ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਥਲ ਸੈਨਾ ਦੇ ਨਵੇਂ ਮੁਖੀ ਦੀ ਨਿਯੁਕਤੀ ਦਾ ਫ਼ੈਸਲਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਗੱਲਬਾਤ ਮਗਰੋਂ ਕਰਨਗੇ। ਸ਼ਾਹਬਾਜ਼ ਦਾ ਵੱਡਾ ਭਰਾ ਨਵਾਜ਼ ਸ਼ਰੀਫ਼ ਨਵੰਬਰ 2019 ਤੋਂ ਲੰਡਨ ’ਚ ਰਹਿ ਰਿਹਾ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸ਼ਾਹਬਾਜ਼ ਸ਼ਰੀਫ਼ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਅੰਤਿਮ ਸੰਸਕਾਰ ’ਚ ਹਿੱਸਾ ਲੈਣ ਲਈ ਸ਼ਨਿਚਰਵਾਰ ਨੂੰ ਲੰਡਨ ਪਹੁੰਚ ਗਏ ਹਨ। ਇਸ ਦੌਰਾਨ ਉਹ ਆਪਣੇ ਭਰਾ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਕੇ ਦੇਸ਼ ਦੇ ਅਗਲੇ ਥਲ ਸੈਨਾ ਮੁਖੀ ਦੀ ਨਿਯੁਕਤੀ ਬਾਰੇ ਚਰਚਾ ਕਰ ਸਕਦੇ ਹਨ। ਇਮਰਾਨ ਖ਼ਾਨ ਅਤੇ ਥਲ ਸੈਨਾ ਮੁਖੀ ਬਾਜਵਾ ਵਿਚਕਾਰ ਮੁਲਾਕਾਤ ਬਾਰੇ ਸਵਾਲ ਪੁੱਛਣ ’ਤੇ ਊਰਜਾ ਮੰਤਰੀ ਖੁਰਮ ਦਸਤਗੀਰ ਨੇ ਕਿਹਾ ਕਿ ਆਖਰੀ ਫ਼ੈਸਲਾ ਤਾਂ ਪ੍ਰਧਾਨ ਮੰਤਰੀ ਨੇ ਲੈਣਾ ਹੈ। -ਪੀਟੀਆਈ