35.4 C
Patiāla
Saturday, April 20, 2024

‘ਪਰਵਾਸ’ ਦੇ ਯੂਰਪੀ ਵਿਸ਼ੇਸ਼ ਅੰਕ ’ਤੇ ਵਿਚਾਰ ਚਰਚਾ

Must read


ਇਟਲੀ: ਸਾਹਿਤ ਸੁਰ ਸੰਗਮ ਸਭਾ, ਇਟਲੀ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ‘ਪਰਵਾਸ’ ਦੇ 18ਵੇਂ ਯੂਰਪੀ ਵਿਸ਼ੇਸ਼ ਅੰਕ ’ਤੇ ਵਿਚਾਰ ਚਰਚਾ ਤੇ ਯੂਰਪੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਅੰਕ ਵਿੱਚ ਯੂਰਪ ਦੇ ਲਗਭਗ ਗਿਆਰਾਂ ਮੁਲਕਾਂ ਦੇ 46 ਪਰਵਾਸੀ ਪੰਜਾਬੀ ਲੇਖਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ੂਮ ਐਪ ਰਾਹੀਂ ਆਨਲਾਈਨ ਹੋਈ ਇਸ ਇਕੱਤਰਤਾ ਵਿੱਚ ਇਟਲੀ, ਬੈਲਜੀਅਮ, ਜਰਮਨ, ਗ੍ਰੀਸ ਅਤੇ ਯੂਕੇ ਸਮੇਤ ਪੰਜਾਬ ਤੋਂ ਵੀ ਲੇਖਕਾਂ, ਆਲੋਚਕਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਐੱਸ. ਪੀ. ਸਿੰਘ ਦੀ ਸਰਪ੍ਰਸਤੀ ਵਿੱਚ ਹੋਏ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਮਾਗਮ ਦੇ ਸੰਚਾਲਕ ਦਲਜਿੰਦਰ ਰਹਿਲ ਵੱਲੋਂ ਪਰਵਾਸ, ਪਰਵਾਸੀ ਸਾਹਿਤ, ਲੇਖਕ ਅਤੇ ਇਸ ’ਤੇ ਕੰਮ ਕਰ ਰਹੀਆਂ ਸਭਾਵਾਂ ਤੇ ਸੰਸਥਾਵਾਂ ਦਾ ਜ਼ਿਕਰ ਕਰਦਿਆਂ ਇਸ ਇਕੱਤਰਤਾ ਦੇ ਉਦੇਸ਼ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਗਿਆ।

ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਵੱਲੋਂ ਪਰਵਾਸੀ ਸਾਹਿਤ ’ਤੇ ਕੀਤੇ ਜਾ ਰਹੇ ਕੰਮ ’ਤੇ ਤਸੱਲੀ ਪ੍ਰਗਟਾਉਂਦਿਆਂ ਅਦਾਰੇ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੂੰ ਵਧਾਈ ਦਿੰਦਿਆਂ ਇਸ ਅਦਾਰੇ ਵੱਲੋਂ ਯੂਰਪ ਵਿੱਚ ਵੱਸਦੇ ਪੰਜਾਬੀ ਲੇਖਕਾਂ ਵਾਰੇ ਯੂਰਪੀ ਵਿਸ਼ੇਸ ਅੰਕ ਕੱਢਣ ’ਤੇ ਧੰਨਵਾਦ ਕੀਤਾ ਗਿਆ। ਡਾ. ਐੱਸ. ਪੀ. ਸਿੰਘ ਨੇ ਪਰਵਾਸੀ ਲੇਖਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕੇਂਦਰ ਵੱਲੋਂ ਪਰਵਾਸੀ ਸਾਹਿਤ ਅਤੇ ਲੇਖਕਾਂ ਪ੍ਰਤੀ ਨਿਰੰਤਰ ਕਾਰਜਸ਼ੀਲ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਯੂਰਪੀ ਪੰਜਾਬੀ ਲੇਖਕਾਂ ਤੋਂ ਪੰਜਾਬੀ ਸਾਹਿਤ ਨੂੰ ਬਹੁਤ ਉਮੀਦਾਂ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫੈਸਰ ਗੁਰਭਜਨ ਗਿੱਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਹਿਤ ਇੱਕ ਸਮੂਹਿਕ ਕਾਰਜ ਹੈ ਜੋ ਸਾਨੂੰ ਸਭ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਸਾਹਿਤ ਦਾ ਦੂਜੀਆਂ ਭਾਸ਼ਾਵਾਂ ਤੇ ਦੂਜੀਆਂ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਅਜੋਕੇ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਯੂਰਪ ਵਿੱਚ ਵਸਦੇ ਲੇਖਕਾਂ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਸ਼ਾਮਲ ਹੋਰ ਸ਼ਖ਼ਸੀਅਤਾਂ ਵਿੱਚ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਡਾਕਟਰ ਤੇਜਦਿੰਰ ਕੌਰ, ਪ੍ਰੋਫੈਸਰ ਸ਼ਰਨਜੀਤ ਕੌਰ, ਕੇਹਰ ਸ਼ਰੀਫ ਜਰਮਨੀ ਅਤੇ ਗੁਰਪ੍ਰੀਤ ਕੌਰ ਗ੍ਰੀਸ ਵੱਲੋਂ ਯੂਰਪੀ ਵਿਸ਼ੇਸ ਅੰਕ ’ਤੇ ਬਹੁਤ ਮੁੱਲਵਾਨ ਟਿੱਪਣੀਆਂ ਕਰਦਿਆਂ ਵਿਚਾਰ ਸਾਂਝੇ ਕੀਤੇ ਗਏ।

ਇਸ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਨਕਲਾਬੀ ਸ਼ਾਇਰ ਅਵਤਾਰ ਪਾਸ਼ ਨੂੰ ਸਮਰਪਿਤ ਯੂਰਪੀ ਪੰਜਾਬੀ ਕਵੀ ਦਰਬਾਰ ਵਿੱਚ ਕੇਹਰ ਸ਼ਰੀਫ ਜਰਮਨੀ, ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਕੁਲਵੰਤ ਕੌਰ ਢਿੱਲੋਂ ਯੂਕੇ, ਜੀਤ ਸੁਰਜੀਤ ਬੈਲਜੀਅਮ ਸਮੇਤ ਸਭਾ ਦੇ ਮੈਂਬਰਾਂ ਵਿੱਚੋਂ ਮੀਤ ਪ੍ਰਧਾਨ ਰਾਣਾ ਅਠੌਲਾ, ਬਿੰਦਰ ਕੋਲੀਆਂ ਵਾਲ, ਸਤਵੀਰ ਸਾਂਝ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੇਮਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਮਾਸਟਰ ਗੁਰਮੀਤ ਸਿੰਘ ਅਤੇ ਦਲਜਿੰਦਰ ਰਹਿਲ ਵੱਲੋਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਅੰਤ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਇਟਲੀ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮੇਟਵੀਂ ਚਰਚਾ ਕੀਤੀ ਗਈ।



News Source link
#ਪਰਵਸ #ਦ #ਯਰਪ #ਵਸਸ #ਅਕ #ਤ #ਵਚਰ #ਚਰਚ

- Advertisement -

More articles

- Advertisement -

Latest article