ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਗਸਤ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲੀਸ ਨੇ ਭਾਵੇਂ 6 ਵਿਚੋਂ 5 ਸ਼ੂਟਰਾਂ ਸਮੇਤ ਕਈ ਹੋਰ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ਹਾਲੇ ਤੱਕ ਕਤਲ ਦੇ ਮਾਮਲੇ ਵਿੱਚ ਪੂਰਾ ਇਨਸਾਫ਼ ਨਾ ਮਿਲਣ ਦਾ ਦੋਸ਼ ਲਗਾ ਰਹੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਹਫ਼ਤੇ ਦੀ ਮੌਹਲਤ ਦਿੱਤੀ ਹੈ ਅਤੇ ਉਸ ਤੋਂ ਬਾਅਦ ਸੜਕਾਂ ’ਤੇ ਉਤਰਨ ਦਾ ਐਲਾਨ ਕੀਤਾ ਹੈ। ਉਹ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਅੱਜ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਹੋ ਗਿਆ ਸਰਕਾਰ ਤੋਂ ਇਨਸਾਫ਼ ਦੀ ਝਾਕ ਕਰੀ ਬੈਠਿਆਂ ਪਰ ਹੁਣ ਪੁੱਤ ਦੇ ਕਤਲ ਲਈ ਇਨਸਾਫ਼ ਲੈਣ ਲਈ ਲੋਕਾਂ ਦੇ ਸਹਿਯੋਗ ਨਾਲ ਸੜਕਾਂ ’ਤੇ ਹੀ ਆਉਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਦੇ ਕਤਲ ਲਈ ਇਕੱਲੇ ਗੋਲੀਆਂ ਚਲਾਉਣ ਵਾਲੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਵੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਮਾਰਨ ਲਈ, ਜੋ ਹਥਿਆਰ ਖਰੀਦੇ, ਉਸ ਲਈ ਪੈਸੇ ਕਿਸ ਨੇ ਦਿੱਤੇ ਅਤੇ ਉਸ ਦੇ ਭਾੜੇ ਦੀ ਕਾਤਲਾਂ ਨੂੰ ਕਿਸ ਨੇ ਮਾਇਆ ਦਿੱਤੀ, ਇਹ ਸਾਰੇ ਕੇਸ ਵਿੱਚ ਪਾਉਣ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਗੈਂਗਸਟਰ ਸ਼ਬਦ ਨਾ ਵਰਤਿਆ ਜਾਵੇ, ਬਲਕਿ ਉਨ੍ਹਾਂ ਨੂੰ ਗੁੰਡੇ ਜਾਂ ਬਦਮਾਸ਼ ਕਿਹਾ ਜਾਵੇ, ਕਿਉਂਕਿ ਉਹ ਜਿਹੋ-ਜਿਹਾ ਕੰਮ ਕਰਦੇ ਹਨ, ਉਹੋ ਜਿਹਾ ਹੀ ਨਾਂ ਦੇਣਾ ਚਾਹੀਦਾ ਹੈ।
ਪਿੰਡ ਮੂਸਾ ਵਿਖੇ ਪਹੁੰਚੇ ਪ੍ਰਸੰਸਕਾਂ ਨਾਲ ਗੱਲ ਕਰਦਿਆਂ ਪੰਜਾਬੀ ਗਾਇਕ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਚੁੱਪ ਨਹੀਂ ਬੈਠਣਗੇ। ਇਸ ਦੇ ਨਾਲ ਹੀ ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡਾਂ ’ਚ ਮੋਮਬੱਤੀ ਮਾਰਚ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਪੁੱਤ ਮਹਾਨ ਸੀ, ਜਿਸ ਨੇ ਕੋਈ ਵੀ ਗੁਨਾਹ ਨਹੀਂ ਕੀਤਾ। ਉਨ੍ਹਾ ਕਿਹਾ ਕਿ ਸਿੱਧੂ ਮੂਸੇਵਾਲ ਦੇ ਕਾਤਲ ਡਰਪੋਕ ਸਨ, ਜਿਨ੍ਹਾਂ ਨੇ ਉਸ ਨੂੰ ਘੇਰਕੇ ਮਾਰਿਆ ਹੈ। ਉਨ੍ਹਾਂ ਦੇ ਪੁੱਤ ਨੂੰ ਅਜਿਹੀ ਮੌਤ ਦੇਣ ਵਾਲਿਆਂ ਨੂੰ ਉਹ ਬਦਦੁਆ ਦਿੰਦੀ ਹੈ। ਉਨ੍ਹਾਂ ਸਰਕਾਰ ’ਤੇ ਗੁੱਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਇਨਸਾਫ਼ ਦਿਵਾਏਗੀ ਪਰ ਉਹ ਇਨਸਾਫ਼ ਲੈਣ ਲਈ ਹੁਣ ਉਹ ਸ਼ੇਰਨੀ ਦਾ ਰੂਪ ਧਾਰਨ ਕਰ ਚੁੱਕੀ ਅਤੇ ਹਰ ਕੀਮਤ ’ਤੇ ਇਨਸਾਫ਼ ਲੈ ਕੇ ਹੀ ਰਹੇਗੀ।