ਧਰਮਸ਼ਾਲਾ, 22 ਸਤੰਬਰ
ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਨੇ ਅੱਜ ਕਿਹਾ ਕਿ ਉਹ ਬਨਾਉਟੀ ਚੀਨੀ ਅਧਿਕਾਰੀਆਂ ਦੀ ਬਜਾਏ ਭਾਰਤ ਦੇ ਸੱਚੇ ਅਤੇ ਪਿਆਰੇ ਲੋਕਾਂ ਨਾਲ ਆਜ਼ਾਦ ਅਤੇ ਖੁੱਲ੍ਹੇ ਲੋਕਤੰਤਰ ਵਿੱਚ ਰਹਿ ਕੇ ਆਪਣਾ ਆਖਰੀ ਸਾਹ ਲੈਣਾ ਪਸੰਦ ਕਰਨਗੇ। ਉਨ੍ਹਾਂ ਨੇ ਇਹ ਟਿੱਪਣੀਆਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਆਪਣੇ ਨਿਵਾਸ ਸਥਾਨ ’ਤੇ ਯੂਨਾਈਟਿਡ ਸਟੇਟਸ ਇੰਸਟੀਚਿਊਟ ਆਫ ਪੀਸ ਵੱਲੋਂ ਕਰਵਾਏ ਸਮਾਗਮ ਦੌਰਾਨ ਨੌਜਵਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਕੀਤੀਆਂ। ਤਿੱਬਤ ਦੇ ਧਾਰਮਿਕ ਆਗੂ ਨੇ ਦੱਸਿਆ ਕਿ ਉਨ੍ਹਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਿਹਾ ਸੀ ਕਿ ਉਹ ਆਪਣੇ ਆਖਰੀ ਸਾਹ ਭਾਰਤ ਵਿਚ ਹੀ ਲੈਣਾ ਪਸੰਦ ਕਰਨਗੇ।