42.7 C
Patiāla
Saturday, May 18, 2024

ਰਤਨਾ ਨੰਬਰਦਾਰ

Must read


ਸਨੀ ਧਾਲੀਵਾਲ

ਰਤਨਾ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸੁਭਾਵਿਕ ਹੀ ਹੈ ਕਿ ਹਰ ਵਿਅਕਤੀ ਆਪਣੇ ਪਿੰਡ ਅਤੇ ਪਿੰਡ ਦੀ ਮਿੱਟੀ ਨੂੰ ਪਿਆਰ ਕਰਦਾ ਹੈ। ਉਹਦੀਆਂ ਯਾਦਾਂ ਹੀ ਉਸ ਮਿੱਟੀ ਦੇ ਮੇਕਅੱਪ ਨੇ ਸ਼ਿੰਗਾਰੀਆਂ ਹੁੰਦੀਆਂ ਹਨ।

ਆਪਣੇ ਪਿੰਡੋਂ ਅੱਠ ਜਮਾਤਾਂ ਪਾਸ ਕਰਕੇ ਉਹ ਪਿੰਡ ਪੱਤੋ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਜਾ ਦਾਖਲ ਹੋਇਆ। ਕਈ ਵਾਰੀ ਨਾਲ ਪੜ੍ਹਦੇ ਮੁੰਡੇ ਜਾਣਕੇ ਉਹਦੇ ਪਿੰਡ ਦਾ ਨਾਮ ਪੁੱਛਦੇ। ਜਦੋਂ ਉਹ ਆਪਣੇ ਪਿੰਡ ਦਾ ਨਾਮ ‘ਖੋਟੇ’ ਦੱਸਦਾ ਤਾਂ ਉਹ ਉਸ ਨੂੰ ਖੋਟਾ ਸਿੱਕਾ ਕਹਿ ਕੇ ਛੇੜਦੇ। ਰਤਨੇ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ। ਦੋ ਤਿੰਨਾਂ ਨਾਲ ਤਾਂ ਚੰਗੀਆਂ ਝੜਪਾਂ ਵੀ ਹੋਈਆਂ। ਦੇਖਣ ਨੂੰ ਰਤਨਾ ਬਹੁਤ ਸੋਹਣਾ, ਸੁਨੱਖਾ ਅਤੇ ਗੋਰੇ ਰੰਗ ਦਾ ਸੀ।

ਹਰ ਰੋਜ਼ ਦੇ ਸੂਰਜ ਚੜ੍ਹਨ ਨਾਲ ਵਿਟਾਮਿਨ ਡੀ ਮਿਲਣ ਨਾਲ ਉਸ ਦਾ ਸਰੀਰ ਭਰਨ ਲੱਗਿਆ। ਕੱਦ ਵੀ ਕੱਦੂ ਦੀ ਵੇਲ ਵਾਂਗ ਉਤਾਂਹ ਨੂੰ ਛਾਲਾਂ ਮਾਰਨ ਲੱਗਿਆ। ਪੱਗ ਬੰਨ੍ਹਣ ਦਾ ਸਟਾਈਲ ਵੀ ਦਿਨੋ ਦਿਨ ਨਿੱਖਰਦਾ ਜਾਂਦਾ। ਸਰੀਰ ਇਸ ਤਰ੍ਹਾਂ ਜਿਸ ਤਰ੍ਹਾਂ ਦਾਦਕਿਆਂ, ਨਾਨਕਿਆਂ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ।

ਸਕੂਲ ਦੀ ਵਾਲੀਬਾਲ ਟੀਮ ਵਿੱਚ ਵੀ ਵਧੀਆ ਖੇਡਦਾ। ਜਦੋਂ ਕਿਤੇ ਸਕੂਲ ਦੀ ਟੀਮ ਨੇ ਹਾਰ ਜਾਣਾ ਤਾਂ ਕਈ ਵਿਦਿਆਰਥੀਆਂ ਨੇ ਜਾਣਬੁੱਝ ਕੇ ਉਸ ਨੂੰ ਗੁੱਸਾ ਚੜ੍ਹਾਉਣ ਲਈ ਕਹਿਣਾ ‘ਖੋਟੇ ਸਿੱਕੇ ਵੀ ਕਦੀ ਚੱਲੇ ਆ।’ ਉਸ ਨੂੰ ਗੁੱਸਾ ਆਉਂਦਾ, ਪਰ ਰਤਨਾ ਇਹ ਗੁੱਸਾ ਅਗਲੀ ਗੇਮ ਵਿੱਚ ਵਿਰੋਧੀ ਟੀਮ ’ਤੇ ਕੱਢਦਾ।

ਇਕੱਲਾ ਇਕੱਲਾ ਬੱਚਾ ਹੋਣ ਕਰਕੇ ਘਰ ਵਿੱਚ ਖਾਣ-ਪੀਣ ਬਹੁਤ ਹੀ ਖੁੱਲ੍ਹਾ ਡੁੱਲ੍ਹਾ ਸੀ। ਸਕੂਲ ਵਿੱਚ ਬਹੁਤ ਹਰਮਨਪਿਆਰਾ ਸੀ ਅਤੇ ਸਾਰੇ ਸਕੂਲ ਵਿੱਚ ਉਸ ਦੀ ਚੰਗੀ ਜਾਣ ਪਹਿਚਾਣ ਸੀ। ਅਧਿਆਪਕ ਵੀ ਉਸ ਨੂੰ ਕਾਫ਼ੀ ਪਿਆਰ ਕਰਦੇ। ਗੋਤ ਤਾਂ ਭਾਵੇਂ ਉਸ ਦਾ ‘ਬਰਾੜ’ ਸੀ, ਪਰ ਉਹਦਾ ਬਾਪੂ ਪਿੰਡ ਦਾ ਨੰਬਰਦਾਰ ਹੋਣ ਕਰਕੇ ਸਕੂਲ ਵਿੱਚ ਸਾਰੇ ਉਸ ਨੂੰ ‘ਰਤਨਾ ਨੰਬਰਦਾਰ’ ਦੇ ਨਾਮ ਨਾਲ ਹੀ ਬਲਾਉਂਦੇ।

ਨੰਬਰਦਾਰੀ ਵੀ ਨਾਮ ਦੀ ਹੀ ਸੀ। ਪਹਿਲਾਂ ਤਾਂ ਘਰ ਚੰਗਾ ਸੀ, ਕੰਮਕਾਜ ਵੀ ਵਧੀਆ ਚੱਲਦਾ ਸੀ, ਪਰ ਪਿੰਡ ਦੀ ਖਹਿਬੜਬਾਜ਼ੀ ਵਿੱਚ ਵੋਟਾਂ ਵੇਲੇ ਉਸ ਦੇ ਬਾਪੂ ਤੋਂ ਕਤਲ ਹੋ ਗਿਆ ਸੀ। ਜਦੋਂ ਜੱਟ ਤੋਂ ਕਤਲ ਹੋ ਜਾਵੇ ਤਾਂ ਜ਼ਮੀਨ ਵੀ ਚੀਕਾਂ ਮਾਰ ਮਾਰ ਕੇ ਵਿਧਵਾ ਔਰਤ ਵਰਗੀ ਹੋ ਜਾਂਦੀ ਹੈ। ਉਨ੍ਹਾਂ ਦੇ ਪੰਜ ਛੇ ਕਿੱਲੇ ਤਾਂ ਇਸੇ ਕਤਲ ਨੇ ਡਕਾਰ ਲਏ। ਬਾਕੀ ਜੇ ਬੰਦਾ ਕਚਹਿਰੀ ਨੂੰ ਆਪਣੀ ਮਾਸ਼ੂਕ ਬਣਾ ਲਵੇ ਤਾਂ ਫੇਰ ਖੇਤੀਬਾੜੀ ਵੀ ਬਿਮਾਰ ਜਿਹੀ ਰਹਿਣ ਲੱਗ ਜਾਂਦੀ ਹੈ। ਬਾਪੂ ਜੇਲ੍ਹ ਜਾਣ ਤੋਂ ਤਾਂ ਬਚ ਗਿਆ, ਪਰ ਘਰ ਦੀ ਹਮੇਸ਼ਾਂ ਲਈ ਨੀਵੀਂ ਪੁਆ ਗਿਆ।

ਰਤਨੇ ਦੀ ਬੇਬੇ ਆਪਣੇ ਘਰਵਾਲੇ ਨੂੰ ਬੜਾ ਸਮਝਾਉਂਦੀ ਕਿ ਤੇਰਾ ਇਕੱਲਾ ਇਕੱਲਾ ਮੁੰਡਾ, ਕੋਈ ਨੁਕਸਾਨ ਹੋ ਜਾਊਗਾ। ਰਤਨੇ ਦਾ ਬਾਪੂ ਦਿਲ ਦਾ ਤਾਂ ਚੰਗਾ ਸੀ, ਪਰ ਕਿਸੇ ਦੀ ਓਏ ਨੂੰ ਨਹੀਂ ਸੀ ਸਹਾਰਦਾ। ਗੁੱਸਾ ਕਈ ਵਾਰੀ ਬਾਹਰ ਉਛਲ ਕੇ ਡਿੱਗ ਪੈਂਦਾ। ਰਤਨੇ ਦੀ ਮਾਂ ਹੀ ਘਰ ਨੂੰ ਬੰਨ੍ਹ ਕੇ ਤੋਰਦੀ।

ਰਤਨੇ ਦੇ ਬਾਪੂ ਦੀ ਆਪਣੇ ਸਹੁਰੇ ਪਰਿਵਾਰ ਨਾਲ ਘੱਟ ਹੀ ਬਣਦੀ ਸੀ ਕਿਉਂਕਿ ਉਹਦਾ ਸਾਲਾ ਕਿਰਤੀ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਸੀ ਅਤੇ ਰਤਨੇ ਦਾ ਬਾਪੂ ਜ਼ਿਆਦਾ ਕਾਂਗਰਸ ਪਾਰਟੀ ਵੱਲ ਝੁਕਾ ਰੱਖਦਾ ਸੀ। ਇਸੇ ਕਰਕੇ ਰਤਨਾ ਵੀ ਆਪਣੇ ਨਾਨਕੇ ਪਿੰਡ ‘ਭਦੌੜ’ ਬਹੁਤ ਘੱਟ ਹੀ ਗਿਆ, ਪਰ ਜਦੋਂ ਉਹ ਆਪਣੇ ਸਕੂਲ ਵੱਲੋਂ ਭਦੌੜ ਖੇਡਣ ਗਿਆ ਅਤੇ ਉਸ ਨੇ ਭਦੌੜ ਦੀ ਟੀਮ ਦੀਆਂ ਚੀਕਾਂ ਪੁਵਾ ਦਿੱਤੀਆਂ, ਤਾਂ ਉਸ ਦੇ ਮਾਮੇ ਨੇ ਖੁਸ਼ ਹੋ ਕੇ ਬਦੋਬਦੀ ਰਤਨੇ ਦੀ ਜੇਬ੍ਹ ਵਿੱਚ ਹਜ਼ਾਰ ਰੁਪਿਆ ਪਾ ਦਿੱਤਾ ਸੀ। ਜਦੋਂ ਰਤਨੇ ਨੇ ਘਰ ਆ ਕੇ ਆਪਣੀ ਬੇਬੇ ਨੂੰ ਦੱਸਿਆ ਤਾਂ ਉਹਨੇ ਚੁੰਨੀ ਨਾਲ ਆਪਣੇ ਹੰਝੂ ਪੂੰਝਦੀ ਨੇ ਆਪਣੇ ਪੁੱਤ ਨੂੰ ਕਿਹਾ, ‘‘ਪੁੱਤ ਤੂੰ ਇਨ੍ਹਾਂ ਪੈਸਿਆਂ ਦੇ ਕੱਪੜੇ ਬਣਵਾ ਲਈ।’’ ‘‘ਨਹੀਂ ਬੇਬੇ! ਇਹ ਮਾਮੇ ਦਾ ਪਿਆਰ ਹੈ, ਮੈਂ ਇਸ ਨੂੰ ਸਾਂਭ ਕੇ ਰੱਖਾਗਾਂ। ਇਸ ਨੋਟ ਵਿੱਚ ਬੜਾ ਕੁਝ ਲੁਕਿਆ ਹੋਇਆ ਹੈ।’’

ਰਤਨੇ ਦੀ ਇੱਕੋ ਇੱਕ ਭੂਆ ‘ਰਾਜੀਆਣੇ’ ਪਿੰਡ ਵਿਆਹੀ ਹੋਈ ਹੈ। ਪਰ ਭੂਆ ਦੇ ਪਰਿਵਾਰ ਨਾਲ ਉਨ੍ਹਾਂ ਦਾ ਚੰਗਾ ਆਉਣ ਜਾਣ ਹੈ। ਰਤਨੇ ਦੀ ਭੂਆ ਜੇ.ਬੀ.ਟੀ. ਅਧਿਆਪਕ ਅਤੇ ਫੁੱਫੜ ਓਵਰਸੀਅਰ ਲੱਗਿਆ ਹੋਇਆ ਹੈ। ਭੂਆ ਦਾ ਪਰਿਵਾਰ ਲੁਧਿਆਣਾ ਸੈਟਲ ਹੋ ਗਿਆ ਸੀ। ਭੂਆ ਦੀ ਇੱਕੋ ਇੱਕ ਬੇਟੀ ਹੈ ਸੁਮੀਤ ਜਿਹੜੀ ਰਤਨੇ ਤੋਂ ਤਿੰਨ ਕੂ ਸਾਲ ਛੋਟੀ ਹੈ। ਲਾਲਿਆਂ ਦੀਆਂ ਫੈਕਟਰੀਆਂ ਦੇ ਕੁਨੈਕਸ਼ਨਾਂ ਦੇ ਲੈਣ ਦੇਣ ਕਰਕੇ ਫੁੱਫੜ ਦੀ ਗੋਗੜ ਨੂੰ ਕੰਟਰੋਲ ਕਰਨਾ ਦਿਨੋਂ ਦਿਨ ਔਖਾ ਹੁੰਦਾ ਜਾਂਦਾ ਸੀ, ਪਰ ਖੱਬੇ ਸੱਜੇ ਦੀ ਕਮਾਈ ਨਾਲ ਕੋਠੀ ਬਹੁਤ ਵਧੀਆ ਛੱਤ ਲਈ ਸੀ।

ਸਕੂਲ ਦੇ ਅਧਿਆਪਕ ਤਾਂ ਰਤਨੇ ਨੂੰ ਪਿਆਰ ਕਰਦੇ ਹੀ ਸਨ, ਪਰ ਪ੍ਰਿੰਸੀਪਲ ਵੀ ਬਹੁਤ ਪਿਆਰ ਕਰਦਾ। ਪ੍ਰਿੰਸੀਪਲ ਨੇ ਰਤਨੇ ਦਾ ਵਜ਼ੀਫਾ ਵੀ ਲਾ ਦਿੱਤਾ ਸੀ। ਪ੍ਰਿੰਸੀਪਲ ਨੂੰ ਆਪਣਾ ਮਤਲਬ ਵੀ ਸੀ ਦਿਖਦਾ ਸੀ। ਜਦੋਂ ਦਾ ਉਹ ‘ਪੱਤੋ’ ਪ੍ਰਿੰਸੀਪਲ ਲੱਗਿਆ ਸੀ, ਉਸ ਵਕਤ ਤੋਂ ਉਨ੍ਹਾਂ ਦੀ ਵਾਲੀਬਾਲ ਦੀ ਟੀਮ ਫਾਈਨਲ ਦੇ ਫਸਵੇਂ ਮੈਚ ਵਿੱਚ ਹਰ ਸਾਲ ਹਿੰਮਤਪੁਰੇ ਦੀ ਟੀਮ ਤੋਂ ਹਾਰ ਜਾਂਦੀ ਸੀ। ਪ੍ਰਿੰਸੀਪਲ ਚਾਹੁੰਦਾ ਸੀ ਕਿ ਰਿਟਾਇਰ ਹੋਣ ਤੋਂ ਪਹਿਲਾ ਇੱਕ ਵਾਰ ਹੈੱਡਮਾਸਟਰ ਹੀਰੇ ਹਿੰਮਤਪੁਰੀਏ ਦੀ ਟੀਮ ਦੀਆਂ ਗੋਡੀਆਂ ਜ਼ਰੂਰ ਲਵਾਵੇ। ਉਸ ਨੂੰ ਪਤਾ ਸੀ ਕਿ ਰਤਨਾ ਹੀ ਇਸ ਜਿੱਤ ਦਾ ਹਾਰ ਉਸ ਦੇ ਗਲ਼ ਵਿੱਚ ਪੁਆ ਸਕਦਾ। ਪਰ ਰਤਨੇ ਨੇ ਪੂਰੀ ਮਿਹਨਤ ਦੇ ਨਾਲ ਬਹੁਤ ਹੀ ਫਸਵੇਂ ਫਾਈਨਲ ਮੈਚ ਵਿੱਚ ਐਤਕੀਂ ਹਿੰਮਤਪੁਰੇ ਦੀ ਟੀਮ ਦੀਆਂ ਗੋਡਣੀਆਂ ਲਵਾਂ ਹੀ ਦਿੱਤੀਆਂ। ਸ਼ੀਲਡ ਜਿੱਤ ਕੇ ਪ੍ਰਿੰਸੀਪਲ ਦੇ ਦਫ਼ਤਰ ਦੀ ਬਹਿਜਾ ਬਹਿਜਾ ਕਰਵਾ ਦਿੱਤੀ। ਪ੍ਰਿੰਸੀਪਲ ਨੇ ਵੀ ਖੁਸ਼ੀ ਵਿੱਚ ਸਾਰੇ ਸਕੂਲ ਨੂੰ ਛੁੱਟੀ ਕਰ ਦਿੱਤੀ ਸੀ। ਰਤਨੇ ਦੀ ਇਕੱਲੇ ਸਕੂਲ ਵਿੱਚ ਹੀ ਨਹੀਂ ਸਾਰੇ ਇਲਾਕੇ ਵਿੱਚ ਬੱਲੇ ਬੱਲੇ ਹੁੰਦੀ ਸੀ। ਪੀਟੀ ਮਾਸਟਰ ਤਾਂ ਰਤਨੇ ਨੂੰ ਚੁੱਕ ਚੁੱਕ ਕੇ ਭੰਗੜਾ ਪਾਉਂਦਾ। ਪੀਟੀ ਮਾਸਟਰ ਵੀ ਉਸ ਨੂੰ ਬਹੁਤ ਪਿਆਰ ਕਰਦਾ। ਜਦੋਂ ਵੀ ਕੋਈ ਰਤਨੇ ਨੇ ਸਲਾਹ ਲੈਣੀ ਹੁੰਦੀ ਤਾਂ ਉਹ ਵੀ ਪੀਟੀ ਮਾਸਟਰ ਕੋਲ ਹੀ ਜਾਂਦਾ। ਕਤਲ ਦਾ ਕੇਸ ਤਾਂ ਘਰ ਦੇ ਵਿਹੜੇ ਵਿੱਚ ਖੂਹ ਪੁੱਟ ਦਿੰਦਾ, ਇਸ ਤਰ੍ਹਾਂ ਰਤਨੇ ਦੇ ਘਰ ਵੀ ਕਤਲ ਤੋਂ ਬਾਅਦ ਡੂੰਘਾ ਖੂਹ ਪੁੱਟਿਆ ਗਿਆ।

ਖੂਹ ਦੇ ਵਿੱਚ ਪੈਸੇ ਜਿੰਨੇ ਮਰਜ਼ੀ ਸੁੱਟੀ ਜਾਵੋ, ਪਰ ਖੂਹ ਭੁੱਖੇ ਦਾ ਭੁੱਖਾ ਹੀ ਰਹਿੰਦਾ। ਕਤਲ ਦਾ ਕੇਸ ਸੁਣ ਕੇ ਤਾਂ ਬਾਣੀਏ ਦੇ ਵਿਆਜ ਦੀ ਦਰ ਵੀ ਉਤਾਂਹ ਨੂੰ ਛਾਲਾਂ ਮਾਰਨ ਲੱਗ ਜਾਂਦੀ ਹੈ। ਰਤਨੇ ਦਾ ਪਿਓ ਆਖਰ ਕਈ ਸਾਲਾਂ ਬਾਅਦ ਜੱਜਾਂ, ਵਕੀਲਾਂ ਅਤੇ ਪੁਲਸੀਆਂ ਦੇ ਮੂੰਹ ਭਰ ਭਰ ਕੇ ਛੁੱਟ ਤਾਂ ਗਿਆ, ਪਰ ਨੰਬਰਦਾਰੀ ਨੂੰ ਭੁੱਖੀ ਭਾਣੀ ਅਤੇ ਲੰਗੜੀ ਜੀ ਕਰ ਗਿਆ। ਜਿਵੇਂ ਇਹ ਸਦੀਆਂ ਤੋਂ ਬਿਮਾਰ ਤੁਰੀ ਆਉਂਦੀ ਹੋਵੇ। ਇਸ ਸਾਰੇ ਕੁਝ ਨੇ ਉਸ ਦੇ ਬਾਪੂ ’ਤੇ ਇੰਨਾ ਅਸਰ ਪਾਇਆ ਕਿ ਥੋੜ੍ਹੇ ਸਾਲਾਂ ਵਿੱਚ ਹੀ ਹਾਰਟ ਅਟੈਕ ਨਾਲ ਦੁਨੀਆ ਨੂੰ ਅਲਵਿਦਾ ਕਿਹ ਗਿਆ।

ਹੁਣ ਸਿਰਫ਼ ਘਰ ਵਿੱਚ ਰਤਨਾ ਅਤੇ ਉਸ ਦੀ ਮਾਂ ਹੀ ਰਹਿ ਗਏ ਸਨ। ਇੱਕ ਸਾਲ ਮੋਗੇ ਕਾਲਜ ਵਿੱਚ ਲਾਇਆ। ਸਾਰੀ ਦਿਹਾੜੀ ਬੱਸਾਂ ਵਿੱਚ ਲੰਘ ਜਾਂਦੀ। ਮਾਂ ਬਿਮਾਰ ਹੋਣ ਨਾਲ ਵੀ ਮਹੀਨਾ ਖ਼ਰਾਬ ਹੋ ਗਿਆ। ਫੇਲ੍ਹ ਹੋ ਗਿਆ। ਹੁਣ ਉਹ ਘਰ ਹੀ ਰਹਿੰਦਾ ਸੀ। ਭਵਿੱਖ ਧੁੰਦਲਾ ਜਿਹਾ ਲੱਗਦਾ ਸੀ। ਮਾਂ ਵਿਚਾਰੀ ਹੌਸਲਾ ਦਿੰਦੀ, ਪਰ ਕੀ ਕਰ ਸਕਦੀ ਸੀ। ਖੇਤੀ ਤਾਂ ਮਾਮਲੇ ’ਤੇ ਚੱਲਦੀ ਸੀ। ਆਪ ਤਾਂ ਬਸ ਕੰਧਾਂ ਵਿੱਚ ਵੱਜਣ ਜੋਗਾ ਹੀ ਸੀ, ਜਾਂ ਫਿਰ ਫੋਨ ’ਤੇ ਇੱਧਰ ਉੱਧਰ ਦੀਆਂ ਮਾਰ ਛੱਡਦਾ। ਜਾਂ ਪਿੰਡ ਦੇ ਮੁੰਡਿਆਂ ਨਾਲ ਵਾਲੀਬਾਲ ਖੇਡ ਲਿਆ।

ਕਾਫ਼ੀ ਦੁਖੀ ਤੇ ਗੁਆਚਾ ਜਿਹਾ ਰਹਿਣ ਲੱਗਿਆ। ਲੁਧਿਆਣਾ ਵਾਲੀ ਭੂਆ ਦੀ ਕੁੜੀ ਸੁਮੀਤ ਨਾਲ ਥੋੜ੍ਹੀ ਬਹੁਤ ਗੱਲਬਾਤ ਚੱਲਦੀ ਰਹਿੰਦੀ। ਉਹ ਗੱਲਬਾਤ ਬਹੁਤੀ ਲੰਮੀ ਚੌੜੀ ਨਾ ਕਰਦੀ। ਜੇ ਰਤਨਾ ਲੁਧਿਆਣਾ ਵੀ ਜਾਂਦਾ ਤਾਂ ਇੱਕ ਰਾਤ ਤੋਂ ਬਾਅਦ ਵਾਪਸ ਆ ਜਾਂਦਾ। ਬਹੁਤੀਆਂ ਜ਼ਮੀਨਾਂ ਵਾਲੇ ਯਾਰ ਦੋਸਤ ਕੈਨੇਡਾ, ਅਮਰੀਕਾ ਦੇ ਕਮਰਕੱਸੇ ਕੱਸ ਰਹੇ ਸਨ। ਉਨ੍ਹਾਂ ਨੂੰ ਰਿਸ਼ਤੇ ਕਰਨ ਵਾਲੇ ਇਸ ਤਰ੍ਹਾਂ ਫਿਰਦੇ ਜਿਵੇਂ ਨਲਕੇ ਦੇ ਦੁਆਲੇ ਭਰਿੰਡਾਂ ਫਿਰਦੀਆਂ ਹੁੰਦੀਆਂ ਹਨ।

ਇੱਕ ਦਿਨ ਤਖਤੂਪੁਰੇ ਮਾਘੀ ਦੇ ਮੇਲੇ ’ਤੇ ਰਤਨੇ ਦਾ ਪੀਟੀ ਮਾਸਟਰ ਮਿਲ ਗਿਆ। ਮੇਲੇ ਤੋਂ ਬਾਅਦ ਉਹ ਰਤਨੇ ਨੂੰ ਆਪਣੇ ਘਰ ਧੂੜਕੋਟ ਲੈ ਗਿਆ। ਉੱਥੇ ਰਤਨੇ ਨੂੰ ਸਮਝਾਇਆ, ‘‘ਪ੍ਰਾਈਵੇਟ ਬੀਏ ਸ਼ੁਰੂ ਕਰ ਦੇ। ਬਹੁਤ ਦਰਵਾਜ਼ੇ ਖੁੱਲ੍ਹ ਜਾਣਗੇ। ਘੱਟ ਤੋਂ ਘੱਟ ਪੁਲੀਸ ਦੀ ਨੌਕਰੀ ਤਾਂ ਮਿਲ ਹੀ ਜਾਵੇਗੀ। ਤੇਰੀ ਪ੍ਰਸਨੈਲਿਟੀ ਬੜੀ ਵਧੀਆ, ਤਕੜਾ ਖਿਡਾਰੀ ਏਂ, ਉੱਚਾ ਲੰਮਾ, ਫਿਜ਼ੀਕਲ ਟੈਸਟ ਪਾਸ ਕਰਨਾ ਤੇਰੇ ਖੱਬੇ ਹੱਥ ਦੀ ਮਾਰ ਆ।’’

ਗੱਲ ਰਤਨੇ ਦੇ ਪੱਲੇ ਪੈ ਗਈ। ਪ੍ਰਾਈਵੇਟ ਬੀਏ ਸ਼ੁਰੂ ਕਰ ਦਿੱਤੀ। ਤਿੰਨਾਂ ਸਾਲਾਂ ਵਿੱਚ ਬੀਏ ਕਰ ਗਿਆ। ਮਾਂ ਨੂੰ ਫ਼ਿਕਰ ਸੀ ਕਿ ਉਹ ਵਿਆਹ ਕਰਵਾ ਲਵੇ। ਰਤਨੇ ਦੇ ਦੋਸਤਾਂ ਦੇ ਵੀ ਵਿਆਹ ਹੋ ਰਹੇ ਸੀ। ਰਤਨਾ ਵਿਆਹਾਂ ’ਤੇ ਜਾਂਦਾ, ਨੱਚਦਾ, ਟੱਪਦਾ, ਭੰਗੜਾ ਪਾਉਂਦਾ, ਪਰ ਅੰਦਰੋਂ ਥੋੜ੍ਹਾ ਦੁਖੀ ਹੋ ਜਾਂਦਾ। ਰਤਨੇ ਨੇ ਸੋਚ ਰੱਖਿਆ ਸੀ ਕਿ ਬਗੈਰ ਕਿਸੇ ਪਾਸੇ ਲੱਗਣ ਤੋਂ ਪਹਿਲਾਂ ਵਿਆਹ ਨਹੀਂ ਕਰਾਉਣਾ।

ਇੱਕ ਦਿਨ ਉਹਦੇ ਖਾਈ ਪਿੰਡ ਵਾਲੇ ਦੋਸਤ ਜ਼ੈਲੇ ਦਾ ਫੋਨ ਆਇਆ ਕਿ ਉਨ੍ਹਾਂ ਦੀ ਰਿਸ਼ਤੇਦਾਰ ਕੁੜੀ ਕੈਨੇਡਾ ਤੋਂ ਵਿਆਹ ਕਰਾਉਣ ਲਈ ਆ ਰਹੀ ਹੈ। ਰਤਨੇ ਨੂੰ ਕਿਹਾ, ‘‘ਆਉਂਦੇ ਐਤਵਾਰ ਦੋ ਵਜੇ ਆ ਜਾਵੀਂ, ਦੇਖਣ ਦਖਾਉਣ ਦਾ ਕੰਮ ਵੀ ਮੇਰੇ ਘਰੇ ਹੀ ਕਰ ਲਵਾਂਗੇ।’’ ਰਤਨਾ ਵੀ ਵਧੀਆ ਤਿਆਰ ਹੋ ਕੇ ਚਲਾ ਗਿਆ। ਕੁੜੀ ਨੂੰ ਤਾਂ ਰਤਨਾ ਪਸੰਦ ਆਉਣਾ ਹੀ ਸੀ। ਕੁੜੀ ਨੇ ਹਰੀ ਝੰਡੀ ਦੇ ਦਿੱਤੀ, ਪਰ ਕੁੜੀ ਦੇ ਪਿਉ ਨੇ ਦੋ ਚੀਜ਼ਾਂ ਦੇਖੀਆਂ, ਜ਼ਮੀਨ ਅਤੇ ਪੜ੍ਹਾਈ। ਕੁੜੀ ਦੇ ਪਿਉ ਨੇ ਕੁੜੀ ਨੂੰ ਕਿਹਾ, ‘‘ਇਕੱਲਾ ਸੋਹਣਾ ਮੁੰਡਾ ਦੇਖ ਕੇ ਕੀ ਕਰੇਂਗੀ? ਸਾਰੀ ਉਮਰ ਇਨ੍ਹਾਂ ਮਾਂ-ਪੁੱਤ ਦੀਆਂ ਰੋਟੀਆਂ ਪਕਾਉਂਦੀ ਬੁੱਢੀ ਹੋ ਜਾਵੇਂਗੀ। ਜਦੋਂ ਤੈਨੂੰ ਚੰਗੇ ਪੜ੍ਹੇ ਲਿਖੇ, ਵੱਡੇ ਘਰਾਂ ਦੇ ਰਿਸ਼ਤੇ ਆਉਂਦੇ ਆ, ਫਿਰ ਤੂੰ ਇਸ ਤੋਂ ਕੀ ਕਰਾਉਣਾ? ਨਾਲੇ ਸੁਣ, ਬਹੁਤੇ ਸੋਹਣੇ ਮੁੰਡੇ ਕੈਨੇਡਾ ਜਾ ਕੇ ਬਿਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਨ ਲੱਗ ਜਾਂਦੇ ਆ। ਤੇਰੀ ਨੰਗਲ ਪਿੰਡ ਵਾਲੀ ਸਹੇਲੀ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਨਾ ਛੱਡਣ ਜੋਗਰੀ ਨਾ ਰੱਖਣ ਜੋਗਰੀ।’’ ਸੋ ਰਤਨੇ ਦੀ ਗੱਲ ਨਾ ਬਣੀ। ਜ਼ੈਲੇ ਨੇ ਕਾਫ਼ੀ ਕੋਸ਼ਿਸ਼ ਕੀਤੀ, ਪਰ ਗੱਲ ਬਣੀ ਨਾ।

ਰਤਨਾ ਕਾਫ਼ੀ ਉਦਾਸ ਰਹਿਣ ਲੱਗਿਆ। ਅਚਾਨਕ ਇੱਕ ਦਿਨ ਭੂਆ, ਫੁੱਫੜ ਅਤੇ ਸੁਮੀਤ ਰਣਸੀਂਹ ਪਿੰਡ ਤੋਂ ਵਿਆਹ ਦੇਖਣ ਤੋਂ ਬਾਅਦ ਇਨ੍ਹਾਂ ਦੇ ਘਰ ਆਏ। ਸੁਮੀਤ ਨੇ ਦੱਸਿਆ ਕਿ ਉਹ ਆਇਲੈਟਸ ਦੀ ਤਿਆਰੀ ਕਰ ਰਹੀ ਹੈ ਅਤੇ ਕੈਨੇਡਾ ਜਾਵੇਗੀ। ਉਸ ਨੇ ਰਤਨੇ ਨੂੰ ਵੀ ਟੈਸਟ ਦੇਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਉਸ ਦੀ ਪੂਰੀ ਮਦਦ ਕਰੇਗੀ। ਰਤਨੇ ਨੇ ਵੀ ਮਨ ਬਣਾ ਲਿਆ ਕਿ ਕੈਨੇਡਾ ਜ਼ਰੂਰ ਜਾਣਾ। ਰਤਨੇ ਦੇ ਵੀ ਮਨ ਵਿੱਚ ਆ ਗਿਆ ਕਿ ਗਿੱਲਾਂ ਨੇ ਰਿਸ਼ਤੇ ਦੀ ਨਾਂਹ ਕੀਤੀ ਹੈ। ਇਨ੍ਹਾਂ ਨੂੰ ਵੀ ਕੈਨੇਡਾ ਪਹੁੰਚ ਕੇ ਦਿਖਾਉਣਾ। ਇਨ੍ਹਾਂ ਨੂੰ ਵੀ ਜੇ ਗਿੱਲੇ ਕਰਕੇ ਸੁੱਕਣੇ ਨਾ ਪਾਇਆ ਤਾਂ ਸਾਨੂੰ ਵੀ ਨੰਬਰਦਾਰ ਕਿਸ ਕਹਿਣਾ। ਉਸ ਨੇ ਲੁਧਿਆਣਾ ਜਾ ਕੇ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਸੁਮੀਤ ਨੇ ਬਹੁਤ ਮਦਦ ਕੀਤੀ। ਭੂਆ, ਫੁੱਫੜ ਨੇ ਵੀ ਬਹੁਤ ਮਦਦ ਕੀਤੀ ਕਿ ਚੱਲ ਦੋਵੇਂ ਭੈਣ-ਭਰਾ ਦਾ ਕੰਮ ਬਣ ਜਾਵੇਗਾ ਤਾਂ ਬਹੁਤ ਚੰਗਾ ਹੋਵੇਗਾ ਅਤੇ ਬਿਗਾਨੇ ਦੇਸ਼ ਇਕੱਠੇ ਰਹਿ ਲੈਣਗੇ। ਇੱਕ ਦੂਸਰੇ ਦਾ ਆਸਰਾ ਹੋ ਜਾਊਗਾ। ਦੋਵਾਂ ਦੇ ਟੈਸਟ ਪਾਸ ਹੋ ਗਏ, ਪਰ ਸੁਮੀਤ ਦਾ ਸਕੋਰ ਕਾਫ਼ੀ ਜ਼ਿਆਦਾ ਸੀ। ਰਤਨ ਨੂੰ ਵਾਅਨ ਸ਼ਹਿਰ ਦੇ ਕਾਲਜ ਵਿੱਚ ਅਤੇ ਸੁਮੀਤ ਨੂੰ ਵਾਟਰਲੂਅ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਇੱਕ ਦੂਜੇ ਤੋਂ ਕਾਫ਼ੀ ਦੂਰ ਹੋਣ ਕਰਕੇ ਇਕੱਠੇ ਨਾ ਰਹਿ ਸਕੇ।

ਰਤਨ ਨੇ ਆਪਣੀ ਪੱਗ ਲਾਹ ਕੇ ਅਟੈਚੀ ਵਿੱਚ ਰੱਖ ਲਈ ਅਤੇ ਵਾਲ ਕਟਵਾ ਲਏ। ਫਿਰ ਉਹ ਹੌਲੀ ਹੌਲੀ ਰਤਨੇ ਨੰਬਰਦਾਰ ਤੋਂ ਇਕੱਲਾ ‘ਨੰਬਰਦਾਰ’ ਹੀ ਰਹਿ ਗਿਆ। ਹਰ ਕੋਈ ਉਸ ਨੂੰ ‘ਨੰਬਰਦਾਰ’ ਹੀ ਕਹਿ ਕੇ ਬਲਾਉਂਦਾ। ਕਾਲਜ ਸ਼ੁਰੂ ਕਰਨ ਦੇ ਨਾਲ ਹੀ ਰਤਨੇ ਨੇ ਇੱਕ ਇਟਾਲੀਅਨ ਰੈਸਟੋਰੈਂਟ ਵਿੱਚ ਕੰਮ ਲੱਭ ਲਿਆ। ਜਦੋਂ ਉਹਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸ ਨੂੰ ਤਾਂ ਇਟਾਲੀਅਨ ਰੈਸਟੋਰੈਂਟ ਵਿੱਚ ਕੰਮ ਮਿਲ ਗਿਆ ਹੈ ਤਾਂ ਸਾਰੇ ਕਹਿਣ ਲੱਗੇ ਕਿ ਉਸ ਨੂੰ ਉੱਥੇ ਤਾਂ ਕੰਮ ਮਿਲਣਾ ਹੀ ਸੀ ਕਿਉਂਕਿ ਉਹ ਲੱਗਦਾ ਹੀ ਪੱਕਾ ਇਟਾਲੀਅਨ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਜਾਣ ਪਛਾਣ ਵਾਲਿਆਂ ਤੋਂ ਬਿਨਾਂ ਸਾਰੇ ਉਸ ਨੂੰ ਇਟਾਲੀਅਨ ਹੀ ਸਮਝਦੇ।

ਰੈਸਟੋਰੈਂਟ ਦੇ ਮਾਲਕ ਦੀ ਕੁੜੀ ਨਟਾਲਿਆ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਨਾਲ ਨਾਲ ਆਪਣੇ ਰੈਸਟੋਰੈਂਟ ਵਿੱਚ ਵੀ ਕੰਮ ਕਰਦੀ ਸੀ। ਉਹ ਨਾਲ ਹੀ ਰੋਜ਼ਾਨਾ ਇੱਕ ਨਵੇਂ ਕਾਮੇ ਨੂੰ ਸਿਖਲਾਈ ਵੀ ਦਿੰਦੀ ਸੀ। ਰਤਨੇ ਨੂੰ ਵੀ ਉਸ ਨੇ ਹੀ ਟਰੇਨਿੰਗ ਦਿੱਤੀ। ਪਰ ਟਰੇਨਿੰਗ ਦੌਰਾਨ ਉਹਨੇ ਰਤਨੇ ਨੂੰ ਕਈ ਵਾਰੀ ਕਿਹਾ, ‘‘ਪਲੀਜ਼ ਲੁਕ ਇਨਟੂ ਮਾਈ ਆਈਜ਼।’’ ਰਤਨੇ ਨੇ ਦਿਲ ਵਿੱਚ ਸੋਚਿਆ ਇੱਥੇ ਪੁੱਠਾ ਹੀ ਕੰਮ ਹੈ। ਪੰਜਾਬ ਵਿੱਚ ਕੁੜੀ ਕਹਿੰਦੀ, ਮੇਰੇ ਵੱਲ ਬਿਟਰ ਬਿਟਰ ਕੀ ਝਾਕਦਾ, ਇਹ ਕਹਿੰਦੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ।

ਇਕੱਠੇ ਕੰਮ ਕਰਦਿਆਂ, ਪਹਿਲਾਂ ਦਿਲਾਂ ਦੀਆਂ ਖਿੜਕੀਆਂ ਖੁੱਲ੍ਹਣ ਲੱਗੀਆਂ, ਫਿਰ ਤਾਂ ਬਸ ਦਰਵਾਜ਼ੇ ਹੀ ਖੁੱਲ੍ਹਣ ਲੱਗ ਪਏ। ਗੱਲ ਵਧਦੀ ਵਧਦੀ ਕੱਚੀ ਲੱਸੀ ਵਾਂਗ ਵਧਦੀ ਗਈ।

ਰਤਨੇ ਦਾ ਦਿਲ ਵੀ ਵਾਲੀਬਾਲ ਵਾਂਗ ਟਪੂਸੀਆਂ ਮਾਰਨ ਲੱਗ ਪਿਆ। ਵਾਲੀਬਾਲ ਵਾਂਗ ਉਨ੍ਹਾਂ ਦੋਵਾਂ ਦੇ ਦਿਲ ਇੱਕ ਦੂਜੇ ਦੀ ਸਾਈਡ ’ਤੇ ਆਉਣ ਜਾਣ ਲੱਗੇ। ਹੁਣ ਰਤਨੇ ਦਾ ਦਿਲ ਨਟਾਲਿਆ ਦੇ ਵਾਲੀਬਾਲ ਨੈੱਟ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਸੀ। ਕਦੀ ਕਦੀ ਰਤਨਾ ਉਸ ਦੇ ਅਪਾਰਮੈਂਟ ਵਿੱਚ ਜਾਂਦਾ ਅਤੇ ਦੇਖਦਾ ਕਿ ਉਹ ਕਿਸ ਤਰ੍ਹਾਂ ਮਸ਼ੀਨ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਆਪਣੇ ਅਪਾਰਟਮੈਂਟ ਨੂੰ ਬੜੇ ਸਲੀਕੇ ਨਾਲ ਸਾਫ਼ ਸੁਥਰਾ ਰੱਖਦੀ ਹੈ। ਨਟਾਲਿਆ ਰਤਨੇ ਨੂੰ ਹਰ ਤਰ੍ਹਾਂ ਦਾ ਖਾਣਾ ਬਣਾਉਣਾ ਸਿਖਾਉਂਦੀ।

ਰਤਨੇ ਨੂੰ ਲੱਗਾ ਕਿ ਉਸ ਨੇ ਕੈਨੇਡਾ ਆਉਣ ਦਾ ਫੈਸਲਾ ਕਰ ਕੇ ਬਹੁਤ ਵਧੀਆ ਕੀਤਾ। ਉਸ ਦਾ ਵਿਸ਼ਵਾਸ ਵਧਦਾ ਗਿਆ। ਉਸ ਨੂੰ ਨਟਾਲਿਆ ਵੀ ‘ਪੰਜਾਬਣ ਸਾਹਿਬਾਂ’ ਵਰਗੀ ਲੱਗਦੀ, ਪਰ ਉਸ ਨੂੰ ਪੱਕਾ ਯਕੀਨ ਸੀ ਕਿ ਉਹ ਉਸ ਨੂੰ ਆਪਣੇ ਭਰਾ ਤੋਂ ਮਰਵਾਵੇਗੀ ਨਹੀਂ ਕਿਉਂਕਿ ਨਟਾਲਿਆ ਦਾ ਇੱਕੋ ਇੱਕੋ ਭਰਾ ਸੀ ਜੋ ਸਕੂਲ ਵਿੱਚ ਪੜ੍ਹਦਾ ਸੀ। ਉਹ ਵੀ ਰਤਨੇ ਨੂੰ ਬਹੁਤ ਪਸੰਦ ਕਰਦਾ ਸੀ।

ਇੱਕ ਦਿਨ ਸੁਮੀਤ, ਰਤਨੇ ਨੂੰ ਮਿਲਣ ਵਾਅਨ ਆਈ। ਉਸ ਨੂੰ ਵੀ ਨਟਾਲਿਆ ਬਹੁਤ ਪਸੰਦ ਕਰਦੀ ਸੀ। ਨਟਾਲਿਆ ਵੀ ਪੰਜਾਬੀ ਸੂਟ ਪਾਉਣ ਲਈ ਸੁਮੀਤ ਤੋਂ ਮੰਗ ਲੈਂਦੀ ਸੀ। ਸੁਮੀਤ ਨੇ ਰਤਨੇ ਨੂੰ ਦੱਸਿਆ ਕਿ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਕਿਉਂਕਿ ਉਸ ਦੇ ਮੰਮੀ-ਡੈਡੀ ਨੇ ਸੁਮੀਤ ਨੂੰ ਆਪਣੇ ਬੌਇ ਫਰੈਂਡ ਰਾਕੇਸ਼ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਤਾਂ ਸੁਪਰਵੀਜ਼ੇ ’ਤੇ ਆਪਣਾ ਕੈਨੇਡਾ ਆਉਣ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਹੈ। ‘‘ਉਹ ਤਾਂ ਪੰਜਾਬ ਵਿੱਚ ਉਸ ਲਈ ਮੁੰਡਾ ਲੱਭੀਂ ਬੈਠੇ ਹਨ। ਉਸ ਦੀ ਰਾਇ ਤੋਂ ਬਿਨਾਂ ਹੀ ਪੱਕ ਠੱਕ ਕਰੀਂ ਬੈਠੇ ਹਨ। ਤੋਤੇ ਵਾਂਗ ਇੱਕੋ ਹੀ ਰੱਟ ਲਾਈ ਵੀ ਆ ਕਿ ਇਕੱਲਾ ਇਕੱਲਾ ਮੁੰਡਾ ਤੇ ਅਮੀਰ ਬਹੁਤ ਹੈ। ਉਨ੍ਹਾਂ ਨੇ ਤਾਂ ਕੱਲ੍ਹ ਇਹ ਕਹਿ ਕਿ ਕਹਾਣੀ ਹੀ ਖ਼ਤਮ ਕਰ ਦਿੱਤੀ ਕਿ ਜੇ ਮੈਂ ਹਿੰਦੂਆਂ ਦੇ ਮੁੰਡੇ ਨਾਲ ਵਿਆਹ ਕਰਾਇਆ ਤਾਂ ਤੂੰ ਸਾਡੇ ਲਈ ਮਰ ਗਈ ਅਤੇ ਅਸੀਂ ਤੇਰੇ ਲਈ। ਡੈਡੀ ਤਾਂ ਕਹਿੰਦੇ, ਜੇ ਤੂੰ ਜੱਟ ਦੀ ਮੁੱਛ ਬਾਣੀਏ ਕੋਲੋਂ ਕਟਵਾਂ ਦਿੱਤੀ ਤਾਂ ਕਦੀ ਪੰਜਾਬ ਵਿੱਚ ਪੈਰ ਨਹੀਂ ਪਾ ਸਕਦੀ। ਪਰ ਵੀਰੇ, ਮੈਂ ਰਾਕੇਸ਼ ਤੋਂ ਬਿਨਾਂ ਨਹੀਂ ਰਹਿ ਸਕਦੀ। ਤੈਨੂੰ ਤਾਂ ਪਤਾ ਉਹ ਕਿੰਨਾ ਚੰਗਾ ਮੁੰਡਾ ਹੈ। ਉਸ ਵਿਚਾਰੇ ਨੂੰ ਤਾਂ ਹਿੰਦੂ, ਸਿੱਖ, ਜੱਟ, ਖੱਤਰੀਆਂ ਬਾਰੇ ਕੁਝ ਵੀ ਪਤਾ ਨਹੀਂ। ਕੈਨੇਡਾ ਦਾ ਜੰਮਿਆ ਪਲਿਆ, ਛੋਟਾ ਹੁੰਦਾ ਸਿਰਫ਼ ਇੱਕ ਵਾਰੀ ਇੰਡੀਆ ਗਿਆ। ਉਸ ਵਿੱਚ ਕੋਈ ਐਬ ਨਹੀਂ। ਘਰ ਦੇ ਸਾਰੇ ਕੰਮਕਾਜ ਨੂੰ ਤੇਜ਼, ਪੜ੍ਹਨ ਨੂੰ ਪੂਰਾ ਹੁਸ਼ਿਆਰ, ਜੋ ਦਿਖਦਾ ਬਸ ਉਹੀ ਹੈ। ਮੈਂ ਉਸ ਨੂੰ ਧੋਖਾ ਨਹੀਂ ਦੇ ਸਕਦੀ। ਮੰਮੀ- ਡੈਡੀ ਨੇ ਬਸ ਇੱਕੋ ਰੱਟ ਲਾਈ ਹੋਈ ਆ, ਤੈਨੂੰ ਫੁੱਟੀ ਕੌਡੀ ਨਹੀਂ ਦੇਣੀ। ਕਹਿੰਦੇ ਅਸੀਂ ਤੇਰੇ ਲਈ ਜਾਇਦਾਦ ਇਕੱਠੀ ਕਰਦੇ ਮਰ ਗਏ। ਤੂੰ ਸਾਡੀ ਨੱਕ ਵਢਾਉਣ ਨੂੰ ਉਤਾਵਲੀ ਹੋਈਂ ਫਿਰਦੀ ਹੈ। ਮੈਂ ਉਨ੍ਹਾਂ ਦੀ ਜਾਇਦਾਦ ਤੋਂ ਕੀ ਲੈਣਾ?’’ ਸੁਮੀਤ ਦੇ ਹੰਝੂ ਤਿੱਪ ਤਿੱਪ ਕਰਕੇ ਡਿੱਗਦੇ ਰਹੇ।

‘‘ਵੀਰੇ ਤੂੰ ਹੀ ਦੱਸ, ਮੈਂ ਕੀ ਕਰਾਂ ! ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਪਰ ਰਾਕੇਸ਼ ਨੂੰ ਮੈਂ ਧੋਖਾ ਨਹੀਂ ਦੇ ਸਕਦੀ। ਮੈਂ ਤਾਂ ਸੋਚ ਲਿਆ, ਦੇਖੀ ਜਾਊ, ਵੈਸੇ ਕੱਲ੍ਹ ਕਿਸ ਦੇਖਿਆ।’’

ਰਤਨਾ ਸੋਚੀਂ ਪੈ ਗਿਆ। ਫਿਰ ਬੋਲਿਆ, ‘‘ਮੈਂ ਤਾਂ ਕੁਝ ਨਹੀਂ ਕਹਿ ਸਕਦਾ। ਪਰ ਹਾਂ, ਇੰਨਾ ਜ਼ਰੂਰ ਆ ਕਿ ਭੂਆ ਫੁੱਫੜ ਦੇ ਫੈਸਲੇ ਕਰਕੇ ਮੇਰੇ ਤੇਰੇ ਰਿਸ਼ਤੇ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ। ਮੈਨੂੰ ਤਾਂ ਆਪ ਰਾਕੇਸ਼ ਬਹੁਤ ਹੀ ਸਾਊ, ਭੋਲਾ ਅਤੇ ਸਮਝਦਾਰ ਲੱਗਦਾ। ਬਾਕੀ ਤੁਹਾਡੀ ਦੋਵਾਂ ਦੀ ਸੋਚ ਵੀ ਮਿਲਦੀ ਹੈ। ਬਾਕੀ ਫੈਸਲਾ ਤਾਂ ਤੇਰਾ ਹੀ ਹੈ।’’ ‘‘ਵੀਰੇ, ਤੇਰਾ ਨਟਾਲਿਆ ਬਾਰੇ ਕੀ ਵਿਚਾਰ ਆ, ਜੇ ਮਾਮੀ ਜੀ ਨੇ ਇਸ ਤਰ੍ਹਾਂ ਦਾ ਫੈਸਲਾ ਸੁਣਾਤਾ, ਤਾਂ ਫੇਰ ਤੂੰ ਕੀ ਕਰੇਂਗਾ?’’

‘‘ਅਜੇ ਤਾਂ ਇੰਨਾ ਹੀ ਪਤਾ ਬਈ, ਮੇਰੀ ਤਾਂ ਲਾਟਰੀ ਨਿਕਲੀ ਆ।’’

ਰਤਨੇ ਦੇ ਦੋਸਤ ਦਾ ਪਿੰਡੋਂ ਫੋਨ ਆ ਗਿਆ ਕਿ ਉਸ ਦੀ ਬੇਬੇ ਕਾਫ਼ੀ ਢਿੱਲੀ ਹੈ ਤੇ ਉਹ ਜਲਦੀ ਆ ਜਾਵੇ। ਜਦੋਂ ਨਟਾਲਿਆ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਨਾਲ ਜਾਣ ਦਾ ਫੈਸਲਾ ਸੁਣਾ ਦਿੱਤਾ। ਰਤਨੇ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨੇ ਵੀ ਪੱਥਰ ’ਤੇ ਲਕੀਰ ਖਿੱਚ ਦਿੱਤੀ ਕਿ ਉਹ ਜ਼ਰੂਰ ਜਾਵੇਗੀ।

ਰਤਨੇ ਨੂੰ ਪੰਜਾਬ ਜਾ ਕੇ ਪਤਾ ਚੱਲਿਆ ਕਿ ਬੇਬੇ ਨੂੰ ਤਾਂ ਕੈਂਸਰ ਹੈ। ਬਹੁਤੀ ਦੇਰ ਨਾਲ ਪਤਾ ਚੱਲਿਆ, ਡਾਕਟਰ ਨੇ ਕਿਹਾ, ਬਹੁਤਾ ਟਾਈਮ ਨਹੀਂ ਕੱਢਦੀ।

ਰਤਨੇ ਦੀ ਬੇਬੇ ਨੇ ਪੁੱਛਿਆ, ‘‘ਪੁੱਤ ਇਹ ਕੁੜੀ ਕੌਣ ਹੈ?’’

‘‘ਬੇਬੇ ਮੈਂ ਇਨ੍ਹਾਂ ਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਹਾਂ। ਇਹ ਪੰਜਾਬ ਫਿਰਨ ਤੁਰਨ ਆਈ ਹੈ।’’ ਰਤਨੇ ਦੀ ਬੇਬੇ ਨੂੰ ਸਮਝ ਲੱਗ ਗਈ ਸੀ। ਉਸ ਨੇ ਵੀ ਉਨ੍ਹਾਂ ਨੂੰ ਇੱਕ ਦਿਨ ਇੱਕ-ਦੂਜੇ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਦੇਖ ਲਿਆ ਸੀ।

ਨਟਾਲਿਆ ਨੂੰ ਪੰਜਾਬੀ ਦੇ ਥੋੜ੍ਹੇ ਜਿਹੇ ਸ਼ਬਦਾਂ ਬਾਰੇ ਹੀ ਪਤਾ ਸੀ। ਰਤਨੇ ਦੀ ਬੇਬੇ ਨੂੰ ਨਟਾਲਿਆ ਦੀ ਭਾਵੇਂ ਕੋਈ ਸਮਝ ਨਹੀਂ ਲੱਗਦੀ ਸੀ, ਸਭ ਕੁਝ ਇਸ਼ਾਰਿਆਂ ਨਾਲ ਹੀ ਚੱਲਦਾ ਸੀ ਜਾਂ ਫਿਰ ਰਤਨਾ ਮਦਦ ਕਰਦਾ। ਪਰ ਨਟਾਲਿਆ ਰਤਨੇ ਦੀ ਮਾਂ ਨੂੰ ਬਹੁਤ ਚੰਗੀ ਲੱਗਣ ਲੱਗ ਪਈ। ਉਹ ਨਟਾਲਿਆ ਵਿੱਚ ਆਪਣੀ ਜਵਾਨੀ ਦੇ ਦਿਨ ਦੇਖਦੀ। ਨਟਾਲਿਆ ਦੀ ਮੁਸਕਰਾਹਟ ਤਾਂ ਬੇਬੇ ਦਾ ਦਿਲ ਹੀ ਚੀਰ ਜਾਂਦੀ। ਜਦੋਂ ਉਹ ਪੰਜਾਬੀ ਸੂਟ ਪਾਉਂਦੀ ਤਾਂ ਬੇਬੇ ਦਾ ਦਿਲ ਗਦ ਗਦ ਕਰ ਉੱਠਦਾ। ਉਹਦੀ ਦਰਦ ਭਾਫ਼ ਬਣ ਕੇ ਉੱਡ ਜਾਂਦੀ। ਉਸ ਨੂੰ ਉਹ ਚਿੱਟੀ ਚਿੱਟੀ ਕਪਾਹ ਵਰਗੀ ਲੱਗਦੀ।

ਰਤਨੇ ਦੀ ਮਾਂ ਨੇ ਵੀ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਜੇ ਰਤਨੇ ਨੇ ਇਹਦੇ ਨਾਲ ਵਿਆਹ ਕਰਾਉਣਾ ਤਾਂ ਕਰਵਾ ਲਵੇ। ਮੈਂ ਵੀ ਤਾਂ ਸਾਰੀ ਉਮਰ ਨਰਕ ਹੀ ਭੋਗਿਆ। ਜੇ ਇਹ ਦੋਵੇਂ ਖੁਸ਼ ਨੇ ਤਾਂ ਠੀਕ ਹੈ। ਨਾਲੇ ਮੈਂ ਤਾਂ ਹੁਣ ਥੋੜ੍ਹੇ ਦਿਨਾਂ ਦੀ ਪ੍ਰਹਾਉਣੀ ਹਾਂ।

ਰਤਨੇ ਨੂੰ ਕੋਈ ਸਮਝ ਨਹੀਂ ਸੀ ਆਉਂਦੀ ਕਿ ਇਸ ਹਾਲਾਤ ਵਿੱਚ ਬੇਬੇ ਨਾਲ ਨਟਾਲਿਆ ਬਾਰੇ ਗੱਲਬਾਤ ਕਰੇ ਕਿ ਨਾ, ਪਰ ਇੱਕ ਦਿਨ ਬੇਬੇ ਨੇ ਆਪ ਹੀ ਪੁੱਛ ਕੇ ਰਤਨੇ ਦੀ ਇਹ ਮੁਸੀਬਤ ਵੀ ਦੂਰ ਕਰ ਦਿੱਤੀ।

ਬੇਬੇ ਨੇ ਰਤਨੇ ਨੂੰ ਪੁੱਛਿਆ! ‘‘ਪੁੱਤ ਤੂੰ ਨਤਲੀਆ ਨਾਲ ਵਿਆਹ ਕਰਾਉਣਾ?’’

ਬੇਬੇ ‘ਨਤਲੀਆ’ ਨਹੀਂ ‘ਨਟਾਲਿਆ’।

‘‘ਜੈਅ ਵੱਢੇ ਦਾ ਅਜੇ ਮੂੰਹ ’ਤੇ ਹੀ ਨਹੀਂ ਚੜ੍ਹਦਾ। ਤੂੰ ਮੈਨੂੰ ਕਾਗਤ ’ਤੇ ਲਿਖਦੇ। ਚੱਲ ਦੱਸ, ਤੂੰ ਇਹਦੇ ਨਾਲ ਵਿਆਹ ਕਰਾਉਣਾ?’’

‘‘ਬੇਬੇ ਜੇ ਤੂੰ ਨਹੀਂ ਚਾਹੁੰਦੀ ਤਾਂ ਕੋਈ ਨਾ।’’

‘‘ਨਹੀਂ! ਪੁੱਤ, ਮੈਨੂੰ ਤਾਂ ਇਹ ਬਹੁਤ ਹੀ ਚੰਗੀ ਲੱਗਦੀ ਆ। ਮੇਰੀ ਤਾਂ ਵਾਹਿਗੁਰੂ ਨੇ ਸੁਣ ਲਈ। ਮੈਂ ਤਾਂ ਚਾਹੁੰਦੀ ਹਾਂ ਤੇਰਾ ਘਰ ਵੱਸੇ, ਤੁਸੀਂ ਦੋਵੇਂ ਖੁਸ਼ੀ ਖੁਸ਼ੀ ਰਹੋ। ਪਰ ਇੱਕ ਗੱਲ ਆ! ਆਪਣੇ ਬਾਪੂ ਵਾਲੀ ਨਾ ਕਰੀਂ, ਗਾਲ੍ਹ ਤੋਂ ਬਿਨਾਂ ਕਦੀ ਬੋਲਦਾ ਈ ਨਹੀਂ ਸੀ। ਬਾਹਰ ਵੀ ਨੰਬਰਦਾਰੀ ਅਤੇ ਘਰੇ ਵੀ ਨੰਬਰਦਾਰੀ।

ਮੇਰੀ ਤਾਂ ਸਾਰੀ ਜ਼ਿੰਦਗੀ ਨਰਕ ਵਿੱਚ ਹੀ ਨਿਕਲ ਗਈ। ਪਿਆਰ ਨਾਲ ਰਹੋ, ਤਰੱਕੀਆਂ ਮਾਣੋ। ਮੈਂ ਤਾਂ ਕਹਿਨੀ ਆ ਪਾਠ ਕਰਾਕੇ ਆਨੰਦ ਲੈ ਹੀ ਲਉ। ਮੇਰਾ ਕੀ ਭਰੋਸਾ, ਅੱਜ ਹੈਗੀ ਆ, ਕੱਲ੍ਹ ਨਾ ਹੋਵਾਂ। ਜਾਣ ਤੋਂ ਪਹਿਲਾਂ ਆਪਣੇ ਪੁੱਤ ਨੂੰ ਵਿਆਹ ਕੇ ਪਾਣੀ ਤਾਂ ਵਾਰ ਲਵਾਂ।’’ ਰਤਨਾ ਬਿਟਰ ਬਿਟਰ ਦੇਖਣ ਲੱਗਿਆ। ਉੱਠ ਕੇ ਆਪਣੀ ਬੇਬੇ ਨੂੰ ਜੱਫ਼ੀ ਪਾਈ ਅਤੇ ਸੋਚਣ ਲੱਗਿਆ, ‘‘ਬੇਬੇ! ਭੂਆ ਅਤੇ ਫੁੱਫੜ ਤੋਂ ਕਿੰਨੀ ਜ਼ਿਆਦਾ ਪੜ੍ਹੀ ਲਿਖੀ ਹੈ।’’
ਸੰਪਰਕ: +1 (204) 9796757



News Source link
#ਰਤਨ #ਨਬਰਦਰ

- Advertisement -

More articles

- Advertisement -

Latest article