ਕਰਮਜੀਤ ਸਿੰਘ ਚਿੱਲਾ
ਬਨੂੜ, 6 ਅਕਤੂਬਰ
ਇੱਥੋਂ ਨੇੜਲੇ ਪਿੰਡ ਤੇਪਲਾ ਨੇੜੇ ਚਾਰ ਏਕੜ ਥਾਂ ਵਿੱਚ ਅਤਿ‘ਆਧੁਨਿਕ ਸੇਵਾਵਾਂ ਨਾਲ ਲੈਸ ਐੱਨਕੇ ਸਟੂਡੀਓਜ਼ ਦਾ ਉਦਘਾਟਨ ਅੱਜ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਵੱਲੋਂ ਕੀਤਾ ਗਿਆ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਦਾਕਾਰ ਸੁਨੀਲ ਸ਼ੈਟੀ ਨੇ ਕਿਹਾ ਕਿ ਇਹ ਸਟੂਡੀਓ ਫਿਲਮ, ਆਡੀਓ ਅਤੇ ਟੀਵੀ ਪ੍ਰੋਡਕਸ਼ਨ ਹਾਊਸਾਂ ਲਈ ਵਰਦਾਨ ਸਾਬਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਸਟੂਡੀਓ ਵਿੱਚ ਫ਼ਿਲਮ ਪ੍ਰੋਡਕਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਟੂਡੀਓ ਘੱਟ ਲਾਗਤ, ਪ੍ਰਦੂਸ਼ਣ ਤੇ ਟ੍ਰੈਫਿਕ ਮੁਕਤ ਵਾਤਾਵਰਨ ਆਦਿ ਵਰਗੇ ਅੰਦਰੂਨੀ ਫਾਇਦਿਆਂ ਕਾਰਨ ਮੁੰਬਈ ਤੇ ਦੱਖਣੀ ਭਾਰਤੀ ਫ਼ਿਲਮ ਉਦਯੋਗਾਂ ਦੇ ਫ਼ਿਲਮ ਨਿਰਮਾਤਾਵਾਂ ਨੂੰ ਵੀ ਆਕਰਸ਼ਿਤ ਕਰੇਗਾ। ਸਟੂਡੀਓ ਦੀ ਐੱਮਡੀ ਨੈਨਾ ਕੁਕਰੇਜਾ ਤੇ ਕਾਰਜਕਾਰੀ ਨਿਰਦੇਸ਼ਕ ਸਿਮਰਨ ਕੁਕਰੇਜਾ ਨੇ ਦੱਸਿਆ ਕਿ ਸਟੂਡੀਓ ਵਿੱਚ ਗਿਆਰਾਂ ਮੇਕਅੱਪ ਰੂਮ, ਪੀਸੀਆਰ ਰੂਮ, ਅਲਮਾਰੀ ਰੂਮ, ਪ੍ਰੋਡਕਸ਼ਨ ਟੀਮ ਰੂਮ, ਡਾਇਰੈਕਟਰ ਰੂਮ ਅਤੇ ਕੈਟ ਵਾਕ ਦੇ ਨਾਲ 120+70 ਫੁੱਟ ਆਕਾਰ ਦਾ ਪੂਰੀ ਤਰ੍ਹਾਂ ਏਅਰ-ਕੰਡੀਸਨਡ ਸ਼ੂਟਿੰਗ ਫਲੋਰ ਹੈ। ਉਨ੍ਹਾਂ ਕਿਹਾ ਕਿ ਇੱਥੇ ਪੁਲੀਸ ਸਟੇਸ਼ਨ, ਹਸਪਤਾਲ, ਸਕੂਲ, ਦਫ਼ਤਰ ਅਤੇ ਕਾਰਪੋਰੇਟ ਦਫ਼ਤਰ ਵਰਗੇ 29 ਤੋਂ ਵੱਧ ਲੋਕੇਸ਼ਨਾਂ ਹਨ। ਗਲੀ ਬਾਜ਼ਾਰ, ਕੈਫ਼ੇ, ਕੰਟੀਨ, ਰੈਸਟੋਰੈਂਟ ਤੋਂ ਇਲਾਵਾ ਵਿਕਟੋਰੀਆ ਦੌਰ ਦੀਆਂ ਲੋਕੇਸ਼ਨਾਂ ਵੀ ਉਪਲੱਭਧ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਬਾਰ, ਸਵਿਮਿੰਗ ਪੂਲ, ਬੰਗਲਾ, ਲਾਅਨ, ਪਾਣੀ ਦੇ ਫੁਹਾਰੇ ਅਤੇ ਸ਼ੂਟਿੰਗ ਦੀਆਂ ਲੋੜਾਂ ਲਈ ਸਾਰਾ ਕੁਝ ਮੌਜੂਦ ਹੈ। ਡਿਜ਼ਾਇਨਰ ਰਾਜੇਸ਼ ਲਾਟਕਰ ਨੇ ਆਖਿਆ ਕਿ ਵਧੀਆ ਬਜਟ ਵਾਲੀ ਫ਼ਿਲਮ ਬਣਾਉਣ ਲਈ ਜਿੰਨੀ ਲੋੜ ਹੈ ਇਹ ਉਸ ਤੋਂ ਵੱਧ ਜਗ੍ਹਾ ਅਤੇ ਲੋਕੇਸ਼ਨ ਪ੍ਰਦਾਨ ਕਰਦਾ ਹੈ। ਇੱਥੇ ਕਰਮਚਾਰੀਆਂ ਲਈ ਹੋਸਟਲ ਵੀ ਮੌਜੂਦ ਹੈ। ਉਦਘਾਟਨੀ ਸ਼ਾਮ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਇਆ ਜਿਸ ਵਿੱਚ ਗਾਇਕ ਸਲਮਾਨ ਅਲੀ, ਮੁਸਕਾਨ ਖਾਨ, ਅੰਕੁਸ਼ ਭਾਰਦਵਾਜ, ਸਬਾਬ ਸਾਬਰੀ ਅਤੇ ਜਸਲੀਨ ਔਲਖ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਗੀਤ ਨਿਰਦੇਸ਼ਕ ਸਾਜਿਦ ਖਾਨ ਵੀ ਮੌਜੂਦ ਸਨ।