ਨਵੀਂ ਦਿੱਲੀ, 14 ਅਕਤੂਬਰ
ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਵੱਲੋਂ ਤਿਆਰ ਗੈਰਮਿਆਰੀ ਸਿਰਪ ਮਾਮਲੇ ਵਿੱਚ ਆਲਮੀ ਸਿਹਤ ਸੰਸਥਾ ਦੀ ਰਿਪੋਰਟ ਦੀ ਘੋਖ ਲਈ ਗਠਿਤ ਚਾਰ ਮੈਂਬਰੀ ਕਮੇਟੀ ਨੇ ਅੱਜ ਇਥੇ ਪਲੇਠੀ ਮੀਟਿੰਗ ਕੀਤੀ। ਕੇਂਦਰ ਸਰਕਾਰ ਵੱਲੋਂ ਬੁੱਧਵਾਰ ਨੂੰ ਗਠਿਤ ਕੀਤੀ ਕਮੇਟੀ ਵਿੱਚ ਤਕਨੀਕੀ ਮਾਹਿਰ ਡਾ.ਵਾਈ.ਕੇ. ਗੁਪਤਾ, ਡਾ. ਪ੍ਰਗਿਆ ਯਾਦਵ, ਡਾ. ਆਰਤੀ ਬਹਿਲ ਤੇ ਏ.ਕੇ. ਪ੍ਰਧਾਨ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਵਿਚਲੇ ਸੂਤਰਾਂ ਨੇ ਕਿਹਾ ਕਿ ਮਾਹਿਰਾਂ ਨੇ ਜਾਂਚ ਦੇ ਅਮਲ ਨੂੰ ਤੇਜ਼ ਕਰਨ ’ਤੇ ਵਿਚਾਰ ਚਰਚਾ ਕੀਤੀ। ਬੁੱਧਵਾਰ ਨੂੰ ਮੇਡਨ ਫਾਰਮਾਸਿਊਟੀਕਲਜ਼ ਵਿੱਚ ਖੰਘ ਦਾ ਸਿਰਪ ਤਿਆਰ ਕਰਨ ’ਤੇ ਰੋਕ ਲਾ ਦਿੱਤੀ ਗਈ ਸੀ ਜਦੋਂਕਿ ਲਏ ਗਏ ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ। -ਏਜੰਸੀ