ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ 2022’ ਅਧੀਨ ਅੱਜ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਤੀਜੇ ਦਿਨ ਅੰਡਰ-21 ਦੇ ਮੁਕਾਬਲੇ ਹੋਏ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਸੁਧਾਰ ਵਿੱਚ ਹੋਏ ਵਾਲੀਬਾਲ (ਲੜਕੇ) ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਕਬੱਡੀ (ਲੜਕੇ) ਵਿੱਚ ਪਿੰਡ ਰਕਬਾ ਨੇ ਬਾਜ਼ੀ ਮਾਰੀ।
ਇਸੇ ਤਰ੍ਹਾਂ ਬਲਾਕ ਦੋਰਾਹਾ ਵਿੱਚ ਰੱਸਾ-ਕੱਸੀ (ਲੜਕੇ) ਦੇ ਮੁਕਾਬਲੇ ਵਿੱਚ ਕਲਗੀਧਰ ਅਕੈਡਮੀ ਦੁੱਗਰੀ ਅੱਵਲ ਰਹੀ ਅਤੇ ਲੜਕੀਆਂ ਦੇ ਮੁਕਾਬਲੇ ਵਿੱਚ ਆਕਸਫੋਰਡ ਸਕੂਲ ਪਾਇਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਬੱਡੀ (ਲੜਕੇ) ਵਿੱਚ ਪਿੰਡ ਧਮੋਟ ਅਤੇ ਖੋ-ਖੋ ਵਿੱਚ ਗੁਰੂ ਨਾਨਕ ਸਕੂਲ ਦੋਰਾਹਾ, ਵਾਲੀਬਾਲ (ਲੜਕੀਆਂ) ਜਰਗ ਨੇ ਮੱਲ੍ਹ ਮਾਰੀ। ਉਨ੍ਹਾਂ ਦੱਸਿਆ ਕਿ ਬਲਾਕ ਸਿੱਧਵਾਂ ਬੇਟ ਵਿੱਚ ਵਾਲੀਬਾਲ (ਲੜਕੇ) ਮੁਕਾਬਲੇ ਵਿੱਚ ਪਿੰਡ ਗਿੱਦੜਵਿੰਡੀ ਦੀ ਟੀਮ ਜੇਤੂ ਰਹੀ ਜਦਕਿ ਕਬੱਡੀ (ਲੜਕੇ) ਵਿੱਚ ਪਿੰਡ ਚੀਮਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਇਨ੍ਹਾਂ ਖੇਡਾਂ ਦਾ ਆਗ਼ਾਜ਼ ਕੀਤਾ ਗਿਆ ਸੀ, ਜਿਸ ਤਹਿਤ ਅੱਜ ਅੰਡਰ-21 ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ।