ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 5 ਅਕਤੂਬਰ
ਇੱਥੇ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦਸਹਿਰਾ ਰਾਮਾ ਡਰਾਮਾਟਿਕ ਕਮੇਟੀ ਵੱਲੋਂ ਗੰਗੂਵਾਲ ਕਲੋਨੀ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਮਾਗਮ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਦਸਹਿਰਾ ਆਪਸੀ ਮਿਲਵਰਤਣ ਦਾ ਪ੍ਰਤੀਕ ਹੈ, ਜਿਸ ਨੂੰ ਮਨਾ ਕੇ ਅਗਲੀ ਪੀੜ੍ਹੀ ਨੂੰ ਸਹੀ ਰਾਹ ’ਤੇ ਚੱਲਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸ ਮਗਰੋਂ ਉਨ੍ਹਾਂ ਵੱਲੋਂ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ।
ਜ਼ੀਰਕਪੁਰ/ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਬੱਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ ਵੱਖ ਥਾਵਾਂ ’ਤੇ ਦਸਹਿਰੇ ਨਾਲ ਸਬੰਧਤ ਲੱਗੇ ਮੇਲਿਆਂ ਵਿੱਚ ਵੱਖਰੇ ਵੱਖਰੇ ਤੌਰ ’ਤੇ ਪੰਜਾਬੀ ਗਾਇਕ ਹੈਪੀ ਰਾਏਕੋਟੀ, ਸਾਰਥੀ ਕੇ ਅਤੇ ਹਿੰਮਤ ਸੰਧੂ ਨੇ ਆਪਣੇ ਮਸ਼ਹੂਰ ਗੀਤਾਂ ਨਾਲ ਸਮਾਂ ਬੰਨ੍ਹਦੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜ਼ੀਰਕਪੁਰ ਵਿੱਚ ਪੰਜ ਥਾਈਂ ਅਤੇ ਡੇਰਾਬੱਸੀ ਵਿੱਚ ਤਿੰਨ ਥਾਈਂ ਦਸਹਿਰਾ ਮੇਲੇ ਲਾਏ ਗਏ ਜਿਥੇ ਵੱਡੀ ਗਿਣਤੀ ਲੋਕਾਂ ਦਾ ਇਕੱਠ ਹੋਇਆ। ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਮਿੰਟਾ ਦੀ ਅਗਵਾਈ ਹੇਠ ਕਰਵਾਏ ਮੇਲੇ ਵਿੱਚ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਲੋਕਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਪਿੰਡ ਤ੍ਰਿਵੇਦੀ ਕੈਂਪ ਵਿੱਚ ਦਿਨ ਢਲਦੇ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਅੱਗ ਲਾ ਕੇ ਸਾੜਿਆ ਗਿਆ।
ਅਮਲੋਹ (ਪੱਤਰ ਪ੍ਰੇਰਕ): ਦਸਹਿਰਾ ਕਮੇਟੀ ਅਤੇ ਸ੍ਰੀ ਰਾਮ ਕਲਾ ਮੰਚ ਅਮਲੋਹ ਵੱਲੋਂ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਦੀ ਰਸਮ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਭਾਜਪਾ ਆਗੂ ਇੰਜਨੀਅਰ ਕੰਵਰਵੀਰ ਸਿੰਘ ਟੌਹੜਾ ਨੇ ਅਦਾ ਕੀਤੀ, ਜਦੋਂਕਿ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਮੋਰਿੰਡਾ (ਪੱਤਰ ਪ੍ਰੇਰਕ): ਸ੍ਰੀ ਰਾਮਲੀਲਾ ਕਮੇਟੀ ਮੋਰਿੰਡਾ ਵੱਲੋਂ ਇੱਥੇ ਦਸਹਿਰਾ ਮਨਾਇਆ ਗਿਆ ਤੇ ਕਮੇਟੀ ਪ੍ਰਧਾਨ ਵਿਜੇ ਕੁਮਾਰ ਟਿੰਕੂ ਵੱਲੋਂ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ। ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸ਼ੰਕਰ ਡਰਾਮਾਟਿਕ ਕਲੱਬ, ਰਾਮਲੀਲਾ ਕਮੇਟੀ ਅਤੇ ਦਸਹਿਰਾ ਕਮੇਟੀ ਖਮਾਣੋਂ ਵੱਲੋਂ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ਪ੍ਰਧਾਨ ਰਮੇਸ਼ ਕੁਮਾਰ ਗਾਬਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਲੋਕਾਂ ਦੀ ਹਾਜ਼ਰੀ ਵਿੱਚ ਸ਼ਾਮ ਸਹੀ 6.40 ਵਜੇ ਨਿਭਾਈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪਿੰਡ ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਵਿੱਚ ਰਾਮਲੀਲਾ ਕਮੇਟੀਆਂ ਵੱਲੋਂ ਦਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਮ ਵੇਲੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀਭੇਟ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਨੋਹਰ ਸਿੰਘ ਐਂਡ ਕੰਪਨੀ ਤੋਂ ਬੰਨੀ ਸਮੇਤ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸ਼ਮੂਲੀਅਤ ਕੀਤੀ।
ਬਨੂੜ (ਪੱਤਰ ਪ੍ਰੇਰਕ): ਬਨੂੜ ਵਿੱਚ ਅੱਜ ਦਸਹਿਰਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਲੰਮੇਂ ਸਮੇਂ ਮਗਰੋਂ ਐਤਕੀਂ ਸ਼ਹਿਰ ਵਿੱਚ ਰਾਮ ਕ੍ਰਿਸ਼ਨ ਸੇਵਾ ਦਲ ਦੀ ਅਗਵਾਈ ਹੇਠ ਇੱਕੋ ਰਾਮਲੀਲਾ ਭਰੀ। ਰਾਮਲੀਲਾ ਦੀ ਸਮਾਪਤੀ ਉਪਰੰਤ ਅੱਜ ਦਸਹਿਰਾ ਦੇ ਵਿਸ਼ਾਲ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਮੌਕੇ ਰਾਵਣ ਦਾ ਵੱਡ ਆਕਾਰੀ ਬੁੱਤ ਵੀ ਸਾੜਿਆ ਗਿਆ। ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ। ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਸ਼ਾਮ ਸਮੇਂ ਹੋਏ ਸਮਾਰੋਹ ਵਿੱਚ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਰਾਵਣ ਨੂੰ ਦਹਿਸ਼ਤਗਰਦ ਲਿਖਣ ’ਤੇ ਵਿਵਾਦ ਭਖਿਆ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਦਸਹਿਰੇ ਮੌਕੇ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਚੌਕ ਵਿੱਚ ਲੱਗੇ ਫਲੈਕਸ ਉੱਤੇ ‘ਆਤੰਕੀ ਰਾਵਣ’ ਲਿਖਣ ਤੋਂ ਵਿਵਾਦ ਛਿੜ ਗਿਆ। ਬ੍ਰਾਹਮਣ ਭਾਈਚਾਰੇ ਨੇ ਗੁੱਸੇ ਵਿਚ ਆ ਕੇ ਨਾਅਰੇਬਾਜ਼ੀ ਕਰਦਿਆਂ ਫਲੈਕਸ ਪਾੜ ਦਿੱਤਾ ਅਤੇ ਥਾਣਾ ਅੰਬਾਲਾ ਸਿਟੀ ਵਿਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਚੌਕ ’ਤੇ ਵਪਾਰੀ ਗਗਨ ਭਵਾਨੀ ਵੱਲੋਂ ਦਸਹਿਰੇ ਮੌਕੇ ਲਾਏ ਗਏ ਫਲੈਕਸ ਵਿਚ ਰਾਵਣ ਨੂੰ ਦਹਿਸ਼ਤਗਰਦ ਲਿਖਿਆ ਗਿਆ ਸੀ। ਇਸ ਤੋਂ ਬ੍ਰਾਹਮਣ ਭਾਈਚਾਰਾ ਭੜਕ ਗਿਆ। ਬ੍ਰਾਹਮਣ ਆਗੂ ਅਸ਼ੋਕ ਨੇ ਕਿਹਾ ਕਿ ਜੇਕਰ ਗਗਨ ਭਵਾਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਬ੍ਰਾਹਮਣ ਸਮਾਜ ਵੱਡਾ ਅੰਦੋਲਨ ਵਿੱਢੇਗਾ। ਥਾਣਾ ਇੰਚਾਰਜ ਰਾਮ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਫਲੈਕਸ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।