ਸਾਂ ਫਰਾਂਸਿਸਕੋ, 17 ਅਕਤੂਬਰ
ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਜੀਆਂ ਦੀਆਂ ਅੰਤਿਮ ਰਸਮਾਂ ਵਿੱਚ ਸੈਂਕੜੇ ਲੋਕ ਸ਼ਾਮਲ ਹੋੲੇ। ਕੈਲੀਫੋਰਨੀਆ ਵਿੱਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਅਗਵਾ ਕਰਨ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ਵਿੱਚ ਅੱਠ ਮਹੀਨਿਆਂ ਦੀ ਬੱਚੀ ਵੀ ਸ਼ਾਮਲ ਸੀ। ਅੰਤਿਮ ਰਸਮਾਂ ਲਈ ਸਮਾਗਮ ਸ਼ਨਿਚਰਵਾਰ ਨੂੰ ਕੈਲੀਫੋਰਨੀਆ ਦੇ ਟਰਲੌਕ ਸ਼ਹਿਰ ਵਿੱਚ ਰੱਖਿਆ ਗਿਆ ਸੀ। ਮੁਲਜ਼ਮ ਜੀਸਸ ਸਲਗਾਡੋ ਨੇ ਜਸਦੀਪ ਸਿੰਘ (36), ਉਸ ਦੀ ਪਤਨੀ ਜਸਲੀਨ ਕੌਰ (27), ਉਨ੍ਹਾਂ ਦੀ ਬੱਚੀ ਅਰੂਹੀ ਢੇਰੀ (ਅੱਠ ਮਹੀਨੇ) ਤੇ ਇਸ ਬੱਚੀ ਦੇ ਤਾਏ ਅਮਨਦੀਪ ਸਿੰਘ (39) ਨੂੰ 3 ਅਕਤੂਬਰ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਕਤਲ ਕਰ ਦਿੱਤਾ ਸੀ। ਅੰਤਿਮ ਰਸਮਾਂ ਸਿੱਖ ਰਵਾਇਤ ਮੁਤਾਬਕ ਨੇਪਰੇ ਚਾੜ੍ਹੀਆਂ ਗਈਆਂ। ਸਿੱਖ ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਹਰਸੀ ਪਿੰਡ ਨਾਲ ਸਬੰਧਤ ਹੈ। ਪਰਿਵਾਰ ਦਾ ਇੱਥੇ ਟਰੱਕਾਂ ਦਾ ਕਾਰੋਬਾਰ ਹੈ।
ਸਟੈਨਿਸਲਾਸ ਕਾਊਂਟੀ ਸੁਪਰਵਾਈਜ਼ਰ ਮਨੀ ਗਰੇਵਾਲ ਨੇ ਕਿਹਾ, ‘‘ਅਸੀਂ ਇੱਥੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਆਏ ਹਾਂ, ਉਹ ਇਕੱਲਾ ਨਹੀਂ ਹੈ।’’ ਕੇਟੀਐੱਲਏ-ਟੀਵੀ ਨੇ ਮਨੀ ਗਰੇਵਾਲ ਦੇ ਹਵਾਲੇ ਨੇ ਕਿਹਾ, ‘‘ਦੋ ਵਿਅਕਤੀਆਂ ਨੇ ਘਿਣਾਉਣਾ ਅਪਰਾਧ ਕੀਤਾ ਹੈ। ਸਾਡਾ ਭਾਈਚਾਰਾ ਉਨ੍ਹਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੈ।’’ ਪਰਿਵਾਰ ਦੇ ਇੱਕ ਦੋਸਤ ਸੰਜੀਵ ਤਿਵਾੜੀ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਪਰਿਵਾਰ ਇਸ ਸਦਮੇ ਵਿੱਚੋਂ ਕਿਵੇਂ ਉਭਰ ਸਕੇਗਾ। ਇਹ ਬਹੁਤ ਜ਼ਿਆਦਾ ਮੁਸ਼ਕਲ ਹੈ। ਅਸੀਂ ਇੱਥੇ ਪਰਿਵਾਰ ਦਾ ਸਾਥ ਦੇਣ ਲਈ ਆਏ ਹਾਂ।’’ ਰਿਪੋਰਟ ਮੁਤਾਬਕ, ‘ਐਲਨ ਮੁਰਦਾਘਰ ਵਿੱਚ ਸਿਰਫ਼ ਪਰਿਵਾਰ ਵਾਲਿਆਂ ਨੂੰ ਆਉਣ ਦੀ ਇਜਾਜ਼ਤ ਹੁੰਦੀ ਹੈ, ਪਰ ਸ਼ਨਿਚਰਵਾਰ ਨੂੰ ਸਿੱਖ ਪਰਿਵਾਰ ਦੇ ਅੰਤਿਮ ਸੰਸਕਾਰ ਵਿੱਚ ਭਾਈਚਾਰੇ ਦੇ ਮੈਂਬਰਾਂ ਨੂੰ ਪਰਿਵਾਰ ਨਾਲ ਇਕਜੁੱਟਤਾ ਦਿਖਾਉਣ ਲਈ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਗਈ।’’ਮਰਸਿਡ ਕਾਊਂਟੀ ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਮੈਥਿਊ ਸੈਰਾਟੋ ਨੇ ਦੱਸਿਆ ਕਿ ਸ਼ੱਕੀ ਜੀਸਸ ਸਲਗਾਡੋ ਨੇ ਵੀਰਵਾਰ ਨੂੰ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਨਹੀਂ ਕੀਤਾ। ਸਲਗਾਡੋ ਨੂੰ ਅਗਲੇ ਮਹੀਨੇ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। -ਪੀਟੀਆਈ