44.3 C
Patiāla
Tuesday, May 21, 2024

ਇਪਸਾ ਵੱਲੋਂ ਡਾ. ਸੁਰਿੰਦਰ ਗਿੱਲ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬ ਤੋਂ ਆਏ ਨਾਮਵਰ ਲੇਖਕ ਡਾ. ਸੁਰਿੰਦਰ ਗਿੱਲ ਦੇ ਸਨਮਾਨ ਵਿੱਚ ਸ਼ਾਨਦਾਰ ਸਮਾਗਮ ਕੀਤਾ ਗਿਆ। ਇਸ ਵਿਚ ਸਥਾਨਕ ਅਤੇ ਬਾਹਰੋਂ ਆਏ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ।

ਪ੍ਰੋਗਰਾਮ ਦਾ ਆਗਾਜ਼ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਉਪਰੰਤ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੈਨਿਨ ਕਿਤਾਬ ਘਰ ਦੇ ਸੰਚਾਲਕ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਦੇ ਪਹਿਲੇ ਭਾਗ ਵਿੱਚ ਸੰਸਥਾ ਦੇ ਕਨਵੀਨਰ ਰੁਪਿੰਦਰ ਸੋਜ਼ ਨੇ ਸਟੇਜ ਸੰਚਾਲਨ ਦੀ ਕਮਾਨ ਸਾਂਭ ਲਈ।

ਕਵੀ ਦਰਬਾਰ ਵਿੱਚ ਹਰਜੀਤ ਕੌਰ ਸੰਧੂ, ਦਲਵੀਰ ਹਲਵਾਰਵੀ, ਇਕਬਾਲ ਸਿੰਘ ਧਾਮੀ, ਬਲਵਿੰਦਰ ਸੰਧੂ, ਸੈਮੀ ਸਿੱਧੂ, ਆਤਮਾ ਸਿੰਘ ਹੇਅਰ, ਦਲਵੀਰ ਹਲਵਾਰਵੀ, ਨਿਰਮਲ ਸਿੰਘ ਦਿਓਲ, ਰੁਪਿੰਦਰ ਸੋਜ਼, ਚੇਤਨਾ ਗਿੱਲ, ਤੇਜਪਾਲ ਕੌਰ ਆਦਿ ਕਵੀਆਂ ਅਤੇ ਗੀਤਕਾਰਾਂ ਨੇ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਸੁਖਮਨ ਸੰਧੂ ਨੇ ਬਾਲ ਕਵਿਤਾ ਨਾਲ ਹਾਜ਼ਰੀ ਲਵਾਈ। ਤਜਿੰਦਰ ਭੰਗੂ ਦੀ ਕਾਮੇਡੀ ਨਾਲ ਭਰਪੂਰ ਹਾਜ਼ਰੀ ਨੇ ਸਭ ਨੂੰ ਬਹੁਤ ਹਸਾਇਆ। ਗੁਰਜਿੰਦਰ ਸੰਧੂ ਅਤੇ ਹਰਕੀ ਵਿਰਕ ਨੇ ਤਰੰਨੁਮ ਵਿੱਚ ਆਪਣੀਆਂ ਰਚਨਾਵਾਂ ਸੁਣਾ ਕੇ ਸਮਾਂ ਬੰਨ੍ਹ ਦਿੱਤਾ।

ਸਮਾਗਮ ਦੇ ਦੂਸਰੇ ਭਾਗ ਵਿੱਚ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਤਰਕਸ਼ੀਲ ਲਹਿਰ ਬਾਰੇ ਜਾਣਕਾਰੀ ਦਿੱਤੀ। ਵਾਰਤਕ ਲੇਖਕ ਯਸ਼ਪਾਲ ਗੁਲਾਟੀ ਨੇ ਮਿੰਨੀ ਕਹਾਣੀ ਮੰਚ ਤੋਂ ਪੇਸ਼ ਕਰਦਿਆਂ ਸਰੋਤਿਆਂ ਦੀ ਦਾਦ ਵਸੂਲੀ। ਸਰਬਜੀਤ ਸੋਹੀ ਨੇ ਡਾ. ਸੁਰਿੰਦਰ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਖੋਜ ਪੁਸਤਕ ‘ਪੰਜਾਬੀ ਰਾਜਨੀਤਕ ਕਵਿਤਾ’ ਬਾਰੇ ਬੋਲਦਿਆਂ ਇਸ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ, ਮੁਲਾਂਕਣ ਅਤੇ ਵਿਸ਼ਲੇਸ਼ਣ ਦਾ ਮੁੱਲਵਾਨ ਦਸਤਾਵੇਜ਼ ਕਿਹਾ। ਡਾ. ਗਿੱਲ ਦੇ ਤੁਆਰਫ਼ ਵਿੱਚ ਉਨ੍ਹਾਂ ਨੇ ਉਨ੍ਹਾਂ ਨੂੰ ਨਿਰੰਤਰ ਸ਼ਬਦ ਪ੍ਰਵਾਹ ਦਾ ਸਾਰਥੀ ਆਖਦਿਆਂ ਉਨ੍ਹਾਂ ਦੇ ਹੁਣ ਤੱਕ ਦੇ ਸਾਹਿਤਕ ਸਫ਼ਰ ’ਤੇ ਰੌਸ਼ਨੀ ਪਾਈ। ਡਾ. ਨੀਰਜ ਗਿੱਲ ਵੱਲੋਂ ਆਪਣੇ ਪਿਤਾ ਡਾ. ਸੁਰਿੰਦਰ ਗਿੱਲ ਦੀਆਂ ਕੁਝ ਰਚਨਾਵਾਂ ਦਾ ਮੰਚ ਤੋਂ ਪਾਠ ਕੀਤਾ ਗਿਆ।

ਅੰਤ ਵਿੱਚ ਡਾ. ਸੁਰਿੰਦਰ ਗਿੱਲ ਨੇ ਮੰਚ ਤੋਂ ਕਾਵਿਕ ਰੰਗ ਬਿਖੇਰਦੀ ਆਪਣੀ ਹਾਜ਼ਰੀ ਨਾਲ ਸਭ ਨੂੰ ਸੰਮੋਹਿਤ ਕਰ ਲਿਆ। ਉਨ੍ਹਾਂ ਦੀ ਆਵਾਜ਼ ਅਤੇ ਅਲਫਾਜ਼ ਕੀਲਣ ਵਾਲੇ ਸਨ। ਰੁਪਿੰਦਰ ਸੋਜ਼ ਨੇ ਕੈਨੇਡੀਅਨ ਪੰਜਾਬੀ ਸ਼ਾਇਰ ਇੰਦਰਜੀਤ ਧਾਮੀ ਦੀ ਲੋਕ ਅਰਪਣ ਹੋ ਰਹੀ ਕਿਤਾਬ ‘ਚੈਰੀਆਂ ਰਸ ਜਾਣੀਆਂ’ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਦਿੱਤੇ ਅਤੇ ਉਨ੍ਹਾਂ ਦੀ ਗਜ਼ਲ ਕਲਾ ਬਾਰੇ ਗੱਲਬਾਤ ਕੀਤੀ। ਸਮਾਗਮ ਵਿੱਚ ਤੇਜਪਾਲ ਕੌਰ ਦੀ ਕਿਤਾਬ ‘ਸੂਰਜ ’ਤੇ ਬੈਠੀ ਤਿਤਲੀ’ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਗੀਤਕਾਰ ਸੁਰਜੀਤ ਸੰਧੂ, ਸ਼ਮਸ਼ੇਰ ਸਿੰਘ ਚੀਮਾ, ਅਜਾਇਬ ਸਿੰਘ ਵਿਰਕ, ਪਾਲ ਰਾਊਕੇ, ਕਿਰਨ ਵਿਰਕ, ਰਣਜੀਤ ਵਿਰਕ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।News Source link
#ਇਪਸ #ਵਲ #ਡ #ਸਰਦਰ #ਗਲ #ਦ #ਸਨਮਨ

- Advertisement -

More articles

- Advertisement -

Latest article