ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ/ਤਰਨ ਤਾਰਨ, 11 ਅਕਤੂਬਰ
ਤਰਨ ਤਾਰਨ-ਅੰਮ੍ਰਿਤਸਰ-ਬਠਿੰਡਾ ਕੌਮੀ ਰਾਹ ’ਤੇ ਪਿੰਡ ਦੀਨਪੁਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਦੀ ਦੋ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਉਰਫ ਜੰਟਾ (32) ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਰਸੂਲਪੁਰ ਵਜੋਂ ਹੋਈ ਹੈ। ਐੱਸਐੱਸਪੀ ਰਣਜੀਤ ਸਿੰਘ ਅਨੁਸਾਰ ਹਮਲਾਵਰਾਂ ਦੀ ਪਛਾਣ ਅਜਮੀਤ ਸਿੰਘ ਵਾਸੀ ਨੌਸ਼ਿਹਰਾ ਪੰਨੂੰਆਂ ਤੇ ਗੁਰਕੀਰਤ ਸਿੰਘ ਘੁੱਗੀ ਵਾਸੀ ਸ਼ੇਰੋਂ ਦੇ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਥਾਣਾ ਸਦਰ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਭਤੀਜੇ ਅਰਸ਼ਦੀਪ ਸਿੰਘ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਮਿਲ ਕੇ ਗੁਰਜੰਟ ਦੀ ਕਥਿਤ ਤੌਰ ’ਤੇ ਹੱਤਿਆ ਕਰਵਾਈ ਹੈ ਕਿਉਂਕਿ ਦੋਵਾਂ ਦੇ ਪਰਿਵਾਰਾਂ ਵਿਚਾਲੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕੁਝ ਸਮਾਂ ਪਹਿਲਾਂ ਗੁਜਰਾਤ ਤੋਂ ਕਾਬੂ ਕੀਤਾ ਸੀ ਤੇ ਉਹ ਇਸ ਵੇਲੇ ਦਿੱਲੀ ਜੇਲ੍ਹ ਵਿੱਚ ਬੰਦ ਹੈ। ਵੇਰਵਿਆਂ ਅਨੁਸਾਰ ਮੰਗਲਵਾਰ ਸ਼ਾਮ ਨੂੰ ਦੋ ਮੋਟਰਸਾਈਕਲ ਸਵਾਰ ਦੁਕਾਨ ਵਿੱਚ ਦਾਖਲ ਹੋਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੁਰਜੰਟ ਦੇ ਲਗਪਗ ਇੱਕ ਦਰਜਨ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।