ਨਵੀਂ ਦਿੱਲੀ, 9 ਅਕਤੂਬਰ
ਕੇਂਦਰ ਸਰਕਾਰ ਸੋਮਵਾਰ ਤੋਂ ਵਿੱਤੀ ਵਰ੍ਹੇ 2023-24 ਲਈ ਆਮ ਬਜਟ ਤਿਆਰ ਕਰਨ ਦੀ ਕਵਾਇਦ ਸ਼ੁਰੂ ਕਰ ਰਹੀ ਹੈ। ਅਗਲੇ ਵਿੱਤੀ ਵਰ੍ਹੇ ਲਈ ਸਰਕਾਰ ਦੇ ਸਾਲਾਨਾ ਬਜਟ ਵਿੱਚ ਸੁਸਤ ਆਲਮੀ ਅਰਥਚਾਰੇ ਦੇ ਮੱਦੇਨਜ਼ਰ ਕਈ ਉਪਾਅ ਕੀਤੇ ਜਾਣ ਦੀ ਉਮੀਦ ਹੈ।
ਬਜਟ ਪ੍ਰਕਿਰਿਆ ਮੌਜੂਦਾ ਵਿੱਤੀ ਸਾਲ 2022-23 ਲਈ ਖ਼ਰਚੇ ਦੇ ਅਨੁਮਾਨਾਂ (ਆਰਈ) ਅਤੇ 2023-24 ਲਈ ਫੰਡ ਦੀ ਜ਼ਰੂਰਤ ਸਬੰਧੀ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸਲਾਹ-ਮਸ਼ਵਰੇ ਨਾਲ ਸ਼ੁਰੂ ਹੋਵੇਗੀ। ਸੋਮਵਾਰ ਨੂੰ ਪਹਿਲੇ ਦਿਨ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਕਿਰਤ ਤੇ ਰੁਜ਼ਗਾਰ ਮੰਤਰਾਲੇ, ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਸਬੰਧੀ ਮੰਤਰਾਲੇ ਅਤੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਨਾਲ ਬੈਠਕਾਂ ਕੀਤੀਆਂ ਜਾਣਗੀਆਂ। ਮੌਜੂਦਾ ਵਿੱਤੀ ਵਰ੍ਹੇ ਲਈ ਖ਼ਰਚੇ ਦੇ ਅਨੁਮਾਨਾਂ ਅਤੇ 2023-24 ਦੇ ਬਜਟ ਅਨੁਮਾਨਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਦੇ ਦੌਰ ਦੀ ਅਗਵਾਈ ਵਿੱਤ ਸਕੱਤਰ ਅਤੇ ਖ਼ਰਚਾ ਸਕੱਤਰ ਕਰਨਗੇ। ਇਕ ਮਹੀਨੇ ਤੱਕ ਚਲਣ ਵਾਲੀ ਕਵਾਇਦ 10 ਨਵੰਬਰ ਨੂੰ ਮੁਕੰਮਲ ਹੋਵੇਗੀ। ਇਸ ਦੌਰਾਨ ਸਹਿਕਾਰਤਾ ਮੰਤਰਾਲੇ, ਖੇਤੀ ਤੇ ਕਿਸਾਨ ਭਲਾਈ ਵਿਭਾਗ, ਖੇਤੀ ਖੋਜ ਤੇ ਸਿੱਖਿਆ ਵਿਭਾਗ, ਰੋਡ ਟਰਾਂਸਪੋਰਟ ਤੇ ਹਾਈਵੇਅਜ਼ ਮੰਤਰਾਲੇ, ਰੇਲਵੇ ਅਤੇ ਪੈਟੋਰਲੀਅਮ ਤੇ ਕੁਦਰਤੀ ਗੈਸ ਮੰਤਰਾਲਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਾਲ 2023-24 ਦੇ ਅਨੁਮਾਨਾਂ ਨੂੰ ਬਜਟ ਤੋਂ ਪਹਿਲਾਂ ਦੀਆਂ ਮੀਟਿੰਗਾਂ ਮਗਰੋਂ ਆਰਜ਼ੀ ਤੌਰ ’ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਨਰਿੰਦਰ ਮੋਦੀ ਸਰਕਾਰ-2 ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦਾ ਪੰਜਵਾਂ ਬਜਟ ਹੈ ਅਤੇ ਅਪਰੈਲ-ਮਈ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਖਰੀ ਪੂਰਾ ਬਜਟ ਹੋਵੇਗਾ। ਚੋਣ ਵਰ੍ਹੇ ਦੌਰਾਨ ਸਰਕਾਰ ਥੋੜੇ ਸਮੇਂ ਲਈ ਵੋਟ ਆਨ ਅਕਾਊਂਟ ਪੇਸ਼ ਕਰਦੀ ਹੈ ਅਤੇ ਪੂਰਾ ਬਜਟ ਜੁਲਾਈ ’ਚ ਪੇਸ਼ ਕੀਤਾ ਜਾਂਦਾ ਹੈ।
ਸਾਲ 2023-24 ਦਾ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਮੌਜੂਦਾ ਸਾਲ ਦੇ ਬਜਟ ’ਚ ਵਿਕਾਸ ਦਰ 7-7.5 ਫ਼ੀਸਦ ਰਹਿਣਾ ਅਨੁਮਾਨ ਲਾਇਆ ਗਿਆ ਹੈ ਜਦਕਿ ਵਿੱਤੀ ਘਾਟਾ ਜੀਡੀਪੀ ਦਾ 6.4 ਫ਼ੀਸਦ ਰਹਿਣ ਦੀ ਆਸ ਜਤਾਈ ਗਈ ਹੈ। -ਪੀਟੀਆਈ
ਸਿੱਧੇ ਕਰਾਂ ਦੀ ਉਗਰਾਹੀ ਵਿੱਚ 24 ਫੀਸਦ ਵਾਧਾ
ਕਰ ਵਿਭਾਗ ਨੇ ਅੱਜ ਕਿਹਾ ਕਿ ਕਾਰਪੋਰੇਟ ਤੇ ਵਿਅਕਤੀ ਵਿਸ਼ੇਸ਼ ਦੀ ਕਮਾਈ ਤੋਂ ਹੋਣ ਵਾਲੀ ਕੁੱਲ ਟੈਕਸ ਉਗਰਾਹੀ ਮੌਜੂਦਾ ਵਿੱਤੀ ਸਾਲ ਵਿੱਚ ਕਰੀਬ 24 ਫੀਸਦ ਦੇ ਵਾਧੇ ਨਾਲ 8.98 ਲੱਖ ਕਰੋੜ ਨੂੰ ਪੁੱਜ ਗਈ ਹੈ। ਇਸ ਵਿੱਚ ਨਿੱਜੀ ਆਮਦਨ ਕਰ (ਜਿਸ ਵਿੱਚ ਸਕਿਓਰਿਟੀਜ਼ ਲੈਣ-ਦੇਣ ਟੈਕਸ ਵੀ ਸ਼ਾਮਲ ਹੈ) ਵਿੱਚ 32 ਫੀਸਦ ਅਤੇ ਕਾਰਪੋਰੇਟ ਟੈਕਸ ਮਾਲੀਏ ਵਿੱਚ 16.73 ਫੀਸਦ ਦਾ ਵਾਧਾ ਵੀ ਸ਼ਾਮਲ ਹੈ। ਰਿਫੰਡਜ਼ ਨੂੰ ਐਡਜਸਟ ਕਰਨ ਮਗਰੋਂ ਸਿੱਧੇ ਕਰਾਂ ਤੋਂ ਹੋਣ ਵਾਲੀ ਕੁੱਲ ਕਮਾਈ ਪਹਿਲੀ ਅਪਰੈਲ ਤੋਂ 8 ਅਕਤੂਬਰ ਦੌਰਾਨ 7.45 ਲੱਖ ਕਰੋੜ ਰੁਪਏ ਹੈ, ਜੋ ਪੂਰੇ ਸਾਲ ਵਿੱਚ ਟੈਕਸ ਉਗਰਾਹੀ ਦੇ ਬਜਟ ਅਨੁਮਾਨਾਂ ਦਾ 52.46 ਫੀਸਦ ਹੈ। ਬਜਟ ਵਿੱਚ ਮੌਜੂਦਾ ਵਿੱਤੀ ਸਾਲ ਵਿੱਚ ਸਿੱਧੇ ਕਰਾਂ ਤੋਂ ਹੋਣ ਵਾਲੀ ਉਗਰਾਹੀ 14.20 ਲੱਖ ਕਰੋੜ ਰਹਿਣ ਦਾ ਅਨੁਮਾਨ ਸੀ, ਜੋ ਕਿ ਪਿਛਲੇ ਵਿੱਤੀ ਸਾਲ (2021-22) ਦੇ 14.10 ਲੱਖ ਕਰੋੜ ਦੇ ਅੰਕੜੇ ਤੋਂ ਵੱਧ ਹੈ। ਕਾਰਪੋਰੇਟ ਤੇ ਵਿਅਕਤੀ ਵਿਸ਼ੇਸ਼ ਦੀ ਆਮਦਨ ’ਤੇ ਲੱਗਦੇ ਟੈਕਸ ਨੂੰ ਮਿਲਾ ਕੇ ਹੀ ਸਿੱਧਾ ਟੈਕਸ ਬਣਦਾ ਹੈ।