ਇਸਲਾਮਾਬਾਦ, 11 ਅਕਤੂਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਖਿਲਾਫ਼ ਫੈਡਰਲ ਜਾਂਚ ਏਜੰਸੀ (ਐਫਆਈਏ) ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ ’ਤੇ ਪਾਬੰਦੀ ਦੇ ਬਾਵਜੂਦ ਵਿਦੇਸ਼ ਤੋਂ ਫੰਡ ਹਾਸਲ ਕਰਨ ਦਾ ਦੋਸ਼ ਹੈ। ਇਹ ਕੇਸ ਜਾਂਚ ਏਜੰਸੀ ਦੇ ਕਾਰਪੋਰੇਟ ਬੈਂਕਿੰਗ ਸਰਕਲ ਵੱਲੋਂ ਦਰਜ ਕਰਾਇਆ ਗਿਆ ਹੈ। ਡਾਅਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਆਰਿਫ ਮਸੂਦ ਨਕਵੀ ਜੋ ਵੂਟਨ ਕਿ੍ਕਟ ਲਿਮਟਿਡ ਦਾ ਮਾਲਕ ਹੈ ਨੇ ਪੀਟੀਆਈ ਦੇ ਬੈਂਕ ਖਾਤੇ ਵਿੱਚ ਨਾਜਾਇਜ਼ ਪੈਸਾ ਜਮ੍ਹਾਂ ਕਰਾਇਆ ਸੀ। ਐਫਆਈਆਰ ਅਨੁਸਾਰ ਸਾਬਕਾ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਵਿਦੇਸ਼ੀ ਮੁਦਰਾ ਐਕਟ ਦੀ ਉਲੰਘਣਾ ਅਤੇ ਸ਼ੱਕੀ ਬੈਂਕ ਖਾਤਿਆਂ ਰਾਹੀਂ ਲਾਭ ਲੈੈਣ ਦਾ ਦੋਸ਼ ਹੈ।-ਏਜੰਸੀ