ਨਵੀਂ ਦਿੱਲੀ: ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਵਰਤਮਾਨ ਵਿੱਤੀ ਵਰ੍ਹੇ ਦੌਰਾਨ ਭਾਰਤ ਦੀ ਵਿਕਾਸ ਦਰ 7.3 ਫੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਹੈ ਕਿ 2022 ਦੇ ਅਖ਼ੀਰ ਤੱਕ ਮਹਿੰਗਾਈ ਛੇ ਫੀਸਦ ਤੋਂ ਵੱਧ ਹੀ ਬਣੀ ਰਹੇਗੀ। ਇਸ ਤੋਂ ਪਹਿਲਾਂ ਵੀ ਐੱਸਐਂਡਪੀ ਨੇ ਵਿਕਾਸ ਦਰ 7.3 ਫੀਸਦ ਰਹਿਣ ਦੀ ਹੀ ਪੇਸ਼ੀਨਗੋਈ ਕੀਤੀ ਸੀ। ਏਸ਼ੀਆ ਪ੍ਰਸ਼ਾਂਤ ਖੇਤਰ ਲਈ ਆਪਣਾ ਆਰਥਿਕ ਸਰਵੇਖਣ ਜਾਰੀ ਕਰਦਿਆਂ ਐੱਸਐਂਡਪੀ ਨੇ ਕਿਹਾ ਕਿ ਬਾਹਰੀ ਵਾਤਾਵਰਨ ਖੇਤਰ ਦੇ ਅਰਥਚਾਰਿਆਂ ’ਚ ਵਿਗਾੜ ਪੈਦਾ ਕਰ ਰਿਹਾ ਹੈ। ਆਲਮੀ ਪੱਧਰ ’ਤੇ ਉੱਚੀਆਂ ਵਿਆਜ ਦਰਾਂ ਪੂੰਜੀ ਦੀ ਨਿਕਾਸੀ ਦੇ ਰੂਪ ’ਚ ਕੇਂਦਰੀ ਬੈਂਕਾਂ ’ਤੇ ਦਬਾਅ ਪਾਉਂਦੀਆਂ ਰਹਿਣਗੀਆਂ। ਮੁਦਰਾ ਦਾ ਡਿੱਗਣਾ ਵੀ ਵਿਕਾਸ ਦਰ ’ਤੇ ਅਸਰ ਪਾਏਗਾ। ਰੇਟਿੰਗ ਏਜੰਸੀ ਮੁਤਾਬਕ ਚੀਨ ਵਿਚ ਆਰਥਿਕ ਸੁਸਤੀ ਦਾ ਕਾਰਨ ਭਾਰਤ ਵਿਚ ਖ਼ਪਤ ਮੁੜ ਵਧਣਾ ਹੈ, ਵਿਸ਼ੇਸ਼ ਤੌਰ ’ਤੇ ਸੇਵਾ ਖੇਤਰ ਮੁੜ ਲੀਹ ’ਤੇ ਪੈ ਗਿਆ ਹੈ ਤੇ ਨਿਵੇਸ਼ ਤੇਜ਼ੀ ਨਾਲ ਵਧਿਆ ਹੈ। ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਅਗਲੇ ਵਿੱਤੀ ਵਰ੍ਹੇ ਵਿਚ ਭਾਰਤ ਦੀ ਵਿਕਾਸ ਦਰ 6.5 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਇਸ ਨਾਲ ਜੁੜੇ ਕੋਈ ਜੋਖ਼ਮਾਂ ਦਾ ਜ਼ਿਕਰ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਆਰਬੀਆਈ ਨੇ ਵਰਤਮਾਨ ਵਿੱਤੀ ਵਰ੍ਹੇ ਵਿਚ ਭਾਰਤ ਦੀ ਵਿਕਾਸ ਦਰ 7.2 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਸੀ। ਜਦਕਿ ਏਡੀਬੀ ਤੇ ਫਿਚ ਨੇ ਕਿਹਾ ਸੀ ਕਿ ਵਿਕਾਸ ਦਰ ਸੱਤ ਪ੍ਰਤੀਸ਼ਤ ਰਹੇਗੀ। ਜਿ਼ਕਰਯੋਗ ਹੈ ਕਿ ਅਮਰੀਕਾ ਅਤੇ ਇੰਗਲੈਂਡ ਸਮੇਤ ਕਈ ਹੋਰ ਮੁਲਕ ਮੰਦੀ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। -ਪੀਟੀਆਈ