ਮੁੰਬਈ, 28 ਸਤੰਬਰ
ਅਮਰੀਕੀ ਡਾਲਰ ਦੇ ਮੁਕਾਬਲੇ ’ਚ ਰੁਪਿਆ ਬੁੱਧਵਾਰ ਨੂੰ 37 ਪੈਸੇ ਦੀ ਵੱਡੀ ਗਿਰਾਵਟ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.90 ਰੁਪਏ ’ਤੇ ਪਹੁੰਚ ਗਿਆ। ਵਿਦੇਸ਼ੀ ਬਾਜ਼ਾਰਾਂ ’ਚ ਅਮਰੀਕੀ ਡਾਲਰ ’ਚ ਮਜ਼ਬੂਤੀ ਅਤੇ ਨਿਵੇਸ਼ਕਾਂ ਦੇ ਜੋਖ਼ਮ ਵਾਲੇ ਬਾਜ਼ਾਰਾਂ ’ਚ ਨਿਵੇਸ਼ ਕਰਨ ਤੋਂ ਬਚਣ ਕਾਰਨ ਘਰੇਲੂ ਮੁਦਰਾ ’ਚ ਗਿਰਾਵਟ ਆਈ ਹੈ। ਘਰੇਲੂ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੇ ਰੁਖ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਦਰਮਿਆਨ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ’ਚ ਰੁਪਿਆ ਪਹਿਲੀ ਵਾਰ 82 ਤੋਂ ਵੀ ਹੇਠਾਂ ਆ ਗਿਆ ਸੀ। ਉਧਰ ਬ੍ਰੈੱਟ ਕਰੂਡ 0.41 ਫ਼ੀਸਦ ਡਿੱਗ ਕੇ 85.92 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਇਸ ਦੌਰਾਨ ਸ਼ੇਅਰ ਬਾਜ਼ਾਰ 509.24 ਅੰਕ ਡਿੱਗ ਕੇ 56,598.28 ’ਤੇ ਬੰਦ ਹੋਇਆ ਜਦਕਿ ਐੱਨਐੱਸਈ ਨਿਫਟੀ 148.80 ਅੰਕ ਡਿੱਗਿਆ ਅਤੇ ਇਹ 16,858.60 ’ਤੇ ਬੰਦ ਹੋਇਆ। -ਪੀਟੀਆਈ