35.5 C
Patiāla
Saturday, April 20, 2024

ਸ਼ਹੀਦ ਕਰਮ ਸਿੰਘ ਤੇ ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ

Must read


ਡਾ. ਗੁਰਵਿੰਦਰ ਸਿੰਘ

‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਦੀ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ‘ਬੱਬਰ ਅਕਾਲੀ’ ਦਾ ਨਾਂ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ’ਚ ਦਰਜ ਹੈ, ਜਿਨ੍ਹਾਂ ਨੇ ਕੈਨੇਡਾ ਤੋਂ ਪੰਜਾਬ ਜਾ ਕੇ ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਪੰਜਾਬ ਵਿੱਚ ਨਵਾਂ ਸ਼ਹਿਰ ਨੇੜੇ ਅਤੇ ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਤੇ ਬੀਬੀ ਦੁੱਲੀ ਦੇ ਘਰ ਪੈਦਾ ਹੋਏ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਦੌਲਤਪੁਰ ਦੇ ਸਕੂਲੋਂ ਕੀਤੀ ਅਤੇ 1898 ਵਿੱਚ ਬ੍ਰਿਟਿਸ਼ ਫ਼ੌਜ ਵਿੱਚ ਭਰਤੀ ਹੋ ਗਏ, ਪਰ ਫ਼ੌਜ ਵਿੱਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।

ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਉਹ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ। ਇਸ ਦੌਰਾਨ ਕੈਨੇਡਾ ਦੇ ਮੋਢੀ ਸਿੱਖਾਂ ਵਿੱਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਨੇ ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ ਦੌਲਤਪੁਰ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ 1907 ਵਿੱਚ ਕੈਨੇਡਾ ਸੱਦ ਲਿਆ। ਇੱਥੇ ਆ ਕੇ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ ਵਿੱਚ ਉਨ੍ਹਾਂ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ।

ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਵੀ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇੱਥੇ ਨਸਲਵਾਦ ਦਾ ਬੋਲਬਾਲਾ ਸੀ। ਜਿਸ ਵੇਲੇ ਕੈਨੇਡਾ ਵੱਸਦੇ ਭਾਰਤੀਆਂ ਨੂੰ ਇੱਥੋਂ ਕੱਢ ਕੇ ਹੰਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਜੀ ਦੀ ਅਗਵਾਈ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹੇ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਉਨ੍ਹਾਂ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ ‘ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ’ ਵਿੱਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ। ਕੈਨੇਡਾ ਵਿੱਚ ਆ ਵੱਸੇ ਸਾਬਕਾ ਫ਼ੌਜੀਆਂ ਨੇ 3 ਅਕਤੂਬਰ 1909 ਨੂੰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿੱਚ ਅੰਗਰੇਜ਼ਾਂ ਵੱਲੋਂ ਮਿਲੇ ਤਗ਼ਮੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਅੱਗ ਵਿੱਚ ਸਾੜੇ। ਤਦ ਭਾਈ ਨਰੈਣ ਸਿੰਘ ਵੱਲੋਂ ਵੀ ਅੰਗਰੇਜ਼ ਫ਼ੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਇੱਥੋਂ ਤੱਕ ਕੇ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ ਕੈਨੇਡਾ ਦੇ ਇਨ੍ਹਾਂ ਗ਼ਦਰੀ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ਾਂ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁੱਕਿਆ।

ਉੱਤਰੀ ਅਮਰੀਕਾ ਵਿੱਚ 1913 ਵਿੱਚ ਉੱਠੀ ਗ਼ਦਰ ਲਹਿਰ ਵਿੱਚ ਉਹ ਲਗਾਤਾਰ ਸਰਗਰਮ ਰਹੇ। ਉਹ ਜਿੱਥੇ ਗ਼ਦਰ ਪਾਰਟੀ ਦੇ ਸਿਰਕੱਢ ਮੈਂਬਰ ਸਨ, ਉੱਥੇ ‘ਗ਼ਦਰ’ ਅਖ਼ਬਾਰ ਲਈ ਹਰ ਤਰ੍ਹਾਂ ਦਾ ਸਹਿਯੋਗ ਜੁਟਾਉਣ ਵਿੱਚ ਵੀ ਮੋਹਰੀ ਰਹਿੰਦੇ। ‘ਗਦਰ’ ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੇ ਪੰਜਾਬ ਜਾ ਕੇ ‘ਬੱਬਰ ਅਕਾਲੀ ਦੁਆਬਾ’ ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੌਮਾਗਾਟਾਮਾਰੂ ਨੂੰ ਮੁਸਾਫਿਰਾਂ ਸਮੇਤ ਵਾਪਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ ਗ਼ਦਰੀ ਬਾਬਿਆਂ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਗ਼ਦਰੀ ਯੋਧੇ ਵਤਨ ਪਰਤ ਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਤਿਆਰ ਹੋਏ। ਐਬਟਸਫੋਰਡ ਤੋਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਫੈਸਲਾ ਕੀਤਾ ਕਿ ਉਨ੍ਹਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਪਰਤਣਾ ਹੈ। ਸ਼ਹਿਰ ਵਿੱਚ ਸਾਊਥ ਫਰੇਜ਼ਰ ਵੇਅ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਬਹੁਤ ਕੀਮਤ ਸੀ। ਉਨ੍ਹਾਂ ਨੇ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ ’ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ।

ਭਾਈ ਕਰਮ ਸਿੰਘ ਬੱਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਪੁਲੀਸ ਮੁਕਾਬਲੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਜ਼ਮੀਨ ’ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ 1982 ਵਿੱਚ ਉਸਾਰਿਆ ਗਿਆ। ਭਾਈ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਘੋੜਿਆਂ ’ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਨਾ ਕਿਧਰੇ ਜ਼ਿਕਰ ਮਿਲਦਾ ਹੈ ਅਤੇ ਨਾ ਕੋਈ ਤਸਵੀਰ ਤੱਕ ਲਗਾਈ ਗਈ ਹੈ। ਇਹ ਅੱਜ ਦੀ ਪੀੜ੍ਹੀ ਪ੍ਰਤੀ ‘ਇਤਿਹਾਸਕ ਗਲਤੀ’ ਕਹੀ ਜਾ ਸਕਦੀ ਹੈ। ਇਹ ਗ਼ਲਤੀ ਵੀ ਉਸ ਥਾਂ ’ਤੇ ਹੋ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀਆਂ ਦਾ ਅਸਥਾਨ ਹੈ।

ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਉਨ੍ਹਾਂ ਨੂੰ ਵੀ ਹੋਰਨਾਂ ਗ਼ਦਰੀਆਂ ਵਾਂਗ ਜੂਹਬੰਦ ਕਰ ਦਿੱਤਾ ਗਿਆ। 1918 ਵਿੱਚ ਇਹ ਪਾਬੰਦੀ ਹਟਦਿਆਂ ਸਾਰ ਹੀ ਉਹ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ ਤਾਂ ਉਨ੍ਹਾਂ ਦਾ ਖੂਨ ਖੌਲ ਉੱਠਿਆ। ਉਨ੍ਹਾਂ ਨੇ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ ‘ਨਰੈਣ’ ਸਿੰਘ ਨਾਂ ਬਦਲ ਕੇ ‘ਕਰਮ ਸਿੰਘ’ ਗ੍ਰਹਿਣ ਕਰ ਲਿਆ। ਇੱਕ ਪਾਸੇ ਲਾਲਾ ਲਾਜਪਤ ਰਾਏ ਨਰੈਣੂ ਦੇ ਹੱਕ ਵਿੱਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਿਹਾ ਸੀ। ਉਹ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ ਗਾਂਧੀਵਾਦੀ ਤਰੀਕਿਆਂ ਦੀ ਥਾਂ ਹਥਿਆਰਬੰਦ ਇਨਕਲਾਬੀ ਸੰਘਰਸ਼ ਹੀ ਅੰਗਰੇਜ਼ਾਂ ਨੂੰ ਭਾਂਜ ਦੇ ਸਕਦਾ ਹੈ, ਤਾਂ ਉਨ੍ਹਾਂ ਨੇ ‘ਖੰਡਾ ਖੜਕਾਉਣ’ ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਈ ਇਨਾਮ ਰੱਖੇ।

ਭਾਈ ਕਰਮ ਸਿੰਘ ਜਿੱਥੇ ਮਹਾਨ ਸੂਰਬੀਰ ਸਨ, ਉੱਥੇ ਸੱਚ ’ਤੇ ਡਟਣ ਵਾਲੇ ਪੱਤਰਕਾਰ ਅਤੇ ਜੁਝਾਰੂ ਕਵੀ ਵੀ ਸਨ। ਇਸ ਦਾ ਹਵਾਲਾ ਦਿਲਚਸਪ ਘਟਨਾਕ੍ਰਮ ਤੋਂ ਮਿਲਦਾ ਹੈ। ਇਤਿਹਾਸਕ ਵੇਰਵਿਆਂ ਅਨੁਸਾਰ ਮਈ, 1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ ਅਤੇ ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਖ਼ਬਾਰ ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ ’ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ ‘ਗਦਰ ਦੀ ਗੂੰਜ’ ਅੱਜ ਤੱਕ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖ਼ਬਾਰ ਕੱਢਣਾ ਚਾਹੀਦਾ ਹੈ। ਭਾਈ ਕਰਮ ਸਿੰਘ ਦੌਲਤਪੁਰ ਨੇ ਕਿਹਾ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ ‘ਗ਼ਦਰ’ ਅਖ਼ਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਸਾਬਤ ਹੋਇਆ ਸੀ। ਅਖ਼ਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖ਼ਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ, 1922 ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜ਼ਾਨੇ ਵਿੱਚੋਂ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ ਵਿੱਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈੱਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦਾ ਪ੍ਰਬੰਧ ਕੀਤਾ ਗਿਆ।

ਸੰਪਾਦਕ ਕਰਮ ਸਿੰਘ ਦੇ ਨਾਂ ਥੱਲੇ ‘ਸਫ਼ਰੀ ਪ੍ਰੈੱਸ’ ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਗਿਆ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ, 1922 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ ‘ਬੱਬਰ ਅਕਾਲੀ ਦੋਆਬਾ’ ਰੱਖਿਆ ਗਿਆ। ਅਖ਼ਬਾਰ ਦੇ ਮੁੱਢ ਵਿੱਚ ‘ਸ੍ਰੀ ਅਕਾਲ ਜੀ ਸਹਾਇ॥’ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਦੋਹਾ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥’ ਛਾਪਿਆ ਜਾਂਦਾ ਸੀ। ਕੁਝ ਇਤਿਹਾਸਕਾਰ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21 ਅਗਸਤ 1922 ਵੀ ਲਿਖਦੇ ਹਨ। ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿੱਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸਬੰਧਿਤ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ ‘ਬੱਬਰ ਅਕਾਲੀ’ ਸ਼ਬਦ ਜੁੜ ਗਿਆ।

ਬੱਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ ‘ਚੱਕਰਵਰਤੀ ਜਥੇ’ ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ ਤਾਂ ਉਹ ਸੰਪਾਦਕ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਉਨ੍ਹਾਂ ਨੂੰ ਮਿਲੇ। ਉਸ ਸਮੇਂ ਤੱਕ ‘ਬੱਬਰ ਅਕਾਲੀ ਦੋਆਬਾ’ ਦੇ ਦੋ ਅੰਕ ਪ੍ਰਕਾਸ਼ਿਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਵਿੱਚ ਭਰਪੂਰ ਚਰਚਾ ਹੋ ਰਹੀ ਸੀ। ਇੱਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬੱਬਰ ਦੇ ਜਥਿਆਂ ਵਿੱਚ ਮੁਲਾਕਾਤ ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ ਬੱਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। (ਹਵਾਲਾ : ਬੱਬਰ ਅਕਾਲੀ ਲਹਿਰ ਦਾ ਇਤਿਹਾਸ, ਲੇਖਕ ਮਿਲਖਾ ਸਿੰਘ ਨਿੱਝਰ, ਪੰਨਾ 127) ਇੱਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿੱਚ 21 ਅਗਸਤ 1922 ਨੂੰ ਹੋਈ। (ਕਿਤਾਬ : ਬੱਬਰ ਅਕਾਲੀ, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 55) ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬੱਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇੱਕ ਮੰਚ ’ਤੇ ਇਕੱਠੇ ਹੋਏ। ਇਸ ਮੌਕੇ ’ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।

ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਦੇ ਪ੍ਰਭਾਵਸ਼ਾਲੀ ਨਾਂ ਨੂੰ ਮੁੱਖ ਰੱਖਦਿਆਂ, ਨਵੀਂ ਜਥੇਬੰਦੀ ਦਾ ਨਾਂ ‘ਬੱਬਰ ਅਕਾਲੀ ਜਥਾ’ ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ ‘ਗ਼ਦਰ’ ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ ‘ਗ਼ਦਰ ਲਹਿਰ’ ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਕਿ ਭਾਈ ਕਰਮ ਸਿੰਘ ਜਥੇ ਵਿੱਚ ‘ਬੱਬਰ ਅਕਾਲੀ’ ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ ‘ਬੱਬਰ ਅਕਾਲੀ ਜਥੇ’ ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ ’ਤੇ ਸੰਪਾਦਕ ਦਾ ਨਾਂ ਭਾਵੇਂ ਕਰਮ ਸਿੰਘ ਬੱਬਰ ਹੀ ਰਹੇਗਾ, ਪਰ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬੱਬਰ ਵੱਲੋਂ ਸੰਪਾਦਤ ਕੀਤੇ ਜਾਣਗੇ। ਬੱਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬੱਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬੱਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬੱਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਭਾਈ ਕਰਮ ਸਿੰਘ ਬੱਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ। ਇਉਂ ਸਮੂਹ ਜੁਝਾਰੂਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ ‘ਬੱਬਰ ਅਕਾਲੀ’ ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ ‘ਬੱਬਰ ਅਕਾਲੀ’ ਦੇ ਸਿਰ ਬੱਝਦਾ ਹੈ।

‘ਬੱਬਰ ਅਕਾਲੀ’ ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ ਵਿੱਚ ਰੂਹ ਫੂਕ ਦਿੰਦੀਆਂ ਸਨ। ‘ਬੱਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ’ ਅਤੇ ‘ਕਰਮ ਸਿੰਘ ਹੁਣ ਬੱਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ’ ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਇਸ ਅਖ਼ਬਾਰ ਦਾ ਲੋਕਾਂ ’ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। ‘ਬੱਬਰ ਅਕਾਲੀ’ ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅਖ਼ਬਾਰ ਨੇ ਸਰਕਾਰੀ ਝੋਲੀਚੁੱਕਾਂ, ਟੋਡੀਆਂ ਅਤੇ ਗ਼ੱਦਾਰਾਂ ਨੂੰ ਸਖ਼ਤ ਤਾੜਨਾ ਵੀ ਕੀਤੀ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ, ਤਾਂ ਉਨ੍ਹਾਂ ਨੂੰ ਸੋਧਿਆ ਜਾਏਗਾ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ ’ਤੇ ਪੁਲੀਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ ‘ਬੱਬਰ ਅਕਾਲੀ’ ਅਖ਼ਬਾਰ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ ’ਤੇ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸ ਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ ’ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲੀਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ ਤਾਂ ਕਿ ਲੋੜ ਪੈਣ ’ਤੇ ਦੋਵਾਂ ’ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬੱਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ।

ਅਗਸਤ 1922 ਤੋਂ ਮਈ 1923 ਤੱਕ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਨ੍ਹਾਂ ਵਿੱਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ। ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬੱਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ;

ਬੱਬਰ ਕੱਢ ਵਾਰੰਟ ਤੂੰ ਜ਼ਾਲਮਾਂ ਦੇ ਹੱਥੀਂ ਆਪਣੇ ਦਫ਼ਾ ਲਗਾ ਭਾਈ।

ਸ਼ਾਂਤਮਈ ਨੇ ਕੁਝ ਸਵਾਰਿਆ ਨਾ ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।

ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।

‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।

ਬੱਬਰ ਅਕਾਲੀ ਯੋਧਿਆਂ ਨੇ ਅਗਸਤ, 1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲੀਸ ਦੇ ਤਸ਼ੱਦਦ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬੱਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇੱਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਮ ਲਿਖਦਿਆਂ ਕਿਹਾ, ‘‘ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬੱਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।’’ ਇਸ ਦੌਰਾਨ ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ, 1922 ਨੂੰ ਇੱਕ ਬੈਠਕ ਵਿੱਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜ਼ਿੰਮੇਵਾਰੀ ਲਈ ਬੱਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ। ਬੱਬਰ ਅਕਾਲੀਆਂ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ।

12 ਜਨਵਰੀ, 1923 ਨੂੰ ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਬੱਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦਾ ਐਲਾਨ ਛਾਪਿਆ ਗਿਆ ਸੀ। 11 ਮਾਰਚ, 1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ। 19 ਮਾਰਚ, 1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿੱਚ ਖਤਮ ਕੀਤਾ। 21 ਮਾਰਚ, 1923 ਨੂੰ ਪਿੰਡ ਕੌਲਗੜ੍ਹ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜ਼ਿੰਮੇਵਰੀ ਲੈਣ ਦਾ ਬੱਬਰ ਅਕਾਲੀਆਂ ਦਾ ਦੂਜਾ ਐਲਾਨ ਅਖ਼ਬਾਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ।

ਭਾਈ ਕਰਮ ਸਿੰਘ ਬੱਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ, 1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬੱਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਬੱਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼ਪ੍ਰਸਤ ਅਖੌਤੀ ਸਿੱਖ ਸੰਪਰਦਾਰਵਾਂ ਨੇ ਬੱਬਰ ਅਕਾਲੀਆਂ ਦੀਆਂ ਗਰਮ ਕਾਰਵਾਈਆਂ ਵਿਰੁੱਧ ਮਤੇ ਵੀ ਪਾਸ ਕੀਤੇ। ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬੱਬਰਾਂ ਦਾ ਵਿਰੋਧ ਕਰਨ ਲੱਗੇ।

ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ, 1923 ਨੂੰ ਸ਼੍ਰੋਮਣੀ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਬਰਾਂ ਦੀ ਕਤਲਾਂ ਦੀ ਨੀਤੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ ‘ਬੱਬਰ ਅਕਾਲੀ’, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135) ਇਨ੍ਹਾਂ ਦੇ ਨਾਲ-ਨਾਲ ਬੱਬਰਾਂ ਦੇ ਪ੍ਰਚਾਰ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫ਼ੈਦਪੋਸ਼ਾਂ ਤੇ ਜਗੀਰਦਾਰਾਂ ਦੇ ਕਈ ਪਿੰਡਾਂ ਨੂੰ ਅਮਨ ਕਮੇਟੀਆਂ ਬਣਾਉਣ ਅਤੇ ਰਾਤਾਂ ਨੂੰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ ਬੱਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਲੋਕਾਂ ਲਈ ਲੜਨ ਵਾਲੇ ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ।

ਬੱਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬੱਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਭਾਰਤ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ।

ਸਿਤਮਜ਼ਰੀਫੀ ਇਹ ਕਿ ਭਾਈ ਕਰਮ ਸਿੰਘ ਬੱਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗ਼ਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ ਵਿੱਚ ਬੱਬਰ ਸ਼ਹੀਦਾਂ ਦੀ ਯਾਦ ਵਿੱਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ ਜੋ ਕਿ ਸੰਘਰਸ਼ ਦੇ ਰਾਹ ’ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।

ਬੱਬਰ ਅਕਾਲੀ ਅਖ਼ਬਾਰ ਦੇ 100ਵੇਂ ਸਥਾਪਨਾ ਦਿਹਾੜੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬੱਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਦਰੁਸਤ ਕਰੇ।



News Source link
#ਸ਼ਹਦ #ਕਰਮ #ਸਘ #ਤ #ਬਬਰ #ਅਕਲ #ਦਆਬ #ਅਖ਼ਬਰ

- Advertisement -

More articles

- Advertisement -

Latest article