28.7 C
Patiāla
Sunday, April 21, 2024

ਪਰਵਾਸੀ ਕਾਵਿ

Must read


ਮੈਂ ਬਾਜ਼ਾਰੀ ਨਹੀਂ

ਗ. ਸ. ਨਕਸ਼ਦੀਪ ਪੰਜਕੋਹਾ

ਬਾਜ਼ਾਰੀ ਕਰ ਦਿੱਤੀ ਗਈ ਹੈ ਆਸ਼ਕੀ

ਮੇਰੇ ਮਹਿਬੂਬ ਮੈਂ ਬਾਜ਼ਾਰੀ ਨਹੀਂ|

ਇਸ ਪਲ ਚੜ੍ਹਜੇ ਤੇ ਉਸ ਪਲ ਉਤਰੇ

ਇਹਨੂੰ ਆਖੀਦਾ ਕਦੇ ਖੁਮਾਰੀ ਨਹੀਂ|

ਮੈਂ ਤਾਂ ਹਾਂ ਸੂਰਜ ਮੈਂ ਚੰਦ ਨਹੀਂ ਹਾਂ

ਮੇਰੀ ਰੌਸ਼ਨੀ ਉੱਕਾ ਹੀ ਉਧਾਰੀ ਨਹੀਂ|

ਤੂੰ ਦਰਿਆਦਿਲੀ ਮੇਰੀ ਜੋ ਫੁੱਲਾਂ ਵਰਗੀ

ਓ ਮੇਰੇ ਸੱਜਣ ਕਦੇ ਵਿਚਾਰੀ ਨਹੀਂ!

ਅੰਬਰਾਂ ਦੀ ਖੁੱਲ੍ਹ ਨੂੰ ਉਹ ਪੰਛੀ ਕੀ ਜਾਣੇ

ਜਿਸ ਲਾਈ ਲੰਬੀ ਕਦੇ ਉਡਾਰੀ ਨਹੀਂ|

ਪਾਣੀ ਵਿੱਚ ਜਿਉਂ ਰੰਗ ਘੁਲ ਜਾਂਦਾ

ਤੇਰੇ ਵਿੱਚ ਘੁਲ ਜਾਣਾ ਵੀ ਦੁਸ਼ਵਾਰੀ ਨਹੀਂ|

ਹੈ ਆਪਣਾ ਇਤਿਹਾਸ ਜ਼ਿਹਨ ‘ਚ ਜੋ ਰੱਖਦੀ

ਉਹ ਕੌਮ ਕਦੇ ਵੀ ਹਾਰੀ ਨਹੀਂ|

ਉਹ ਮਰਨਾ ਵੀ ਕੀ ਮਰਨਾ ਹੋਇਆ

ਜਿਸ ਵਿੱਚ ਮੌਤ ਦੀ ਕਰੀ ਤਿਆਰੀ ਨਹੀਂ|

ਜ਼ਿੰਦਗੀ ਦਾ ਸਫ਼ਰ ਹੈ ਟੋਏ ਟਿੱਬਿਆਂ ਦਾ

ਇਹ ਐਸ਼ ਭਰੀ ਕੋਈ ਸਵਾਰੀ ਨਹੀਂ|

ਦਿਨ ਨੂੰ ਆਖੋ ਕਿ ਜ਼ਰਾ ਠਹਿਰ ਜਾਵੇ

ਮੈਂ ਦਿਲ ਵਿੱਚ ਸ਼ਾਮ ਅਜੇ ਉਤਾਰੀ ਨਹੀਂ|

ਉਹ ਕਰੇ ਦਾਅਵੇ ਮੇਰੇ ਹੱਕ ਦੇਣ ਦੇ

ਹੱਕ ਮੈਂ ਆਪੇ ਲੈਣੇ ਮੈਂ ਕੋਈ ਭਿਖਾਰੀ ਨਹੀਂ?

ਆਪਣੀ ਕਿਸਮਤ ਹੈ ਆਪ ਸਿਰਜਦਾ

ਨਕਸ਼ਦੀਪ ਕਿਸੇ ਦਾ ਵੀ ਵਗਾਰੀ ਨਹੀਂ|
**

ਬਿਗਾਨੀ ਸੋਚ

ਹੋਰਾਂ ਦੀਆਂ ਪੈੜਾਂ ‘ਤੇ ਤੁਰਦੇ ਤੁਰਦੇ

ਅਸੀਂ ਆਪਣਾ ਆਪ ਗਵਾ ਬੈਠੇ।

ਜੋ ਸਦੀਆਂ ਤੋਂ ਚਾਨਣ ਸੀ ਸਾਡਾ

ਬਸ ਨਕਲਾਂ ਕਰ ਕਰ ਭੁਲਾ ਬੈਠੇੇ।

ਸਾਡੇ ਅੰਦਰ ਹੀ ਹੀਰੇ ਮੋਤੀ ਪਏ

ਅਸੀਂ ਸੋਚ ਬਿਗਾਨੀ ਹੇਠ ਲੁਕਾ ਬੈਠੇ।

ਸੂਰਜ ਸਾਡੇ ਪਹਿਲਾਂ ਚੜ੍ਹਦਾ ਏ

ਅਸੀਂ ਪੱਛਮ ਵੱਲ ਅੱਖ ਕਿਉਂ ਲਾ ਬੈਠੇ?

ਭਟਕਣ ਦੀਆਂ ਪੀਂਘਾਂ ਵੇਖ ਵੇਖ

ਪੀਂਘ ਭਟਕਣ ਦੀ ਅਸੀਂ ਵੀ ਪਾ ਬੈਠੇ।

ਵੇਖ ਵੇਖ ਬਿਗਾਨੇ ਮਹਿਲਾਂ ਨੂੰ

ਅਸੀਂ ਤਾਂ ਕੁੱਲੀ ਬਹਿਸ਼ਤ ਦੀ ਢਾਹ ਬੈਠੇ।

ਪਾਲ ਮਿੱਤਰਾ ਜ਼ਹਿਰੀਲੇ ਸੱਪਾਂ ਨੂੰ

ਅਸੀਂ ਹੋਣੀ ਆਪਣੀ ਨੂੰ ਸੱਪ ਬਣਾ ਬੈਠੇ|

ਮਿੱਠੜੇ ਬੋਲਾਂ ਦੇ ਮਾਰੇ ਹੋਏ ਨਕਸ਼ਦੀਪ

ਧੋਖਾ ਵਾਰ ਵਾਰ ਅਸੀਂ ਖਾ ਬੈਠੇ|
**

ਖ਼ਬਰ ਹੈ

ਇਹ ਖ਼ਬਰ ਹੈ ਕਿ ਕਿਸੇ ਗੱਲੋਂ

ਯਾਰ ਮੇਰਾ ਹੁਣ ਖਫ਼ਾ ਹੈ|

ਇੱਕ ਵਾਰ ਫੇਰ ਹੋਇਆ

ਮੇਰੇ ਦਿਲ ਦਾ ਖਾਲੀ ਸਫ਼ਾ ਹੈ|

ਮੂੰਹ ‘ਤੇ ਬੜੇ ਖੁਸ਼ ਨੇ

ਪਰ ਪਿੱਠ ‘ਤੇ ਰੰਗ ਨਫ਼ਰਤ ਦੇ।

ਜੇ ਸੱਚ ਹੀ ਨਾ ਕਮਾਇਆ

ਫਿਰ ਕਾਹਦੀ ਇਹ ਵਫ਼ਾ ਹੈ?

ਬਦਨਾਮ ਸਾਨੂੰ ਹੁੰਦੇ ਵੇਖ ਕੇ

ਜ਼ਮਾਨਾ ਖੁਸ਼ ਬੜਾ ਹੋਇਆ

ਸਮਝਿਆ ਹੀ ਨਹੀਂ ਜ਼ਿੰਦਗੀ

ਕਦੇ ਘਾਟਾ ਕਦੇ ਨਫ਼ਾ ਹੈ|

ਤਾਰਿਆਂ ਦੀਆਂ ਗੱਲਾਂ ਛੱਡ

ਵੇਖ ਤੇਰੇ ਗੋਡੇ ਲਵਾਉਣ ਲਈ

ਸੋਚਦੇ ਉਹ ਰਹਿੰਦੇ ਲਾਉਣੀ

ਤੇਰੇ ਉੱਤੇ ਕਿਹੜੀ ਦਫ਼ਾ ਹੈ।

ਬੰਦ ਕਰਕੇ ਭਾਵਾਂ ਦੀ ਪੋਟਲੀ ‘ਚ

ਛੱਡ ਕਿਸੇ ਨੂੰ ਤੁਰ ਜਾਣਾ।

ਦੱਸਣਾ ਹੋਰ ਮੈਨੂੰ ਇਸ ਤੋਂ ਵੱਧ

ਕਿਹੜੀ ਹੁੰਦੀ ਜਫ਼ਾ ਹੈ?

ਬੜੀ ਦਿੱਕਤ ਹੋ ਜਾਂਦੀ

ਜੇ ਵਕਤ ਨਾ ਵਿਚਾਰਿਆ ਜਾਏ

ਨਕਸ਼ਦੀਪ ਆਵੋ ਹੋਸ਼ ਵਿੱਚ

ਵਿਗੜ ਚੁੱਕੀ ਤੁਹਾਡੀ ਹਵਾ ਹੈ|
**

ਚੁਰਸਤਾ

ਚੁਰਸਤੇ ‘ਤੇ ਖੜ੍ਹੇ ਹੋ

ਇੱਕ ਰਾਹ ਚੁਣਨਾ ਹੀ ਪਵੇਗਾ

ਚੁਰਸਤਾ ਤਾਂ ਮੰਜ਼ਿਲ ਨਹੀਂ !

ਅੱਖਾਂ ਪਾ ਕੇ

ਨਜ਼ਰ ਖੋ ਬੈਠਣ ਦਾ ਸਰਾਪ

ਉਤਾਰਨਾ ਹੀ ਪਵੇਗਾ ਕੋਈ ਰਾਹ ਚੁਣਨ ਲਈ|

ਪੱਛਮ ਵੱਲ ਨੀਂਦ ਦੇ ਦਰਿਆ ਵਗਣ

ਦੱਖਣ ਵਿੱਚ ਜੰਗਲ ਦੀ ਅੱਗ

ਜ਼ਰਾ ਪੂਰਬ ਤੇ ਉੱਤਰ ਵੱਲ ਤੱਕਣਾ

ਰਸਤਾ ਚੁਣਨ ਤੋਂ ਪਹਿਲਾਂ

ਤੇ ਸ਼ਾਮ ਵਿੱਚੋਂ ਸਵੇਰ ਵੇਖ ਕੇ!

ਯਾਦ ਰੱਖਣਾ ਉਤਰਾਅ ਚੜ੍ਹਾਅ

ਮੀਲ ਪੱਥਰ ਹੁੰਦੇ ਨੇ ਰਸਤਿਆਂ ਉੱਤੇ ਲੱਗੇ!

ਬਸ ਆਪਣੀ ਨਜ਼ਰ ਨਹੀਂ ਖੋਣੀ!

ਚੁਰਸਤੇ ‘ਤੇ ਖੜ੍ਹੇ ਹੋ

ਇੱਕ ਰਾਹ ਚੁਣਨਾ ਹੀ ਪਵੇਗਾ

ਚੁਰਸਤਾ ਤਾਂ ਮੰਜ਼ਿਲ ਨਹੀਂ!


ਸੱਤ ਪਾਲ ਗੋਇਲ

ਮੇਰੇ ਪੁਰਖਾਂ ਦੇ ਨਾਂ

ਹੇ ਮੇਰੇ ਪੁਰਖੋ

ਹੇ ਅੰਨਦਾਤਿਓ

ਤੁਹਾਨੂੰ ਲੱਖ ਲੱਖ ਸਲਾਮ

ਤੁਹਾਡਾ ਇੱਕੋ ਇੱਕ ਮਕਸਦ ਸੀ

ਭੂਮੀ ਜੋਤਨਾ ਤੇ ਅੰਨ ਪੈਦਾ ਕਰਨਾ

ਤੁਹਾਡੀ ਇਸ ਸੇਵਾ ਨੂੰ ਸਲਾਮ

ਤੁਹਾਡੇ ਹਲ ਤੇ ਪੰਜਾਲੀ ਨੂੰ ਸਲਾਮ

ਤੁਹਾਡੇ ਖੁਰਪੇ ਤੇ ਦਾਤੀ ਨੂੰ ਸਲਾਮ

ਤੁਹਾਡੇ ਸੁਹਾਗੇ ਤੇ ਜਿੰਦਰੇ ਨੂੰ ਸਲਾਮ

ਤੁਹਾਡੀ ਕਹੀ ਤੇ ਤੰਗਲੀ ਨੂੰ ਸਲਾਮ

ਹੇ ਮੇਰੇ ਪੁਰਖੋ

ਤੁਹਾਡੇ ਸਬਰ ਤੇ ਸੰਤੋਖ ਨੂੰ ਸਲਾਮ

ਤੁਹਾਡੇ ਖੱਦਰ ਦੇ ਕੁੜਤੇ ਤੇ ਬੋਸ਼ਕੀ ਦੇ ਪਜਾਮੇ ਨੂੰ ਸਲਾਮ

ਸੰਦੂਕਾਂ ‘ਚ ਸੰਭਾਲੀਆਂ ਸੱਗੀਆਂ ਤੇ ਪਿੱਪਲਪੱਤੀਆਂ

ਕੰਠੇ ਤੇ ਤੜਾਗੀਆਂ ਨੂੰ ਸਲਾਮ

ਲੂਈਆਂ ਮੁੱਛਾਂ ਨੂੰ ਸਹਿਲਾਉਂਦੇ ਗੱਭਰੂਆਂ

ਲੂਆਂ ਨਾਲ ਲੂਸੇ ਚਿਹਰਿਆਂ ਨੂੰ ਤੇ

ਸਰ੍ਹੋਂ ਦੇ ਫੁੱਲਾਂ ਵਾਂਗ ਹੱਸਦੀਆਂ ਮੁਟਿਆਰਾਂ ਨੂੰ ਸਲਾਮ

ਸੁਨਹਿਰੀ ਧੁੱਪਾਂ ਨਾਲ ਜਵਾਨ ਹੋਈਆਂ ਕਣਕਾਂ

ਤੇ ਟਿੰਡਿਆਂ ‘ਚ ਹੱਸਦੀਆਂ ਕਪਾਹਾਂ ਨੂੰ ਸਲਾਮ

ਬਲਦਾਂ ਗਲੀਂ ਵੱਜਦੀਆਂ ਟੱਲੀਆਂ ਤੇ

ਹੌਲੀ ਹੌਲੀ ਚੱਲਦੇ ਗੱਡਿਆਂ ਨੂੰ ਸਲਾਮ

ਕਾੜ੍ਹਣੀਆਂ ‘ਚ ਕੜ੍ਹਦੇ ਦੁੱਧਾਂ

ਦੇਗਚੀਆਂ ‘ਚ ਪੱਕਦੀਆਂ ਭਾਜੀਆਂ ਤੇ

ਦੁੱਧ ਰਿੜਕਦੀਆਂ ਮਧਾਣੀਆਂ ਨੂੰ ਸਲਾਮ

ਹੇ ਮੇਰੇ ਪੁਰਖੋ

ਮੈਂ ਧੰਨਵਾਦੀ ਹਾਂ

ਤੁਹਾਡੀ ਸੁਥਰੀ ਸੋਚ ਤੇ ਮਾਨਵੀ ਉੱਚਤਾ ਦਾ

ਧਰਤੀ ਤੇ ਅੰਬਰਾਂ ਦੀ ਸਮੋਈ ਅਨੰਤ ਤੇ ਅਥਾਹ ਸ਼ਕਤੀ ਦਾ

ਮੈਂ ਧੰਨਵਾਦੀ ਹਾਂ

ਜ਼ਿੰਦਗੀ ਦੀ ਜਸ਼ਨਮਈ ਸ਼ੋਭਯਾਤਰਾ ਦਾ

ਸਰਬੱਤ ਦੇ ਭਲੇ ਲਈ ਕੀਤੀਆਂ ਅਰਦਾਸਾਂ ਦਾ

ਹੇ ਮੇਰੇ ਪੁਰਖੋ

ਮੈਂ ਧੰਨਵਾਦੀ ਹਾਂ

ਮੈਂ ਧੰਨਵਾਦੀ ਹਾਂ

ਹੇ ਮੇਰੇ ਪੁਰਖੋ

ਹੇ ਅੰਨਦਾਤਿਓ

ਤੁਹਾਨੂੰ ਲੱਖ ਲੱਖ ਸਲਾਮ

ਤੁਹਾਨੂੰ ਲੱਖ ਲੱਖ ਸਲਾਮ
**

ਮੇਰੀ ਕਵਿਤਾ

ਗਿੱਲੀ-ਸੁੱਕੀ ਮਿੱਟੀ ਵਿੱਚੋਂ

ਜਾਂ ਫਿਰ ਦਿਲ ਦੀਆਂ ਪਰਤਾਂ ਵਿੱਚੋਂ

ਸਿਰ ਕੱਢ ਪੈਦਾ ਹੁੰਦੀ ਕਵਿਤਾ

ਉਮੀਦਾਂ ਦੇ ਦੋ ਹੁਲਾਰੇ ਲੈ ਕੇ

ਖੁੱਲ੍ਹੇ ਅੰਬਰੀਂ ਉੱਡਦੀ ਕਵਿਤਾ

ਗ਼ਮੀ-ਖ਼ੁਸ਼ੀ ਦੀਆਂ ਤੀਲੀਆਂ ਲੈ ਕੇ

ਨਿੱਕੇ ਨਿੱਕੇ ਆਲ੍ਹਣੇ ਬਣਾਉਂਦੀ ਕਵਿਤਾ

ਬਾਹਰ ਦਇਆ, ਅੰਦਰ ਸੰਤੋਖ ਦੇ

ਦੋ ਖੰਭ ਲਗਾ ਕੇ

ਹਵਾ ਸੰਗ ਜਾ ਉੱਡਦੀ ਕਵਿਤਾ

ਅੱਖਰ ਮਿਲ ਕੇ ਸ਼ਬਦ ਬਣਦੇ

ਸ਼ਬਦ ਸਮੇਂ ਦੀ ਰਫ਼ਤਾਰ ਨੂੰ ਫੜਦੇ

ਚੱਲਦੇ ਜਾਂਦੇ ਚੱਲਦੇ ਜਾਂਦੇ

ਅਨੰਤ ਦੀ ਇਹ ਮਹਿਮਾ ਗਾਉਂਦੇ

ਅੱਖ ਝਪਕਦਿਆਂ

ਕੰਧਾਂ, ਕੋਠੇ, ਹੱਦਾਂ, ਸਰਹੱਦਾਂ ਟੱਪ ਜਾਂਦੀ ਕਵਿਤਾ

ਸੁਹਜ, ਸ਼ਾਨ, ਮਾਨ ਨੂੰ ਪਾ ਜੱਫ਼ੀ

ਮਿਲਦੀ ਕਵਿਤਾ

ਦਿਲ ਦੀ ਗਹਿਰੀ ਆਹਟ ਸੁਣ

ਆਸਾਂ ਦੀ ਇਹ ਪੀਂਘ ਝੂਲਦੀ

ਰੀਝਾਂ ਦੇ ਇਹ ਸੁਪਨੇ ਬੁਣਦੀ

ਚੇਤਨਾ ਦੇ ਖੰਭ ਲਗਾ ਕੇ

ਬੱਦਲਾਂ ‘ਤੇ ਜਾ ਚੜ੍ਹਦੀ ਕਵਿਤਾ

ਬਿਜਲੀ ਦਾ ਲਿਸ਼ਕਾਰਾ ਫੜ ਕੇ

ਧਰਤੀ ਵੱਲ ਆ ਮੁੜਦੀ ਕਵਿਤਾ

ਮੀਹਾਂ ਦੀ ਮਿੱਟੀ ‘ਚ ਘੁਲ ਕੇ

ਮਿੱਟੀ ਦੀ ਖ਼ੁਸ਼ਬੂ ਬਣ ਜਾਂਦੀ ਕਵਿਤਾ

ਨਵ-ਜੰਮੀ ਇਹ ਸੱਜਰੀ ਕਵਿਤਾ

ਸਿਤਾਰੇ-ਜੜੀ ਫੁਲਕਾਰੀ ਲੈ ਕੇ

ਟਾਕੀਆਂ ਵਾਲੀ ਘੱਗਰੀ ਪਾ ਕੇ

ਪੈਦਲ ਚੱਲਦੀ

ਦਰ ਦਰ ਜਾਂਦੀ

ਹੋਕਾ ਦੇਂਦੀ ਫਿਰਦੀ ਕਵਿਤਾ

ਹਾਸੇ ਲੈ ਲਉ

ਅਸੀਸਾਂ ਲੈ ਲਉ

ਖੁਸ਼ੀਆਂ ਲੈ ਲਉ

ਅਚੰਭੇ ਲੈ ਲਉ

ਇਹ ਸਭ ਕਹਿੰਦੀ

ਗਲਾ ਫਾੜ ਕੇ ਗਾਉਂਦੀ ਰਹਿੰਦੀ

ਧਰਤੀ ਹੈ ਸਭ ਦੀ ਸਾਂਝੀ

ਧਰਤੀ ਹੈ ਸਵਰਗ ਸਭ ਲਈ

ਜ਼ਿੰਦਗੀ ਦਾ ਇਹ ਜਸ਼ਨ ਮਨਾਉਂਦੀ

ਗਾਉਂਦੀ, ਨੱਚਦੀ

ਨਾ ਥੱਕਦੀ ਕਵਿਤਾ

ਗਿੱਲੀ-ਸੁੱਕੀ ਮਿੱਟੀ ਵਿੱਚੋਂ

ਜਾਂ ਫਿਰ ਦਿਲ ਦੀਆਂ ਪਰਤਾਂ ਵਿੱਚੋਂ

ਸਿਰ ਕੱਢ ਪੈਦਾ ਹੁੰਦੀ ਕਵਿਤਾ

ਉਮੀਦਾਂ ਦੇ ਦੋ ਹੁਲਾਰੇ ਲੈ ਕੇ

ਖੁੱਲ੍ਹੇ ਅੰਬਰੀਂ ਉੱਡਦੀ ਕਵਿਤਾ
ਸੰਪਰਕ: 734-635-4620


ਸੁਖਚੈਨ ਸਿੰਘ,ਠੱਠੀ ਭਾਈ

ਬੱਚੇ

ਹੱਸਦੇ ਖੇਡਦੇ ਬੱਚੇ ਪਿਆਰੇ

ਬਚਪਨ ਦੇ ਇਹ ਲੈਣ ਨਜ਼ਾਰੇ

ਨੱਚਣ, ਕੁੱਦਣ ਖੁਸ਼ੀ ਮਨਾਉਣ

ਸਭ ਦੇ ਦਿਲਾਂ ਨੂੰ ਭਾਉਣ।

ਸੁਬ੍ਹਾ ਬੱਸ ‘ਤੇ ਸਕੂਲੇ ਨੇ ਜਾਂਦੇ

ਖੱਟੀ ਮਿੱਠੀ ਚੀਜ਼ੀ ਨੇ ਖਾਂਦੇ

ਬੂਹੇ ਵਿੱਚ ਖੜ੍ਹ ਕੇ ਰੌਲੀ ਪਾਉਣ

ਸਭ ਦੇ ਦਿਲਾਂ ਨੂੰ ਇਹ ਭਾਉਣ।

ਸਕੂਲ ਵਿੱਚੋਂ ਜਦ ਹੋਵੇ ਛੁੱਟੀ

ਜਾਂਦੇ ਫਿਰ ਨੇ ਧੂੜਾਂ ਪੁੱਟੀ

ਬਾਹਾਂ ਦੇ ਵਿੱਚ ਬਸਤੇ ਪਾਉਣ

ਸਭ ਦੇ ਦਿਲਾਂ ਨੂੰ ਇਹ ਭਾਉਣ।

ਬੱਚੇ ਦਿਲ ਦੇ ਸਾਫ਼ ਨੇ ਹੁੰਦੇ

ਸਿਰਾਂ ਦੇ ਉੱਤੇ ਜੂੜੇ ਗੁੰਦੇ

ਬਾਲ ਸਭਾ ਵਿੱਚ ਗਾਣੇ ਗਾਉਣ

ਸਭ ਦੇ ਦਿਲਾਂ ਨੂੰ ਇਹ ਭਾਉਣ।

ਬੜੇ ਮਿਹਨਤੀ ਬੀਬੇ ਬੱਚੇ

ਮਨ ਦੇ ਨੇ ਇਹ ਸੱਚੇ ਬੱਚੇ

ਸੁਖਚੈਨ, ਰੋਂਦਿਆਂ ਤਾਈਂ ਹਸਾਉਣ

ਸਭ ਦੇ ਦਿਲਾਂ ਨੂੰ ਇਹ ਭਾਉਣ।
ਸੰਪਰਕ: 00971527632924


ਤਰਲੋਚਨ ਸਿੰਘ ਦੁਪਾਲਪੁਰ

ਮਿਸ਼ਨ ਚੌਵੀ ਦੀ ਚੋਣ ਵਾਲਾ !

ਲੁੱਟ ਪਹਿਲੋਂ ਹੀ ਪਈ ਹੈ ਪਾਣੀਆਂ ਦੀ

ਹੁਣ ਪੰਜਾਬ ਨਹੀਂ ਹੱਕਾਂ ਨੂੰ ਖੋਣ ਵਾਲਾ।

ਤਾਣਾ-ਬਾਣਾ ਹੈ ਸੌੜੀਆਂ ਸਿਆਸਤਾਂ ਦਾ

‘ਬੇਈਮਾਨੀ ਦੀ ਚੱਕੀ’ ਨੂੰ ਝੋਣ ਵਾਲਾ।

ਚਿੰਤਾ ਕਈਆਂ ਨੂੰ ਨਵੇਂ ਲੁਟੇਰਿਆਂ ਦੀ

ਕੋਈ ਆਖਦਾ ਕੁਝ ਨਹੀਂ ਹੋਣ ਵਾਲਾ।

ਮਦਰ ਦੇਸ ਨੂੰ ਬੰਜਰ ਨਹੀਂ ਹੋਣ ਦੇਣਾ

ਲੜੀਏ ਹੱਕ ਲਈ ਵਿਰਸਾ ਨਹੀਂ ਰੋਣ ਵਾਲਾ।

‘ਰਾਇਪੇਰੀਅਨ ਲਾਅ’ ਦੇ ਸਾਹਮਣੇ ਜੀ

ਦੱਸੋ ਕਿਹੜਾ ਕਾਨੂੰਨ ਖਲੋਣ ਵਾਲਾ।

ਐੱਸ.ਵਾਈ.ਐੱਲ. ਦੇ ਮੁੱਦੇ ਨੂੰ ਕਹਿਣ ਲੋਕੀਂ

ਇਹ ਤਾਂ ਮਿਸ਼ਨ ਹੈ ‘ਚੌਵੀ ਦੀ ਚੋਣ’ ਵਾਲਾ!
ਸੰਪਰਕ: 001-408-915-1268


ਗਗਨ ਬਰਾੜ

ਧਾਗੇ ਦੀ ਅਰਜ਼ੋਈ

ਸੌਖਾ ਨਹੀਂ ਹੁੰਦਾ ਲੰਘਣਾ

ਸੂਈ ਦੇ ਨੱਕੇ ਵਿੱਚੋਂ

ਨੱਕੇ ਨੂੰ ਕਬੂਲ ਨਹੀਂ

ਧਾਗੇ ਦੀ ਜ਼ਰਾ ਜਿੰਨੀ

ਲੂੰਈ ਵੀ ਏਧਰ ਓਧਰ

ਪਤਲਾ ਧਾਗਾ

ਐ…ਨਾ ਇੱਕਸਾਰ

ਕੋਈ ਕੋਈ ਵਿਚਾਰਾ ਮੇਰੇ ਵਰਗਾ

ਬਾਹਲਾ ਖਿਲਰਿਆ ਹੋਇਆ

ਖਾਸਾ ਵੱਟ ਚਾੜ੍ਹਨਾ ਪੈਂਦਾ

ਸਿਰਾ ਵੀ ਕੱਟਣਾ ਪੈ ਜਾਂਦਾ ਕਦੇ

ਧਾਗਾ ਅਰਦਾਸ ਕਰਦਾ ਦਰਜੀ ਅੱਗੇ

ਮੇਰੇ ਪਾਤਸ਼ਾਹ!

ਮੈਂ ਚਾਹ ਕੇ ਵੀ ਲੰਘ ਨਾ ਸਕਾਂ

ਚੰਗਾ ਭਲਾ ਮਹੀਨ ਤੁਰਿਆ ਆਉਂਦਾ

ਨੱਕੇ ਦੇ ਐਨ ਨੇੜੇ ਆ

ਮੈਂ ਫਿਰ ਖਿੱਲਰ ਜਾਨਾਂ

ਮੈਨੂੰ ਕੱਟ ਦੇ…

ਵੱਟ ਦੇ…

ਸਿਰਾ ਫੇਹ ਦੇ…

ਪਰ ਲੰਘਣ ਜੋਗਾ ਕਰ ਦੇ।

ਐਥੇ ਡੱਬੇ ‘ਚ ਬੰਦ

ਲਪੇਟਿਆ ਲਪਟਾਇਆ ਮੈਂ ਕਿਹੜੇ ਕੰਮ

ਜਿੱਥੇ ਮੇਰੀ ਅਸਲੀ ਥਾਂ

ਓਸ ਥਾਵੇਂ ਲੱਗਣ ਜੋਗਾ ਕਰ ਦੇ।

ਹੇ ਪਾਤਸ਼ਾਹ!

ਮੈਨੂੰ ਲੰਘਣ ਜੋਗਾ ਕਰ ਦੇ।News Source link
#ਪਰਵਸ #ਕਵ

- Advertisement -

More articles

- Advertisement -

Latest article