40.4 C
Patiāla
Wednesday, May 22, 2024

ਬੇਘਰੇ

Must read


ਸੁਰਿੰਦਰ ਗੀਤ

ਜਨਵਰੀ ਦਾ ਮਹੀਨਾ ਸੀ। ਮੈਨੂੰ ਕੈਨੇਡਾ ਤੋਂ ਗਈ ਨੂੰ ਅਜੇ ਦੋ ਦਿਨ ਹੀ ਹੋਏ ਸਨ। ਸਿਆਲਾਂ ਨੂੰ ਪਿੰਡਾਂ ਵਿੱਚ ਲੋਕ ਰਾਤ ਨੂੰ ਛੇਤੀ ਹੀ ਖਾ ਪੀ ਵਿਹਲੇ ਹੋ ਜਾਂਦੇ ਹਨ ਅਤੇ ਛੇਤੀ ਹੀ ਸੌਂ ਜਾਂਦੇ ਹਨ। ਰਾਤ ਦੇ ਦਸ ਵਜੇ ਤੱਕ ਤਾਂ ਕਈ ਅੱਧੀ ਨੀਂਦ ਪੂਰੀ ਵੀ ਕਰ ਲੈਂਦੇ ਹਨ। ਢੋਲ ਢਮੱਕੇ ਤੇ ਲੱਚਰ ਜਿਹੇ ਗੀਤਾਂ ਦੀ ਆਵਾਜ਼ ਆ ਰਹੀ ਸੀ। ਟਿਕੀ ਰਾਤ ਨੂੰ ਤਾਂ ਇਹ ਸ਼ੋਰ ਹੋਰ ਵੀ ਜ਼ਿਆਦਾ ਸੁਣਾਈ ਦੇ ਰਿਹਾ ਸੀ। ਮੈਂ ਸੌਣ ਦਾ ਯਤਨ ਕਰਦੀ ਸਾਂ, ਪਰ ਇਹ ਸ਼ੋਰ ਏਨਾ ਕੰਨ ਚੀਰਵਾਂ ਸੀ ਕਿ ਨੀਂਦ ਵੀ ਤੜਫ਼ ਰਹੀ ਸੀ। ਮੇਰੇ ਲਾਗਲੇ ਮੰਜੇ ‘ਤੇ ਪਈ ਮੇਰੀ ਮਾਂ ਵੀ ਉਸਲ ਵੱਟੇ ਲੈ ਰਹੀ ਸੀ। ਮੈਂ ਸਮਝ ਰਹੀ ਸਾਂ ਕਿ ਮਾਂ ਦੀ ਹਾਲਤ ਵੀ ਮੇਰੇ ਵਾਂਗ ਹੈ। ਮੈਂ ਆਪਣੇ ਬਿਸਤਰੇ ‘ਚੋਂ ਉੱਠੀ ਤੇ ਬਾਹਰ ਵਿਹੜੇ ‘ਚ ਗੇੜਾ ਮਾਰਿਆ। ਅਸਮਾਨ ਵੱਲ ਦੇਖਿਆ। ਮੈਨੂੰ ਜਾਪਿਆ ਜਿਵੇਂ ਚੰਦ ਸਿਤਾਰੇ ਵੀ ਇਸ ਰੌਲੇ ਰੱਪੇ ਤੋਂ ਪਰੇਸ਼ਾਨ ਹਨ। ਵਿਹੜੇ ਵਿੱਚ ਤਾਂ ਇਹ ਰੌਲਾ ਰੱਪਾ ਹੋਰ ਵੀ ਜ਼ਿਆਦਾ ਸੁਣਦਾ ਸੀ। ਮੈਂ ਵਾਪਸ ਕਮਰੇ ‘ਚ ਆ ਕੇ ਸਿਰਹਾਣੇ ਪਏ ਗਲਾਸ ‘ਚੋਂ ਪਾਣੀ ਦੀ ਘੁੱਟ ਭਰੀ ਤੇ ਬੁੜ ਬੁੜ ਕਰਨ ਲੱਗੀ।

“ਏਹੀ ਤਾਂ ਮੁਸ਼ਕਿਲ ਹੈ ਏਥੇ… ਹਰ ਕੋਈ ਆਪਣੇ ਬਾਰੇ ਹੀ ਸੋਚਦਾ ਹੈ… ਏਥੇ ਕਿਸੇ ਨੂੰ ਕਿਸੇ ਨਾਲ ਕੀ। ਸ਼ਰਮ ਹੀ ਲਾਹ ਤੀ ਲੋਕਾਂ ਨੇ। ਬਾਰ੍ਹਾਂ ਵੱਜ ਗਏ ਨੇ ਤੇ ਅਜੇ ਤੱਕ ਲੱਗੇ ਪਏ ਨੇ ਚੀਕਾਂ ਮਾਰਨ।” ਮੈਂ ਆਪਣੇ ਆਪ ਨੂੰ ਕਿਹਾ।

“ਮੂੰਹ ਸਿਰ ਵਲੇਟ ਕੇ ਸੌਂ ਜਾ। ਆਪੇ ਨੀਂਦ ਆ ਜੂ।” ਬੀਬੀ ਨੇ ਕਿਹਾ।

ਏਨਾ ਤਾਂ ਮੈਂ ਸਮਝ ਗਈ ਸਾਂ ਕਿ ਕਿਸੇ ਦੇ ਘਰ ਕੋਈ ਫੰਕਸ਼ਨ ਹੈ।

“ਬੀਬੀ… ਇਹ ਕੌਣ ਪਾਗਲ ਲੋਕ ਨੇ ਜੋ ਏਨਾ ਰੌਲਾ ਪਾ ਰਹੇ ਹਨ।”

ਬੀਬੀ ਨੇ ਮੇਰੇ ਤੋਂ ਪਾਣੀ ਮੰਗਿਆ। ਮੈਂ ਉਸ ਦੇ ਸਿਰਹਾਣੇ ਪਿਆ ਪਾਣੀ ਦਾ ਗਲਾਸ ਉਸ ਵੱਲ ਕੀਤਾ। ਉਸ ਨੇ ਪਾਣੀ ਦੀਆਂ ਦੋ ਘੁੱਟਾਂ ਭਰੀਆਂ ਤੇ ਮੈਨੂੰ ਦੱਸਿਆ, ”ਆਪਣੇ ਖੇਤ ਕੋਲ ਇਨ੍ਹਾਂ ਦਾ ਘਰ ਹੈ। ਜਾਗਰ ਦੀ ਕੁੜੀ ਨੂੰ ਸ਼ਗਨ ਪਾਉਣ ਆਏ ਨੇ। ਪਰਸੋਂ ਵਿਆਹ ਹੈ ਕੁੜੀ ਦਾ। ਮੁੰਡਾ ਕਿਸੇ ਅਰਬ ਦੇਸ਼ ‘ਚੋਂ ਆਇਆ ਹੈ।”

ਮੈਂ ਰਜਾਈ ‘ਚ ਆਪਣਾ ਮੂੰਹ ਸਿਰ ਵਲੇਟ ਕੇ ਸੌਣ ਦਾ ਯਤਨ ਕਰਨ ਲੱਗੀ। ਮੈਂ ਸੋਚ ਰਹੀ ਸਾਂ ਕਿ ਪਹਿਲਾਂ ਤਾਂ ਮੁੰਡੇ ਦੇ ਘਰ ‘ਚ ਮੰਗਣੇ ਦੀ ਰਸਮ ਹੁੰਦੀ ਸੀ ਤੇ ਹੁਣ ਕੁੜੀ ਆਲਿਆਂ ਦੇ। ਸਾਰਾ ਬੋਝ ਕੁੜੀ ਦੇ ਮਾਂ-ਬਾਪ ‘ਤੇ ਪੈ ਜਾਂਦਾ ਹੈ। ਕੌਣ ਇਨ੍ਹਾਂ ਰਸਮਾਂ ਦੀ ਤੋੜ ਭੰਨ ਕਰਦਾ ਹੈ। ਕੌਣ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਵਿੱਚ ਹੇਰ ਫੇਰ ਕਰ ਦਿੰਦਾ ਹੈ। ਕਿਸ ਤਰ੍ਹਾਂ ਦੇ ਹੋ ਗਏ ਨੇ ਸਾਡੇ ਰੀਤੀ ਰਿਵਾਜ?

ਇਨ੍ਹਾਂ ਸੋਚਾਂ ਵਿੱਚ ਹੀ ਮੈਨੂੰ ਨੀਂਦ ਆ ਗਈ।

ਸਵੇਰੇ ਮੈਂ ਕੁਝ ਦੇਰ ਨਾਲ ਜਾਗੀ। ਸ਼ਾਇਦ ਅਜੇ ਵੀ ਮੈਂ ਘੰਟਾ ਕੁ ਹੋਰ ਸੌਂ ਲੈਂਦੀ ਜੇਕਰ ਸਾਹਮਣੇ ਘਰਵਾਲੀ ਤਾਈ ਨਾ ਆਉਂਦੀ। ਤਾਈ ਆਖ ਰਹੀ ਸੀ, ”ਭੈਣੇ ਰਾਤ ਭੋਰਾ ਨੀਂਦ ਨ੍ਹੀਂ ਆਈ। ਜਾਗਰ ਕਿਆਂ ਨੇ ਤਾਂ ਹੱਦ ਹੀ ਕਰ ਤੀ। ਸਾਰੀ ਰਾਤ ਗਾਣੇ ਵੱਜਦੇ ਰਹੇ। ਜਦੋਂ ਮਾੜੀ ਜਿਹੀ ਨੀਂਦ ਆਈ ਤਾਂ ਗੁਰਦੁਆਰੇ ਵਾਲਾ ਬਾਬਾ ਬੋਲ ਪਿਆ। ਸਿਰ ਦੁਖੀ ਜਾਂਦੈ… ਸੋਚਿਆ ਕੁੜੀ ਤੋਂ ਸਿਰ ਦੁਖਦੇ ਦੀ ਗੋਲੀ ਲੈ ਕੇ ਆਉਂਦੀ ਆਂ। ਬਾਹਰਲਿਆਂ ਕੋਲ ਤਾਂ ਏਹੋ ਜਿਹੀਆਂ ਗੋਲੀਆਂ ਹੁੰਦੀਆਂ ਈ ਨੇ!”

ਗੱਲ ਕੀ ਸਵੇਰ ਤੋਂ ਹੀ ਪਿੰਡ ‘ਚ ਰਾਤ ਦੇ ਇਸ ਡੀਜੇ ਦੀ ਚਰਚਾ ਹੋਣ ਲੱਗ ਪਈ। ਕੋਈ ਆਖੇ ਬਈ ਜਾਗਰ ਕਿਆਂ ਨੇ ਵਿਆਹ ਜਿੰਨਾ ਖਰਚਾ ਕਰਤਾ ਮੰਗਣੇ ‘ਤੇ। ਅੰਗਰੇਜ਼ੀ ਦੀਆਂ ਪੇਟੀਆਂ ਹੀ ਖੋਲ੍ਹ ਦਿੱਤੀਆਂ। ਕੋਈ ਆਖੇ ਮੁਰਗਾ ਤਾਂ ਰੁਲਦਾ ਫਿਰਦਾ ਸੀ। ਪਤੰਦਰ ਤੰਦੂਰ ‘ਚੋਂ ਗਰਮ ਗਰਮ ਕੱਢ ਕੇ ਪਲੇਟਾਂ ਵਿੱਚ ਪਾਈ ਜਾਂਦੇ ਸੀ… ਮੱਛੀ ਤਾਂ ਬਹੁਤ ਵਧ ਗਈ। ਵਿਹੜੇ ਵਾਲੇ ਆਪਣੇ ਘਰਾਂ ਨੂੰ ਕਾਗਜ਼ਾਂ ‘ਚ ਵਲ੍ਹੇਟ ਕੇ ਲੈ ਗਏ।

ਕੋਈ ਪਾੜ੍ਹਾ ਮੁੰਡਾ ਰੋ ਰਿਹਾ ਸੀ ਆਪਣੀ ਕਿਸਮਤ ਨੂੰ। ਸਾਰੀ ਰਾਤ ਨਾ ਨੀਂਦ ਆਈ ਤੇ ਨਾ ਹੀ ਕੁਝ ਪੜ੍ਹਿਆ ਗਿਆ। ਡਰ ਲੱਗਦੈ ਕਿ ਕਿਤੇ ਅੱਜ ਪੇਪਰ ‘ਤੇ ਅੱਖ ਹੀ ਨਾ ਲੱਗ ਜਾਏ। ਉਸ ਨੂੰ ਆਪਣੇ ਭਵਿੱਖ ਦਾ ਡਰ ਖਾ ਰਿਹਾ ਸੀ। ਕਈ ਵਿਚਾਰਿਆਂ ਨੇ ਰਾਤ ਨੂੰ ਏਨੀ ਪੀ ਲਈ ਕਿ ਸਵੇਰੇ ਪਸ਼ੂਆਂ ਵਾਸਤੇ ਪੱਠੇ ਲੈਣ ਹੀ ਨਾ ਗਏ। ਘਰਵਾਲੀਆਂ ਨੇ ਹਲੂਣ ਹਲੂਣ ਕੇ ਜਗਾਏ।

ਦੁਪਹਿਰੇ ਜਿਹੇ ਬੀਬੀ ਨੇ ਮੈਨੂੰ ਆਵਾਜ਼ ਮਾਰੀ ਤੇ ਮੰਜੇ ‘ਤੇ ਬੈਠਣ ਲਈ ਇਸ਼ਾਰਾ ਕੀਤਾ। ਮੈਂ ਜਾਣ ਗਈ ਸਾਂ ਕਿ ਕੋਈ ਜ਼ਰੂਰੀ ਕੰਮ ਹੋਵੇਗਾ ਜਾਂ ਕੋਈ ਜ਼ਰੂਰੀ ਗੱਲਬਾਤ ਕਰਨੀ ਹੋਵੇਗੀ।

“ਹਾਂ ਜੀ ਦੱਸੋ।” ਮੈਂ ਮੰਜੇ ‘ਤੇ ਬੈਠਦਿਆਂ ਕਿਹਾ।

“ਤੇਰਾ ਪਿਓ ਜਿਊਂਦਾ ਸੀ ਤਾਂ ਮੈਨੂੰ ਪਿੰਡ ‘ਚ ਕਿਸੇ ਦੇ ਗ਼ਮੀ ਖੁਸ਼ੀ ‘ਤੇ ਜਾਣ ਦਾ ਭੋਰਾ ਫਿਕਰ ਨਹੀਂ ਸੀ। ਮੇਰੀ ਗੱਲ ਮੰਨ ਕੇ ਤੂੰ ਕੱਲ੍ਹ ਨੂੰ ਮੈਰਿਜ ਪੈਲੇਸ ਜਾ ਕੇ ਕੁੜੀ ਨੂੰ ਸ਼ਗਨ ਦੇ ਆਵੀਂ। ਤੈਨੂੰ ਹੀ ਜਾਣਾ ਪੈਣਾ ਹੈ। ਹੋਰ ਕੌਣ ਜਾਵੇ। ਮੇਰੇ ਤੋਂ ਤਾਂ ਤੁਰ ਨਹੀਂ ਹੁੰਦਾ। ਨਹੀਂ ਤਾਂ ਮੈਂ ਕਹਿਣਾ ਹੀ ਨਹੀਂ ਸੀ ਤੈਨੂੰ।”

“ਬੀਬੀ ਮੈਨੂੰ ਤਾਂ ਮੁਸ਼ਕਿਲ ਜਿਹਾ ਲੱਗਦਾ ਆ। ਮੇਰਾ ਤਾਂ ਅਜੇ ਜਹਾਜ਼ ਦਾ ਥਕੇਵਾਂ ਹੀ ਨਹੀਂ ਲੱਥਾ।” ਮੈਂ ਔਖ ਨਾਲ ਕਿਹਾ।

“ਨਾ ਤੇ ਫਿਰ ਕੌਣ ਜਾਵੇ। ਜੇ ਤੂੰ ਏਥੇ ਨਾ ਹੁੰਦੀ ਤਾਂ ਮੈਂ ਕਿਸੇ ਦੇ ਹੱਥ ਸ਼ਗਨ ਭੇਜ ਦਿੰਦੀ। ਹੁਣ ਉਨ੍ਹਾਂ ਨੂੰ ਪਤਾ ਹੈ ਕਿ ਤੂੰ ਆਈ ਹੋਈ ਹੈਂ। ਫਿਰ ਵੀ ਆਪਣੇ ਘਰਾਂ ‘ਚੋਂ ਨੇ। ਅਗਲੇ ਗੁੱਸਾ ਕਰਨਗੇ ਬਈ ਕੁੜੀ ਆਈ ਵੀ ਸੀ ਤੇ ਏਥੇ ਤੱਕ ਨਹੀਂ ਆਈ।” ਬੀਬੀ ਦੀ ਆਵਾਜ਼ ‘ਚ ਬੇਵਸੀ ਤੇ ਤਰਲਾ ਜਿਹਾ ਸੀ।

“ਚਲੋ ਕੋਈ ਨਾ, ਮੈਂ ਔਖੀ ਸੌਖੀ ਜਾ ਆਉਂਗੀ।” ਮੈਂ ਬੀਬੀ ਦਾ ਫਿਕਰ ਦੂਰ ਕਰਨ ਲਈ ਕਿਹਾ।

ਅਗਲੇ ਦਿਨ ਦਸ ਕੁ ਵਜੇ ਮੈਂ ਵਿਆਹ ‘ਤੇ ਜਾਣ ਲਈ ਤਿਆਰ ਹੋ ਗਈ। ਮੈਰਿਜ ਪੈਲੇਸਾਂ ਵਿੱਚ ਹੋਣ ਵਾਲੇ ਵਿਆਹਾਂ ਬਾਰੇ ਕਾਫ਼ੀ ਕੁਝ ਸੁਣਿਆ ਸੀ।

ਮੈਨੂੰ ਕੁੜੀ ਦੇ ਪਰਿਵਾਰ ਵਾਲਿਆਂ ਦੀ ਆਰਥਿਕ ਹਾਲਤ ਦਾ ਕੁਝ ਕੁ ਗਿਆਨ ਸੀ, ਰਹਿੰਦੀ ਖੂੰਹਦੀ ਗੱਲ ਮੈਨੂੰ ਕਾਰ ‘ਚ ਆਉਂਦਿਆਂ ਆਉਂਦਿਆਂ ਡਰਾਈਵਰ ਨੇ ਦੱਸ ਦਿੱਤੀ ਸੀ ਕਿ ਇਨ੍ਹਾਂ ਨੇ ਨਿਆਈਂ ਵਿਚਲਾ ਖੇਤ ਵੇਚ ਦਿੱਤਾ ਹੈ। ਏਸ ਝਾਕ ਵਿੱਚ ਕਿ ਕੁੜੀ ਦੇ ਮਗਰ ਅਸੀਂ ਸਾਰਾ ਪਰਿਵਾਰ ਵੀ ਬਾਹਰ ਚਲੇ ਜਾਵਾਂਗੇ। ਸੁਣਿਆ ਕਾਰ ਵੀ ਦੇਣੀ ਹੈ ਜਾਗਰ ਕਿਆਂ ਨੇ। ਬਹੁਤ ਵਧੀਆ ਵਿਆਹ ਕਰਨਾ ਹੈ ਤਾਂ ਹੀ ਤਾਂ ਏਡਾ ਵੱਡਾ ਪੈਲੇਸ ਬੁੱਕ ਕਰਵਾਇਆ ਹੈ। ਬਹੁਤ ਮਹਿੰਗਾ ਹੈ ਪੈਲੇਸ ਜਿੱਥੇ ਆਪਾਂ ਜਾਣਾ ਹੈ।

ਮੈਨੂੰ ਕੁਝ ਕੁ ਗੱਲ ਦੀ ਸਮਝ ਆ ਗਈ। ਹੁਣ ਮੈਂ ਜਾਣਨਾ ਚਾਹੁੰਦੀ ਸਾਂ ਕਿ ਮੁੰਡਾ ਕਿਹੜੇ ਦੇਸ਼ ਤੋਂ ਆਇਆ ਹੈ। ਡਰਾਈਵਰ ਪਿੰਡ ਦਾ ਮੁੰਡਾ ਸੀ ਇਸ ਕਰਕੇ ਉਸ ਨੂੰ ਸਾਰੀ ਗੱਲਬਾਤ ਦਾ ਪਤਾ ਸੀ। ਮੇਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਮੁੰਡਾ ਕਿਸੇ ਅਰਬ ਦੇਸ਼ ਤੋਂ ਆਇਆ ਹੈ। ਕਹਿੰਦੇ ਉਹ ਮੁਸਲਮਾਨਾਂ ਦਾ ਦੇਸ਼ ਹੈ। ਬਹੁਤਾ ਪੈਸਾ ਹੈ ਉੱਥੇ। ਮੁੰਡੇ ਦੀ ਥੋੜ੍ਹੇ ਹੀ ਦਿਨਾਂ ਦੀ ਛੁੱਟੀ ਹੈ। ਏਸੇ ਕਰਕੇ ਛੇਤੀ ਛੇਤੀ ਵਿਆਹ ਰੱਖ ਲਿਆ ਤੇ ਜ਼ਮੀਨ ਵੀ ਸਸਤੀ ਵੇਚਣੀ ਪਈ।

ਇਹ ਸਭ ਕੁਝ ਸੁਣ ਕੇ ਮੈਂ ਕੁੜੀ ਅਤੇ ਬਾਕੀ ਦੇ ਪਰਿਵਾਰ ਦੇ ਭਵਿੱਖ ਬਾਰੇ ਚਿੰਤਾਤੁਰ ਹੋ ਗਈ ਸਾਂ। ਅਨੇਕਾਂ ਤਰ੍ਹਾਂ ਦੀਆਂ ਸੋਚਾਂ ਨੇ ਮੈਨੂੰ ਘੇਰ ਲਿਆ ਸੀ। ਅਰਬ ਦੇਸ਼ ‘ਚ ਪਤਾ ਨਹੀਂ ਕਿਵੇਂ ਰਹਿੰਦਾ ਹੋਵੇਗਾ। ਕੁੜੀ ਜਾ ਸਕੇਗੀ ਜਾਂ ਨਹੀਂ। ਬਾਕੀ ਪਰਿਵਾਰ ਨੇ ਤਾਂ ਜਾਣਾ ਹੀ ਕੀ ਹੈ। ਕੀ ਖ਼ਬਰੇ ਕੋਈ ਇਸ ਪਰਿਵਾਰ ਦਾ ਇੱਕ ਮੁੰਡਾ ਵਰਕ ਪਰਮਿਟ ‘ਤੇ ਕੁਝ ਸਮੇਂ ਲਈ ਚਲਾ ਜਾਵੇ। ਤਿੰਨ ਕਿੱਲੇ ਬੈਅ ਕਰ ਦਿੱਤੇ ਹਨ। ਵਿਆਹ ‘ਤੇ ਏਨਾ ਖਰਚ! ਕੀ ਲੋੜ ਸੀ ਰਾਤ ਨੂੰ ਡੀਜੇ ਲਾਉਣ ਦੀ। ਦਾਜ ਵਿੱਚ ਕਾਰ ਦੇਣ ਦੀ। ਮੈਰਿਜ ਪੈਲੇਸ ਵਿੱਚ ਏਨਾ ਵੱਡਾ ਅਡੰਬਰ ਰਚਾਉਣ ਦੀ। ਕੁੜੀ ਕਦੋਂ ਜਾਵੇਗੀ ਇਸ ਮੁੰਡੇ ਦੇ ਨਾਲ। ਇਹ ਕਿਹੜਾ ਕੈਨੇਡਾ, ਅਮਰੀਕਾ ਜਾਂ ਆਸਟਰੇਲੀਆ ਹੈ ਜਿੱਥੇ ਪੁੱਜ ਕੇ ਕੁੜੀ ਆਪਣੇ ਮਾਂ ਪਿਉ ਤੇ ਭੈਣ ਭਰਾਵਾਂ ਦਾ ਅਪਲਾਈ ਕਰ ਦੇਵੇਗੀ।

ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਹੀ ਮੈਰਿਜ ਪੈਲੇਸ ਆ ਗਿਆ।

ਪਤਾ ਨਹੀਂ ਕਿੱਥੋਂ ਏਨੇ ਤਰ੍ਹਾਂ ਦੇ ਫੁੱਲ ਲਿਆਂਦੇ। ਫੁੱਲਾਂ ਦੇ ਨਾਲ ਸਾਰਾ ਪੰਡਾਲ ਸਜਾਇਆ ਪਿਆ ਸੀ। ਥਾਂ ਥਾਂ ‘ਤੇ ਸਟਾਲਾਂ ਲੱਗੀਆਂ ਹੋਈਆਂ ਸਨ। ਕਿਧਰੇ ਤਰ੍ਹਾਂ ਤਰ੍ਹਾਂ ਦਾ ਜੂਸ ਕੱਢ ਕੇ ਪਿਲਾ ਰਹੇ ਸੀ। ਕਿਧਰੇ ਤੱਤੀਆਂ ਤੱਤੀਆਂ ਜਲੇਬੀਆਂ, ਕਿਧਰੇ ਕੇਸਰ ਵਾਲਾ ਦੁੱਧ, ਕਿਤੇ ਕੁਲਫ਼ੀਆਂ ਤੇ ਕਿਤੇ ਗੋਲ ਗੱਪੇ। ਬਹਿਰੇ ਇਸ ਤਰ੍ਹਾਂ ਲੋਕਾਂ ਦੇ ਮਗਰ ਮਗਰ ਜੂਸ, ਕੋਕਾ ਕੋਲਾ ਅਤੇ ਹੋਰ ਅਨੇਕਾਂ ਕਿਸਮ ਦੇ ਡਰਿੰਕ ਲਈ ਫਿਰਦੇ ਸਨ ਜਿਵੇਂ ਕੁੜੀ ਨੂੰ ਵਿਆਹੁਣ ਕੋਈ ਰਾਜਾ ਮਹਾਰਾਜਾ ਆਇਆ ਹੋਵੇ। ਸ਼ਾਹੀ ਸ਼ਾਨੋ ਸ਼ੌਕਤ ਸੀ ਚਾਰੇ ਪਾਸੇ। ਸੁਣਿਆ ਕਿ ਕੁੜੀ ਦੇ ਲਹਿੰਗੇ ‘ਤੇ ਪੂਰਾ ਲੱਖ ਲੱਗਿਆ ਸੀ। ਮੁੰਡੇ ਦੀ ਸ਼ੇਰਵਾਨੀ ਵੀ ਪਟਿਆਲਾ ਦੇ ਮਹਾਰਾਜ ਦਾ ਭੁਲੇਖਾ ਪਾਉਂਦੀ ਸੀ। ਇਹ ਸਾਰਾ ਨਜ਼ਾਰਾ ਮੈਨੂੰ ਕਿਸੇ ਹੋਰ ਹੀ ਜਹਾਨ ਦਾ ਲੱਗਦਾ ਸੀ। ਇਹ ਵਿਆਹ ਉਨ੍ਹਾਂ ਵਿਆਹਾਂ ਤੋਂ ਬਿਲਕੁਲ ਵੱਖਰਾ ਸੀ ਜੋ ਮੈਂ ਬਚਪਨ ‘ਚ ਏਸੇ ਹੀ ਪਿੰਡ ‘ਚ ਦੇਖੇ ਸਨ। ਉਨ੍ਹਾਂ ਵਿਆਹਾਂ ‘ਚ ਮੈਨੂੰ ਕਦੇ ਕਿਸੇ ਕਿਸਮ ਦੀ ਚਿੰਤਾ ਨਹੀਂ ਸੀ ਲੱਗੀ, ਪਰ ਹੁਣ ਤਾਂ ਮੈਂ ਸੋਚ ਸੋਚ ਕਮਲੀ ਹੋ ਰਹੀ ਸਾਂ।

ਕੁਝ ਦੇਰ ਬਾਅਦ ਗਾਉਣ ਵਜਾਉਣ ਦਾ ਕੰਮ ਸ਼ੁਰੂ ਹੋ ਗਿਆ। ਸਟੇਜ ‘ਤੇ ਅਧਨੰਗੀਆਂ ਕੁੜੀਆਂ ਲੱਚਰ ਗਾਣਿਆਂ ‘ਤੇ ਜਿੱਥੇ ਆਪਣੇ ਸਰੀਰ ਦੀ ਨੁਮਾਇਸ਼ ਕਰ ਰਹੀਆਂ ਸਨ, ਉੱਥੇ ਪੰਜਾਬੀ ਸੱਭਿਆਚਾਰ ਦੇ ਵੀ ਦੰਦ ਚਿੜਾ ਰਹੀਆਂ ਸਨ। ਸਟੇਜ ਤੋਂ ਥੱਲੇ ਪਹਿਲੀ ਕਤਾਰ ‘ਚ ਬੈਠੇ ਬਾਪੂ ਅਤੇ ਬਾਬੇ ਮੁਰਗਿਆਂ ਦੀਆਂ ਲੱਤਾਂ ਚੂੰਡਦੇ, ਵਿਸਕੀ ਦੀਆਂ ਘੁੱਟਾਂ ਭਰਦੇ ਵਹਿਸ਼ੀ ਨਜ਼ਰਾਂ ਨਾਲ ਆਪਣੀਆਂ ਧੀਆਂ, ਪੋਤਰੀਆਂ, ਦੋਹਤਰੀਆਂ ਦੀ ਉਮਰ ਦੀਆਂ ਕੁੜੀਆਂ ਦੇ ਸਰੀਰਾਂ ਨੂੰ ਚੀਰ ਰਹੇ ਸਨ। ਮੈਂ ਭਾਵੇਂ ਲੰਬੇ ਸਮੇਂ ਤੋਂ ਪੱਛਮੀ ਸੱਭਿਅਤਾ ਵਿੱਚ ਰਹਿ ਰਹੀ ਸੀ, ਪਰ ਮੇਰੀਆਂ ਅੱਖਾਂ ਉਤਾਂਹ ਨਹੀਂ ਸਨ ਉੱਠ ਰਹੀਆਂ। ਮੇਰਾ ਦਿਲ ਰੋ ਰਿਹਾ ਸੀ। ਮੇਰਾ ਮਨ ਵੈਣ ਪਾ ਰਿਹਾ ਸੀ ਨਿਆਣੀ ਉਮਰ ਦੀਆਂ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਦੇਖ ਕੇ। ਚਿੱਤ ਤਾਂ ਕਰਦਾ ਸੀ ਮੈਂ ਇਸ ਦੇਸੀ ਘਟੀਆ ਮੁਜਰੇ ਨੂੰ ਚੀਕ ਮਾਰ ਕੇ ਬੰਦ ਕਰਾ ਦਿਆਂ, ਪਰ ਸਭ ਕੁਝ ਮੇਰੀ ਪਹੁੰਚ ਤੋਂ ਬਾਹਰ ਸੀ।

ਮੈਂ ਸ਼ਗਨ ਵਾਲਾ ਲਿਫ਼ਾਫ਼ਾਂ ਮੀਤਾਂ ਭਾਵ ਵਿਆਂਦੜ ਕੁੜੀ ਨੂੰ ਦਿੱਤਾ। ਕੁੜੀ ਦੀ ਮਾਂ ਘਰਾਂ ‘ਚੋਂ ਮੇਰੀ ਚਾਚੀ ਲੱਗਦੀ ਸੀ। ਚਾਚੀ ਨੇ ਬਥੇਰਾ ਕਿਹਾ ਕਿ ਮੈਂ ਕੁਝ ਚਿਰ ਠਹਿਰਾਂ। ਰੋਟੀ ਖਾ ਕੇ ਜਾਵਾਂ, ਪਰ ਮੈਂ ਚਾਚੀ ਨੂੰ ਝੂਠ ਮੂਠ ਆਖ ਦਿੱਤਾ ਕਿ ਮੈਂ ਪਹਿਲਾਂ ਹੀ ਬਹੁਤ ਕੁਝ ਖਾ ਪੀ ਲਿਆ ਹੈ। ਬੀਬੀ ਦੀ ਦਵਾਈ ਲੈਣ ਜਾਣਾ ਹੈ। ਮੁੱਕੀ ਪਈ ਹੈ। ਜੇਕਰ ਅੱਜ ਦਵਾਈ ਨਾ ਲਿਆਂਦੀ ਤਾਂ ਮੁਸ਼ਕਿਲ ਹੋ ਜੂ। ਮੈਂ ਆਪਣੀ ਕਾਹਲ ਦਾ ਕਾਰਨ ਦੱਸ ਕੇ ਛੁੱਟੀ ਲੈ ਲਈ।

ਮਣਾਂ ਮੂੰਹ ਭਾਰ ਆਪਣੇ ਦਿਲ ਦਿਮਾਗ਼ ‘ਤੇ ਲੈ ਕੇ ਘਰ ਆ ਗਈ। ਬੀਬੀ ਨੇ ਮੇਰੀ ਉਦਾਸੀ ਦੇਖ ਲਈ ਸੀ। ਬੀਬੀ ਨੂੰ ਵੀ ਮੇਰੇ ਵਾਲੀ ਹੀ ਚਿੰਤਾ ਸੀ ਕਿ ਤਿੰਨ ਕਿੱਲੇ ਵੇਚ ਦਿੱਤੇ ਨੇ ਇਸ ਵਿਆਹ ਦੀ ਖਾਤਰ। ਹੁਣ ਤਾਂ ਭੱਜੇ ਫਿਰਦੇ ਨੇ ਬਾਅਦ ਵਿੱਚ ਕਿੱਥੋਂ ਖਾਣਗੇ। ਜੋ ਮੈਂ ਸੋਚ ਰਹੀ ਸਾਂ ਓਹੀ ਮੇਰੀ ਮਾਂ ਸੋਚ ਰਹੀ ਸੀ। ਅਸੀਂ ਇਸ ਸੋਚ ਦੀ ਪੀੜਾ ਵੀ ਸਾਂਝੀ ਕੀਤੀ।

ਇਸ ਤੋਂ ਅਗਲੇ ਸਾਲ ਮੈਂ ਫਿਰ ਕੈਨੇਡਾ ਤੋਂ ਭਾਰਤ ਗਈ।

ਉਹ ਮੈਨੂੰ ਵੀਹੀ ‘ਚ ਤੁਰੀਆਂ ਆਉਂਦੀਆਂ ਮਿਲ ਗਈਆਂ। ਮੀਤਾਂ ਤੇ ਉਸ ਦੀ ਮਾਂ। ਮੀਤਾਂ ਨੇ ਸਿਰ ‘ਤੇ ਵੀਹ ਕੁ ਕਿਲੋ ਆਟੇ ਦੀ ਬੋਰੀ ਚੁੱਕੀ ਹੋਈ ਸੀ।

“ਚਾਚੀ ਏਧਰੋਂ ਕਿੱਧਰੋਂ?” ਮੈਂ ਚਾਚੀ ਦੇ ਚਿਹਰੇ ਵੱਲ ਵੇਖਦਿਆਂ ਕਿਹਾ।

ਚਾਚੀ ਦਾ ਚਿਹਰਾ ਬਹੁਤ ਉਦਾਸ ਸੀ। ਪਿਛਲੇ ਸਾਲ ਨਾਲੋਂ ਉਹ ਕਾਫ਼ੀ ਬੁੱਢੀ ਲੱਗਦੀ ਸੀ। ਮੇਰੀ ਮਾਂ ਤੋਂ ਉਮਰ ਵਿੱਚ ਬਹੁਤ ਛੋਟੀ ਸੀ, ਪਰ ਅੱਜ ਉਹ ਮਾਂ ਤੋਂ ਕਿਤੇ ਵੱਡੀ ਜਾਪਦੀ ਸੀ। ਉਸ ਦੇ ਚਿਹਰੇ ਦੀ ਹਰ ਝੁਰੜੀ ਆਪਣੇ ਆਪ ਵਿੱਚ ਇੱਕ ਕਹਾਣੀ ਜਾਪਦੀ ਸੀ ਜਾਂ ਇਉਂ ਕਹਿ ਲਵੋ ਜ਼ਿੰਦਗੀ ਦਾ ਇੱਕ ਤਲਖ਼ ਸਫ਼ਰ ਸੀ।

“ਆਉਣਾ ਕਿੱਥੋਂ ਸੀ। ਮੱਕੀ ਦਾ ਆਟਾ ਮੁੱਕਿਆ ਪਿਆ ਸੀ। ਸਿਆਲਾਂ ‘ਚ ਕਣਕ ਦੀ ਰੋਟੀ ਸਵਾਦ ਨ੍ਹੀਂ ਲੱਗਦੀ। ਸੀਰੇ ਨੂੰ ਕਈਆਂ ਦਿਨਾਂ ਦਾ ਤਾਪ ਚੜ੍ਹਦਾ ਹੈ। ਸੈਂਕਲ ਪੈਂਚਰ ਹੋਇਆ ਪਿਆ ਸੀ। ਨਹੀਂ ਤਾਂ ਸੈਂਕਲ ‘ਤੇ ਧਰ ਕੇ ਰੋੜ੍ਹ ਲਿਆਉਂਦੀਆਂ। ਚਾਚਾ ਤੇਰਾ ਮੰਡੀ ਆੜ੍ਹਤੀਆਂ ਦੇ ਗਿਆ ਆ ਸਵੇਰ ਦਾ। ਹਾਲੇ ਤੱਕ ਮੁੜ ਕੇ ਨਹੀਂ ਆਇਆ।” ਚਾਚੀ ਨੇ ਮੇਰਾ ਸਿਰ ਪਲੋਸਦਿਆਂ ਆਖਿਆ।

ਏਨੇ ਨੂੰ ਮੀਤਾਂ ਬੋਲ ਪਈ, “ਕਦੋਂ ਆਈ ਸੀ ਭੈਣੇ?” ਉਸ ਨੇ ਸਿਰ ‘ਤੇ ਚੁੱਕੀ ਬੋਰੀ ਨੂੰ ਠੀਕ ਕਰਦਿਆਂ ਕਿਹਾ।

“ਪਰਸੋਂ ਹੀ ਆਈ ਆਂ। ਬੀਬੀ ਠੀਕ ਨਹੀਂ ਰਹਿੰਦੀ। ਉਸ ਲਈ ਆਉਣਾ ਹੀ ਪੈਂਦਾ ਹੈ!” ਮੀਤਾਂ ਵੱਲ ਦੇਖਦਿਆਂ ਮੈਂ ਉਸ ਦੇ ਸਵਾਲ ਦਾ ਜਵਾਬ ਦਿੱਤਾ।

ਮੈਂ ਦੇਖਿਆ ਮੀਤਾਂ ਦੀਆਂ ਅੱਖਾਂ ਨਮ ਸਨ। ਉਸ ਦੀਆਂ ਅੱਖਾਂ ਵਿਚਲੇ ਪਾਣੀ ਤੋਂ ਮੈਂ ਸਮਝ ਗਈ ਕਿ ਇਸ ਕੁੜੀ ਦੇ ਸਿਰ ‘ਤੇ ਇਸ ਬੋਝ ਤੋਂ ਬਿਨਾਂ ਹੋਰ ਵੀ ਬੋਝ ਹੈ ਜੋ ਇਸ ਬੋਝ ਤੋਂ ਕਈ ਗੁਣਾਂ ਜ਼ਿਆਦਾ ਹੈ। ਮੀਤਾਂ ਦਾ ਚਿਹਰਾ ਉਤਰਿਆ ਹੋਇਆ ਸੀ। ਪਿਛਲੇ ਸਾਲ ਜਦੋਂ ਇਸ ਦਾ ਵਿਆਹ ਸੀ ਤਾਂ ਉਹ ਮੈਨੂੰ ਬਹੁਤ ਹੀ ਸੋਹਣੀ ਲੱਗੀ ਸੀ, ਪਰ ਅੱਜ ਤਾਂ ਜਿਵੇਂ ਕਿਸੇ ਝੋਰੇ ਨੇ ਉਸ ਨੂੰ ਖਾ ਲਿਆ ਹੋਵੇ।

“ਤੇਰਾ ਬਾਹਰਲਾ ਕੰਮ ਨ੍ਹੀਂ ਬਣਿਆ ਹਾਲੇ।” ਮੈਂ ਮੀਤਾਂ ਦੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ।

“ਨਹੀਂ ਭੈਣੇ।” ਬੜੀ ਮੁਸ਼ਕਿਲ ਨਾਲ ਉਹਦੇ ਮੂੰਹੋਂ ਇਹ ਸ਼ਬਦ ਨਿਕਲੇ।

ਮੈਂ ਜ਼ਿਆਦਾ ਦੇਰ ਤੱਕ ਉਨ੍ਹਾਂ ਨੂੰ ਰੋਕਣਾ ਨਹੀਂ ਸਾਂ ਚਾਹੁੰਦੀ। ਮੀਤਾਂ ਦੇ ਸਿਰ ‘ਤੇ ਚੁੱਕੇ ਬੋਝ ਦਾ ਮੈਨੂੰ ਅਹਿਸਾਸ ਸੀ।

”ਚੰਗਾ ਚਾਚੀ ਤੁਸੀਂ ਚੱਲੋ …ਮੈਂ ਕੱਲ੍ਹ ਪਰਸੋਂ ਨੂੰ ਆਵਾਂਗੀ ਘਰੇ।” ਇਹ ਕਹਿ ਕੇ ਮੈਂ ਆਪਣਾ ਪੈਰ ਪੁੱਟ ਲਿਆ।

ਘਰੇ ਆ ਕੇ ਮੈਂ ਬੀਬੀ ਨੂੰ ਦੱਸਿਆ। ਬੀਬੀ ਨੇ ਲੰਮਾ ਹਉਕਾ ਲਿਆ ਤੇ ਕਹਿਣ ਲੱਗੀ, “ਕਾਹਦੀ ਗੱਲ ਆ ਜਾਗਰ ਤਾਂ ਵਿਚਾਰਾ ਜਮ੍ਹਾ ਹੀ ਰਹਿ ਗਿਆ। ਦਸ ਕੁ ਦਿਨ ਹੋਏ ਆਇਆ ਸੀ ਮੇਰਾ ਪਤਾ ਸੁਤਾ ਲੈਣ। ਬੈਠਾ ਰਿਹਾ…। ਗੱਲਾਂ ਕਰਦਾ ਰਿਹਾ ਤੇਰੇ ਪਿਉ ਦੀਆਂ। ਮੈਨੂੰ ਲੱਗਿਆ ਜਿਵੇਂ ਕਿਸੇ ਕੰਮ ਆਇਆ ਸੀ, ਪਰ ਉਸ ਨੇ ਦੱਸਿਆ ਕੁਝ ਨਹੀਂ। ਗੱਲ ਜਿਵੇਂ ਉਹਦੇ ਸੰਘ ‘ਚ ਹੀ ਰੁਕੀ ਰਹੀ।”

ਹੁਣ ਮੇਰੀ ਵੀ ਉਤਸੁਕਤਾ ਵਧ ਰਹੀ ਸੀ ਇਹ ਜਾਣਨ ਦੀ ਕਿ ਮੀਤਾਂ ਕਿਉਂ ਆਪਣੇ ਪ੍ਰਾਹੁਣੇ ਨਾਲ ਅਰਬ ਦੇਸ਼ ‘ਚ ਨਹੀਂ ਗਈ। ਬੀਬੀ ਨੂੰ ਵੀ ਬਹੁਤਾ ਪਤਾ ਨਹੀਂ ਸੀ। ਉਹ ਤਾਂ ਸਿਰਫ਼ ਏਨਾ ਜਾਣਦੀ ਸੀ ਕਿ ਮੀਤਾਂ ਵਿਆਹ ਤੋਂ ਬਾਅਦ ਜ਼ਿਆਦਾਤਰ ਏਥੇ ਜਾਣੀਂ ਆਪਣੇ ਪੇਕੇ ਹੀ ਰਹਿੰਦੀ ਹੈ। ਸੀਰੇ ਨੂੰ ਵੀ ਕਿਤੇ ਨੌਕਰੀ ਨਹੀਂ ਮਿਲੀ। ਬੀਏ ਕਰਕੇ ਵਿਹਲਾ ਤੁਰਿਆ ਫਿਰਦੈ। ਕੋਈ ਪੰਜ ਛੇ ਹਜ਼ਾਰ ‘ਤੇ ਹੀ ਰੱਖ ਲਵੇ। ਪਰ ਕਿੱਥੇ? ਬੀਬੀ ਨੇ ਮੇਰੇ ਤੋਂ ਜਾਣਨ ਦੇ ਲਹਿਜੇ ਨਾਲ ਗੱਲ ਅੱਗੇ ਤੋਰੀ।

“ਗੱਲ ਸੁਣ! ਮੈਂ ਤਾਂ ਲੋਕਾਂ ਤੋਂ ਸੁਣਿਐ ਬਈ ਅਰਬਾਂ ‘ਚ ਕੋਈ ਪੱਕਾ ਨਹੀਂ ਹੁੰਦਾ। ਕੈਨੇਡਾ ਅਮਰੀਕਾ ਵਾਂਗ ਨਾ ਹੀ ਕਿਸੇ ਦਾ ਅਪਲਾਈ ਕਰਕੇ ਕਿਸੇ ਨੂੰ ਮੰਗਾਇਆ ਜਾ ਸਕਦਾ ਹੈ। ਸਾਰੇ ਕੱਚੇ ਹੀ ਜਾਂਦੇ ਆ ਉੱਥੇ।”

“ਹਾਂ ਜੀ! ਮੈਨੂੰ ਬਹੁਤਾ ਤਾਂ ਪਤਾ ਨਹੀਂ, ਪਰ ਏਨਾ ਪਤਾ ਹੈ ਕਿ ਉੱਥੇ ਸਾਰੇ ਕੱਚੇ ਹੀ ਜਾਂਦੇ ਆ। ਕੈਨੇਡਾ ਅਮਰੀਕਾ ਜਾਂ ਆਸਟਰੇਲੀਆ ਵਾਲੀ ਗੱਲ ਨਹੀਂ।” ਮੈਂ ਏਨਾ ਕੁ ਕਹਿ ਕੇ ਚੁੱਪ ਹੋ ਗਈ। ਅਸਲ ਵਿੱਚ ਮੈਂ ਬੀਬੀ ਦਾ ਧਿਆਨ ਕਿਸੇ ਹੋਰ ਪਾਸੇ ਲਾਉਣਾ ਚਾਹੁੰਦੀ ਸੀ। ਮੈਨੂੰ ਆਪਣੀ ਮਾਂ ਦੀ ਆਦਤ ਦਾ ਪਤਾ ਸੀ ਕਿ ਉਹ ਕਿਸੇ ਦਾ ਦੁੱਖ ਦਰਦ ਆਪਣਾ ਬਣਾ ਕੈ ਬੈਠ ਜਾਂਦੀ ਹੈ ਤੇ ਫਿਰ ਦਿਨ ਰਾਤ ਉਨ੍ਹਾਂ ਬਾਰੇ ਹੀ ਸੋਚੀ ਜਾਂਦੀ ਹੈ ਤੇ ਗੱਲਾਂ ਕਰਦੀ ਰਹਿੰਦੀ ਹੈ।

ਬੀਬੀ ਦਾ ਮਨ ਭਰਿਆ ਪਿਆ ਸੀ। ਮੈਂ ਬੀਬੀ ਦੀਆਂ ਅੱਖਾਂ ‘ਚ ਪਾਣੀ ਦੇਖ ਕੇ ਕਿਹਾ, “ਬੀਬੀ ਆਪਾਂ ਕੀ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਹੋਰ ਬਥੇਰੇ ਪਰਿਵਾਰ ਹਨ ਜਿਨ੍ਹਾਂ ਨੇ ਮਹਿੰਗੇ ਵਿਆਹ ਕਰ ਕੇ ਆਪਣਾ ਸਭ ਕੁਝ ਲੁਟਾ ਲਿਆ ਹੈ। ਪਤਾ ਨ੍ਹੀਂ ਕੀ ਹੋ ਗਿਆ ਹੈ ਸਾਡੇ ਲੋਕਾਂ ਨੂੰ। ਫੋਕੀਆਂ ਫੜ੍ਹਾਂ ਮਾਰਦਿਆਂ ਨੂੰ ਕਿਉਂ ਰੱਬ ਅਕਲ ਨਹੀਂ ਬਖ਼ਸ਼ਦਾ। ਤੁਸੀਂ ਐਵੇਂ ਵਾਧੂ ਨਾ ਸੋਚੋ ਉਨ੍ਹਾਂ ਬਾਰੇ।”

ਅਜੇ ਕੁਝ ਦਿਨ ਹੀ ਲੰਘੇ ਸਨ ਕਿ ਸਵੇਰੇ ਸਵੇਰੇ ਗੇਟ ਖੜਕਿਆ। ਘਰੇ ਕੰਮ ਕਰਦੀ ਕੁੜੀ ਭੱਜ ਕੇ ਗਈ। ਚਾਚਾ ਤੇ ਚਾਚੀ ਤੁਰੇ ਆਉਂਦੇ ਸਨ। ਆਉਂਦਿਆਂ ਆਉਂਦਿਆਂ ਉਨ੍ਹਾਂ ਨੇ ਵਿਹੜੇ ਵਿੱਚ ਏਧਰ ਓਧਰ ਚੰਗੀ ਤਰ੍ਹਾਂ ਦੇਖਿਆ। ਮੈਂ ਕੰਮ ਵਾਲੀ ਕੁੜੀ ਨੂੰ ਚਾਹ ਬਣਾਉਣ ਲਈ ਕਿਹਾ।

“ਨਹੀਂ! ਨਹੀਂ! ਚਾਹ ਤਾਂ ਰਹਿਣ ਦੇਵੋ, ਅਸੀਂ ਬਸ ਪੀ ਕੇ ਹੀ ਆਏ ਹਾਂ। ਬਹੁਤੀ ਚਾਹ ਵੀ ਕਾਲਜਾ ਸਾੜ ਸੁੱਟਦੀ ਹੈ। ਜ਼ਰੂਰੀ ਕੰਮ ਆਏ ਸਾਂ। ਸੋਚਿਆ ਜਾ ਕੇ ਆਉਂਦੇ ਹਾਂ ਨਾਲੇ ਕੁੜੀ ਨੂੰ ਮਿਲ ਆਉਂਦੇ ਆਂ।” ਚਾਚੇ ਨੇ ਕਿਹਾ।

“ਚੰਗਾ ਕੀਤਾ ਚਾਚਾ ਜੀ, ਮੈਂ ਮਲਵੀਂ ਜਿਹੀ ਆਵਾਜ਼ ‘ਚ ਕਿਹਾ।

ਕੁਝ ਦੇਰ ਤੱਕ ਚੁੱਪ ਵਰਤੀ ਰਹੀ। ਚਾਚੇ ਤੇ ਚਾਚੀ ਨੇ ਕਈ ਵਾਰ ਇੱਕ ਦੂਸਰੇ ਵੱਲ ਦੇਖਿਆ ਜਿਵੇਂ ਗੱਲ ਕਰਨ ਲਈ ਇਸ਼ਾਰਾ ਕਰ ਰਹੇ ਹੋਣ। ਪਰ ਗੱਲ ਸ਼ੁਰੂ ਕਰਨ ਦੀ ਹਿੰਮਤ ਨਹੀਂ ਸੀ। ਮੈਂ ਚੁੱਪ ਤੋੜਨ ਦੇ ਲਹਿਜੇ ਵਿੱਚ ਕਿਹਾ,”ਚਾਚੀ! ਮੀਤਾਂ ਏਥੇ ਹੀ ਹੈ ਜਾਂ ਸਹੁਰੀਂ ਚਲੀ ਗਈ ਹੈ?”

“ਕੱਲ੍ਹ ਹੀ ਗਈ ਹੈ।” ਚਾਚੀ ਨੇ ਡੂੰਘਾ ਸਾਹ ਲੈਂਦਿਆਂ ਕਿਹਾ।

ਚਾਹ ਬਣ ਗਈ ਸੀ ਤੇ ਕਾਜਲ (ਨੌਕਰਾਣੀ) ਕੱਪਾਂ ਵਿੱਚ ਪਾ ਕੇ ਲੈ ਆਈ। ਉਨ੍ਹਾਂ ਨੇ ਮਸਾਂ ਹੀ ਚਾਹ ਅੰਦਰ ਲੰਘਾਈ। ਮੈਂ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਦੇਖ ਰਹੀ ਸਾਂ। ਪਤਾ ਨ੍ਹੀਂ ਕੀ ਕੰਮ ਹੈ ਜੋ ਉਨ੍ਹਾਂ ਦੀ ਜ਼ੁਬਾਨ ਤੋਂ ਬਾਹਰ ਨਹੀਂ ਆ ਰਿਹਾ। ਚਾਹ ਵਾਲਾ ਖਾਲੀ ਕੱਪ ਥੱਲੇ ਰੱਖਦਿਆਂ ਚਾਚੇ ਨੇ ਬੀਬੀ ਵੱਲ ਮੂੰਹ ਕਰਕੇ ਗੱਲ ਸ਼ੁਰੂ ਕੀਤੀ। ਉਸ ਦੀ ਆਵਾਜ਼ ਵਿੱਚ ਅੰਤਾਂ ਦਾ ਦਰਦ ਸੀ ਜੋ ਮੈਂ ਮਹਿਸੂਸ ਕੀਤਾ।

“ਭਾਬੀ ਤੈਨੂੰ ਤਾਂ ਪਤਾ ਹੈ ਕੁੜੀ ਦਾ ਵਿਆਹ ਆਪਾਂ ਤਿੰਨ ਕਿੱਲੇ ਬੈਅ ਕਰਕੇ ਕੀਤਾ ਹੈ। ਓਦੋਂ ਪੈਸਿਆਂ ਦੀ ਲੋੜ ਸੀ। ਕੋਈ ਗਾਹਕ ਨਹੀਂ ਸੀ ਮਿਲ ਰਿਹਾ। ਜਿਹੜਾ ਗਾਹਕ ਮਿਲਿਆ ਉਹ ਕਹੇ ਜੇ ਵੇਚਣਾ ਹੈ ਤਾਂ ਸੜਕ ‘ਤੇ ਲੱਗਦੇ ਕਿੱਲੇ ਦੇ ਦੇਵੋ। ਇੱਕ ਵਿੱਚ ਤਾਂ ਆਪਣਾ ਘਰ ਸੀ ਜੋ ਅਜੇ ਹੁਣੇ ਹੀ ਅੱਡ ਹੋਣ ਵੇਲੇ ਪਾਇਆ ਸੀ ਗੁਜ਼ਾਰੇ ਜੋਗਾ। ਓਦੋਂ ਉਸ ਨਾਲ ਕਰ ਲਿਆ ਸੀ ਕਿ ਅਗਲੀ ਫਸਲ ਵੇਲੇ ਕਬਜ਼ਾ ਦੇਵਾਂਗੇ। ਸੋਚਿਆ ਤਾਂ ਸੀ ਬਈ ਪੰਜਾਂ ਛੇਆਂ ਮਹੀਨਿਆਂ ‘ਚ ਕੁੜੀ ਤੇ ਨਾਲੇ ਮੁੰਡੇ ਦਾ ਕੰਮ ਬਣ ਜਾਊਗਾ। ਬਾਹਰਲੇ ਮੁਲਕ ‘ਚੋਂ ਪੈਸਾ ਆਉਣ ਲੱਗ ਪਊ। ਸੜਕ ਤੋਂ ਹਟਵੇਂ ਕਿੱਕਰ ਵਾਲੇ ਖੇਤ ਵਿੱਚ ਦੋ ਕਮਰੇ ਪਾ ਲਵਾਂਗੇ।”

ਚਾਚੀ ਦੀਆਂ ਅੱਖਾਂ ‘ਚ ਪਾਣੀ ਛਲਕ ਪਿਆ।

“ਭੈਣ ਜੀ ਅਸੀਂ ਤਾਂ ਜਮਾਂ ਈ ਲੁੱਟੇ ਪੁੱਟੇ ਗਏ। ਵਿਆਹ ਕੀ ਕੀਤਾ ਸਿਰ ਤੋਂ ਛੱਤ ਵੀ ਗਵਾ ਲਈ। ਘਰੋਂ ਬੇਘਰੇ ਹੋ ਗਏ।” ਚਾਚੀ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦਿਆਂ ਕਿਹਾ।

“ਨਾ ਤਾਂ ਵੀ ਕੀ ਗੱਲ ਹੋ ਗਈ?” ਬੀਬੀ ਨੇ ਚਾਚੀ ਦਾ ਹੱਥ ਘੁਟਦਿਆਂ ਕਿਹਾ।

ਚਾਚੇ ਦਾ ਵੀ ਗੱਚ ਭਰ ਆਇਆ ਸੀ। “ਹੋਣਾ ਕੀ ਸੀ, ਪ੍ਰਾਹੁਣਾ ਵਾਪਸ ਆ ਗਿਆ ਹੈ। ਅਸੀਂ ਤਾਂ ਸੋਚਿਆ ਸੀ ਬਈ ਉੱਥੇ ਪੱਕਾ ਹੋਊ। ਉਹ ਤਾਂ ਸਹੁਰਾ ਪਰਮਿਟ ‘ਤੇ ਗਿਆ ਸੀ। ਉੱਥੇ ਕਿਸੇ ਨਾਲ ਲੜਾਈ ਝਗੜਾ ਹੋ ਗਿਆ। ਠੇਕੇਦਾਰ ਨੇ ਪਰਮਿਟ ਹੋਰ ਵਧਾਇਆ ਨਹੀਂ। ਹੁਣ ਆ ਗਿਆ ਪਿੰਡ। ਵਿਹਲਾ ਫਿਰਦੈ। ਕਾਹਦੀ ਗੱਲ ਆ।” ਚਾਚਾ ਸਾਰੀ ਗੱਲ ਇੱਕੋ ਹੀ ਸਾਹ ‘ਚ ਕਹਿ ਗਿਆ। ਉਸ ਦੇ ਇਨ੍ਹਾਂ ਸ਼ਬਦਾਂ ਵਿੱਚ ਪੀੜ ਭਰੀ ਪਈ ਸੀ।

“ਹੁਣ ਤਾਂ ਭੈਣ ਜੀ ਅਸੀਂ ਤੇਰੇ ਕੋਲ ਆਏ ਸੀ ਬਈ ਜੇਕਰ ਅਸੀਂ ਥੋਡੇ ਬਾਹਰਲੇ ਘਰੇ ਰਹਿਣ ਲੱਗ ਪਈਏ ਤਾਂ ਕੀ ਐ। ਅਸੀਂ ਬਹੁਤ ਹੀ ਆਸ ਲੈ ਕੇ ਆਏ ਹਾਂ।” ਚਾਚੀ ਨੇ ਬੜਾ ਹੀ ਜ਼ੋਰ ਲਾ ਕੇ ਆਪਣੇ ਅੰਦਰੋਂ ਸ਼ਬਦ ਕੱਢੇ।

ਬਾਹਰਲਾ ਘਰ ਸਾਡਾ ਪਸ਼ੂਆਂ ਵਾਲਾ ਘਰ ਸੀ। ਹੁਣ ਵਾਧੂ ਘਾਟੂ ਕੰਮਾਂ ਵਾਸਤੇ ਵਰਤਦੇ ਸਾਂ। ਪਸ਼ੂ ਤਾਂ ਕਈਆਂ ਸਾਲਾਂ ਤੋਂ ਕੋਈ ਰੱਖਿਆ ਹੀ ਨਹੀਂ ਸੀ। ਮੇਰੀਆਂ ਵੀ ਅੱਖਾਂ ਭਰ ਆਈਆਂ। ਜਿਹੜੀ ਗੱਲ ਦਾ ਮੈਨੂੰ ਫਿਕਰ ਸੀ ਉਹ ਹੀ ਹੋਈ।

ਬੀਬੀ ਮੇਰੇ ਵੱਲ ਤੱਕਣ ਲੱਗ ਪਈ। ਸ਼ਾਇਦ ਮੇਰੀ ਹਾਂ ਜਾਂ ਨਾਂਹ ਦੀ ਉਡੀਕ ਕਰ ਰਹੀ ਸੀ। ਮੈਂ ਸਮਝ ਗਈ ਸਾਂ ਕਿ ਬੀਬੀ ਮੇਰੀ ਰਾਇ ਜਾਣਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਮੈਂ ਬੀਬੀ ਦੀ ਗੱਲ ਦਾ ਕੋਈ ਜਵਾਬ ਦਿੰਦੀ, ਮੈਂ ਚਾਚੇ ਨੂੰ ਇਸ਼ਾਰਾ ਕਰਕੇ ਕਿਹਾ, “ਚਾਚਾ ਜੀ! ਤੁਸੀਂ ਵਿਆਹ ਕਰਨ ਤੋਂ ਪਹਿਲਾਂ ਮਾੜੀ ਮੋਟੀ ਵੀ ਛਾਣ-ਬੀਣ ਨਾ ਕੀਤੀ। ਕਿਸੇ ਬੰਦੇ ਤੋਂ ਅਰਬ ਦੇਸ਼ਾਂ ਬਾਰੇ ਪੁੱਛ ਤਾਂ ਲੈਂਦੇ ਬਈ ਉੱਥੇ ਲੋਕ ਕਿਸ ਤਰ੍ਹਾਂ ਰਹਿੰਦੇ ਹਨ।”

“ਏਹੋ ਤਾਂ ਪੁੱਤ ਸਾਥੋਂ ਗਲਤੀ ਹੋ ਗਈ। ਲਾਲਚ ਨੇ ਸਾਡੀ ਮੱਤ ਮਾਰ ਦਿੱਤੀ। ਕਾਹਲੀ ਕਾਹਲੀ ਜ਼ਮੀਨ ਵੇਚ ਦਿੱਤੀ। ਲਾਲਿਆਂ ਨੇ ਲਾਲਚ ਕੀਤਾ ਬਈ ਸਸਤੀ ਮਿਲਦੀ ਆ। ਅਸੀਂ ਤਾਂ ਉਨ੍ਹਾਂ ਦਾ ਘਰ ਬਾਰ ਦੇਖ ਕੇ ਅੰਨ੍ਹੇ ਹੋ ਗਏ ਕਿ ਚੰਗਾ ਘਰ ਬਾਰ ਮਿਲ ਗਿਆ। ਕਿਧਰੇ ਕੋਈ ਹੋਰ ਰਿਸ਼ਤਾ ਨਾ ਕਰ ਜਾਵੇ। ਬਸ ਕੁਝ ਨਹੀਂ ਦੇਖਿਆ… ਕੁਝ ਨਹੀਂ ਭਾਲਿਆ…!” ਚਾਚੇ ਦੀ ਭੁੱਬ ਨਿਕਲ ਗਈ।

ਮੈਂ ਉੱਠ ਕੇ ਚਾਚੇ ਨੂੰ ਕੁਝ ਹੌਸਲਾ ਦਿੱਤਾ। ਅੱਖਾਂ ਪੂੰਝਣ ਲਈ ਬੀਬੀ ਦੇ ਮੰਜੇ ‘ਤੇ ਪਿਆ ਛੋਟਾ ਜਿਹਾ ਤੌਲੀਆ ਫੜਾਇਆ ਤੇ ਕਿਹਾ, “ਚਾਚਾ ਜੀ ਜੋ ਹੋ ਗਿਆ ਉਹ ਹੋ ਗਿਆ। ਆਪਾਂ ਉਹ ਸਮਾਂ ਵਾਪਸ ਨਹੀਂ ਲਿਆ ਸਕਦੇ। ਅਗਾਂਹ ਤੋਂ ਸੰਭਲਣ ਦੀ ਕੋਸ਼ਿਸ਼ ਕਰੋ।”

ਬੀਬੀ ਮੇਰੇ ਵੱਲ ਲਗਾਤਾਰ ਦੇਖ ਰਹੀ ਸੀ। ਉਸ ਦੀਆਂ ਨਜ਼ਰਾਂ ਮੇਰੀ ਹਾਂ ਦੀ ਉਡੀਕ ਕਰ ਰਹੀਆਂ ਸਨ। ਬੀਬੀ ਨੇ ਅੱਜ ਤੱਕ ਕਦੇ ਇਕੱਲਿਆਂ ਕੋਈ ਫੈਸਲਾ ਨਹੀਂ ਸੀ ਲਿਆ।

“ਦੇਖ ਲਵੋ। ਘਰ ਤਾਂ ਖਾਲੀ ਪਿਆ ਹੈ। ਕਿਹੜਾ ਕੋਈ ਪਸ਼ੂ ਹੈ ਹੁਣ।” ਮੈਂ ਆਪਣੇ ਵੱਲੋਂ ਹਾਂ ਜਿਹੀ ਕਰ ਦਿੱਤੀ ਤੇ ਬੀਬੀ ਵੱਲ ਤੱਕਣ ਲੱਗੀ।

“ਚੱਲ ਕੋਈ ਨਾ ਜਾਗਰਾ। ਹੁਣ ਝੋਰਾ ਨਾ ਲਾ ਸਰੀਰ ਨੂੰ। ਜਿਹੜਾ ਕੁਝ ਹੋਣਾ ਸੀ ਹੋ ਗਿਆ। ਤੁਸੀਂ ਭਾਈ ਉੱਥੇ ਰਹੀ ਜਾਵੋ ਜਿੰਨਾ ਚਿਰ ਤੁਸੀਂ ਆਪਣਾ ਘਰ ਨਹੀਂ ਬਣਾਉਂਦੇ।”

ਬੀਬੀ ਦੇ ਮੂੰਹੋਂ ਇਹ ਵਾਕ ਸੁਣ ਦੋਵਾਂ ਜੀਆਂ ਦੀ ਜਾਨ ਵਿੱਚ ਜਾਨ ਆ ਗਈ। ਚਾਚੇ ਤੇ ਚਾਚੀ ਨੇ ਉੱਠ ਕੇ ਬੀਬੀ ਦੇ ਪੈਰੀਂ ਹੱਥ ਲਾਏ ਤੇ ਮੈਂ ਸੋਚ ਰਹੀ ਸੀ ਕੁੜੀ ਦਾ ਵਿਆਹ ਕਾਹਦਾ ਕੀਤਾ ਆਪ ਬੇਘਰੇ ਹੋ ਗਏ। ਮੇਰੇ ਕੰਨਾਂ ਵਿੱਚ ਉਸ ਰਾਤ ਵਾਲਾ ਡੀ.ਜੇ. ਵੱਜਣ ਲੱਗਾ।News Source link
#ਬਘਰ

- Advertisement -

More articles

- Advertisement -

Latest article