ਬਾਲਟੀਮੋਰ, 25 ਅਗਸਤ
ਰੂਸ ਦੇ ਖੇਤਾਂ, ਜੰਗਲਾਂ ਅਤੇ ਫੈਕਟਰੀਆਂ ਤੋਂ ਪਲਾਈਵੁੱਡ ਦੀਆਂ ਚਾਦਰਾਂ, ਐਲੂਮੀਨੀਅਮ ਦੀਆਂ ਰਾਡਾਂ ਅਤੇ ਰੇਡੀਓਐਕਟਿਵ ਸਮੱਗਰੀ ਨਾਲ ਭਰਿਆ ਇੱਕ ਸਮੁੰਦਰੀ ਬੇੜਾ ਬਾਲਟੀਮੋਰ ਦੀ ਬੰਦਰਗਾਹ ’ਤੇ ਪੁੱਜਿਆ ਹੈ।
ਹਾਲਾਂਕਿ ਛੇ ਮਹੀਨੇ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਦੇ ਮੱਦੇਨਜ਼ਰ ਵਲਾਦੀਮੀਰ ਪੂਤਿਨ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਵੋਦਕਾ, ਹੀਰੇ ਅਤੇ ਗੈਸੋਲੀਨ ਵਰਗੀਆਂ ਵਸਤੂਆਂ ’ਤੇ ਵਪਾਰਕ ਪਾਬੰਦੀ ਲਗਾ ਦਿੱਤੀ ਸੀ ਪਰ ਅਰਬਾਂ ਡਾਲਰਾਂ ਦੀਆਂ ਸੈਂਕੜੇ ਹੋਰ ਕਿਸਮਾਂ ਦੀਆਂ ਗੈਰ-ਮਨਜ਼ੂਰਸ਼ੁਦਾ ਵਸਤੂਆਂ ਲਗਾਤਾਰ ਰੂਸ ਦੇ ਸੇਂਟ ਪੀਟਰਸਬਰਗ ਤੋਂ ਬਾਲਟੀਮੋਰ ਸਮੇਤ ਹੋਰ ਅਮਰੀਕੀ ਬੰਦਰਗਾਹਾਂ ਵੱਲ ਜਾ ਰਹੀਆਂ ਹਨ। ਦਿ ਐਸੋਸੀਏਟ ਪ੍ਰੈੱਸ ਨੇ ਪਤਾ ਲਗਾਇਆ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਰੂਸੀ ਬੰਦਰਗਾਹਾਂ ਤੋਂ ਲੱਕੜੀ, ਧਾਤ, ਰਬੜ ਅਤੇ ਹੋਰ ਵਸਤਾਂ ਨਾਲ ਭਰੇ ਕਰੀਬ 3600 ਸਮੁੰਦਰੀ ਬੇੜੇ ਅਮਰੀਕੀ ਬੰਦਰਗਾਹਾਂ ’ਤੇ ਪੁੱਜੇ ਹਨ। ਸੂਬਾ ਵਿਭਾਗ ਦੇ ਸੈਂਕਸ਼ਨਜ਼ ਕੋਆਰਡੀਨੇਸ਼ਨ ਦਫ਼ਤਰ ਦੇ ਰਾਜਦੂੁਤ ਜਿਮ ਓ’ਬਰੇਨ ਨੇ ਕਿਹਾ, ‘‘ਜਦੋਂ ਅਸੀਂ ਪਾਬੰਦੀਆਂ ਲਗਾਉਂਦੇ ਹਾਂ ਤਾਂ ਇਹ ਵਿਸ਼ਵ ਵਪਾਰ ਵਿੱਚ ਵਿਘਨ ਪਾ ਸਕਦਾ ਹੈ। ਇਸ ਲਈ ਸਾਡਾ ਕੰਮ ਇਹ ਸੋਚਣਾ ਹੈ ਕਿ ਕਿਹੜੀਆਂ ਪਾਬੰਦੀਆਂ ਸਭ ਤੋਂ ਵੱਧ ਪ੍ਰਭਾਵ ਪਾਉਂਦੀਆਂ ਹਨ, ਜਦੋਂ ਕਿ ਵਿਸ਼ਵ ਵਪਾਰ ਕੰਮ ਕਰਨ ਦੀ ਆਗਿਆ ਵੀ ਦਿੰਦਾ ਹੈ।’’ -ਏਪੀ