ਗਾਂਧੀਨਗਰ: ਮੁੰਬਈ ਦੇ ਮੁੱਕੇਬਾਜ਼ੀ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਇੱਥੇ 36ਵੀਆਂ ਕੌਮੀ ਖੇਡਾਂ ਦੇ ਸੈਮੀਫਾਈਨਲ ਵਿੱਚ ਆਪਣੇ ਟਰੇਨੀ ਰਹੇ ਮੁੰਬਈ ਦੇ ਨਿਖਿਲ ਦੁਬੇ ਦਾ ਮੁਕਾਬਲਾ ਦੇਖਣ ਲਈ ਮੋਟਰਸਾਈਕਲ ’ਤੇ ਗਾਂਧੀਨਗਰ ਜਾ ਰਿਹਾ ਸੀ। ਸੋਮਵਾਰ ਨੂੰ ਆਪਣਾ ਕੁਆਰਟਰ ਫਾਈਨਲ ਮੁਕਾਬਲਾ ਜਿੱਤਣ ਤੋਂ ਬਾਅਦ ਨਿਖਿਲ ਨੇ ਮੁੰਬਈ ਵਿੱਚ ਆਪਣੇ ਪੁਰਾਣੇ ਕੋਚ ਧਨੰਜੈ ਨੂੰ ਫੋਨ ਕਰਕੇ ਗਾਂਧੀਨਗਰ ਆਉਣ ਲਈ ਤਿਆਰ ਕੀਤਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਨਿਖਿਲ ਨੇ ਸੈਮੀਫਾਈਨਲ ਮੁਕਾਬਲਾ ਜਿੱਤਿਆ, ਉਦੋਂ ਤੱਕ ਤਿਵਾੜੀ ਦੀ ਮੌਤ ਹੋ ਚੁੱਕੀ ਸੀ। ਮੁਕਾਬਲੇ ਤੋਂ ਬਾਅਦ ਭਾਵੁਕ ਹੁੰਦਿਆਂ ਨਿਖਿਲ ਨੇ ਕਿਹਾ, ‘‘ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਮੈਂ ਕਿਸੇ ਤਰ੍ਹਾਂ ਅੱਜ ਦਾ ਮੁਕਾਬਲਾ ਜਿੱਤ ਕੇ ਸੋਨ ਤਗਮੇ ਲਈ ਲੜਾਂ।’’ ਨਿਖਿਲ ਨੇ ਫਾਈਨਲ ਵਿੱਚ 5-0 ਨਾਲ ਜਿੱਤ ਹਾਸਲ ਕਰਕੇ ਸੋਨ ਤਗਮਾ ਕੋਚ ਨੂੰ ਸਮਰਪਿਤ ਕੀਤਾ। -ਆਈਏਐੱਨਐੱਸ