44.9 C
Patiāla
Wednesday, May 22, 2024

ਸੰਗਰੂਰ ’ਚ ਪੁਲੀਸ ਦਾ ਅਪਰੇਸ਼ਨ ਕਲੀਨ: ਮਾਨ ਦੀ ਕੋਠੀ ਅੱਗਿਓਂ ਧਰਨਾਕਾਰੀ ਅੱਧੀ ਰਾਤ ਨੂੰ ਚੁੱਕ ਕੇ ਫ਼ਤਹਿਗੜ੍ਹ ਸਾਹਿਬ ਛੱਡੇ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 26 ਅਗਸਤ

ਬੀਤੀ ਦੇਰ ਰਾਤ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਚੱਲ ਰਹੇ ਪੰਥਕ ਮੋਰਚੇ ਸਮੇਤ ਤਿੰਨ ਪੱਕੇ ਮੋਰਚਿਆਂ ਉਪਰ ਡਟੀ ਸਿੱਖ ਸੰਗਤ, ਸੰਘਰਸ਼ਕਾਰੀ ਨੌਜਵਾਨਾਂ ਅਤੇ ਲੜਕੀਆਂ ਨੂੰ ਵੱਡੀ ਤਾਦਾਦ ’ਚ ਪੁੱਜੀ ਪੁਲੀਸ ਨੇ ਚੁੱਕ ਲਿਆ ਗਿਆ, ਟੈਂਟ ਉਖਾੜ ਦਿੱਤੇ ਅਤੇ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਸਮੇਤ ਸਿੱਖ ਸੰਗਤ, ਪੰਜਾਬ ਪੁਲੀਸ ਭਰਤੀ ਉਮੀਦਵਾਰ-2016 ਅਤੇ ਕਰੋਨਾ ਯੋਧੇ ਲੜਕੀਆਂ ਸਮੇਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਬੱਸਾਂ ਵਿਚ ਚੜ੍ਹਾ ਕੇ ਅੱਧੀ ਰਾਤ ਕਰੀਬ 90 ਕਿਲੋਮੀਟਰ ਦੂਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਛੱਡ ਦਿੱਤਾ ਗਿਆ। ਪੁਲੀਸ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਸਾਰੀ ਥਾਂ ਨੂੰ ਧਰਨਾਕਾਰੀਆਂ ਤੋਂ ਖਾਲੀ ਕਰਵਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮੁੱਖ ਮੰਤਰੀ ਦੀ ਕੋਠੀ ਨੂੰ ਜਾਂਦੀ ਸ਼ਹਿਰ ਦੀ ਸੰਗਰੂਰ-ਪਟਿਆਲਾ ਸੜਕ ਉਪਰ ਦੋਵੇਂ ਪਾਸੇ ਇੱਕ-ਇੱਕ ਕਿਲੋਮੀਟਰ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਅਤੇ ਜ਼ਿਲ੍ਹਾ ਮੁੱਖ ਸੇਵਾਦਾਰ ਭਾਈ ਬਚਿੱਤਰ ਸਿੰਘ ਤੇ ਹੋਰ ਜ਼ਿਲ੍ਹਿਆਂ ਦੇ ਆਗੂਆਂ ਨੇ ਦੱਸਿਆ ਕਿ ਵੱਡੀ ਤਾਦਾਦ ’ਚ ਪੁਲੀਸ ਫੋਰਸ ਵਲੋਂ ਬੀਤੀ ਰਾਤ ਕਰੀਬ 11 ਵਜੇ ਧਾਵਾ ਬੋਲ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵਲੋਂ ਪਹਿਲਾਂ ਸਾਰੀ ਸੰਗਤ ਤੋਂ ਜਬਰੀ ਮੋਬਾਈਲ ਫੋਨ ਖੋਹ ਲਏ, ਸਾਰਾ ਸਾਮਾਨ ਜ਼ਬਤ ਕਰ ਲਿਆ ਅਤੇ ਟੈਂਟ ਪੁੱਟ ਦਿੱਤੇ ਗਏ। ਬਿਜਲੀ ਬੰਦ ਕਰਕੇ ਉਨ੍ਹਾਂ ਸਮੇਤ ਸਮੁੱਚੀ ਸਿੱਖ ਸੰਗਤ ਨੂੰ ਧੂਹ ਕੇ ਬੱਸਾਂ ਵਿਚ ਸੁੱਟ ਲਿਆ। ਪਹਿਲਾਂ ਸੰਗਤ ਨੂੰ ਪਟਿਆਲਾ ਜੇਲ੍ਹ, ਫਿਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਫ਼ਿਰ ਫਤਹਿਗੜ੍ਹ ਸਾਹਿਬ ਦੀ ਹਦੂਦ ’ਚ ਅੱਧੀ ਰਾਤ ਕਰੀਬ 2 ਵਜੇ ਛੱਡ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਾ ਹੋਣ ਕਾਰਨ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਪਾਵਨ ਸਰੂਪਾਂ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਪੁਲੀਸ ਕਰਮਚਾਰੀਆਂ ਖਿਲਾਫ਼ ਕਾਰਵਾਈ ਹੋਵੇ। ਸਿੱਖ ਸਦਭਾਵਨਾ ਦਲ ਦੇ ਆਗੂਆਂ ਨੇ ਕਿਹਾ ਕਿ 1 ਸਤੰਬਰ ਤੋਂ ਸਿੱਖ ਸਦਭਾਵਨਾ ਦਲ ਵਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸਦਾ ਐਲਾਨ 1 ਸਤੰਬਰ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ।

ਇਥੇ ਜ਼ਿਕਰਯੋਗ ਹੈ ਕਿ ਸਿੱਖ ਸਦਭਾਵਨਾ ਦਲ ਵਲੋਂ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਬੀਤੀ 20 ਅਗਸਤ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਥਕ ਮੋਰਚਾ ਲਗਾਇਆ ਹੋਇਆ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਪੰਜਾਬ ਪੁਲੀਸ ਭਰਤੀ-2016 ਦੇ ਉਮੀਦਾਰ ਅਤੇ ਕਰੋਨਾ ਯੋਧੇ ਨਰਸਾਂ ਦੇ ਵੀ ਪਿਛਲੇ ਕਈ ਮਹੀਨਿਆਂ ਤੋਂ ਪੱਕੇ ਮੋਰਚੇ ਜਾਰੀ ਸਨ।

News Source link

- Advertisement -

More articles

- Advertisement -

Latest article