ਹਰਜੀਤ ਸਿੰਘ ਪਰਮਾਰ
ਬਟਾਲਾ, 8 ਅਕਤੂਬਰ
ਪੁਲੀਸ ਜ਼ਿਲ੍ਹਾ ਬਟਾਲਾ ਦੇ ਥਾਣਾ ਰੰਗੜ ਨੰਗਲ ਦੀ ਪੁਲੀਸ ’ਤੇ ਗੋਲੀ ਚਲਾ ਕੇ ਭੱਜਿਆ ਗੈਂਗਸਟਰ ਬਟਾਲਾ ਪੁਲੀਸ ਨੇ ਘੇਰਾ ਪਾ ਕੇ ਕਰੀਬ 5 ਘੰਟੇ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਪਿੰਡ ਕੋਟਲਾ ਬੱਝਾ ਸਿੰਘ ਦੇ ਗੰਨੇ ਦੇ ਖੇਤਾਂ ਵਿੱਚੋਂ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕਰਨ ਉਪਰੰਤ ਪੁਲੀਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਜਿੱਥੇ ਪੁਲੀਸ ਦੇ ਪਹਿਰੇ ਹੇਠ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।
ਪੁਲੀਸ ਅਧਿਕਾਰੀਆਂ ਅਨੁਸਾਰ ਉਸ ਦੇ ਗੋਲੀ ਲੱਤ ਅਤੇ ਪਿੱਠ ਵਿੱਚ ਲੱਗੀ ਹੈ। ਪੁਲੀਸ ਨੇ ਉਸ ਕੋਲੋਂ ਦੋ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਝੜਪ ਦੌਰਾਨ ਗੈਂਗਸਟਰ ਵੱਲੋਂ 30-35 ਫਾਇਰ ਕੀਤੇ ਗਏ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਵੀ 35-40 ਗੋਲੀਆਂ ਚਲਾਈਆਂ। ਤਲਾਸ਼ੀ ਮੁਹਿੰਮ ਦੀ ਕਮਾਂਡ ਕਰ ਰਹੇ ਐੱਸਐੱਸਪੀ ਬਟਾਲਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਗੈਂਗਸਟਰ ਰਣਜੋਧ ਸਿੰਘ ਕੁੱਝ ਦਿਨਾਂ ਤੋਂ ਇਸ ਖੇਤਰ ਵਿੱਚ ਸਰਗਰਮ ਹੈ। ਉਹ ਪੁਲੀਸ ’ਤੇ ਗੋਲੀਆਂ ਚਲਾ ਕੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਕੋਟਲਾ ਬੱਝਾ ਸਿੰਘ ਵਿੱਚ ਗੰਨੇ ਦੇ ਖੇਤਾਂ ਵਿੱਚ ਲੁੱਕ ਗਿਆ। ਗੈਂਗਸਟਰ ਵੱਲੋਂ ਪੁਲੀਸ ’ਤੇ ਕਰੀਬ 30-35 ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਜਵਾਬ ਵਿੱਚ ਪੁਲੀਸ ਦੇ ਜਵਾਨਾਂ ਨੇ ਵੀ 35-40 ਗੋਲੀਆਂ ਚਲਾਈਆਂ। ਉਨ੍ਹਾਂ ਘਟਨਾ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਐੱਸਐੱਸਪੀ ਇਸ ਦੌਰਾਨ ਘਰ ਦੀ ਛੱਤ ਤੇ ਚੜ੍ਹ ਕੇ ਸਪੀਕਰ ਨਾਲ ਵਾਰ-ਵਾਰ ਗੈਂਗਸਟਰ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ। ਇਸ ਮੁਹਿੰਮ ਦੌਰਾਨ ਡਰੋਨ ਅਤੇ ਬਖਤਰਬੰਦ ਟਰੈਕਟਰ ਦੀ ਵੀ ਵਰਤੋਂ ਕੀਤੀ ਅਤੇ ਕਰੀਬ 5 ਘੰਟੇ ਦੀ ਜੱਦੋਜਹਿਦ ਉਪਰੰਤ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੈਂਗਸਟਰ ਆਪਣੀ ਪਤਨੀ ਅਤੇ ਆਪਣੇ ਬੱਚੇ ਨਾਲ ਕਿਧਰੇ ਜਾ ਰਿਹਾ ਸੀ ਅਤੇ ਪੁਲੀਸ ਨੂੰ ਵੇਖ ਕੇ ਉਹ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਕੇ ਪੁਲੀਸ ’ਤੇ ਗੋਲੀ ਚਲਾ ਕੇ ਦੌੜ ਪਿਆ ਅਤੇ ਪਿੰਡ ਕੋਟਲਾ ਬੱਝਾ ਸਿੰਘ ਦੇ ਗੰਨੇ ਦੇ ਖੇਤਾਂ ਵਿੱਚ ਜਾ ਲੁਕਿਆ, ਜਿੱਥੋਂ ਪੁਲੀਸ ਨੇ ਉਸ ਨੂੰ ਕਾਫੀ ਮੁਸ਼ੱਕਤ ਬਾਅਦ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ ਪੁਲੀਸ ਨੇ ਗੈਂਗਸਟਰ ਦੀ ਪਤਨੀ ਨੂੰ ਉਸ ਦੇ ਬੱਚੇ ਸਣੇ ਕਥਿਤ ਹਿਰਾਸਤ ਵਿੱਚ ਲੈ ਲਿਆ ਸੀ ਪਰ ਕੋਈ ਵੀ ਪੁਲੀਸ ਅਧਿਕਾਰੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ।