ਅਮਨਦੀਪ ਸਿੰਘ
”ਵਿਆਹ ਤੋਂ ਪਹਿਲਾਂ ਤਾਂ ਤੁਸੀਂ ਚੰਨ-ਤਾਰੇ ਤੋੜ ਕੇ ਲਿਆਉਣ ਦੀ ਗੱਲ ਕਰਦੇ ਸੀ, ਪਰ ਹੁਣ ਸਿਤਾਰਿਆਂ ਵਾਲਾ ਇੱਕ ਸੂਟ ਵੀ ਨਹੀਂ ਲਿਆ ਕੇ ਦਿੰਦੇ!” ਚੰਨ ਵਰਗੀ ਜੈਸਮੀਨ ਨੇ ਸਿਧਾਰਥ ਨੂੰ ਗੁੱਸੇ ਨਾਲ ਕਿਹਾ। ਉਨ੍ਹਾਂ ਦਾ ਵਿਆਹ ਹੋਏ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ, ਪਰ ਹਨੀਮੂਨ ਦਾ ਸਮਾਂ ਖਤਮ ਹੋ ਚੁੱਕਾ ਸੀ ਤੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਸੀ। ਸਿਧਾਰਥ ਇੱਕ ਪੁਲਾੜ-ਯਾਤਰੀ ਸੀ ਜੋ ਕਿ ਆਪਣੇ ਕੰਮ ਵਿੱਚ ਬਹੁਤ ਵਿਅਸਤ ਸੀ ਤੇ ਆਪਣੀ ਪਤਨੀ ਨੂੰ ਪ੍ਰੇਮਿਕਾ ਵਰਗੀ ਤਵੱਜੋ ਨਹੀਂ ਦੇ ਪਾ ਰਿਹਾ ਸੀ! ਪਰ ਉਸ ਨੇ ਉਸ ਦੀ ਇਹ ਗੱਲ ਦਿਲ ਨੂੰ ਲਾ ਲਈ। ਉਸ ਨੇ ਆਪਣੀ ਪੁਲਾੜ ਯਾਤਰੀ ਦੀ ਨੌਕਰੀ ਛੱਡ ਦਿੱਤੀ ਜਿਸ ਵਿੱਚ ਇੰਨੇ ਪੈਸੇ ਵੀ ਨਹੀਂ ਸਨ ਬਚਦੇ, ਤੇ ਉਸ ਨੇ ਪੁਲਾੜ ਵਿੱਚ ਮਾਈਨਿੰਗ ਕਰਦੀ ਸਪੇਸ ਮਰਚੈਂਟ ਨੇਵੀ ਦੀ ਨੌਕਰੀ ਸ਼ੁਰੂ ਕਰ ਦਿੱਤੀ।
”ਮੈਂ ਹੁਣ ਸਪੇਸ ਵਿੱਚੋਂ ਤੇਰੇ ਲਈ ਹੀਰੇ-ਜਵਾਹਰਾਤ ਲੈ ਕੇ ਆਵਾਂਗਾ।”
”ਪਰ ਰਹੋਗੇ ਤਾਂ ਮੇਰੇ ਤੋਂ ਦੂਰ ਹੀ!” ਜੈਸਮੀਨ ਨੇ ਵਿਅੰਗ ਕੱਸਦਿਆਂ ਕਿਹਾ। ਜੈਸਮੀਨ ਦਾ ਮਨ ਕਰ ਰਿਹਾ ਸੀ ਕਿ ਉਹ ਸਿਧਾਰਥ ਨੂੰ ਨਾ ਜਾਣ ਦੇਵੇ, ਪਰ ਉਸ ਨੂੰ ਪਤਾ ਸੀ ਕਿ ਸਿਧਾਰਥ ਉਸ ਦੀ ਗੱਲ ਮੰਨਣ ਵਾਲਾ ਨਹੀਂ ਸੀ। ਸਿਧਾਰਥ ਆਪਣੀ ਕੰਪਨੀ ਨਾਲ ਪੁਲਾੜ ਵਿੱਚ ਚਲਾ ਗਿਆ। ਉਨ੍ਹਾਂ ਨੇ ਅਕਾਸ਼ੀ-ਪਿੰਡਾਂ ‘ਤੇ ਮਾਈਨਿੰਗ ਕੀਤੀ ਤੇ ਬਹੁਤ ਵੱਡਮੁੱਲੇ ਖਣਿਜ ਪਦਾਰਥ ਲੱਭੇ, ਪਰ ਉਨ੍ਹਾਂ ਦੀ ਭੁੱਖ ਨਹੀਂ ਸੀ ਮਿਟ ਰਹੀ ਤੇ ਉਹ ਪ੍ਰਿਥਵੀ ਤੋਂ ਹੋਰ ਬਹੁਤ ਦੂਰ ਬਲਕਿ ਸੌਰ-ਮੰਡਲ ਟੱਪ ਕੇ ਸਿਤਾਰਿਆਂ ਤੋਂ ਵੀ ਪਾਰ ਚਲੇ ਗਏ। ਉਨ੍ਹਾਂ ਦਾ ਟੀਚਾ ਹੀਰਿਆਂ ਦੇ ਬਣੇ ਗ੍ਰਹਿ ਸਨ। ਇਸ ਤਰ੍ਹਾਂ ਉਹ ਦੂਰੀ, ਸਮਾਂ ਤੇ ਕਾਲ ਦੇ ਅਲੱਗ-ਅਲੱਗ ਆਯਾਮ ਪਾਰ ਕਰਦੇ ਚਲੇ ਗਏ। ਉਨ੍ਹਾਂ ਨੇ ਬਹੁਤ ਕੁਝ ਵੇਖਿਆ, ਬਹੁਤ ਕੀਮਤੀ ਹੀਰੇ-ਜਵਾਹਰਾਤ ਇਕੱਠੇ ਕੀਤੇ। ਹੁਣ ਉਨ੍ਹਾਂ ਨੂੰ ਲੱਗਿਆ ਕਿ ਉਹ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਜਾਣਗੇ, ਤੇ ਉਨ੍ਹਾਂ ਨੇ ਆਪਣੇ ਸਪੇਸ-ਸ਼ਿੱਪ ਦਾ ਰੁਖ਼ ਪ੍ਰਿਥਵੀ ਵੱਲ ਨੂੰ ਮੋੜ ਦਿੱਤਾ। ਜਦੋਂ ਉਹ ਵਾਪਸ ਪ੍ਰਿਥਵੀ ‘ਤੇ ਪਹੁੰਚੇ ਤਾਂ ਸੌ ਸਾਲ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਸੀ। ਪ੍ਰਿਥਵੀ ਬਿਲਕੁਲ ਬਦਲ ਚੁੱਕੀ ਸੀ, ਹਰ ਪਾਸੇ ਉੱਡਣ ਕਾਰਾਂ, ਗਗਨਚੁੰਬੀ ਇਮਾਰਤਾਂ ਤੇ ਟੈਕਨੋਲੋਜੀ ਦਾ ਇਨਕਲਾਬ ਸੀ। ਉਨ੍ਹਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਉਨ੍ਹਾਂ ਦੀ ਕੰਪਨੀ ਵੀ ਨਾ ਰਹੀ, ਪਰ ਜਿਹੜਾ ਕੀਮਤੀ ਸਾਮਾਨ ਉਹ ਲੈ ਕੇ ਆਏ ਸਨ, ਉਸ ਦੀ ਸੱਚਮੁਚ ਹੀ ਬਹੁਤ ਕੀਮਤ ਸੀ। ਉਸ ਨੂੰ ਵੇਚ ਕੇ ਉਹ ਰਾਤੋ-ਰਾਤ ਹੀ ਕਰੋੜਾਂਪਤੀ ਬਣ ਗਏ।
ਸਿਧਾਰਥ ਦੇ ਮਨ ਨੂੰ ਚੈਨ ਨਹੀਂ ਸੀ, ਉਸ ਦੀ ਤਾਂ ਦੁਨੀਆ ਹੀ ਉੱਜੜ ਗਈ ਸੀ, ਜਿਸ ਲਈ ਉਹ ਹੀਰੇ ਜਵਾਹਰਾਤ ਇਕੱਠੇ ਕਰਨ ਗਿਆ ਸੀ, ਜਦੋਂ ਉਹ ਹੀ ਨਾ ਰਹੀ ਤਾਂ ਹੁਣ ਉਹ ਵੀ ਜੀਅ ਕੇ ਕੀ ਕਰੇਗਾ! ਉਹ ਜੈਸਮੀਨ ਨੂੰ ਸੱਚਮੁੱਚ ਬੇਹੱਦ ਪਿਆਰ ਕਰਦਾ ਸੀ। ਉਸ ਦੇ ਸਾਥੀਆਂ ਨੇ ਉਸ ਨੂੰ ਸਮਝਾਇਆ। ਉਸ ਨੇ ਵੀ ਸੋਚਿਆ ਕਿ ਉਹ ਮਰ ਨਹੀਂ ਸਕਦਾ, ਕਿਉਂਕਿ ਮਰਨਾ ਬੁਜ਼ਦਿਲੀ ਹੈ। ਵੈਸੇ ਵੀ ਮਰਨਾ ਕੌਣ ਚਾਹੁੰਦਾ ਹੈ? ਪਰ ਉਹ ਇਸ ਨਵੇਂ ਸੰਸਾਰ ਵਿੱਚ ਰਹਿਣਾ ਨਹੀਂ ਸੀ ਚਾਹੁੰਦਾ। ਇਸ ਕਰਕੇ ਉਹ ਆਪਣੇ ਸਰੀਰ ਨੂੰ ਜਮਾ ਕੇ ਯਖ਼ ਹਾਲਤ ਵਿੱਚ ਇੱਕ ਲੰਮੀ ਨੀਂਦ ਸੌਂ ਜਾਣਾ ਚਾਹੁੰਦਾ ਸੀ। ਜਦੋਂ ਉਹ ਅਜਿਹਾ ਕਰਨ ਲਈ ਹਸਪਤਾਲ ਪਹੁੰਚਿਆ ਤਾਂ ਨਰਸਾਂ ਤੇ ਡਾਕਟਰਾਂ ਨੇ ਉਸ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਆਪਣੀ ਸਾਰੀ ਕਹਾਣੀ ਸੱਚੋ-ਸੱਚ ਸੁਣਾ ਦਿੱਤੀ। ਉਹ ਹੈਰਾਨ ਵੀ ਹੋਏ ਤੇ ਖ਼ੁਸ਼ ਵੀ। ਉਸ ਦੀ ਕਹਾਣੀ ਉਨ੍ਹਾਂ ਨੂੰ ਜਾਣੀ-ਪਹਿਚਾਣੀ ਲੱਗੀ ਕਿਉਂਕਿ ਉਹ ਇੱਕ ਲੋਕ-ਕਥਾ ਬਣ ਚੁੱਕਾ ਸੀ। ਉਸ ਦੀ ਕਹਾਣੀ ਮਸ਼ਹੂਰ ਹੋ ਚੁੱਕੀ ਸੀ।
”ਤੁਹਾਡੇ ਲਈ ਇੱਕ ਖ਼ੁਸ਼ੀ ਦੀ ਖ਼ਬਰ ਹੈ।”
”ਮੇਰੇ ਲਈ ਇੱਥੇ ਖ਼ੁਸ਼ੀ ਦੀ ਖ਼ਬਰ ਕੀ ਹੋ ਸਕਦੀ ਹੈ?” ਉਹ ਹੈਰਾਨ ਸੀ।
”ਤੁਹਾਡੀ ਪਤਨੀ ਜੈਸਮੀਨ ਇੱਥੇ ਹੀ ਸਿਥਲਤਾ ਦੀ ਅਵਸਥਾ ਵਿੱਚ ਸੁੱਤੀ ਪਈ ਹੈ।”
”ਕੀ…?” ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ, ”ਕੀ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ?” ਉਸ ਨੇ ਆਪਣੇ ਆਪ ਨੂੰ ਚੂੰਢੀ ਵੱਢਦਿਆਂ ਕਿਹਾ।
”ਬਿਲਕੁਲ ਸਹੀ ਹੈ, ਬਸ ਤੁਸੀਂ ਇੱਥੇ ਦਸਤਖ਼ਤ ਕਰੋ, ਤੇ ਅਸੀਂ ਤੁਹਾਡੀ ਪਤਨੀ ਨੂੰ ਜਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ।”
ਉਸ ਨੇ ਖ਼ੁਸ਼ੀ ਨਾਲ ਦਸਤਖ਼ਤ ਕਰ ਦਿੱਤੇ। ਅਗਲੇ ਦਿਨ ਜੈਸਮੀਨ ਸੌ ਸਾਲ ਲੰਬੀ ਨੀਂਦ ਤੋਂ ਜਾਗ ਪਈ।
”ਮੈਂ ਅੱਜ ਬਹੁਤ ਖ਼ੁਸ਼ ਹਾਂ। ਮੈਨੂੰ ਯਕੀਨ ਸੀ ਕਿ ਤੁਸੀਂ ਇੱਕ ਦਿਨ ਜ਼ਰੂਰ ਵਾਪਸ ਆਓਗੇ।” ਜੈਸਮੀਨ ਚਹਿਕਦਿਆਂ ਬੋਲੀ, ”ਜਦੋਂ ਚੌਦਾਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਤੁਸੀਂ ਵਾਪਸ ਨਾ ਆਏ ਤਾਂ ਮੈਂ ਉਦੋਂ ਇਸ ਨਵੀਂ ਯਖ਼ ਅਵਸਥਾ ਵਿੱਚ ਸਿਥਲਤਾ ਦੀ ਤਕਨੀਕ ਨੂੰ ਅਜ਼ਮਾਉਣ ਬਾਰੇ ਸੋਚਿਆ ਤੇ ਇਨ੍ਹਾਂ ਨੂੰ ਹਦਾਇਤਾਂ ਲਿਖ ਦਿੱਤੀਆਂ ਕਿ ਜਦੋਂ ਤੁਸੀਂ ਵਾਪਸ ਆਓ ਤਾਂ ਮੈਨੂੰ ਜਗਾ ਲੈਣ।”
‘ਓਹ, ਜੈਸਮੀਨ ਮੈਂ ਬਹੁਤ ਖ਼ੁਸ਼ ਹਾਂ। ਦੇਖ ਮੈਂ ਤੇਰੇ ਲਈ ਸੱਚਮੁੱਚ ਹੀ ਚੰਨ-ਤਾਰੇ ਤੋੜ ਕੇ ਲੈ ਆਇਐਂ।”
ਮੈਨੂੰ ਹੁਣ ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ, ਬਸ ਤਮਾਮ ਉਮਰ ਸਿਰਫ਼ ਤੁਹਾਡਾ ਸਾਥ ਹੀ ਚਾਹੀਦਾ ਹੈ।”
ਇੰਨਾ ਕਹਿ ਕਿ ਜੈਸਮੀਨ ਨੇ ਆਪਣੇ ਪੁਲਾੜ-ਯਾਤਰੀ ਪਤੀ ਨੂੰ ਘੁੱਟ ਕੇ ਇੰਜ ਗਲਵੱਕੜੀ ਪਾ ਲਈ ਜਿਵੇਂ ਹੁਣ ਕਦੇ ਵੀ ਉਹ ਉਸ ਨੂੰ ਪੁਲਾੜ ਵਿੱਚ ਦੂਰ ਨਹੀਂ ਜਾਣ ਦੇਵੇਗੀ।
News Source link
#ਪਲੜਯਤਰ #ਦ #ਪਤਨ