20.9 C
Patiāla
Saturday, November 2, 2024

ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਝੜਪ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 28 ਸਤੰਬਰ

ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸੈਂਕੜੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਨਾਕੇ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋਏ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਪੁਲੀਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਪੁਲੀਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਧੂਹ-ਧੂਹ ਕੇ ਅਤੇ ਚੁੱਕ ਕੇ ਪਿੱਛੇ ਧੱਕਿਆ। ਇਸ ਦੌਰਾਨ ਤਕਰਾਰ ਤੇ ਖਿੱਚ-ਧੂਹ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਅਤੇ ਪੁਲੀਸ ਦੇ ਕੁੱਝ ਜਵਾਨਾਂ ਵਿਚਾਲੇ ਨਿੱਜੀ ਝੜਪ ਵੀ ਹੋਈ ਪਰ ਪੁਲੀਸ ਦੇ ਹੀ ਇਕ ਸਬ ਇੰਸਪੈਕਟਰ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ। ਬੇਰੁਜ਼ਗਾਰ ਅਧਿਆਪਕ ਈਟੀਟੀ ਦੀਆਂ 5994 ਅਸਾਮੀਆਂ ’ਤੇ ਭਰਤੀ ਮੁਕੰਮਲ ਕਰਨ ਦੀ ਮੰਗ ਕਰ ਰਹੇ ਸਨ ਅਤੇ ਅਜੇ ਤੱਕ ਭਰਤੀ ਦਾ ਪੋਰਟਲ ਨਾ ਖੁੱਲ੍ਹਣ ਤੋਂ ਖਫ਼ਾ ਸਨ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਅੱਜ ਟੈੱਟ ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ 5994 ਪੰਜਾਬ ਨਾਂ ਦੀਆਂ ਦੋ ਯੂਨੀਅਨਾਂ ਦੀ ਅਗਵਾਈ ਹੇਠ ਵੱਖ-ਵੱਖ ਤੌਰ ’ਤੇ ਪ੍ਰਦਰਸ਼ਨਕਾਰੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਸੰਦੀਪ ਸਾਮਾ ਦੀ ਅਗਵਾਈ ਹੇਠ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਝੜਪ ਹੋਈ ਜਦੋਂ ਕਿ ਦੂਜੀ ਯੂਨੀਅਨ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਦੂਲੋਵਾਲ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਨੇ ਪੁਲੀਸ ਵੱਲੋਂ ਰੋਕੇ ਜਾਣ ’ਤੇ ਸੜਕ ਉੱਪਰ ਰੋਸ ਧਰਨਾ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋਵੇਂ ਯੂਨੀਅਨਾਂ ਦੀ 12 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਸੌਂਪਿਆ ਗਿਆ, ਜਿਸ ਮਗਰੋਂ ਰੋਸ ਧਰਨੇ ਸਮਾਪਤ ਕੀਤੇ ਗਏ।





News Source link

- Advertisement -

More articles

- Advertisement -

Latest article