19.8 C
Patiāla
Saturday, November 2, 2024

ਸਮਾਗਮ ਵਿੱਚ ਚੱਲਿਆ ਕਵਿਤਾਵਾਂ ਦਾ ਦੌਰ

Must read


ਵੁਲਵਰਹੈਂਪਟਨ: ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਨੇ ਪਿਛਲੇ ਦਿਨੀਂ ਇੱਕ ਸਾਹਿਤਕ ਸਮਾਗਮ ਕਰਵਾਇਆ। ਇਸ ਵਿੱਚ ਸਭ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਅਤੇ ਦਰਸ਼ਨ ਸਿੰਘ ਧੀਰ, ਇੰਦਰਜੀਤ ਸਿੰਘ ਜੀਤ ਅਤੇ ਸੁਰਜੀਤ ਸਿੰਘ ਖਾਲਸਾ ਹੋਰਾਂ ਦੇ ਸਦੀਵੀ ਵਿਛੋੜੇ ਦੀ ਯਾਦ ਵਿੱਚ ਇੱਕ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।

ਸਮਾਗਮ ਦੇ ਪਹਿਲੇ ਭਾਗ ਦੀ ਸਟੇਜ ਸੇਵਾ ਨਿਰਮਲ ਸਿੰਘ ਕੰਧਾਲਵੀ ਨੇ ਬੜੇ ਵਧੀਆ ਤਰੀਕੇ ਨਾਲ ਨਿਭਾਈ। ਪ੍ਰਧਾਨਗੀ ਮੰਡਲ ਵਿੱਚ ਸੁਖਦੇਵ ਸਿੰਘ ਬਾਂਸਲ, ਕ੍ਰਿਪਾਲ ਸਿੰਘ ਪੂਨੀ, ਹਰਜੀਤ ਅਟਵਾਲ ਅਤੇ ਮੋਤਾ ਸਿੰਘ ਸਰਾਏ ਸ਼ਾਮਲ ਹੋਏ। ਇਸ ਮੌਕੇ ਪੰਜ ਪੁਸਤਕਾਂ ਨਾਲ ਸਰੋਤਿਆਂ ਦੀ ਜਾਣ ਪਹਿਚਾਣ ਕਰਾਈ ਗਈ।

ਦਰਸ਼ਨ ਸਿੰਘ ਧੀਰ ਦੇ ਆਖਰੀ ਨਾਵਲ ‘ਛੋਟੇ ਲੋਕ’ ਉੱਤੇ ਡਾ. ਗੁਰਪਾਲ ਸੰਧੂ ਵੱਲੋਂ ਲਿਖਿਆ ਲੇਖ ਉਂਕਾਰ ਸਿੰਘ ਨੇ ਪੜ੍ਹਿਆ। ਇਸ ਵਿੱਚ ਨਾਵਲ ਨੂੰ ਨਿੱਜੀ ਸੀਮਾਵਾਂ ਤੋਂ ਪਾਰ ਜਾਣ ਵਾਲਾ ਬਿਰਤਾਂਤ ਕਰਾਰ ਦਿੱਤਾ ਗਿਆ। ਇਹ ਨਾਵਲ ਸਿਰਫ਼ ਪੰਜਾਬੀ ਬੰਦੇ, ਵਸੇਬ ਅਤੇ ਸਮਾਜ ਤੱਕ ਹੀ ਨਹੀਂ ਫੈਲਿਆ ਹੋਇਆ ਸਗੋਂ ਸਮਕਾਲੀ ਸਮਾਜਿਕ ਬਣਤਰ ਦੇ ਸਮੁੱਚੇ ਤਾਣੇ-ਬਾਣੇ ਤੱਕ ਫੈਲਿਆ ਹੋਇਆ ਦੇਖਿਆ ਜਾ ਸਕਦਾ ਹੈ।

ਡਾ. ਦਵਿੰਦਰ ਕੌਰ ਦੀ ਕਾਵਿ-ਪੁਸਤਕ ‘ਕਿਤਾਬ ਬੋਲਦੀ ਹੈ’ ਬਾਰੇ ਸੋਨੀਆ ਪਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਪਾਠਕ ਅਤੇ ਕਿਤਾਬ ਵਿਚਕਾਰ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚਲੀਆਂ ਕਵਿਤਾਵਾਂ ਅਜੋਕੇ ਸਮਾਜ, ਸੱਭਿਆਚਾਰ ਅਤੇ ਰਾਜਨੀਤਿਕ ਤਾਣੇ-ਬਾਣੇ ਨਾਲ ਦਵੰਦਾਤਮਕ ਰਿਸ਼ਤਾ ਕਾਇਮ ਕਰਦੀ ਹੈ।

ਦਲਵੀਰ ਕੌਰ ਦੀ ਸੱਜਰੀ ਕਾਵਿ-ਪੁਸਤਕ ‘ਚਿਤਵਣੀ’ ਦੀ ਜਾਣ ਪਛਾਣ ਡਾ. ਦਵਿੰਦਰ ਕੌਰ ਨੇ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਇਹ ਪੁਸਤਕ ਸੋਚ ਤੋਂ ਚਿਤਵਣ ਦਾ ਸਫ਼ਰ ਹੈ ਅਤੇ ਇਸ ਦੀ ਖੂਬਸੂਰਤੀ ਇਸ ਦੀ ਕਾਵਿਕਤਾ ਵਿੱਚ ਹੈ। ਡਾ. ਗੁਰਪਾਲ ਸੰਧੂ ਹੋਰਾਂ ਵੱਲੋਂ ਸੰਪਾਦਿਤ ਕਿਤਾਬ ‘ਡਾ. ਮਹਿੰਦਰ ਗਿੱਲ ਦਾ ਕਾਵਿ-ਪ੍ਰਵਚਨ’ ਦੀ ਸੰਖੇਪ ਜਾਣਕਾਰੀ ਡਾ. ਦਵਿੰਦਰ ਕੌਰ ਨੇ ਸਰੋਤਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਮ ਪ੍ਰਵਚਨ ਵਿੱਚ ਰਿਸ਼ਤਾ ਵਕਤਾ ਅਤੇ ਸਰੋਤੇ ਦਾ ਹੁੰਦਾ ਹੈ, ਪਰ ਕਵਿਤਾ ਵਿੱਚ ਇਹ ਕਵੀ ਅਤੇ ਪਾਠਕ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਵਜ੍ਹਾ ਕਰਕੇ ਇਸ ਕਿਤਾਬ ਵਿੱਚ ‘ਕਾਵਿ-ਪ੍ਰਵਚਨ’ ਦਾ ਸੰਕਲਪ ਬਹੁਤ ਢੁਕਵਾਂ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਅਲੱਗ ਅਲੱਗ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਦੇ ਕੇ ਡਾ. ਗਿੱਲ ਦੀ ਕਵਿਤਾ ਨੂੰ ਵੱਖ ਵੱਖ ਨਜ਼ਰੀਏ ਤੋਂ ਪਛਾਣਿਆ ਹੈ, ਜਿਸ ਨਾਲ ਇੱਕ ਬਹੁਤਰਫੀ ਵਾਕਫੀਅਤ ਮੁਹੱਈਆ ਹੁੰਦੀ ਹੈ।

ਡਾ. ਦਵਿੰਦਰ ਕੌਰ ਦੀ ਨਵੀਂ ਪੁਸਤਕ ‘ਔਰਤਨਾਮਾ’ ਦਾ ਪਰਿਚੈ ਦਲਵੀਰ ਕੌਰ ਹੋਰਾਂ ਕਰਵਾਇਆ। ਇਹ ਕਿਤਾਬ ਔਰਤ ਦੇ ਸਮਾਜਿਕ ਰਿਸ਼ਤਿਆਂ ਸਬੰਧੀ ਲੇਖਾਂ ਦੀ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਫੋਕਸ ਏਸ਼ੀਅਨ ਔਰਤ ਨਾਲ ਜਾਣੇ/ਅਣਜਾਣੇ, ਗੌਲੇ/ਅਣਗੌਲੇ ਮਸਲਿਆਂ ਦੀ ਜਾਂਚ ਨਾਲ ਹੈ ਜਿਵੇਂ ਕਿ ਔਰਤ ਮਰਦ ਦਾ ਸਰੀਰਕ ਵਖਰੇਵਾਂ ਕਿਵੇਂ ਸਮੁੱਚੇ ਮਨੁੱਖੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਮਰਦ ਦੀਆਂ ਉਹ ਕਿਹੜੀਆਂ ਸਮੱਸਿਆਵਾਂ ਹਨ ਜੋ ਉਸ ਨੂੰ ਔਰਤ ਪ੍ਰਤੀ ਸੰਵੇਦਨਸ਼ੀਲ ਹੋਣ ਤੋਂ ਰੋਕਦੀਆਂ ਹਨ ਤੇ ਅਜਿਹੇ ਜਟਿਲ ਮੁੱਦਿਆਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਇਸ ਕਿਤਾਬ ਨੂੰ ਪੜ੍ਹਨ ਅਤੇ ਵਿਚਾਰਨ ਦੀ ਤਾਕੀਦ ਕੀਤੀ।

ਇਸ ਤੋਂ ਇਲਾਵਾ ਚਾਰ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ।

ਇਨ੍ਹਾਂ ਵਿੱਚ ‘ਕਿਸਾਨੀ ਸੰਘਰਸ਼-ਸਦੀ ਦਾ ਕਾਵਿ-ਸ਼ਬਦ’ ਸੰਪਾਦਨਾ ਦਲਵੀਰ ਕੌਰ, ‘ਕੈਂਸਰ ਅਤੇ ਉਸ ਦੀਆਂ ਕਿਸਮਾਂ’ ਸ਼ਗੁਫਤਾ ਗਿੰਮੀ ਲੋਧੀ, ‘ਪੰਜਾਬੀ ਕਲਾਸਿਕਸ’ ਸੋਨੀਆ ਪਾਲ ਅਤੇ ‘ਪੰਜਾਬੀ ਕੈਦਾ’ ਪੰਜਾਬੀ ਸਕੂਲ ਗੁਰਦੁਆਰਾ ਸੈਜਲੀ ਸਟਰੀਟ ਦੇ ਪ੍ਰਿੰਸੀਪਲ ਸ. ਨਿਰੰਜਨ ਸਿੰਘ ਢਿੱਲੋਂ ਸ਼ਾਮਲ ਸਨ।

ਸਭਾ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੀ ਹੈ ਕਿ ਇਸ ਭਾਗ ਵਿੱਚ ਕਾਕਾ ਸ਼ਰਨਜੀਤ, ਜਿਸ ਨੇ ਪੰਜਾਬੀ ਏ ਲੈਵਲ ਵਿੱਚ ਗਰੇਡ ਏ ਲਿਆ ਹੈ, ਸਾਰਿਆਂ ਦੇ ਰੂ-ਬਰੂ ਹੋਇਆ ਅਤੇ ਬਹੁਤ ਵਧੀਆ ਪੰਜਾਬੀ ਵਿੱਚ ਦੱਸਿਆ ਕਿ ਕਿਵੇਂ ਉਸ ਨੂੰ ਪੰਜਾਬੀ ਏ ਲੈਵਲ ਕਰਨ ਨਾਲ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਸੌਖ ਆਈ। ਸਭਾ ਨੇ ਕਾਕਾ ਸ਼ਰਨਜੀਤ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਸਮਾਗਮ ਦਾ ਦੂਸਰਾ ਭਾਗ ਕਵਿਤਾਵਾਂ ਨਾਲ ਸਬੰਧਿਤ ਸੀ। ਇਸ ਦੀ ਸੰਭਾਲ ਰਾਜਿੰਦਰਜੀਤ ਨੇ ਕੀਤੀ ਤੇ ਬਾਖੂਬੀ ਨਾਲ ਨਿਭਾਈ। ਪ੍ਰਧਾਨਗੀ ਮੰਡਲ ਵਿੱਚ ਦਰਸ਼ਨ ਬੁਲੰਦਵੀ, ਦਰਸ਼ਨ ਸਿੰਘ ਢਿੱਲੋਂ, ਬਲਵਿੰਦਰ ਸਿੰਘ ਚਾਹਲ ਅਤੇ ਸ਼ਗੁਫਤਾ ਗਿੰਮੀ ਲੋਧੀ ਸ਼ਾਮਲ ਸਨ। ਇਸ ਦੌਰਾਨ ਸ਼ਿਵਦੀਪ ਢੇਸੀ, ਸ੍ਰੀਮਤੀ ਧਾਲੀਵਾਲ, ਸ੍ਰੀਮਤੀ ਬੁਲੰਦਵੀ ਅਤੇ ਨਰੇਸ਼ ਕੌਰ ਗਿੱਲ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਦਲਵੀਰ ਸਿੰਘ ਪੱਤੜ, ਉਂਕਾਰ ਸਿੰਘ, ਕੁਲਦੀਪ ਸਿੰਘ ਬਾਂਸਲ, ਮਹਿੰਦਰ ਸਿੰਘ ਦਿਲਬਰ, ਸੁਰਿੰਦਰਪਾਲ ਸਿੰਘ, ਸੰਤੋਖ ਸਿੰਘ ਹੇਅਰ, ਦਰਸ਼ਨ ਬੁਲੰਦਵੀ, ਨਿਰਮਲ ਸਿੰਘ ਕੰਧਾਲਵੀ, ਡਾ. ਮਹਿੰਦਰ ਗਿੱਲ, ਡਾ. ਦਵਿੰਦਰ ਕੌਰ, ਦਲਵੀਰ ਕੌਰ, ਮਨਜੀਤ ਕੌਰ ਪੱਢਾ, ਜਸਵਿੰਦਰ ਰੱਤੀਆਂ, ਅਮਨਦੀਪ ਸਿੰਘ, ਦਰਸ਼ਨ ਢਿੱਲੋਂ, ਭਿੰਦਰ ਜਲਾਲਾਬਾਦੀ, ਸ਼ਗੁਫਤਾ ਗਿੰਮੀ, ਗੁਰਮੇਲ ਕੌਰ ਸੰਘਾ, ਚੰਨ ਜੰਡਿਆਲਵੀ, ਬਲਵਿੰਦਰ ਸਿੰਘ ਚਾਹਲ, ਰਾਜਿੰਦਰ ਕੌਰ, ਤਾਰਾ ਸਿੰਘ ਤਾਰਾ, ਕਿਰਪਾਲ ਸਿੰਘ ਪੂੰਨੀ, ਨਛੱਤਰ ਸਿੰਘ ਭੋਗਲ, ਮਹਿੰਦਰਪਾਲ ਧਾਲੀਵਾਲ, ਨਰਿੰਦਰਪਾਲ ਕੌਰ, ਸੋਨੀਆ ਪਾਲ, ਡਾ. ਮਹਿੰਦਰ ਰਾਏ, ਸਰਦੂਲ ਸਿੰਘ ਮਰਵਾਹਾ, ਰੁਪਿੰਦਰਜੀਤ ਕੌਰ, ਕੁਲਵੰਤ ਸਿੰਘ ਢੇਸੀ ਅਤੇ ਨਿਰੰਜਨ ਸਿੰਘ ਢਿੱਲੋਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਡਾ. ਬਲਦੇਵ ਕੰਦੋਲਾ ਨੇ ਪੰਜਾਬੀ ਨੂੰ ਤਕਨਾਲੋਜੀ ਅਤੇ ਸਾਇੰਸ ਦੇ ਹਾਣ ਦੀ ਬਣਾਉਣ ਉੱਤੇ ਜ਼ੋਰ ਦਿੱਤਾ।



News Source link
#ਸਮਗਮ #ਵਚ #ਚਲਆ #ਕਵਤਵ #ਦ #ਦਰ

- Advertisement -

More articles

- Advertisement -

Latest article