ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਸਤੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਮੁੜ ਚਰਚਾ ਵਿੱਚ ਆਏ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਬਰਸੀ ਅੱਜ ਇੱਥੇ ਹਰਿਮੰਦਰ ਸਾਹਿਬ ਸਮੂਹ ਵਿੱਚ ਪਹਿਲੀ ਵਾਰ ਮਨਾਈ ਗਈ ਹੈ। ਉਸ ਦੇ ਸਾਥੀ ਚਰਨਜੀਤ ਸਿੰਘ ਚੰਨਾ ਦੀ ਬਰਸੀ ਵੀ ਮਨਾਈ ਗਈ। ਇਹ ਦੋਵੇਂ ਖਾੜਕੂ ਜਥੇਬੰਦੀ ਬੱਬਰ ਖਾਲਸਾ ਨਾਲ ਸਬੰਧਤ ਸਨ। ਇਸ ਸਬੰਧ ਵਿਚ ਸਿੱਖ ਜਥੇਬੰਦੀ ਦਲ ਖ਼ਾਲਸਾ ਵੱਲੋਂ ਇਥੇ ਅਖੰਡ ਪਾਠ ਰੱਖੇ ਗਏ ਸਨ, ਜਿਨ੍ਹਾਂ ਦਾ ਭੋਗ ਪਾਇਆ ਗਿਆ ਹੈ ਅਤੇ ਕੀਰਤਨ ਕੀਤਾ ਗਿਆ। ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਅਤੇ ਬਲਵਿੰਦਰ ਸਿੰਘ ਜਟਾਣਾ ਦੇ ਭੈਣ-ਭਰਾ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਇਸ ਮੌਕੇ ਸਿੱਖ ਆਗੂਆਂ ਵੱਲੋਂ ਭਾਈ ਜਟਾਣਾ ਤੇ ਚੰਨਾ ਦੇ ਭੈਣ-ਭਰਾਵਾਂ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਬਲਵਿੰਦਰ ਸਿੰਘ ਜਟਾਣਾ ਵੱਲੋਂ ਕੀਤੀ ਕਾਰਵਾਈ ਨੂੰ ਯਾਦ ਕਰਦਿਆਂ ਕਿਹਾ ਕਿ ਜੇ ਉਸ ਨੇ ਉਸ ਵੇਲੇ ਸਖ਼ਤ ਕਾਰਵਾਈ ਨਾ ਕੀਤੀ ਹੁੰਦੀ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਐੱਸਵਾਈਐੱਲ ਰਾਹੀਂ ਬਾਹਰ ਜਾਣ ਤੋਂ ਰੋਕਣਾ ਮੁਸ਼ਕਿਲ ਸੀ। ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਭਾਈ ਜਟਾਣਾ ਦੀ ਬਰਸੀ ਹਰਿਮੰਦਰ ਸਾਹਿਬ ਸਮੂਹ ਵਿੱਚ ਮਨਾਈ ਗਈ ਹੈ। ਸ਼੍ਰੋਮਣੀ ਕਮੇਟੀ ਭਾਈ ਜਟਾਣਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਸਥਾਪਤ ਕਰਨ ਦਾ ਫ਼ੈਸਲਾ ਕਰ ਚੁੱਕੀ ਹੈ।