ਬਰੱਸਲਜ਼, 17 ਅਕਤੂਬਰ
ਯੂਕਰੇਨ ਵਿਚ ਜੰਗ ਕਾਰਨ ਵਧੇ ਤਣਾਅ ਦੇ ਮੱਦੇਨਜ਼ਰ ‘ਨਾਟੋ’ ਨੇ ਉੱਤਰ-ਪੱਛਮੀ ਯੂਰੋਪ ਵਿਚ ਸਾਲਾਨਾ ਪਰਮਾਣੂ ਅਭਿਆਸ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਮੁਲਕ ਦੇ ਖੇਤਰਾਂ ਦੀ ਰਾਖੀ ਲਈ ਕੋਈ ਵੀ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਨਾਟੋ ਗੱਠਜੋੜ ਦੇ 30 ਮੈਂਬਰਾਂ ਵਿਚੋਂ 14 ਇਨ੍ਹਾਂ ਅਭਿਆਸਾਂ ਵਿਚ ਹਿੱਸਾ ਲੈਣਗੇ, ਤੇ ਇਸ ਵਿਚ 60 ਜਹਾਜ਼ ਸ਼ਾਮਲ ਹੋਣਗੇ। ਉਧਰ, ਰੂਸ ਵੱਲੋਂ ਯੂਕਰੇਨ ’ਤੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਡਰੋਨਾਂ ਰਾਹੀਂ ਹਮਲੇ ਕੀਤੇ ਜਾ ਰਹੇ ਹਨ। ਕੀਵ ਵਿਚ ਇਸ ਕਾਰਨ ਕਈ ਇਮਾਰਤਾਂ ਨੂੰ ਅੱਗ ਲੱਗ ਗਈ ਤੇ ਲੋਕਾਂ ਨੂੰ ਬਾਹਰ ਸ਼ਰਨ ਲੈਣੀ ਪਈ। ਹਮਲਿਆਂ ਵਿਚ ਇਰਾਨ ਦੇ ਬਣੇ ਡਰੋਨ ਵੀ ਵਰਤੇ ਗਏ ਹਨ।