36.2 C
Patiāla
Sunday, May 19, 2024

ਉਲਟੇ ਬਾਂਸ ਬਰੇਲੀ ਨੂੰ

Must read


ਅਵਤਾਰ ਐੱਸ. ਸੰਘਾ

ਬਾਈ ਸਾਲ ਪਹਿਲਾਂ ਜਦੋਂ ਮੈਂ ਪਰਿਵਾਰ ਸਮੇਤ ਸਿਡਨੀ ਨੂੰ ਆਉਣਾ ਸੀ ਤਾਂ ਤੁਰਨ ਤੋਂ ਪੰਜ ਛੇ ਦਿਨ ਪਹਿਲਾਂ ਸਾਡੇ ਗੁਆਂਢ ਵਿੱਚ ਪਤਾ ਲੱਗ ਗਿਆ ਸੀ ਕਿ ਅਸੀਂ ਸਿਡਨੀ ਨੂੰ ਜਾ ਰਹੇ ਹਾਂ। ਮੇਰਾ ਗੁਆਂਢੀ ਭਾਈਆ ਮੁਣਸ਼ਾ ਸਿੰਘ ਮੈਨੂੰ ਕਹਿਣ ਲੱਗਾ, ‘‘ਸੁਣਿਐ, ਮੁੰਡਿਆ ਬਾਹਰ ਜਾ ਰਹੇ ਹੋ। ਸਾਡੇ ਪਿੰਡੋਂ ’ਗਲੈਂਡ, ’ਮਰੀਕਾ ਤੇ ’ਕਨੇਡਾ ਨੂੰ ਤਾਂ ਬਥੇਰੇ ਗਏ। ਪਹਿਲਾਂ ਕਿਸੇ ਵੇਲੇ ਨਰੋਬੀ, ਮਲਾਇਆ ਤੇ ਸਿੰਗਾਪੁਰ ਨੂੰ ਤਾਂ ਕਈ ਜਾਇਆ ਕਰਦੇ ਹੀ ਸਨ। ਫਿਰ ਲੋਕ ਦੁਬਈ, ਮਾਸਕਟ ਜਿਹੇ ਛੋਟੇ ਦੇਸ਼ਾਂ ਨੂੰ ਜਾਣ ਲੱਗ ਪਏ। ਤੈਨੂੰ ਪਤਾ ਏ ਹੁਣ ਵੀ ਮਾਰਖੁੰਢਿਆਂ ਦਾ ਗੇਲਾ, ਭੈਂਗਿਆਂ ਕਾ ਚੈਨੀ, ਮਹੰਤਾਂ ਕਾ ਜੈਲਾ, ਪੱਕੇ ਆਲਿਆਂ ਕਾ ਸੋਖੀ ਤੇ ਕੁੜੀਮਾਰਾਂ ਕਾ ਜਗੀਰੀ ਸਾਰੇ ਡੁੱਬਈ ਵਿੱਚ ਹੀ ਨੇ। ਆਹ ਨਵਾਂ ਸਿਡਣੀ ਕਿਹੜਾ ਮੁਲਕ ਹੋਇਆ ਜਿੱਥੇ ਤੂੰ ਜਾ ਰਿਹੈਂ? ਮੈਂ ਤਾਂ ਨਾਂ ਵੀ ਪਹਿਲੀ ਵਾਰ ਹੀ ਸੁਣਿਆ ਏ। ਤੇਰੇ ਚਾਚੇ ਨੇ ਮੈਨੂੰ ਵਾਰ ਵਾਰ ਇਸ ਦੇਸ ਦਾ ਨਾਂ ਦੱਸਿਆ, ਤਾਂ ਕਿਤੇ ਮਾੜਾ ਮੋਟਾ ਮਿਰੇ ਮੂੰਹ ਚੜ੍ਹਿਆ ਏ।’’

‘‘ਭਾਈਆ, ਸਿਡਨੀ ਦੇਸ਼ ਨਹੀਂ ਏ। ਇਹ ਸ਼ਹਿਰ ਏ। ਇਹ ਆਸਟਰੇਲੀਆ ਦੇਸ਼ ਦਾ ਸ਼ਹਿਰ ਏ। ਹੁਣ ਇੱਧਰ ਨੂੰ ਵੀ ਲੋਕ ਬਹੁਤ ਜਾਣ ਲੱਗ ਪਏ ਨੇ, ਬਲਕਿ ਇੱਧਰ ਨੂੰ ਜਾਣਾ ਜ਼ਿਆਦਾ ਔਖਾ ਏ ਕਿਉਂਕਿ ਇੱਧਰ ਦਾ ਕਾਨੂੰਨ ਬੜਾ ਸਖ਼ਤ ਏ ਤੇ ਇੱਧਰ ਨੂੰ ਜਾਣ ਲਈ ਅੰਗਰੇਜ਼ੀ ਵੱਧ ਆਉਣੀ ਚਾਹੀਦੀ ਏ। ਤੁਹਾਡੇ ਮੂੰਹ ’ਤੇ ਸਿਰਫ਼ ਉਹੀ ਦੇਸ ਚੜ੍ਹੇ ਹੋਏ ਨੇ ਜਿਨ੍ਹਾਂ ਵੱਲ ਨੂੰ ਲੋਕ ਲੰਬੇ ਸਮੇਂ ਤੋਂ ਜਾ ਰਹੇ ਹਨ। ਆਸਟਰੇਲੀਆ ਦਾ ਨਾਮ ਥੋੜ੍ਹੇ ਲੋਕ ਜਾਣਦੇ ਹਨ, ਭਾਈਆ।’’

‘‘ਆਸ਼ਟੇਲੀਆ? ਆਸ਼ਟੇਲੀਆ? ਇਹ ਤਾਂ ਜੁਆਨ ਅਸੀਂ ਕਦੇ ਸੁਣਿਆ ਹੀ ਨਹੀਂ। ’ਮਰੀਕਾ, ’ਕਨੇਡਾ ਨੂੰ ਛੱਡ ਕੇ ਆਸ਼ਟੇਲੀਆ ਨੂੰ ਜਾਣ ਦਾ ਕੀ ਫਾਇਦਾ? ਪੈਸਾ ਤਾਂ ਲੋਕ ’ਮਰੀਕਾ, ’ਕਨੇਡਾ ਤੋਂ ਕਮਾਉਂਦੇ ਨੇ। ਕਾਕਾ, ਤੂੰ ਕਿਹੜਾ ਰਾਹ ਲੱਭ ਲਿਆ? ਛਾਣ ਬੀਣ ਵੀ ਕਰ ਲੈਣੀ ਸੀ। ਐਵੇਂ ਨਾ ਲੁੱਟਿਆ ਜਾਈਂ। ਅਜੰਟ ਲੋਕਾਂ ਨੂੰ ਲੁੱਟਦੇ ਵੀ ਆਏ ਨੇ, ਮਰਵਾ ਵੀ ਦਿੰਦੇ ਨੇ। ਆਹ ਆਪਣੇ ਨਾਲ ਦੇ ਪਿੰਡ ਝੋਣੋਵਾਲ ਮੁਖਤਿਆਰਾ 15 ਲੱਖ ਵਿੱਚ ਲੁੱਟਿਆ ਗਿਐ। ਅਜੰਟ ਕਹਿੰਦਾ ਮਸੀਕੋ ਕੱਢ ਦਿੰਦੇ ਆਂ। ਅਖੇ ਨਾਲ ਹੀ ’ਮਰੀਕਾ ਪੈਂਦਾ ਏ। ਜਿਹੜਾ ਮਸੀਕੋ ਚਲਾ ਗਿਐ ਉਹਨੂੰ ’ਮਰੀਕਾ ਵਿੱਚ ਜਾਣਾ ਬੜਾ ਸੌਖਾ ਏ। ਅਜੰਟ ਨੇ ਐਸਾ ਜਹਾਜ਼ ਚਾੜ੍ਹਿਆ ਮੁੜਕੇ ਮਹੀਨੇ ਕੁ ਬਾਅਦ ਵਾਪਸ ਆ ਗਿਐ। ਜੇਬਾਂ ਖਾਲੀ। ਸ਼ਕਲ ਦੇਖਣ ਆਲੀ ਸੀ, ਮੁੰਡਿਆ। ਛਿੱਲਿਓ ਆਲੂ ਅਰਗਾ ਮੂੰਹ। ਭਾਰ ਘੱਟ ਕੇ ਮਸਾਂ 60 ਕਿੱਲੋ। ਜਦ ਗਿਆ ਸੀ ਤਾਂ ਪੂਰਾ ਕੁਅੰਟਲ ਦਾ ਸੀ। ਮੂੰਹ ਵੀ ਗਦ ਗਦ ਕਰਦਾ ਸੀ। ਕਾਕਾ, ਮੈਂ ਤਾਂ ਸੁਣਿਐ, ਤੂੰ ਨਾਲ ਟੱਬਰ ਲੈ ਕੇ ਵੀ ਜਾ ਰਿਹਾ ਏਂ। ਕੁਛ ਹੋਸ਼ ਕਰ! ਘਰਵਾਲੀ ਤੇ ਦੋਹਾਂ ਜੁਆਕਾਂ ਨੂੰ ਛੱਡ ਜਾਹ। ਪਹਿਲਾਂ ’ਕੱਲਾ ਜਾਹ। ਇਨ੍ਹਾਂ ਨੂੰ ਬਾਅਦ ਵਿੱਚ ਸੱਦ ਲਵੀਂ। ਉਸ ਨਵੇਂ ਦੇਸ਼ ਵਿੱਚ ਤਾਂ ਤੈਨੂੰ ਆਪਣੇ ਗਰਾਂ ਦਾ ਵੀ ਕੋਈ ਨਹੀਂ ਮਿਲਣਾ। ਗਰਾਂ ਛੱਡ, ਤੈਨੂੰ ਇਲਾਕੇ ਦਾ ਵੀ ਕੋਈ ਨਹੀਂ ਲੱਭਣਾ। ਮੈਂ ਤਾਂ ਕੋਈ ਨਾਲ ਦੇ ਪਿੰਡਾਂ ਦਾ ਵੀ ਆਸ਼ਟੇਲੀਆ ਗਿਆ ਨਹੀਂ ਸੁਣਿਐਂ।’’

ਭਾਈਏ ਨੇ ਆਪਣੀ ਸਮਝ ਤੇ ਸੋਝੀ ਮੁਤਾਬਕ ਮੈਨੂੰ ਬਥੇਰਾ ਸਮਝਾਇਆ, ਪਰ ਮੈਨੂੰ ਪਤਾ ਸੀ ਕਿ ਮੈਂ ਪੱਕੇ ਪੈਰੀਂ ਕਾਨੂੰਨ ਮੁਤਾਬਕ ਜਾ ਰਿਹਾ ਸੀ। ਮੈਂ ਕਿਹਾ, ‘‘ਪਿੰਡਾਂ ਦੇ ਅਨਪੜ੍ਹ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕਾਨੂੰਨ ਮੁਤਾਬਕ ਜਾਣਾ ਕੀ ਹੁੰਦਾ ਏ। ਉੱਥੇ ਤਾਂ ਅਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਸਾਂ – ਏਜੰਟਾਂ ਨੂੰ 6 ਲੱਖ ਦੇ ਦਿੱਤੇ, ਉਹਨੇ, ਉਸ ਨੂੰ ਬਾਹਰ ਕੱਢ ਤਾ ਜਾਂ ਕੋਈ ਵਿਆਹ ਦੇ ਆਧਾਰ ’ਤੇ ਚਲਾ ਗਿਐ। ਮੈਂ ਕਾਨੂੰਨ ਮੁਤਾਬਕ ਜਾ ਰਿਹਾ ਸਾਂ। ਮੈਂ ਆਸਟਰੇਲੀਆ ਦੇ ਭੂਗੋਲ, ਇਤਿਹਾਸ ਅਤੇ ਸਮਾਜ ਬਾਰੇ ਵੀ ਥੋੜ੍ਹਾ ਜਿਹਾ ਜਾਣਦਾ ਸਾਂ। ਭਾਵੇਂ ਓਦੋਂ ਗੂਗਲ ਅਜੇ ਖਾਸ ਪ੍ਰਚੱਲਿਤ ਨਹੀਂ ਸੀ, ਪਰ ਮੈਨੂੰ ਗਿਆਨ ਮੇਰੀ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਵਿੱਚ ਇੱਕ ਲੇਖ ‘ਦੁੱਧ ਘਿਓ ਦਾ ਦੇਸ ਆਸਟਰੇਲੀਆ’ ਤੋਂ ਇਸ ਦੇਸ਼ ਬਾਰੇ ਕਾਫ਼ੀ ਹੋ ਗਿਆ ਸੀ। ਦੱਸਿਆ ਹੋਇਆ ਸੀ ਕਿ ਇਹ ਦੇਸ਼ ਜੇਮਜ਼ ਕੁੱਕ ਨੇ 1770 ਵਿੱਚ ਲੱਭਿਆ ਸੀ। ਇਸ ਦੇਸ਼ ਜਾਂ ਧਰਤੀ ’ਤੇ ਉਸ ਸਮੇਂ ਤੱਕ ਕਿਸੇ ਹੋਰ ਦੇਸ਼ ਦਾ ਕਬਜ਼ਾ ਨਹੀਂ ਸੀ। ਇਸ ਪ੍ਰਕਾਰ ਇਸ ’ਤੇ ਇੰਗਲੈਂਡ ਦਾ ਕਬਜ਼ਾ ਹੋ ਗਿਆ ਕਿਉਂਕਿ ਕੁੱਕ ਆਪ ਇੰਗਲੈਂਡ ਦਾ ਸੀ। ਫਿਰ ਇੰਗਲੈਂਡ ਨੇ ਇੱਥੇ ਅਪਰਾਧੀ ਭੇਜਣੇ ਸ਼ੁਰੂ ਕਰ ਦਿੱਤੇ। ਅਪਰਾਧੀਆਂ ਦਾ ਪਹਿਲਾ ਜਹਾਜ਼ 1788 ਵਿੱਚ ਆਇਆ ਸੀ। ਇਨ੍ਹਾਂ ਗੋਰੇ ਅਪਰਾਧੀਆਂ ਦੀਆਂ ਇੱਥੋਂ ਦੇ ਆਦਿਵਾਸੀਆਂ ਨਾਲ ਲੜਾਈਆਂ ਹੁੰਦੀਆਂ ਰਹੀਆਂ। ਅਪਰਾਧੀ ਹੋਰ ਆਈ ਗਏ ਤੇ ਲੱਖਾਂ ਵਿੱਚ ਹੋ ਗਏ। ਗੋਰਿਆਂ ਨੇ ਬਹੁਤ ਸਾਰੇ ਆਦਿਵਾਸੀ ਮਾਰ ਦਿੱਤੇ। 1851 ਵਿੱਚ ਇੱਥੇ ਸੋਨੇ ਦੀਆਂ ਖਾਨਾਂ ਲੱਭੀਆਂ। ਇਨ੍ਹਾਂ ਵਿੱਚ ਕੰਮ ਕਰਨ ਲਈ ਚੀਨਿਆਂ ਨੇ ਇੱਧਰ ਨੂੰ ਵਹੀਰਾਂ ਘੱਤ ਲਈਆਂ। ਇਸੀ ਪ੍ਰਕਾਰ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਇੱਧਰ ਨੂੰ ਬਹੁਤ ਸਾਰੇ ਆਈਲੈਂਡ ਦੇ ਲੋਕ ਆਏ। 1900 ਵਿੱਚ ਇਹ ਦੇਸ਼, ਫੈਡਰੇਸ਼ਨ ਬਣ ਗਿਆ। ਗੋਰੇ ਕਾਮਿਆਂ, ਚੀਨਿਆ ਅਤੇ ਆਈਲੈਂਡਰ ਕਾਮਿਆਂ ਵਿੱਚ ਕੰਮ ਦੇ ਘੰਟਿਆਂ ਸਬੰਧੀ ਝਗੜੇ ਸ਼ੁਰੂ ਹੋ ਗਏ। ਪਰਵਾਸੀ ਜ਼ਿਆਦਾ ਕੰਮ ਕਰਦੇ ਸਨ ਤੇ ਗੋਰੇ ਘੱਟ। ਗੋਰੇ ਇਹ ਸ਼ਿਕਾਇਤ ਕਰਨ ਲੱਗੇ ਕਿ ਉਨ੍ਹਾਂ ਦਾ ਸਾਰਾ ਕੰਮ ਚੀਨੇ ਅਤੇ ਆਈਲੈਂਡਰ ਖੋਹੀ ਜਾ ਰਹੇ ਹਨ। ਇਸ ਲਈ ਪਰਵਾਸੀਆਂ ਦੇ ਆਸਟਰੇਲੀਆ ਆਉਣ ’ਤੇ ਪਾਬੰਦੀ ਲਗਾਈ ਜਾਵੇ। ਜਦੋਂ ਗੋਰੇ ਕਾਮਿਆਂ ਨੇ ਗੋਰੇ ਪਹਿਲੇ ਪ੍ਰਧਾਨ ਮੰਤਰੀ ਐਡਮੰਡ ਬਾਰਟਨ ਤੱਕ ਇਸ ਸਬੰਧ ਵਿੱਚ ਪਹੁੰਚ ਕੀਤੀ ਤਾਂ ਪ੍ਰਧਾਨ ਮੰਤਰੀ ਨੇ ਵ੍ਹਾਈਟ ਆਸਟਰੇਲੀਆ ਪਾਲਿਸੀ (White Australia Policy) ਲਾਗੂ ਕਰ ਦਿੱਤੀ। ਜਿਸ ਮੁਤਾਬਿਕ ਬਾਹਰੋਂ ਸਿਰਫ਼ ਗੋਰੇ ਹੀ ਆਸਟਰੇਲੀਆ ਵਿੱਚ ਆ ਸਕਦੇ ਸਨ, ਹੋਰ ਕੋਈ ਨਹੀਂ। ਕੁਝ ਸਾਲਾਂ ਵਿੱਚ ਇਹ ਪਾਲਿਸੀ ਵੀ ਅਸਫਲ ਹੋ ਗਈ ਕਿਉਂਕਿ ਦੇਸ਼ ਨੂੰ ਬਹੁਤ ਕਾਮਿਆਂ ਦੀ ਜ਼ਰੂਰਤ ਸੀ। ਆਖਰ 1972 ਵਿੱਚ ਇਹ ਪਾਲਿਸੀ ਸਰਕਾਰ ਨੂੰ ਰੱਦ ਕਰਨੀ ਪਈ। ਫਿਰ ਇਹ ਦੇਸ਼ ਯੋਗਤਾ ਦੇ ਆਧਾਰ ’ਤੇ ਹਰੇਕ ਲਈ ਖੋੋਲ੍ਹ ਦਿੱਤਾ ਗਿਆ।’’ ਮੈਂ ਕਿੰਨਾਂ ਕੁੱਝ ਬੋਲੀ ਗਿਆ ਤੇ ਭਾਈਆ ਮੇਰੇ ਵੱਲ ਝਾਕਦਾ ਰਿਹਾ।

ਮੈਂ ਇਹ ਸਭ ਕੁਝ ਪੜ੍ਹਿਆ ਹੋਇਆ ਸੀ, ਪਰ ਪੰਜਾਬ ਦੇ ਅਨਪੜ੍ਹ ਤੇ ਅਰਧ ਪੜ੍ਹੇ ਲਿਖੇ ਲੋਕਾਂ ਲਈ ਇਹ ਦੇਸ਼ ਇੱਕ ਅਣਜਾਣ ਦੇਸ਼ ਸੀ। ਜਦੋਂ ਮੈਂ ਇਸ ਦੇਸ਼ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇੱਥੇ ਤਾਂ ਪੰਜਾਬੀ ਕਾਫ਼ੀ ਆ ਚੁੱਕੇ ਸਨ ਤੇ ਦੁਨੀਆ ਦੇ ਹਰ ਦੇਸ਼ ਵਿੱਚੋਂ ਇੱਧਰ ਨੂੰ ਆਉਣ ਲਈ ਲੋਕ ਕਾਹਲੇ ਸਨ। ਮੈਂ ਇੱਧਰ ਆ ਕੇ ਰੇਲਵੇ ਵਿਭਾਗ ਵਿੱਚ ਕੰਮ ’ਤੇ ਲੱਗ ਗਿਆ। ਇੱਥੇ ਕੰਮ ਕਰਦਿਆਂ ਸਾਡਾ ਵਾਹ ਦੁਨੀਆ ਦੇ ਹੋਰ ਦੇਸ਼ਾਂ ਦੇ ਲੋਕਾਂ ਨਾਲ ਅਕਸਰ ਪੈਂਦਾ ਰਹਿੰਦਾ ਸੀ। ਰੇਲ ਦਾ ਇੱਕ ਡਰਾਈਵਰ ਜੇਮਜ਼ ਮੇਰਾ ਵਾਕਿਫ਼ ਹੋ ਗਿਆ। ਉਹ ਦਿਹਾਤੀ ਲੰਬੇ ਰੂਟ ਦੀ ਗੱਡੀ ਦਾ ਡਰਾਈਵਰ ਸੀ। ਅਸੀਂ ਅਕਸਰ ਇਕੱਠੇ ਸਟੇਸ਼ਨ ਤੋਂ ਬਾਹਰ ਆਇਆ ਕਰਦੇ ਸਾਂ। ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਸੀ।

‘‘ਜੇਮਜ਼, ਕਿੰਨੀ ਨੌਕਰੀ ਹੋ ਗਈ?’’ ਮੈਂ ਅੰਗਰੇਜ਼ੀ ਵਿੱਚ ਪੁੱਛਿਆ।

‘‘ਬਸ! ਅਗਲੇ ਸਾਲ ਰਿਟਾਇਰ ਹੋ ਜਾਵਾਂਗਾ।’’

‘‘ਕਿੰਨੀ ਉਮਰ ਹੋ ਗਈ?’’

‘‘ਅਗਲੇ ਸਾਲ 60 ਦਾ ਹੋ ਜਾਵਾਂਗਾ।’’

‘‘ਲੋਕ ਤਾਂ ਇਸ ਦੇਸ਼ ਵਿੱਚ 70-80 ਸਾਲ ਦੀ ਉਮਰ ਤੱਕ ਨੌਕਰੀ ਕਰਦੇ ਰਹਿੰਦੇ ਹਨ ਕਿਉਂਕਿ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਵੀ ਜਾਬ ਕਰਨ ਦੀ ਆਗਿਆ ਏ। ਤੁਸੀਂ ਬੜੀ ਜਲਦੀ ਸੇਵਾ ਮੁਕਤੀ ਲੈ ਰਹੇ ਹੋ?’’

‘‘ਮੈਂ 18 ਸਾਲ ਦਾ ਰੇਲਵੇ ਵਿੱਚ ਭਰਤੀ ਹੋਇਆ ਸਾਂ। ਹੁਣ ਤੱਕ ਬਥੇਰੀ ਕਮਾਈ ਕਰ ਲਈ ਤੇ ਬਥੇਰਾ ਕੰਮ ਕਰ ਲਿਆ। ਹੋਰ ਹੁਣ ਲੋੜ ਨਹੀਂ। ਹੁਣ ਆਰਾਮ ਕਰਨਾ ਚਾਹੀਦਾ ਏ। ਕਲੱਬ ਜਾਓ। ਖਾਓ ਪੀਓ। ਗੱਲਾਂ ਬਾਤਾਂ ਮਾਰੋ। ਇਨਡੋਰ ਖੇਡਾਂ ਖੇਡੋ। ਫਿਲਮਾਂ ਦੇਖੋ। ਬਸ ਘਰ ਜਾਓ ਤੇ ਸੌਂ ਜਾਓ। ਪਹਿਲਾਂ ਇੰਗਲੈਂਡ ਤੋਂ ਇੱਥੇ ਨੂੰ 10 ਸਾਲ ਦੀ ਉਮਰ ਵਿੱਚ ਆਇਆ ਸਾਂ।’’

‘‘ਉੱਥੋਂ ਕਿਉਂ ਆਏ?’’

‘‘ਮਾੜੇ ਮੌਸਮ ਤੇ ਮਾੜੀ ਇਕਾਨੌਮੀ ਦੇ ਦੁਖੋਂ।’’

‘‘ਪੰਜਾਬ ਵਿੱਚ ਤਾਂ ਲੋਕ ਇੰਗਲੈਂਡ ਨੂੰ ਸਵਰਗ ਦੇ ਬਰਾਬਰ ਸਮਝਦੇ ਹਨ। ਤੁਸੀਂ ਉਸ ਨੂੰ ਮਾੜਾ ਦੇਸ਼ ਕਹਿੰਦੇ ਹੋ?’’

‘‘ਮੌਸਮ ਬਹੁਤ ਮਾੜਾ ਏ। ਗਿੱਜਾ ਗਿੱਜਾ! ਧੁੱਪ ਤਾਂ ਚੱਜ ਨਾਲ ਚੜ੍ਹਦੀ ਹੀ ਨਹੀਂ। ਕੰਮ ਕਾਰ ਵੀ ਘਟ ਰਹੇ ਹਨ। ਆਬਾਦੀ ਕਾਫ਼ੀ ਵਧ ਗਈ ਏ। ਦੇਸ਼ ਬਹੁਤ ਛੋਟਾ ਏ। ਆਸਟਰੇਲੀਆ ਤਾਂ ਉੱਥੇ ਨਾਲੋਂ ਸੌ ਗੁਣਾ ਚੰਗਾ ਹੈ।’’

‘‘ਤੁਸੀਂ ਅਮਰੀਕਾ ਵੱਲ ਕਿਉਂ ਨਹੀਂ ਗਏ? ਉਹ ਤਾਂ ਦੁਨੀਆ ਦਾ ਸਭ ਤੋਂ ਵੱਧ ਅਮੀਰ ਦੇਸ਼ ਏ?’’

‘‘ਮਿਸਟਰ ਸਿੰਘ, ਇਹ ਤੁਹਾਡਾ ਭੁਲੇਖਾ ਏ। ਅਮਰੀਕਾ ਬਹੁਤ ਮਹਿੰਗਾ ਏ। ਆਬਾਦੀ 30 ਕਰੋੜ ਤੋਂ ਉੱਤੇ ਏ। ਅਪਰਾਧ ਕਿਤੇ ਜ਼ਿਆਦਾ ਏ। ਤਲਾਕ ਅੰਤਾਂ ਦਾ ਏ। ਅੱਧੀ ਦੁਨੀਆ ਅਮਰੀਕਾ ਦੀ ਦੁਸ਼ਮਣ ਏ। ਨਸਲਵਾਦ ਵੀ ਕਾਫ਼ੀ ਏ। ਇਸ ਵੇਲੇ ਆਸਟਰੇਲੀਆ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਏ।’’

‘‘ਕੈਨੇਡਾ ਬਾਰੇ ਕੁਝ?’’

‘‘ਕੈਨੇਡਾ ਨੂੰ ਦੂਜੇ ਨੰਬਰ ’ਤੇ ਕਹਿ ਸਕਦੇ ਹਾਂ। ਤੂੰ ਸੋਚ ਉੱਥੇ 3-3 ਮਹੀਨੇ ਤਾਂ ਬਰਫ਼ ਪਈ ਰਹਿੰਦੀ ਏ। ਕੰਮ ਕਿੱਤੇ ਬੰਦ ਹੋ ਜਾਂਦੇ ਹਨ। ਕੰਮ ਦਾ ਘੰਟਿਆਂ ਦਾ ਰੇਟ ਕਾਫ਼ੀ ਘੱਟ ਏ। ਡਾਲਰ ਭਾਵੇਂ ਥੋੜ੍ਹਾ ਵੱਡਾ ਏ, ਪਰ ਘੰਟੇ ਦੇ ਮਿਲਦੇ ਕਾਫ਼ੀ ਘੱਟ ਹਨ।’’

ਜੇਮਜ਼ ਦੀਆਂ ਗੱਲਾਂ ਤੋਂ ਮੈਨੂੰ ਪਿੰਡ ਵਾਲਾ ਭਾਈਆ ਮੁਣਸ਼ਾ ਸਿੰਘ ਯਾਦ ਆ ਗਿਆ। ਉਹਨੂੰ ਆਸਟਰੇਲੀਆ ਜਾਣਾ ਉਲਟ ਪਾਸੇ ਨੂੰ ਜਾਣਾ ਲੱਗ ਰਿਹਾ ਸੀ ਤੇ ਜੇਮਜ਼ ਨੂੰ ਇੰਗਲੈਂਡ ਤੋਂ ਅਮਰੀਕਾ ਵੱਲ ਨੂੰ ਜਾਣਾ ਉਲਟੇ ਬਾਂਸ ਬਰੇਲੀ ਨੂੰ ਲੱਗ ਰਿਹਾ ਸੀ।

‘‘ਕੀ ਤੁਹਾਡਾ ਪਰਿਵਾਰ ਪੂਰੀ ਤਰ੍ਹਾਂ ਸੈੱਟ ਹੋ ਚੁੱਕਾ ਏ?’’ ਮੈਂ ਜੇਮਜ਼ ਨੂੰ ਅਗਲਾ ਸਵਾਲ ਪੁੱਛਿਆ।

‘‘ਪਰਿਵਾਰ? ਪਰਿਵਾਰ ਤਾਂ ਮੇਰਾ ਹੈ ਹੀ ਨਹੀਂ।’’ ਉਹ ਬੋਲਿਆ।

‘‘ਤੁਹਾਡਾ ਵਿਆਹ ਨਹੀਂ ਹੋਇਆ?’’

‘‘ਨੋ, ਨਾਟ ਐਟ ਆਲ।’’

‘‘ਕਿਉਂ?’’

‘‘ਆਈ ਕੈਨ ਨਾਟ ਅਫੋਰਡ ਮੈਰਿਜ (ਮੈਂ ਸ਼ਾਦੀ ਦਾ ਭਾਰ ਨਹੀਂ ਝੱਲ ਸਕਦਾ)।’’

‘‘ਤੁਹਾਡੀ ਚੰਗੀ ਭਲੀ ਨੌਕਰੀ ਸੀ। ਅਗਰ ਤੁਹਾਡੀ ਪਤਨੀ ਹੁੰਦੀ ਉਹ ਵੀ ਨੌਕਰੀ ਕਰਦੀ ਹੋਣੀ ਸੀ। ਤੁਸੀਂ ਆਰਾਮ ਨਾਲ ਗੁਜ਼ਾਰਾ ਕਰ ਸਕਦੇ ਸੀ।’’

‘‘ਨਹੀਂ, ਮੈਂ ਵਾਈਫ ਅਫੋਰਡ ਨਹੀਂ ਕਰ ਸਕਦਾ। ਮੇਰੇ ਜਿਹੇ ਇੱਥੇ ਹੋਰ ਵੀ ਬਥੇਰੇ ਹਨ। ਮੇਰੇ ਗੁਆਂਢ ਵਿੱਚ ਫਿਲਿਪ ਰਹਿੰਦਾ ਏ। ਉਹ ਵੂਲਵਰਥ ਸਟੋਰ (Woolworth) ਵਿੱਚ ਸੁਪਰਵਾਈਜ਼ਰ ਏ। ਉਹ 25 ਕੁ ਸਾਲ ਦੀ ਉਮਰ ਵਿੱਚ ਕੈਲੀਫੋਰਨੀਆ ਤੋਂ ਇੱਥੇ ਸਿਡਨੀ ਆ ਗਿਆ ਸੀ। ਹੁਣ ਉਹਦੀ ਉਮਰ 58 ਸਾਲ ਏ। ਉਹਨੇ ਵੀ ਸ਼ਾਦੀ ਨਹੀਂ ਕਰਾਈ। ਜਦੋਂ ਉਸ ਨੂੰ ਪੁੱਛੀਦਾ ਏ ਕਿ ਉਹ ਅਮਰੀਕਾ ਤੋਂ ਸਿਡਨੀ ਕਿਉਂ ਆਇਆ ਤਾਂ ਉਹ ਵੀ ਇਹੀ ਕਹਿੰਦਾ ਏ ਕਿ ਅਮਰੀਕਾ ਮਹਿੰਗਾ ਬਹੁਤ ਏ। ਵਿਆਹ ਬਾਰੇ ਵੀ ਉਹ ਇਹੀ ਕਹਿੰਦਾ ਏ ਕਿ ਇਸਤਰੀ ਬਹੁਤ ਮਹਿੰਗੀ ਪੈਂਦੀ ਏ। ਮੇਰਾ ਤਾਂ ਆਪਣਾ ਮਕਾਨ ਏ। ਉਸ ਦਾ ਤਾਂ ਆਪਣਾ ਮਕਾਨ ਵੀ ਨਹੀਂ ਏ। ਬਹੁਤ ਸਾਲਾਂ ਤੋਂ ਕਿਰਾਏ ’ਤੇ ਹੀ ਰਹਿੰਦਾ ਆ ਰਿਹਾ ਏ। ਕੈਸੀਨੋ ਅਕਸਰ ਜਾਂਦਾ ਏ। ਸ਼ਰਾਬ ਅਕਸਰ ਪੀਂਦਾ ਏ। ਜੂਆ ਵੀ ਖੇਡਦਾ ਏ। ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਏ। ਟੈਕਸੀ ’ਤੇ ਆਮ ਸਫ਼ਰ ਕਰਦਾ ਏ।’’

‘‘ਜੇਮਜ਼, ਤੁਹਾਡੇ ਤੇ ਉਸ ਦੇ ਜੀਵਨ ’ਤੇ ਮੈਨੂੰ ਸੱਚਮੁੱਚ ਹੈਰਾਨੀ ਹੁੰਦੀ ਏ। ਤੁਸੀਂ ਚੰਗੇ ਕਮਾਉਂਦੇ ਹੋਏ ਵੀ ਵਿਆਹ ਨਹੀਂ ਕਰਵਾਇਆ। ਗਰੀਬ ਗੋਰਿਆਂ ਤੇ ਆਦਿਵਾਸੀਆਂ ਦਾ ਕੀ ਹਾਲ ਹੋਊ?’’

‘‘ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਸਭ ਦੁਨਿਆਵੀ ਕੰਮ ਕਰਦੇ ਹਨ। ਘੱਟ ਆਮਦਨ ਜਾਂ ਨਾ ਆਮਦਨ ਹੁੰਦੇ ਹੋਏ ਵੀ ਵਿਆਹ ਕਰਵਾਉਂਦੇ ਹਨ। ਸਰਕਾਰ ਬੱਚਿਆਂ ਦੇ ਪੈਸੇ ਦਿੰਦੀ ਏ। ਮੇਰਾ ਇੱਕ ਗੁਆਂਢੀ ਟੌਂਗਾ ਏ। ਉਸ ਦੇ 10 ਬੱਚੇ ਹਨ। ਸਰਕਾਰ ਬੱਚਿਆਂ ਦੇ ਇੰਨੇ ਪੈਸੇ ਦੇ ਦਿੰਦੀ ਹੈ ਕਿ ਉਹਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ। ਵਿਹਲਾ ਰਹਿੰਦਾ ਹੈ। ਇਵੇਂ ਕਈ ਹੋਰ ਹਨ ਜਿਹੜੇ ਪਤਾ ਨਹੀਂ ਕੀ ਧੰਦੇ ਕਰਦੇ ਹਨ।’’

‘‘ਜੇਮਜ਼, ਸੱਭਿਅਤਾ ਉਲਟ ਪਾਸੇ ਨੂੰ ਜਾ ਰਹੀ ਏ। ਮੈਂ ਹੈਰਾਨ ਹਾਂ।’’

‘‘ਜੋ ਹੈ ਉਹ ਤਾਂ ਹੈ ਹੀ। ਉਲਟਾ ਪੁਲਟਾ ਚੱਲੀ ਹੀ ਜਾ ਰਿਹਾ ਏ।’’News Source link
#ਉਲਟ #ਬਸ #ਬਰਲ #ਨ

- Advertisement -

More articles

- Advertisement -

Latest article