ਸਰਬਜੀਤ ਸਿੰਘ ਗਿੱਲ
ਫਿਲੌਰ, 12 ਅਕਤੂਬਰ
ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇਥੇ ਦਾਣਾ ਮੰਡੀ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਕਿਸਾਨਾਂ, ਆੜ੍ਹਤੀਆ ਅਤੇ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਝੋਨੇ ਦੀਆਂ ਢੇਰੀਆਂ ’ਤੇ ਜਾ ਕੇ ਝੋਨੇ ਦੀ ਨਮੀ ਦੀ ਜਾਂਚ ਵੀ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਝੋਨੇ ਦੀ ਖਰੀਦ ਵਧੀਆ ਢੰਗ ਨਾਲ ਕੀਤੀ ਜਾ ਰਹੀ ਹੈ। ਹੁਣ ਤੱਕ ਪੰਜਾਬ ਵਿੱਚ 13.50 ਲੱਖ ਟਨ ਝੋਨੇ ਦੀ ਫ਼ਸਲ ਮੰਡੀ ਵਿੱਚ ਆ ਚੁੱਕੀ ਹੈ, ਜਿਸ ਵਿਚੋਂ 12 ਲੱਖ ਟਨ ਦੀ ਖ਼ਰੀਦ ਹੋ ਚੁੱਕੀ ਹੈ। ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 24 ਘੰਟੇ ਦੇ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸੁੱਕਾ ਅਤੇ ਸਾਫ਼ ਸੁਥਰਾ ਝੋਨਾ ਮੰਡੀ ਵਿੱਚ ਲੈ ਕੇ ਆਉਣ। ਮੀਂਹ ਕਾਰਨ ਖ਼ਰਾਬ ਹੋਈ ਫ਼ਸਲਾਂ ਦੇ ਮੁਆਵਜ਼ੇ ਬਾਰੇ ਉਨ੍ਹਾਂ ਕਿਹਾ ਕਿ ਸਰਵੇ ਹੋ ਰਿਹਾ ਹੈ। ਇਸ ਮੌਕੇ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਐੱਸਡੀਐੱਮ ਫਿਲੌਰ ਅਮਰਪਾਲ ਸਿੰਘ, ਤਹਿਸੀਲਦਾਰ ਫਿਲੌਰ ਬਲਜਿੰਦਰ ਸਿੰਘ, ਡੀਐੱਸਪੀ ਫਿਲੌਰ ਜਤਿੰਦਰ ਸਿੰਘ, ਡੀਐੱਮ ਪਨਸਪ ਹਰਵੀਨ ਕੌਰ, ਡਿਪਟੀ ਡਾਇਰੈਕਟਰ ਜਲੰਧਰ ਸ੍ਰੀਮਤੀ ਰਜਨੀਸ਼ ਕੁਮਾਰੀ, ਏਐੱਫਐੱਸਓ ਫਿਲੌਰ ਮਨਿੰਦਰ ਸਿੰਘ, ਫੂਡ ਸਪਲਾਈ ਇੰਸਪੈਕਟਰ ਜਸਪ੍ਰੀਤ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ ਮਾਹਲ, ਰੋਸ਼ਨ ਲਾਲ ਰੋਸ਼ੀ, ਆੜ੍ਹਤੀ ਐਸੋਸੀਏਸ਼ਨ ਦਾ ਪ੍ਰਧਾਨ ਗੁਲਸ਼ਨ ਕੁਮਾਰ, ਬਲਰਾਜ ਸਿੰਘ, ਮਨਦੀਪ ਸਿੰਘ ਮੰਡ, ਸੁੱਖਾ ਸਗਨੇਵਾਲ, ਗੁਰਵਿੰਦਰ ਸਿੰਘ ਰਾਜਾ ਤੇ ਮਨਦੀਪ ਸਿੰਘ ਸ਼ਗਨੇਵਾਲ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।