ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਕਤੂਬਰ
ਉਤਰਾਖੰਡ ’ਚ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਸਮਾਪਤ ਹੋ ਗਈ ਹੈ ਅਤੇ ਗੁਰਦੁਆਰੇ ਦੇ ਕਿਵਾੜ ਖ਼ਾਲਸਾਈ ਪਰੰਪਰਾ ਨਾਲ ਬੰਦ ਕਰ ਦਿੱਤੇ ਗਏ ਹਨ। ਅੱਜ ਲਗਾਤਾਰ ਹੋ ਰਹੀ ਬਰਫਬਾਰੀ ਦੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦਰਸ਼ਨ ਕਰਨ ਲਈ ਪੁੱਜੀ ਹੋਈ ਸੀ। ਬੀਤੇ ਕੱਲ ਵੀ ਇੱਥੇ ਬਰਫਬਾਰੀ ਹੋਈ ਸੀ। ਅੱਜ ਸਵੇਰੇ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਪਾਠ ਕੀਤਾ। ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਮਗਰੋਂ ਸਮਾਪਤੀ ਦੀ ਅਰਦਾਸ ਕੀਤੀ ਗਈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਖਾਸਣ ਵਾਲੇ ਅਸਥਾਨ ਲਿਜਾਇਆ ਗਿਆ ਅਤੇ ਅਗਲੀ ਯਾਤਰਾ ਦੀ ਸ਼ੁਰੂਆਤ ਤੱਕ ਸੁਸ਼ੋਭਿਤ ਕਰ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਜਨਕ ਸਿੰਘ, ਹੋਰ ਪਤਵੰਤੇ ਤੇ ਸੰਗਤ ਹਾਜ਼ਰ ਸੀ। ਇਸ ਮੌਕੇ ਭਾਰਤੀ ਫ਼ੌਜ ਦੀ 418 ਲਾਈਟ ਇੰਜਨੀਅਰ ਰੈਜਮੈਂਟ ਤੇ ਅਧਿਕਾਰੀ ਤੇ ਫ਼ੌਜੀ ਵੀ ਸ਼ਾਮਲ ਸਨ। ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲਾਨਾ ਯਾਤਰਾ ਦੌਰਾਨ ਇਸ ਵਰ੍ਹੇ ਲਗਪਗ ਦੋ ਲੱਖ 47 ਹਜ਼ਾਰ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ।