36.3 C
Patiāla
Wednesday, April 24, 2024

ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ਿੰਜ਼ੋ ਆਬੇ ਦੀਆਂ ਅੰਤਿਮ ਰਸਮਾਂ ’ਚ ਸ਼ਿਰਕਤ

Must read


ਟੋਕੀਓ, 27 ਸਤੰਬਰ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀਆਂ ਅੰਤਿਮ ਰਸਮਾਂ ਅੱਜ ਇੱਥੇ ਪੂਰੇ ਸਰਕਾਰੀ ਤੇ ਸੈਨਿਕ ਸਨਮਾਨਾਂ ਨਾਲ ਕੀਤੀਆਂ ਗਈਆਂ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਉਨ੍ਹਾਂ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਆਬੇ ਦਾ ਜੁਲਾਈ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੰਤਿਮ ਰਸਮਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਜਾਪਾਨ ਦੇ ਪ੍ਰਧਾਨ ਮੰਤਰੀ ਕੋਲ ਆਬੇ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਬੇ ਦਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਹਿੰਦ-ਪ੍ਰਸ਼ਾਂਤ ਖੇਤਰ ਲਈ ਨੀਤੀ ਬਣਾਉਣ ਵਿਚ ਅਹਿਮ ਯੋਗਦਾਨ ਸੀ। ਦੋਵੇਂ ਆਗੂ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਏ। ਅੰਤਿਮ ਰਸਮਾਂ ਮੌਕੇ ਅੱਜ ਵੱਡੀ ਗਿਣਤੀ ਲੋਕ ਇਕੱਠੇ ਹੋਏ। ਹਾਲਾਂਕਿ ਆਬੇ ਦਾ ਵਿਰੋਧ ਕਰਨ ਵਾਲੇ ਵੀ ਵੱਡੀ ਗਿਣਤੀ ਵਿਚ ਸੜਕਾਂ ’ਤੇ ਨਿਕਲੇ। ਜ਼ਿਕਰਯੋਗ ਹੈ ਕਿ ਆਬੇ ਦਾ ਅੰਤਿਮ ਸੰਸਕਾਰ ਜੁਲਾਈ ਵਿਚ ਹੀ ਕਰ ਦਿੱਤਾ ਗਿਆ ਸੀ ਪਰ ਸਰਕਾਰੀ ਸਨਮਾਨਾਂ ਨਾਲ ਅੰਤਿਮ ਰਸਮਾਂ ਅੱਜ ਕੀਤੀਆਂ ਗਈਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਬੇ ਨੂੰ ਯਾਦ ਕਰਦਿਆਂ ਕਿਹਾ ਕਿ ਉਹ ‘ਮਹਾਨ ਆਗੂ, ਬੇਮਿਸਾਲ ਸ਼ਖ਼ਸੀਅਤ ਤੇ ਭਾਰਤ-ਜਪਾਨ ਦੀ ਦੋਸਤੀ ਵਿਚ ਯਕੀਨ ਰੱਖਣ ਵਾਲੇ ਸਨ।’ ਟੋਕੀਓ ਵਿਚ ਹੋਈਆਂ ਅੰਤਿਮ ਰਸਮਾਂ ਮੌਕੇ ਅੱਜ 100 ਤੋਂ ਵੱਧ ਮੁਲਕਾਂ ਦੇ ਪ੍ਰਤੀਨਿਧੀ ਹਾਜ਼ਰ ਸਨ ਜਿਨ੍ਹਾਂ ਵਿਚ 20 ਤੋਂ ਵੱਧ ਸਰਕਾਰਾਂ ਦੇ ਮੁਖੀ ਸ਼ਾਮਲ ਹਨ। ਮੋਦੀ ਅੱਜ ਸੁਵੱਖਤੇ ਟੋਕੀਓ ਪੁੱਜੇ ਤੇ ਹੋਰਨਾਂ ਆਗੂਆਂ ਨਾਲ ਆਬੇ ਨੂੰ ਸ਼ਰਧਾਂਜਲੀ ਭੇਟ ਕੀਤੀ। ਜਾਪਾਨ ਦੀ ਵਿਦੇਸ਼ ਨੀਤੀ ਨੂੰ ਨਵੇਂ ਸਿਰਿਓਂ ਘੜਨ ਵਿਚ ਆਬੇ ਦਾ ਵੱਡਾ ਯੋਗਦਾਨ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਾਪਾਨ ਦੇ ਭਾਰਤ ਨਾਲ ਸਬੰਧ ਸਿਖ਼ਰਾਂ ਉਤੇ ਪਹੁੰਚ ਗਏ ਸਨ। ਮੋਦੀ ਤੋਂ ਇਲਾਵਾ ਇਸ ਮੌਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਹੋਰ ਕਈ ਚੋਟੀ ਦੇ ਆਗੂ ਹਾਜ਼ਰ ਸਨ। ਅੰਤਿਮ ਰਸਮਾਂ ਵਾਲੀ ਥਾਂ ਨੇੜੇ ਇਕ ਪਾਰਕ ਵਿਚ ਵੱਡੀ ਗਿਣਤੀ ਲੋਕਾਂ ਨੇ ਫੁੱਲ ਰੱਖ ਕੇ ਸ਼ਿੰਜ਼ੋ ਆਬੇ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਆਬੇ (67) ਨੂੰ 8 ਜੁਲਾਈ ਨੂੰ ਨਾਰਾ ਸ਼ਹਿਰ ਵਿਚ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਸੀ ਜਦ ਉਹ ਇਕ ਚੋਣ ਭਾਸ਼ਣ ਦੇ ਰਹੇ ਸਨ। ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ। -ਪੀਟੀਆਈ  

ਟੋਕੀਓ ਿਵੱਚ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਹੋਏ

ਡਾਊਨਟਾਊਨ ਟੋਕੀਓ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤੇ। ਉਨ੍ਹਾਂ ਡਰੱਮ ਵਜਾ ਕੇ ਆਬੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁਝ ਲੋਕਾਂ ਨੇ ਇਸ ਮੌਕੇ ਕਿਹਾ ਕਿ, ‘ਸ਼ਿੰਜ਼ੋ ਆਬੇ ਨੇ ਆਮ ਲੋਕਾਂ ਲਈ ਕੁਝ ਵੀ ਨਹੀਂ ਕੀਤਾ।’ ਜਾਪਾਨ ਦੀਆਂ ਮੁੱਖ ਸਿਆਸੀ ਵਿਰੋਧੀ ਧਿਰਾਂ ਨੇ ਅੰਤਿਮ ਰਸਮਾਂ ਦਾ ਬਾਈਕਾਟ ਵੀ ਕੀਤਾ। -ਏਪੀ

ਆਬੇ ਨੇ ਜਾਪਾਨ ਤੇ ਵਿਸ਼ਵ ਦੇ ਵਿਕਾਸ ਲਈ ਕੰਮ ਕੀਤਾ: ਕਿਸ਼ਿਦਾ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਅੰਤਿਮ ਰਸਮਾਂ ਮੌਕੇ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਬੇ ਕੋਲ ਜਾਪਾਨ ਦੇ ਆਰਥਿਕ ਵਿਕਾਸ ਦਾ ਸਪੱਸ਼ਟ ਨਜ਼ਰੀਆ ਸੀ। ਉਨ੍ਹਾਂ ਕੌਮੀ ਸੁਰੱਖਿਆ ਨੂੰ ਤਰਜੀਹ ਦਿੱਤੀ ਤੇ ਨਾਲ ਹੀ ਜਾਪਾਨ ਤੇ ਸੰਸਾਰ ਦੇ ਵਿਕਾਸ ਲਈ ਕੰਮ ਕੀਤਾ। ਕਿਸ਼ਿਦਾ ਨੇ ਕਿਹਾ ਕਿ ‘ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ’ ਖੇਤਰ ਲਈ ਆਬੇ ਨੇ ਚੀਨ ਦਾ ਵੀ ਡੱਟ ਕੇ ਸਾਹਮਣਾ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਦੇ ਸਿਆਸੀ ਜੀਵਨ ਦੀਆਂ ਪ੍ਰਾਪਤੀਆਂ ’ਤੇ ਇਕ ਵੀਡੀਓ ਵੀ ਦਿਖਾਈ ਗਈ। -ਏਪੀ





News Source link

- Advertisement -

More articles

- Advertisement -

Latest article