ਨਵੀਂ ਦਿੱਲੀ: ਅਡਾਨੀ ਗਰੁੱਪ ਵੱਲੋਂ ਮੀਡੀਆ ਸਮੂਹ ਐੱਨਡੀਟੀਵੀ ਵਿਚ ਵੱਡੀ ਹਿੱਸੇਦਾਰੀ ਖ਼ਰੀਦਣ ਨਾਲ ਜੂਝ ਰਹੀ ਚੈਨਲ ਦੀ ਪ੍ਰਮੋਟਰ ਇਕਾਈ ਆਰਆਰਪੀਆਰ ਹੋਲਡਿੰਗ ਲਿਮਟਿਡ ਨੇ ‘ਸੇਬੀ’ ਨੂੰ ਇਕ ਨੁਕਤਾ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਸਕਿਉਰਿਟੀ ਰੈਗੂਲੇਟਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਇਸ ਦਾ ਪਹਿਲਾ ਹੁਕਮ ਜਿਸ ਵਿਚ ਉਨ੍ਹਾਂ ਉਤੇ ਸਕਿਉਰਿਟੀ ਬਾਜ਼ਾਰ ’ਚ ਕਾਰੋਬਾਰ ਕਰਨ ਦੀ ਪਾਬੰਦੀ ਲਾਈ ਗਈ ਸੀ, ਸ਼ੇਅਰ ਵੀਸੀਪੀਐਲ ਫਰਮ ਨੂੰ ਟਰਾਂਸਫਰ ਕੀਤੇ ਜਾਣ ਉਤੇ ਲਾਗੂ ਹੁੰਦਾ ਹੈ। ਜ਼ਿਕਰਯੋਗ ਹੈ ਕਿ ਵੀਸੀਪੀਐਲ ਹੁਣ ਅਡਾਨੀ ਗਰੁੱਪ ਕੋਲ ਹੈ। ਸੇਬੀ ਨੇ ਐੱਨਡੀਟੀਵੀ ਦੇ ਸੰਸਥਾਪਕ ਰਾਧਿਕਾ ਤੇ ਪ੍ਰਣਯ ਰੌਏ ’ਤੇ ਨਵੰਬਰ, 2020 ਵਿਚ ਇਹ ਦੋ ਸਾਲ ਦੀ ਪਾਬੰਦੀ ਲਾਈ ਸੀ। ਐੱਨਡੀਟੀਵੀ ਦੇ ਪ੍ਰਮੋਟਰਾਂ ਦਾ ਕਹਿਣਾ ਹੈ ਕਿ ਕਿਉਂਕਿ ਪਾਬੰਦੀ ਹਾਲੇ ਲਾਗੂ ਹੈ, ਇਸ ਲਈ ਵੀਸੀਪੀਐਲ ਨੂੰ ਹਿੱਸੇਦਾਰੀ ਤਬਦੀਲ ਕਰਾਉਣ ਬਾਰੇ ਸੇਬੀ ਤੋਂ ਅਗਾਊਂ ਪ੍ਰਵਾਨਗੀ ਲੈਣੀ ਪਵੇਗੀ। -ਪੀਟੀਆਈ