ਪੱਤਰ ਪ੍ਰੇਰਕ
ਲੰਬੀ, 10 ਸਤੰਬਰ
ਐਪਲ ਇੰਟਰਨੈਸ਼ਨਲ ਸਕੂਲ ਲੰਬੀ ਦੇ ਖਿਡਾਰੀਆਂ ਨੇ ਜ਼ੋਨਲ ਪੱਧਰੀ ਖੇਡਾਂ ਵਿਚ ਕ੍ਰਿਕਟ ਅਤੇ ਮੁੱਕੇਬਾਜ਼ੀ ਮੁਕਾਬਲਿਆਂ ’ਚ ਆਪਣੀ ਖੇਡ ਦਾ ਲੋਹਾ ਮਨਵਾਇਆ। ਸਕੂਲ ਦੇ ਪ੍ਰਿੰਸੀਪਲ ਪ੍ਰਭਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਕ੍ਰਿਕਟ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਿਆਰਾ ਨੂੰ 9 ਵਿਕਟਾਂ ਨਾਲ ਹਰਾਇਆ। ਪ੍ਰਿੰਸੀਪਲ ਨੇ ਦੱਸਿਆ ਕਿ ਅੰਡਰ-14 ਕ੍ਰਿਕਟ ਟੀਮ ਵਿਚ ਵੀ ਐਪਲ ਇੰਟਰਨੈਸ਼ਨਲ ਸਕੂਲ ਲੰਬੀ (ਲੜਕੇ- ਲੜਕੀਆਂ) ਜੇਤੂ ਰਹੇ। ਅੰਡਰ-19 (ਲੜਕੇ) ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਦੋਂਕਿ ਮੁੱਕੇਬਾਜ਼ੀ ਦੇ ਅੰਡਰ-17 ਵਰਗ ਮੁਕਾਬਲਿਆਂ ਵਿੱਚ ਹਨੀਪ੍ਰੀਤ ਸਿੰਘ ਨੇ ਗੱਗੜ ਸਕੂਲ ਦੇ ਖਿਡਾਰੀ ਨੂੰ ਹਰਾਇਆ। ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਪ੍ਰਭਦੀਪ ਕੌਰ ਅਤੇ ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਨੇ ਖਿਡਾਰੀਆਂ ਅਤੇ ਕੋਚ ਅਰਸ਼ਦੀਪ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਵਧਾਈ ਦਿੱਤੀ।
ਨਚੀਕੇਤਨ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ
ਏਲਨਾਬਾਦ (ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਹਰਿਆਣਾ ਵੱਲੋਂ ਕਰਵਾਏ ਗਏ ਅੰਡਰ-14, 17 ਅਤੇ 19 ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਨਚੀਕੇਤਨ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ 45 ਸੋਨੇ, 13 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤੇ। ਅੱਜ ਸਕੂਲ ਪਹੁੰਚਣ ’ਤੇ ਚੇਅਰਮੈਨ ਰਾਜਿੰਦਰ ਸਿੰਘ ਸਿੱਧੂ, ਸਕੱਤਰ ਛਬੀਲ ਦਾਸ ਸੁਥਾਰ ਆਦਿ ਨੇ ਮੁਕਾਬਲਿਆਂ ਦੇ ਜੇਤੂਆਂ ਖਿਡਾਰੀਆਂ ਦਾ ਸਵਾਗਤ ਕੀਤਾ।