ਡਾ. ਹਿਮਾਂਸ਼ੂ ਸੂਦ/ਰਾਮ ਸ਼ਰਨ ਸੂਦ
ਫ਼ਤਹਿਗੜ੍ਹ ਸਾਹਿਬ/ਅਮਲੋਹ, 4 ਅਕਤੂਬਰ
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹਿੰਦ ਅਤੇ ਅਮਲੋਹ ਦੀਆਂ ਮੰਡੀਆਂ ’ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਅੱਜ 13 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਦੋਂ ਕਿ ਕੁਦਰਤੀ ਆਫ਼ਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਮੰਡੀਆਂ ਵਿੱਚ ਝੋਨਾ ਸੁਕਾ ਕੇ ਲਿਆਉਣ ਦੀ ਅਪੀਲ ਕੀਤੀ। ਸਰਹਿੰਦ ਮੰਡੀ ਵਿੱਚ ਉਨ੍ਹਾਂ ਦੇ ਨਾਲ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਅਮਲੋਹ ਮੰਡੀ ਵਿਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।
ਅਮਲੋਹ ਹਲਕੇ ਦੇ ਵਿਧਾਇਕ ਗੈਰੀ ਬੜਿੰਗ ਨਾਲ ਤਕਰਾਰ ਕਾਰਨ ਪਨਗ੍ਰੇਨ ਦੇ ਇੰਸਪੈਕਟਰਾਂ ਵੱਲੋਂ ਖਰੀਦ ਬੰਦ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਝਗੜਾ ਹੈ ਜਿਸ ਦਾ ਬੈਠ ਕੇ ਹੱਲ ਹੋ ਜਾਵੇਗਾ। ਸੰਗਰੂਰ ਤੋਂ ਮੈਂਬਰ ਲੋਕ ਸਭਾ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੀਤੇ ਮਾਣਹਾਨੀ ਦੇ ਕੇਸ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਹੱਕ ਹੈ ਅਤੇ ਜਦੋਂ ਵੀ ਅਦਾਲਤ ਉਨ੍ਹਾਂ ਨੂੰ ਬੁਲਾਏਗੀ ਤਾਂ ਉਹ ਮਾਲ ਵਿਭਾਗ ਦਾ ਲੋੜੀਂਦਾ ਰਿਕਾਰਡ ਅਦਾਲਤ ਅੱਗੇ ਰੱਖ ਦੇਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਿਨੇਸ਼ ਵਸ਼ਿਸ਼ਟ, ਐੱਸ.ਡੀ.ਐੱਮ ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਜ਼ਿਲ੍ਹਾ ਵਿਕਾਸ ‘ਤੇ ਪੰਚਾਇਤ ਅਫ਼ਸਰ ਹਿਤੇਨ ਕਪਿਲਾ, ਸੀਨੀਅਰ ਆਗੂ ਗੁਰਸਤਿੰਦਰ ਸਿੰਘ ਜੱਲਾ, ਅਮਰਿੰਦਰ ਸਿੰਘ ਮੰਡੋਫਲ, ਰਸ਼ਪਿੰਦਰ ਸਿੰਘ ਰਾਜਾ, ਗੁਰਵਿੰਦਰ ਸਿੰਘ ਢਿੱਲੋਂ, ਸਨੀ ਚੋਪੜਾ, ਜਗਜੀਤ ਸਿੰਘ ਰਿਊਣਾ, ਪਵੇਲ ਹਾਂਡਾ, ਸੰਦੀਪ ਕੁਮਾਰ, ਸਾਧੂ ਰਾਮ ਭੱਟਮਾਜਰਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਐਚ.ਐਸ ਬਰਾੜ, ਮੰਡੀ ਬੋਰਡ ਦੇ ਜ਼ਿਲ੍ਹਾ ਮੈਨੇਜਰ ਬੀ.ਐੱਸ ਕਾਲੇਕਾ, ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਕੇਵਲ ਕ੍ਰਿਸ਼ਨ, ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਐੱਸ.ਐੱਸ ਸਿੰਘ, ਐੱਸ.ਡੀ.ਐੱਮ. ਅਮਲੋਹ ਗੁਰਵਿੰਦਰ ਸਿੰਘ ਜੌਹਲ, ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ, ਇਸਤਰੀ ਵਿੰਗ ਦੀ ਸੁਖਵਿੰਦਰ ਕੌਰ ਅਤੇ ਗੁਰਮੀਤ ਸਿੰਘ ਛੰਨਾ ਆਦਿ ਹਾਜ਼ਰ ਸਨ।