44.9 C
Patiāla
Wednesday, May 22, 2024

ਪਰਵਾਸ ਦੇ ਨਾਜਾਇਜ਼ ਸਫ਼ਰ ਦੀ ਡਰਾਉਣੀ ਦਾਸਤਾਨ

Must read


ਭੁਪਿੰਦਰਵੀਰ ਸਿੰਘ

ਕੁਝ ਸਮਾਂ ਪਹਿਲਾਂ ਅਮਰੀਕਾ ਦੇ ਸਾਂ ਐਟੋਨੀਓ ਵਿੱਚ ਦੁਰੇਡੇ ਰੋਡ ’ਤੇ ਮਿਲੇ ਲਾਵਾਰਸ ਟਰਾਲੇ ਰਾਹੀਂ ਨਾਜਾਇਜ਼ ਤੌਰ ’ਤੇ ਮੈਕਸੀਕੋ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ 50 ਇਨਸਾਨਾਂ ਦੀ ਗਰਮੀ, ਭੁੱਖ ਅਤੇ ਪਿਆਸ ਅਤੇ ਬਿਮਾਰੀ ਦੀ ਹਾਲਤ ਵਿੱਚ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ। ਇਹ ਘਟਨਾ ਰੂਹ ਨੂੰ ਹਿਲਾ ਦੇਣ ਵਾਲੀ ਹੈ। ਇਹ ਸਾਰੇ ਹੀ ਵੱਖਰੇ ਵੱਖਰੇ ਦੇਸ਼ਾਂ ਦੇ ਲੋਕ ਸਨ ਜੋ ਕਿ ਡੌਂਕੀ ਲਾ ਕੇ ਨਾਜਾਇਜ਼ ਤੌਰ ’ਤੇ ਆਪਣੇ ਘਰਾਂ ਤੋਂ ਬੱਚਿਆਂ ਨਾਲ ਅਮਰੀਕਾ ਦੇ ਸਫ਼ਰ ’ਤੇ ਨਿਕਲੇ ਸਨ, ਪਰ ਇੱਕ ਗ਼ਲਤ ਫੈਸਲੇ ਕਾਰਨ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਡੌਂਕੀ ਰਾਹੀਂ ਲੋਕਾਂ ਦੀ ਜਾਨ ਗਈ ਹੋਵੇ। ਪਿਛਲੇ ਸਮੇਂ ਤੋਂ ਹੁਣ ਤੱਕ ਹਜ਼ਾਰਾਂ ਹੀ ਜਾਨਾਂ ਇਸ ਨਾਜਾਇਜ਼ ਸਫ਼ਰ ਜਾਂ ਡੌਂਕੀ ਨੇ ਲੈ ਲਈਆਂ ਹਨ ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਲ ਹਨ।

ਇਹ ਵਿਸ਼ਾ ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਤੂਲ ਫੜ ਰਿਹਾ ਹੈ ਕਿਉਂਕਿ ਸਾਡਾ ਦੇਸ਼ ਜਨਸੰਖਿਆ ਵਿੱਚ ਤਾਂ ਸਿਖਰ ’ਤੇ ਪੁੱਜਿਆ ਹੈ, ਪਰ ਰੁਜ਼ਗਾਰ ਦੇ ਮਾਮਲੇ ਵਿੱਚ ਅਸੀਂ ਆਪਣੇ ਤੋਂ ਅੱਧੀ ਜਨਸੰਖਿਆ ਵਾਲੇ ਮੁਲਕਾਂ ਤੋਂ ਵੀ ਅਜੇ ਦਹਾਕਾ ਪਿੱਛੇ ਚੱਲ ਰਹੇ ਹਾਂ। ਰੁਜ਼ਗਾਰ ਦੀ ਭਾਲ ਵਿੱਚ ਅੱਜ ਵੀ ਪੂਰੇ ਭਾਰਤ ਵਿੱਚੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਉਡਾਰੀ ਮਾਰਦੇ ਹਨ। ਸਾਡੀ ਜ਼ਿੰਦਗੀ ਵਿੱਚ ਦੋ ਹੀ ਪੜਾਅ ਆਉਂਦੇ ਹਨ ਦੁਖ ਅਤੇ ਸੁਖ। ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਦੀ ਚੋਣ ਕਰਨੀ ਹੈ। ਜ਼ਿਆਦਾਤਰ ਨੌਜਵਾਨ ਗਰੀਬ ਜਾਂ ਅਮੀਰ ਪੜ੍ਹਨ ਤੋਂ ਬਾਅਦ ਸੁਨਹਿਰੇ ਤੇ ਸੁਖਦ ਭਵਿੱਖ ਲਈ ਸਿੱਖਿਆ ਅਨੁਸਾਰ ਰੁਜ਼ਗਾਰ ਲੋਚਦੇ ਹਨ, ਪਰ ਆਜ਼ਾਦੀ ਤੋਂ ਬਾਅਦ ਰੁਜ਼ਗਾਰ ਦਾ ਮਸਲਾ ਕਿਸੇ ਵੀ ਸਰਕਾਰ ਕੋਲੋਂ ਹੱਲ ਨਹੀਂ ਹੋ ਸਕਿਆ। ਹਰ ਸਾਲ ਲੱਖਾਂ ਹੀ ਨੌਜਵਾਨ ਸਿੱਖਿਆ ਖੇਤਰ ਦੇ ਇਮਤਿਹਾਨ ਪਾਸ ਕਰਕੇ ਰੁਜ਼ਗਾਰ ਦੀ ਭਾਲ ਵਿੱਚ ਨਿਕਲਦੇ ਹਨ। ਕੁਝ ਪੈਸੇ, ਸਿਫਾਰਸ਼ ਜਾਂ ਮਿਹਨਤ ਨਾਲ ਰੁਜ਼ਗਾਰ ਪ੍ਰਾਪਤ ਕਰ ਲੈਂਦੇ ਹਨ, ਪਰ ਬਹੁਤੇ ਪੈਸਾ, ਸਿਫਾਰਸ਼ ਨਾ ਹੋਣ ਕਾਰਨ ਯੋਗ ਰੁਜ਼ਗਾਰ ਨਾ ਮਿਲਣ ਸਦਕਾ ਤਬਾਹ ਹੋ ਰਹੇ ਹਨ।

ਇਹੋ ਕਾਰਨ ਹੈ ਕਿ ਅੱਜ ਪੰਜਾਬ ਵਿੱਚੋਂ ਜ਼ਿਆਦਾਤਰ ਨੌਜਵਾਨ ਹੋਰ ਵਿਕਸਤ ਮੁਲਕਾਂ ਵੱਲ ਰੁਖ਼ ਕਰ ਰਹੇ ਹਨ ਤਾਂ ਜੋ ਆਪਣੀਆਂ ਲੋੜਾਂ ਨੂੰ ਪੂਰਿਆ ਜਾ ਸਕੇ ਕਿਉਂਕਿ ਪਿਛਲੇ ਦੋ ਦਹਾਕਿਆਂ ਵਿੱਚ ਨੌਜਵਾਨਾਂ ਨੂੰ ਸਰਕਾਰਾਂ ਨੇ ਰੁਜ਼ਗਾਰ ਦੇ ਨਾਂ ਹੇਠ ਸਿਰਫ਼ ਲੌਲੀਪੌਪ ਹੀ ਦਿੱਤੇ ਹਨ। ਵੀਹ ਵੀਹ ਸਾਲ ਪੜ੍ਹਾਈ ਕਰਨ ਤੋਂ ਬਾਅਦ ਰੁਜ਼ਗਾਰ ਮਹਿਜ ਪੰਜ ਦਸ ਹਜ਼ਾਰ ਰੁਪਏ ਮਹੀਨੇ ਦੇ ਉੱਕਾ ਪੁੱਕਾ ਰੁਪਏ ’ਤੇ ਦਿੱਤਾ ਜਾਂਦਾ ਹੈ। ਉਹ ਵੀ ਪਹਿਲਾਂ ਕੱਚੇ ਤੌਰ ’ਤੇ ਫਿਰ ਦਸ ਦਸ ਸਾਲ ਭਟਕਣ ਤੋਂ ਬਾਅਦ ਕਿਤੇ ਜਾ ਕੇ ਪੱਕੇ ਹੋਣ ਦੀ ਆਸ ਬੱਝਦੀ ਹੈ। ਇਹੋ ਕਾਰਨ ਹੈ ਕਿ ਜੇ ਰੁਜ਼ਗਾਰ ਦਾ ਮਸਲਾ ਆਉਂਦੇ ਸਾਲਾਂ ਤੱਕ ਹੱਲ ਨਾ ਹੋ ਸਕਿਆ ਤਾਂ ਪੰਜਾਬ ਵਿੱਚ ਸਿਰਫ਼ ਉਹ ਬਜ਼ੁਰਗ ਮਾਪਿਆਂ ਦਾ ਹੀ ਬੋਲਬਾਲਾ ਹੋਵੇਗਾ ਜੋ ਆਪਣੀਆਂ ਔਲਾਦਾਂ ਨੂੰ ਸਮੁੰਦਰੋਂ ਪਾਰ ਭੇਜ ਚੁੱਕੇ ਹੋਣਗੇ। ਫਿਰ ਸਮਾਂ ਲੰਘ ਚੁੱਕਿਆ ਹੋਵੇਗਾ। ਸਰਕਾਰਾਂ ਤੇ ਲੀਡਰਾਂ ਦਾ ਰਾਜ ਸਿਰਫ਼ ਖਾਲੀ ਘਰਾਂ ਦੇ ਜਿੰਦਿਆਂ ਤੱਕ ਹੀ ਸੀਮਤ ਹੋ ਜਾਵੇਗਾ।

ਕਿਸੇ ਵੀ ਸਮੁੰਦਰੋਂ ਪਾਰ ਮੁਲਕ ਜਾਣ ਲਈ ਦੋ ਰਸਤੇ ਹਨ। ਪਹਿਲਾ ਇਹ ਕਿ ਸਾਰੀ ਕਾਗਜ਼ੀ ਕਾਰਵਾਈ ਤੇ ਕਾਨੂੰਨੀ ਕਾਰਵਾਈ ਪੂਰੀ ਕਰੋ। ਪੈਸੇ ਏਜੰਟਾਂ ਦੇ ਹਵਾਲੇ ਕਰੋ ਤਾਂ ਤੁਸੀਂ ਸਹੀ ਸਲਾਮਤ ਸਮੁੰਦਰ ਪਾਰ ਕਰ ਸਕੋਗੇ। ਇਹ ਸਭ ਕਰਨ ਤੋਂ ਬਾਅਦ ਵੀ ਕੰਮ ਮਿਲਣ ਦੀ ਕੋਈ ਗਾਰੰਟੀ ਨਹੀਂ ਹੁੰਦੀ। ਖੁਦ ਮੁਸੀਬਤਾਂ ’ਤੇ ਕਾਬੂ ਪਾ ਕੇ ਉਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜਾ ਰਸਤਾ ਹੈ ਕਾਗਜ਼ੀ ਤੇ ਕਾਨੂੰਨੀ ਕਾਰਵਾਈ ਨੂੰ ਅਣਗੌਲੇ ਕਰਕੇ ਏਜੰਟਾਂ ਦੇ ਉਸਾਰੇ ਗੱਲਾਂ ਦੇ ਕਿਲ੍ਹੇ ਰਾਤੋ ਰਾਤ ਪਾਉਣ ਲਈ ਗੈਰ ਕਾਨੂੰਨੀ ਢੰਗਾਂ ਨਾਲ ਕਈ ਦੇਸ਼ਾਂ ਤੋਂ ਹੁੰਦੇ ਹੋਏ ਸਮੁੰਦਰਾਂ ਤੇ ਜੰਗਲਾਂ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਪਾਰ ਕਰਕੇ ਮੈਕਸੀਕੋ ਦੇ ਰਸਤੇ ਅਮਰੀਕਾ ਪੁੱਜਣਾ। ਜਿਸ ਨੂੰ ਆਮ ਸ਼ਬਦਾਂ ਵਿੱਚ ਡੌਂਕੀ ਵੀ ਕਿਹਾ ਜਾਂਦਾ ਹੈ। ਪੰਜਾਬ ਦੇ ਬਹੁਤੇ ਨੌਜਵਾਨ ਅੱਜਕੱਲ੍ਹ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਜ਼ਿਆਦਾ ਪੈਸਾ ਕਮਾਉਣ ਦੇ ਚੱਕਰਾਂ ਵਿੱਚ ਡੌਂਕੀ ਲਾ ਕੇ ਦੂਜੇ ਮੁਲਕਾਂ ਨੂੰ ਜਾਣ ਦਾ ਰਸਤਾ ਜ਼ਿਆਦਾ ਅਪਣਾ ਰਹੇ ਹਨ, ਪਰ ਬਹੁਤੇ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਵੀ ਪਿੰਡ ਨਹੀਂ ਪੁੱਜਦੀਆਂ। ਉਹ ਪਨਾਮਾ ਦੇ ਜੰਗਲਾਂ ਜਾਂ ਸਮੁੰਦਰਾਂ ਦੇ ਪਤਾਲ ਵਿੱਚ ਗਰਕ ਹੋ ਜਾਂਦੀਆਂ ਹਨ।

ਡੌਂਕੀ ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਕੁਝ ਸਮੇਂ ਤੋਂ ਜ਼ਿਆਦਾ ਹੀ ਵਧ ਰਿਹਾ ਹੈ ਜਿਸ ਕਾਰਨ ਹਰ ਚੜ੍ਹੇ ਦਿਨ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿਛਿਆ ਹੀ ਰਹਿੰਦਾ ਹੈ। ਜੇਕਰ ਕਿਸੇ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਹੋਰ ਮੁਲਕ ਦੇ ਵੀਜ਼ੇ ਬਿਨਾਂ ਅਤੇ ਪੁਲੀਸ ਤੋਂ ਬਚ ਕੇ ਵਿਦੇਸ਼ ਪੁੱਜਣਾ ਹੈ ਤਾਂ ਇੱਕ ਡੌਂਕਰ ਦਾ ਸਹਾਰਾ ਲੈਣਾ ਪੈਂਦਾ ਹੈ। ਜੋ ਮੋਟੀ ਰਕਮ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਰਸਤੇ, ਜੰਗਲ ਦੇ ਰਸਤੇ ਜਾਂ ਫਿਰ ਸੜਕੀ ਰਸਤੇ ਲੋਕਾਂ ਨੂੰ ਮੰਜ਼ਿਲ ’ਤੇ ਪਹੁੰਚਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਡੌਂਕਰ ਕਿਹਾ ਜਾਂਦਾ ਹੈ। ਪੰਜਾਬੀ ਤਾਂ ਡੌਂਕੀ ਸ਼ਬਦ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਨ। ਬਹੁਤੇ ਆਪਣੀ ਮੰਜ਼ਿਲ ’ਤੇ ਪੁੱਜਣ ਦੀ ਬਜਾਏ ਮੌਤ ਦੇ ਮੂੰਹ ਵਿੱਚ ਪੁੱਜ ਜਾਂਦੇ ਹਨ ਜਾਂ ਫਿਰ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ ਹਨ।

ਜੇਕਰ ਕਿਸੇ ਨੇ ਅਮਰੀਕਾ ਵਿੱਚ ਜਾ ਕੇ ਆਪਣਾ ਭਵਿੱਖ ਸੁਨਹਿਰੀ ਕਰਨ ਦਾ ਸੁਪਨਾ ਪੂਰਾ ਕਰਨਾ ਹੁੰਦਾ ਹੈ, ਪਰ ਉਹ ਕਾਗਜ਼ੀ ਕਾਰਵਾਈ ਜਾਂ ਹੋਰ ਪਾਸਿਉਂ ਅਯੋਗ ਹੁੰਦਾ ਹੈ ਤਾਂ ਫਿਰ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਲੁਕ ਛਿਪ ਕੇ ਰਾਤ ਬਰਾਤੇ ਪਾਰ ਕਰਨਾ ਪੈਂਦਾ ਹੈ। ਇਹ ਸਫ਼ਰ ਲੰਬਾ ਤੇ ਖਤਰਨਾਕ ਹੁੰਦਾ ਹੈ। ਇਸ ਦੀ ਸ਼ੁਰੂਆਤ ਵਿੱਚ ਪਹਿਲਾਂ ਐਕੁਆਡੋਰ, ਕੋਲੰਬੀਆ, ਪਨਾਮਾ, ਕੋਸਟਾ ਰੀਕਾ, ਨੀਕਰਾਗੁਆ, ਹੌਂਡੂਰਸ, ਗੋਆਟੇਮਾਲਾ ਅਤੇ ਫਿਰ ਮੈਕਸੀਕੋ ਸਰਹੱਦ। ਇਨ੍ਹਾਂ ਸਭ ਦੇਸ਼ਾਂ ਨੂੰ ਪਾਰ ਕਰਕੇ ਫਿਰ ਡੌਂਕੀ ਰਾਹੀਂ ਅਮਰੀਕਾ ਦਾਖਲ ਹੋਇਆ ਜਾਂਦਾ ਹੈ। ਉਹ ਵੀ ਤਾਂ ਜੇਕਰ ਇਸ ਸਾਰੇ ਸਫ਼ਰ ਵਿੱਚ ਜਿੰਦਾ ਬਚੇ ਰਹੇ ਨਹੀਂ ਤਾਂ ਸਮੁੰਦਰਾਂ ’ਤੇ ਤੈਰਦੀਆਂ ਲਾਸ਼ਾਂ ਤੇ ਜੰਗਲਾਂ ਵਿੱਚ ਪਏ ਨੌਜਵਾਨਾਂ ਦੇ ਕੰਕਾਲ ਇਹੋ ਆਵਾਜ਼ਾਂ ਮਾਰਦੇ ਹਨ ਕਿ ਪੰਜਾਬੀਓ ਇਹੋ ਜਿਹੇ ਗੈਰ ਕਾਨੂੰਨੀ ਢੰਗਾਂ ਦੀ ਵਰਤੋਂ ਨਾ ਕੀਤੀ ਜਾਵੇ। ਇਨ੍ਹਾਂ ਰਸਤਿਆਂ ਵਿੱਚੋਂ ਸਭ ਤੋਂ ਖਤਰਨਾਕ ਹਨ ਕੋਲੰਬੀਆ ਤੇ ਪਨਾਮਾ ਦੇ ਵਿਚਕਾਰ ਪਨਾਮਾ ਦੇ ਜੰਗਲ ਜੋ ਜਿਉਂਦਿਆਂ ਨੂੰ ਹੀ ਲਾਸ਼ ਬਣਾ ਦਿੰਦੇ ਹਨ।

ਕੋਲੰਬੀਆ ਤੇ ਪਨਾਮਾ ਦੀਆਂ ਸਰਹੱਦਾਂ ਇਨ੍ਹਾਂ ਜੰਗਲਾਂ ਵਿੱਚੋਂ ਦੀ ਹੋ ਕੇ ਗੁਜ਼ਰਦੀਆਂ ਹਨ। ਕੋਲੰਬੀਆ ਵੱਲੋਂ ਇਸ ਸਾਰੇ ਇਲਾਕੇ ਨੂੰ ਗੁਰੀਲਾ, ਅਰਧ ਸੈਨਿਕ ਬਲ ਤੇ ਹੋਰ ਕਈ ਖਤਰਨਾਕ ਗਰੁੱਪਾਂ ਨੇ ਆਪਣੇ ਅਧੀਨ ਰੱਖਿਆ ਹੋਇਆ ਹੈ। ਇਹ ਗਰੁੱਪ ਨਸ਼ਾ ਤਸਕਰੀ ਤੇ ਹੋਰ ਗੈਰ ਕਾਨੂੰਨੀ ਕੰਮਾਂ ਨਾਲ ਪੈਸਾ ਕਮਾਉਂਦੇ ਹਨ। ਪੰਜਾਬੀਆਂ ਦੇ ਨਾਲ ਹਜ਼ਾਰਾਂ ਹੀ ਹੋਰ ਦੁਨੀਆ ਭਰ ਦੇ ਪਰਵਾਸੀ ਜਿਵੇਂ ਪਾਕਿਸਤਾਨ, ਅਫ਼ਰੀਕਾ, ਬੰਗਲਾ ਦੇਸ਼, ਦੱਖਣੀ ਅਮਰੀਕਾ ਤੋਂ ਇਲਾਵਾ ਬਹੁਤ ਦੇਸ਼ਾਂ ਦੇ ਪਰਵਾਸੀ ਇੱਥੇ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਪੁੱਜਦੇ ਹਨ। ਪਨਾਮਾ ਤੇ ਕੰਲੋਬੀਆ ਦੇ ਨਿਵਾਸੀ ਅਫ਼ਰੀਕਾ, ਕਿਊਬਾ ਅਤੇ ਹੋਰ ਦੇਸ਼ਾਂ ਤੋਂ ਇੱਥੇ ਆ ਕੇ ਕਈ ਅਵੈਧ ਢੰਗ ਦੇ ਕਾਰੋਬਾਰ ਕਰ ਰਹੇ ਹਨ। ਹਰ ਚੜ੍ਹਦੇ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਸਰਹੱਦ ’ਤੇ ਪੁੱਜਦੇ ਹਨ ਅਤੇ ਅਮਰੀਕਾ ਦਾਖਲ ਹੁੰਦੇ ਹਨ, ਪਰ ਕਿੰਨੇ ਨੌਜਵਾਨ ਜਾਂ ਪਰਵਾਸੀ ਰਸਤਿਆਂ ਵਿੱਚ ਹੀ ਮਰ ਜਾਂਦੇ ਹਨ। ਇਸ ਦੀ ਅੱਜ ਤੱਕ ਕੋਈ ਗਿਣਤੀ ਨਹੀਂ ਹੋ ਸਕੀ। ਕੋਈ ਵੀ ਅਜਿਹੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜੋ ਇਨ੍ਹਾਂ ਪਰਵਾਸੀਆਂ ਦਾ ਕੋਈ ਰਿਕਾਰਡ ਜਾਂ ਮਦਦ ਕਰ ਸਕੇ ਅਜੇ ਤੱਕ ਹੋਂਦ ਵਿੱਚ ਨਹੀਂ ਆਈ। ਇੱਥੇ ਸਿਰਫ਼ ਜ਼ਿੰਦਗੀ ਦੀ ਡੋਰ ਡੌਂਕਰਾ ਦੇ ਹੱਥਾਂ ਵਿੱਚ ਹੀ ਹੁੰਦੀ ਹੈ।

ਡਾਰੀਅਨ ਤੋਂ ਬਾਰਡਰ ਪਾਰ ਕਰਕੇ ਲੋਕ ਪਨਾਮਾ ਪਹੁੰਚਦੇ ਹਨ। ਡਾਰੀਅਨ ਦੇ ਜੰਗਲ ਤੇ ਪਨਾਮਾ ਦੇ ਜੰਗਲਾਂ ਵਿੱਚ ਪਰਵਾਸੀਆਂ ਦਾ ਸਾਹਮਣਾ ਲੁਟੇਰਿਆਂ ਦੇ ਗਿਰੋਹ ਅਤੇ ਖਰਾਬ ਮੌਸਮ, ਸੱਪਾਂ ਤੇ ਖਤਰਨਾਕ ਜਾਨਵਰਾਂ ਤੇ ਗਲੀਆਂ ਸੜੀਆਂ ਲਾਸ਼ਾਂ ਨਾਲ ਹੁੰਦਾ ਹੈ। ਪਰ ਫਿਰ ਵੀ ਲੋਕ ਸਾਰੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਅਮਰੀਕਾ ਪਹੁੰਚਣਾ ਚਾਹੁੰਦੇ ਹਨ। ਜੋ ਵੀ ਸਥਾਨਕ ਤਸਕਰ ਹਨ, ਉਹ ਅੱਜ ਤੱਕ ਕਈ ਕਰੋੜ ਡਾਲਰਾਂ ਦੀ ਕਮਾਈ ਕਰ ਚੁੱਕੇ ਹਨ ਕਿਉਂਕਿ ਛੋਟੇ ਛੋਟੇ ਦੇਸ਼ਾਂ ਤੇ ਹੋਰ ਸਰਹੱਦਾਂ ਨੂੰ ਪੈਦਲ ਜਾਂ ਕਿਸ਼ਤੀਆਂ ਵਿੱਚ ਪਾਰ ਕਰਵਾਉਣ ਲਈ ਪੰਜ ਪੰਜ ਗੁਣਾ ਵਸੂਲੀ ਕੀਤੀ ਜਾਂਦੀ ਹੈ। ਮਨੁੱਖਾਂ ਦੀ ਤਸਕਰੀ ਤੇ ਬਲਾਤਕਾਰ, ਕਤਲ ਅਕਸਰ ਹੁੰਦੇ ਰਹਿੰਦੇ ਹਨ। ਕੈਪਾਂ ਤੱਕ ਪਹੁੰਚਾਉਣ ਲਈ ਅਰਧ ਸੈਨਿਕ ਬਲ ਤੇ ਤਸਕਰ ਆਪਣੀ ਮਨਮਾਨੀ ਕਰਦੇ ਹਨ। ਅਮਰੀਕਾ ਵਿੱਚ ਪੁੱਜਣ ਦੇ ਚਾਹਵਾਨ ਪਰਵਾਸੀਆਂ ਨੂੰ ਪੰਜ ਦਿਨਾਂ ਦਾ ਸਫ਼ਰ ਕਿਸ਼ਤੀ ਰਾਹੀਂ ਤੇ 20 ਦਿਨਾਂ ਦਾ ਬਹੁਤ ਹੀ ਖਤਰਨਾਕ ਪੈਦਲ ਸਫ਼ਰ ਕਰਕੇ ਮੈਕਸੀਕੋ ਦੇ ਬਾਰਡਰ ’ਤੇ ਪੁੱਜਣਾ ਪੈਂਦਾ ਹੈ। ਡਾਰੀਅਨ ਜੰਗਲਾਂ ਨੂੰ ਪਾਰ ਕਰਨ ਤੋਂ ਬਾਅਦ ਪਨਾਮਾ ਵਿੱਚ ਦਾਖਲਾ ਮਿਲਦਾ ਹੈ। ਕਈ ਵਾਰੀ ਤਾਂ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਡੌਂਕਰ ਜਾਂ ਤਸਕਰ ਲੋਕਾਂ ਤੋਂ ਪੈਸੇ ਲੈ ਕੇ ਲੁੱਟ ਕਰਕੇ ਪਨਾਮਾ ਦੇ ਜੰਗਲਾਂ ਜਾਂ ਸਮੁੰਦਰਾਂ ਵਿੱਚ ਮਰਨ ਲਈ ਛੱਡ ਕੇ ਭੱਜ ਜਾਂਦੇ ਹਨ। ਜਿਸ ਬਾਰੇ ਅੱਜ ਮੌਤ ਨਾਲ ਲੜ ਕੇ ਵਾਪਸ ਵਤਨ ਪੁੱਜੇ ਨੌਜਵਾਨ ਅਕਸਰ ਦੱਸਦੇ ਹਨ ਤੇ ਅਜਿਹੇ ਢੰਗਾਂ ਰਾਹੀਂ ਵਿਦੇਸ਼ ਨਾ ਜਾਣ ਦੀ ਸਲਾਹ ਵੀ ਦਿੰਦੇ ਹਨ।

ਪਨਾਮਾ ਦੇ ਜੰਗਲ ਕਈ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ ਜੋ ਕਿ ਐਨੇ ਸੰਘਣੇ ਹਨ ਕਿ ਧੁੱਪ ਵੀ ਜੰਗਲਾਂ ਨੂੰ ਪਾਰ ਕਰਕੇ ਧਰਤੀ ਤੱਕ ਨਹੀਂ ਪੁੱਜਦੀ। ਇਹੋ ਵੱਡਾ ਕਾਰਨ ਹੈ ਕਿ ਇਹ ਜੰਗਲ ਬਹੁਤ ਬਦਨਾਮ ਹਨ। ਕਈ ਸਰਹੱਦਾਂ ’ਤੇ ਪੁਲੀਸ ਮੁਲਾਜ਼ਮ ਵੀ ਰਿਸ਼ਵਤ ਲੈ ਕੇ ਡੌਂਕਰਾਂ ਰਾਹੀਂ ਆਏ ਪਰਵਾਸੀਆਂ ਨੂੰ ਆਪਣੀਆਂ ਚੈੱਕ ਪੋਸਟਾਂ ਤੋਂ ਲੰਘਣ ਦੇ ਦਿੰਦੇ ਹਨ। ਪਰ ਡੌਂਕਰ ਜ਼ਿਆਦਾਤਰ ਜੰਗਲਾਂ ਦਾ ਰਸਤਾ ਹੀ ਚੁਣਦੇ ਹਨ ਤਾਂ ਜੋ ਪੁਲੀਸ ਜਾਂ ਹੋਰ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ। ਆਪਣੇ ਛੋਟੇ ਬੱਚਿਆਂ ਤੇ ਗਰਭ ਵਿਚਲੇ ਬੱਚਿਆਂ ਨਾਲ ਮਾਵਾਂ ਤੇ ਪਰਿਵਾਰਕ ਮੈਂਬਰ ਹਫ਼ਤਾ ਹਫ਼ਤਾ ਭੁੱਖ ਪਿਆਸ ਨਾਲ ਲੜ ਕੇ ਡਾਰੀਅਨ ਤੇ ਪਨਾਮਾ ਦੇ ਜੰਗਲਾਂ ਰਾਹੀਂ ਪਰਵਾਸ ਕਰਦੇ ਹਨ। ਜੰਗਲਾਂ ਵਿੱਚ ਅਕਸਰ ਬਹੁਤ ਲੋਕ ਬਿਮਾਰ ਹੋ ਕੇ ਜਾਂ ਮਾਨਸਿਕ ਸੰਤੁਲਨ ਗੁਆ ਜਾਣ ਜਾਂ ਭੁੱਖ ਪਿਆਸ ਅਤੇ ਡਰ ਨਾਲ ਫੌਤ ਹੋ ਜਾਂਦੇ ਹਨ ਜਿਨ੍ਹਾਂ ਦੀਆਂ ਲਾਸ਼ਾਂ ਉੱਪਰ ਬਾਕੀ ਸਫ਼ਰ ਕਰਦੇ ਰਹਿੰਦੇ ਹਨ। ਜ਼ਖ਼ਮੀਆਂ ਨੂੰ ਡੌਂਕਰਾਂ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ। ਕੋਈ ਹਸਪਤਾਲ ਜਾਂ ਮਦਦ ਮਿਲਣੀ ਅਸੰਭਵ ਹੁੰਦੀ ਹੈ, ਪਰ ਇਸ ਸਭ ਤੋਂ ਬਾਅਦ ਵੀ ਕੋਈ ਸਬਕ ਨਹੀਂ ਲੈਂਦਾ।

ਜੇ ਅੰਦਾਜ਼ਨ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 5 ਸਾਲ ਦੌਰਾਨ ਡਾਰੀਅਨ ਜੰਗਲਾਂ ਰਾਹੀਂ 55000 ਦੇ ਕਰੀਬ ਲੋਕਾਂ ਨੇ ਪਰਵਾਸ ਕੀਤਾ ਜਿਨ੍ਹਾਂ ਵਿੱਚੋਂ 6500 ਦੇ ਕਰੀਬ ਨਾਬਾਲਗ ਬੱਚੇ ਸਨ। ਕਰੋਨਾ ਕਾਲ ਦੌਰਾਨ ਇਹ ਸਰਹੱਦਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ, ਪਰ ਫਿਰ ਵੀ ਲੋਕ ਕੋਸ਼ਿਸ਼ਾਂ ਕਰਦੇ ਰਹੇ। ਮੈਕਸੀਕੋ ਤੋਂ ਬਾਅਦ ਲੋਕ ਅਮਰੀਕਾ ਦਾਖਲ ਹੋ ਕੇ ਫਿਰ ਜੇਲ੍ਹਾਂ ਵਿੱਚ ਰਹਿਣ ਤੋਂ ਬਾਅਦ ਕੋਰਟ ਰਾਹੀਂ ਅਮਰੀਕਾ ਦੇ ਨਾਗਰਿਕ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਪਰਵਾਸੀ ਕੈਂਪਾਂ ਵਿੱਚ ਯੂਨਾਈਟਡ ਸਟੇਟ ਦੀ ਬੀ.ਪੀ.ਆਰ.ਐੱਮ. ਵੱਲੋਂ ਖਾਣ ਪੀਣ ਤੇ ਹੋਰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ। ਡੌਂਕੀ ਲਾ ਕੇ ਵਿਦੇਸ਼ ਜਾਣਾ ਕੋਈ ਨਵੀਂ ਗੱਲ ਨਹੀਂ। ਇਹ ਤਾਂ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ।

ਤਕਰੀਬਨ 50 ਤੋਂ ਵੀ ਜ਼ਿਆਦਾ ਦੇਸ਼ਾਂ ਦੇ ਲੋਕ ਇਨ੍ਹਾਂ ਸਰਹੱਦਾਂ ’ਤੇ ਪੁੱਜਦੇ ਹਨ ਤੇ ਡੌਂਕਰਾਂ ਦਾ ਸਹਾਰਾ ਲੈ ਕੇ ਅਮਰੀਕਾ ਜਾਂ ਹੋਰ ਵਿਕਸਤ ਮੁਲਕਾਂ ਵਿੱਚ ਆਪਣਾ ਸੁਨਹਿਰੀ ਭਵਿੱਖ ਕਲਪਦੇ ਹਨ। ਆਉਣ ਵਾਲੇ ਸਮੇਂ ਵਿੱਚ ਉਮੀਦ ਹੈ ਕਿ ਸਰਕਾਰਾਂ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਜੋ ਗੈਰ ਕਾਨੂੰਨੀ ਜਾਂ ਕਾਨੂੰਨੀ ਢੰਗ ਨਾਲ ਵੀ ਵਿਦੇਸ਼ ਜਾਣ ਦੀ ਚਾਹਤ ਖਤਮ ਹੋ ਜਾਵੇ ਕਿਉਂਕਿ ਜਦੋਂ ਆਪਣੇ ਮੁਲਕ ਵਿੱਚ ਹੀ ਯੋਗਤਾ ਅਨੁਸਾਰ ਰੁਜ਼ਗਾਰ, ਸਾਰੀਆਂ ਸਹੂਲਤਾਂ, ਮਹਿੰਗਾਈ ਤੋਂ ਰਾਹਤ, ਨਾਗਰਿਕ ਸੁਰੱਖਿਆ ਤੇ ਹੋਰ ਸਾਰੀਆਂ ਸਹੂਲਤਾਂ ਜੋ ਵਿਦੇਸ਼ਾਂ ਵਿੱਚ ਮਿਲਦੀਆਂ ਹਨ, ਮਿਲਣ ਤਾਂ ਵਿਦੇਸ਼ ਬਸ ਦੂਰੋਂ ਹੀ ਸੁਹਾਵਣੇ ਲੱਗਣ।
ਸੰਪਰਕ: 99149-57073News Source link
#ਪਰਵਸ #ਦ #ਨਜਇਜ਼ #ਸਫਰ #ਦ #ਡਰਉਣ #ਦਸਤਨ

- Advertisement -

More articles

- Advertisement -

Latest article