਤ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ ਹੈ। -ਪੀਟੀਆਈ

News Source link

- Advertisement -

More articles

- Advertisement -

Latest article