ਨਵੀਂ ਦਿੱਲੀ, 21 ਸਤੰਬਰ
ਅਮੈਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ (ਏਕੇਐੱਫਆਈ) ਨੇ ਸਹਾਰਨਪੁਰ ਜ਼ਿਲ੍ਹੇ ਵਿੱਚ ਸਬ-ਜੂਨੀਅਰ ਕਬੱਡੀ ਟੂਰਨਾਮੈਂਟ ’ਚ ਖਿਡਾਰੀਆਂ ਨੂੰ ਕਥਿਤ ਤੌਰ ’ਤੇ ਪਖਾਨੇ ’ਚ ਖਾਣਾ ਖਵਾਉਣ ਦੀ ਘਟਨਾ ਤੋਂ ਪੱਲਾ ਝਾੜਦਿਆਂ ਕਿਹਾ ਕਿ ਕੌਮੀ ਸੰਸਥਾ ਇਸ ਘਟਨਾ ’ਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ ਨਹੀਂ ਸੀ। ਇਸ ਘਟਨਾ ਮਗਰੋਂ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰਨ ਸਮੇਤ ਖਾਣਾ ਮੁਹੱਈਆ ਕਰਵਾਉਣ ਵਾਲੇ ਠੇਕੇਦਾਰ ਨੂੰ ‘ਬਲੈਕਲਿਸਟ’ ਕਰ ਦਿੱਤਾ ਗਿਆ ਸੀ। ਦਿੱਲੀ ਹਾਈ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕ ਐੱਸਪੀ ਗਰਗ, ਜੋ 2018 ਤੋਂ ਏਕੇਐੱਫਆਈ ਦੇ ਮਾਮਲਿਆਂ ਦੀ ਦੇਖ-ਰੇਖ ਕਰ ਰਹੇ ਹਨ ਨੇ ਕਿਹਾ, ‘‘ਏਕੇਐੱਫਆਈ ਦੀ ਇਸ ਟੂਰਨਾਮੈਂਟ ਵਿੱਚ ਕੋਈ ਭੂਮਿਕਾ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਸਰਕਾਰ ਨਾਲ ਸਬੰਧਤ ਟੂਰਨਾਮੈਂਟ ਹੈ। ਉਨ੍ਹਾਂ (ਪ੍ਰਬੰਧਕਾਂ) ਨੇ ਆਪਣੇ ਪੱਧਰ ’ਤੇ ਪ੍ਰਬੰਧ ਕੀਤੇ ਸਨ।’’
ਇਹ ਪੁੱਛੇ ਜਾਣ ’ਤੇ ਕਿ ਰਾਸ਼ਟਰੀ ਫੈਡਰੇਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਸੂਬਾ ਪੱਧਰੀ ਟੂਰਨਾਮੈਂਟ ਕਿਵੇਂ ਕਰਵਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਕਿਹਾ, ‘‘ਅਸੀਂ ਟੂਰਨਾਮੈਂਟ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਹਾਂ। ਇਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਸਾਡੇ ਕੋਲ ਟੂਰਨਾਮੈਂਟ ਬਾਰੇ ਕੋਈ ਜਾਣਕਾਰੀ ਨਹੀਂ ਹੈ।’’ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਕਬੱਡੀ ਐਸੋਸੀਏਸ਼ਨ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਏਕੇਐੱਫਆਈ ਜਾਂ ਕਿਸੇ ਹੋਰ ਰਾਜ ਇਕਾਈ ਵੱਲੋਂ ਇਸ ਟੂਰਨਾਮੈਂਟ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਨਹੀਂ ਦਿੱਤੀ ਗਈ ਸੀ। -ਪੀਟੀਆਈ