36.2 C
Patiāla
Sunday, May 19, 2024

ਮੇਰਾ ਕਮਰਾ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਮੈਂ ਤੇ ਮੇਰਾ ਬਚਪਨੀ ਕਮਰਾ, ਇਕਸੁਰ ਤੇ ਇਕਮਿੱਕ। ਇਹ ਕਮਰਾ ਮੈਨੂੰ ਅਵਚੇਤਨ ਵਿੱਚ ਹਰ ਰੋਜ਼ ਮਿਲਦਾ ਹੈ। ਗੁਫ਼ਤਗੂ ਕਰਦਾ ਹੈ। ਬੀਤੇ ਹੋਏ ਪਲ਼ਾਂ ਨੂੰ ਦ੍ਰਿਸ਼ਮਾਨ ਕਰਦਾ ਹੈ ਅਤੇ ਫਿਰ ਅਛੋਪਲੇ ਜਿਹੇ ਅੱਖਾਂ ਤੋਂ ਓਝਲ ਹੋ ਜਾਂਦਾ ਹੈ। ਇਸ ਕਮਰੇ ਵਿੱਚ ਮੇਰੇ ਨੈਣਾਂ ਵਿੱਚ ਸੁਪਨਿਆਂ ਨੇ ਪਰਵਾਜ਼ ਭਰੀ ਅਤੇ ਇਨ੍ਹਾਂ ਦੀ ਤਾਮੀਰਦਾਰੀ ਵਿੱਚ ਕਮਰੇ ਦਾ ਅਹਿਮ ਯੋਗਦਾਨ ਹੈ। ਕਮਰੇ ਦੀ ਚੁੱਪ ਬੋਲਦੀ ਹੈ:

ਕਮਰੇ ਦੀ ਚੁੱਪ ਰਹੀ ਫੋਟੋ ਵੰਨੀਂ ਝਾਕਦੀ

ਕਿੰਝ ਕਰੇ ਸੁੰਨ ਨਾਲ ਸੰਵਾਦ

ਬੀਤੇ ਹੋਏ ਵੇਲਿਆਂ ਨੂੰ ਹਿੱਕ ਵਿੱਚ ਸਾਂਭੀ ਬੈਠੀ

ਪੌਣਾਂ ਨੂੰ ਹੀ ਕਰੇ ਫਰਿਆਦ।

ਇਹ ਕਮਰਾ ਕੋਈ ਅਲੋਕਾਰੀ, ਆਲੀਸ਼ਾਨ ਜਾਂ ਸੁੱਖ-ਸਹੂਲਤਾਂ ਵਾਲਾ ਨਹੀਂ ਸੀ। ਤਾਂ ਵੀ ਵਿਦੇਸ਼ੀ ਧਰਤੀ ‘ਤੇ ਸਾਰੀਆਂ ਸੁੱਖ-ਸਹੂਲਤਾਂ ਮਾਣਦਿਆਂ ਵੀ ਇਹ ਕਮਰਾ ਮੇਰੇ ਚੇਤਿਆਂ ਵਿੱਚੋਂ ਨਹੀਂ ਵਿਸਰਦਾ। ਅਕਸਰ ਹੀ ਕਮਰੇ ਦਾ ਸੁਪਨਾ ਆਉਂਦਾ, ਬੇਤਾਬ ਕਰਦਾ ਅਤੇ ਇੱਕ ਅਛੋਹ ਤੇ ਮਖਮਲੀ ਅਹਿਸਾਸ ਮੇਰੀ ਚੇਤਨਾ ਵਿੱਚ ਧਰਦਾ ਹੈ।

ਦਰਅਸਲ, ਇਸ ਨੂੰ ਕਮਰਾ ਨਹੀਂ ਕਿਹਾ ਜਾ ਸਕਦਾ। ਇਹ ਤਾਂ ਚੁਬਾਰੇ ਦਾ ਢਾਂਚਾ ਸੀ ਬਿਨ-ਪਲਸਤਰੋਂ, ਬਿਨ-ਬਾਰੀਉਂ ਤੇ ਬਿਨ-ਦਰਵਾਜ਼ਿਉਂ। ਬਾਰੀਆਂ ਤੇ ਲਟਕਦੀਆਂ ਸਨ ਬੋਰੀਆਂ ਜੋ ਪੋਹ-ਮਾਘ ਦੀ ਠੰਢ ਤੋਂ ਬਚਾਉਂਦੀਆਂ ਅਤੇ ਸੰਘਣੀ ਧੁੰਦ ਤੋਂ ਲਕੋਂਦੀਆਂ ਸਨ। ਇਸ ਦੀਆਂ ਕੰਧਾਂ ਵਿੱਚੋਂ ਪਿਤਾ ਜੀ ਵੱਲੋਂ ਘਾਣੀ ਤਿਆਰ ਕਰਦਿਆਂ, ਪੈਰਾਂ ਦੀ ਛੜੱਪ ਛੜੱਪ ਸੁਣਦੀ। ਮਿਸਤਰੀ ਵੱਲੋਂ ਹੋਰ ਗਾਰਾ ਜਲਦੀ ਲਿਆਉਣ ਲਈ ਹਾਕ ਵੀ ਹੁੰਦੀ ਸੀ। ਇਸ ਦੀਆਂ ਇੱਟਾਂ ਤੇ ਗਾਰੇ ਵਿੱਚ ਬਾਪੂ ਜੀ ਦੇ ਮੁੜਕੇ ਦੀ ਖੁਸ਼ਬੋਈ ਅਤੇ ਮਿਸਤਰੀ ਦੀ ਕਾਰੀਗਰੀ ਵੀ ਮੁਖਾਤਬ ਹੁੰਦੀ। ਛੱਤ ਦੀਆਂ ਇੱਟਾਂ ‘ਤੇ ਕਲੀ ਨਾਲ ਲਿਖੇ ਸਾਰੇ ਪਰਿਵਾਰ ਦੇ ਨਾਮ ਵੀ ਰਾਤ ਨੂੰ ਟਿਮਟਿਮਾਉਂਦੇ। ਬਾਲਿਆਂ ਵਿੱਚ ਖੂਹ ਦੀ ਕਾਲੀ ਟਾਹਲੀ ਦਾ ਚੀਹੜਾਪਣ ਤੇ ਪਕਿਆਈ ਨਜ਼ਰ ਆਉਂਦੀ। ਫਰਸ਼ ਦੀ ਬਜਾਏ ਮਾਂ ਵੱਲੋਂ ਫੇਰੇ ਗੋਹੇ ਦਾ ਤਾਜ਼ਾ ਪੋਚਾ ਸੁਗੰਧਾਂ ਵੰਡਦਾ ਸੀ। ਇਸ ਵਿੱਚੋਂ ਮਾਂ ਦੀਆਂ ਲੋਰੀਆਂ, ਦੁਆਵਾਂ ਅਤੇ ਅਸੀਸ ਵੀ ਮਿਲਦੀ ਕਿ ਇਸ ਮਹਿਕ ਨਾਲ ਆਪਣੇ ਜੀਵਨ ਨੂੰ ਅਜਿਹਾ ਮਹਿਕਾਓ ਕਿ ਜ਼ਿੰਦਗੀ ਦਾ ਸੁਖਨ ਤੇ ਸਿਰਨਾਵਾਂ, ਇਸ ਮਿੱਟੀ ਦੀ ਰੰਗਤ ਦਾ ਰੰਗਰੇਜ਼ੀ ਹੋਵੇ।

ਚੁਬਾਰੇ ਦਾ ਨਾ ਹੀ ਕੋਈ ਬੰਨੇਰਾ ਅਤੇ ਨਾ ਹੀ ਪੌੜੀ ਸੀ। ਕਦੇ ਕਦਾਈ ਲੋੜ ਪੈਣ ‘ਤੇ ਲੱਕੜ ਦੀ ਪੌੜੀ ਇਸ ਦੀ ਚੋਂਦੀ ਹੋਈ ਛੱਤ ਨੂੰ ਲਿੱਪਣ ਦੇ ਕੰਮ ਆਉਂਦੀ ਸੀ। ਦਰਅਸਲ, ਇਹ ਚੁਬਾਰਾ ਮੇਰੇ ਮਾਪਿਆਂ ਦੀ ਸੁਪਨਗੋਈ ਸੀ ਕਿ ਉਨ੍ਹਾਂ ਦਾ ਘਰ ਸ਼ਾਇਦ ਚੁਬਾਰੇ ਨਾਲ ਹੀ ਮੁਕੰਮਲ ਹੋ ਜਾਵੇ। ਪਰ ਉਨ੍ਹਾਂ ਦੇ ਅਵਚੇਤਨ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਸੀ ਕਿ ਇਸ ਵਿਕਲੋਤਰੇ ਚੁਬਾਰੇ ਕਰਕੇ ਸ਼ਾਇਦ ਉਨ੍ਹਾਂ ਦੇ ਬੱਚੇ ਅੱਖਰ-ਗਿਆਨ ਹਾਸਲ ਕਰਕੇ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰ ਸਕਣ। ਹਰਫ਼ਾਂ ਵਿੱਚੋਂ ਰੁਜ਼ਗਾਰ ਦੇ ਨਕਸ਼ ਉਘਾੜ ਸਕਣ। ਅਨਪੜ੍ਹ ਮਾਪਿਆਂ ਦੀ ਸੋਚ ਸਿਰਫ਼ ਪਾਸ ਜਾਂ ਫੇਲ੍ਹ ਹੋਣ ਅਤੇ ਕਲਾਸਾਂ ਦੀ ਗਿਣਤੀ ਤੀਕ ਹੀ ਸੀਮਤ ਸੀ। ਉਨ੍ਹਾਂ ਨੂੰ ਕੋਈ ਵਾਸਤਾ ਨਹੀਂ ਸੀ ਕਿ ਕਿਹੜੀ ਪੁਜੀਸ਼ਨ ਆਈ ਹੈ? ਉਨ੍ਹਾਂ ਦਾ ਬੱਚਾ ਕਿਹੜੇ ਵਿਸ਼ੇ ਪੜ੍ਹਦਾ ਹੈ? ਉਹ ਬਹੁਤ ਖੁਸ਼ ਹੋਏ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤ ਨੇ ਸੋਲਾਂ ਜਮਾਤਾਂ ਪਾਸ ਕਰ ਲਈਆਂ ਹਨ। ਅਜਿਹੇ ਅਣਭੋਲ ਤੇ ਪਾਕ ਮਨ ਵਾਲੇ ਮਾਪਿਆਂ ਦੀ ਸੁਪਨਸ਼ੀਲਤਾ ਦੇ ਸਦਕੇ ਜਾਣ ਨੂੰ ਜੀਅ ਕਰਦਾ। ਉਨ੍ਹਾਂ ਦੀਆਂ ਦੁਆਵਾਂ ਸਦਕਾ ਉਨ੍ਹਾਂ ਦੇ ਸੁਪਨਿਆਂ ਦੀ ਫ਼ਸਲ ਵਧੀਆ ਤਰੀਕੇ ਨਾਲ ਮੌਲੀ ਅਤੇ ਭਰਪੂਰਤਾ ਦੇ ਭਾਗ ਲੱਗੇ।

ਇਹ ਚੌਖਟਾ ਰੂਪੀ ਚੁਬਾਰਾ ਪਿੰਡ ਦੇ ਦਰਮਿਆਨ ਸੀ। ਇਸ ਵਿੱਚ ਪੜ੍ਹਦਿਆਂ, ਰਾਤ ਨੂੰ ਆਂਢ-ਗੁਆਂਢ ਵਿੱਚ ਹੋ ਰਿਹਾ ਬੋਲ-ਬੁਲਾਰਾ, ਬੱਚਿਆਂ ਦਾ ਰੋਣਾ, ਸ਼ਰਾਬੀਆਂ ਦੇ ਲਲਕਾਰੇ ਤੇ ਕੁੱਟ-ਕੁਟਾਈ ਜਾਂ ਬਜ਼ੁਰਗਾਂ ਦੀ ਰੋਹਬਦਾਰ ਆਵਾਜ਼ ਵੀ ਸੁਣਾਈ ਦਿੰਦੀ। ਕਈ ਵਾਰ ਕਿਸੇ ਚੁਬਾਰੇ ‘ਤੇ ਅੱਧੀ ਰਾਤ ਤੀਕ ਵੱਜਦਾ ਸਪੀਕਰ ਇਕਾਗਰਤਾ ਭੰਗ ਕਰਦਾ, ਮੇਰੀ ਪੜ੍ਹਾਈ ਵਿੱਚ ਵਿਘਨ ਵੀ ਬਣਦਾ।

ਇਸ ਕਮਰੇ ਵਿੱਚ ਪੁਰੇ ਦੀ ‘ਵਾ ਵੀ ਮਿਲ ਕੇ ਜਾਂਦੀ ਅਤੇ ਪੱਛੋਂ ਦੀਆਂ ਕਣੀਆਂ ਵੀ ਭਿਉਣ ਲਈ ਪੂਰਾ ਜ਼ੋਰ ਲਾਉਂਦੀਆਂ। ਕਮਰੇ ਵਿੱਚ ਹੀ ਸਾਉਣ-ਭਾਦੋਂ ਦੇ ਚੌਮਾਸੇ ਕੱਟਦਿਆਂ, ਅੱਖਰਾਂ ਦੀ ਜੋਤ ਜਗਾਈ ਰੱਖਣ ਲਈ ਸਦਾ ਮਸ਼ਰੂਫ਼ ਰਿਹਾ। ਉਨ੍ਹਾਂ ਰਾਤਾਂ ਵਿੱਚ ਮੁੜਕੇ ਨਾਲ ਭਿੱਜਦਾ ਰਿਹਾ ਜਦੋਂ ਜੇਠ ਦੀ ਰਾਤ ਵਿੱਚ ਪੱਤਾ ਵੀ ਨਹੀਂ ਸੀ ਹਿੱਲਦਾ। ਮੱਛਰਾਂ ਦੀ ਭੀਂ ਭੀਂ ਰਾਤ ਦੀ ਸ਼ਾਂਤੀ ਨੂੰ ਉਚਾਟ ਕਰਦੀ, ਨੀਂਦ ਵੀ ਹੰਘਾਲਦੀ ਰਹਿੰਦੀ, ਪਰ ਪੜ੍ਹਾਈ ਦੀ ਨਿਰੰਤਰਤਾ ਬਰਕਰਾਰ ਰਹਿੰਦੀ।

ਚੁਬਾਰੇ ਵਿੱਚ ਦੇਰ ਰਾਤ ਤੀਕ ਜਗਦੇ ਬਲਬ ਦੀ ਰੌਸ਼ਨੀ ਦੇਖ ਕੇ ਹੀ ਗੁਆਂਢੀ ਆਪਣੇ ਬੱਚਿਆਂ ਨੂੰ ਦੇਰ ਰਾਤ ਤੀਕ ਪੜ੍ਹਨ ਦੀ ਨਸੀਹਤ ਦਿੰਦੇ। ਇਸ ਰੌਸ਼ਨੀ ਕਾਰਨ ਹੋ ਸਕਦਾ ਹੈ ਕਿ ਕਈ ਮਨਾਂ ਨੇ ਦੇਰ ਰਾਤ ਤੀਕ ਜਾਗਣ ਅਤੇ ਅੱਖਰ-ਜੋਤ ਨੂੰ ਜਗਾਉਣ ਦਾ ਹੀਲਾ ਜ਼ਰੂਰ ਕੀਤਾ ਹੋਵੇਗਾ।

ਰਾਤ ਨੂੰ ਨੀਂਦ ਤੋਂ ਪਾਸਾ ਵੱਟਣ ਲਈ ਛੱਤ ‘ਤੇ ਨਿਕਲਦਾ ਤਾਂ ਦੂਰ ਤੀਕ ਛੱਤਾਂ ‘ਤੇ ਡਾਹੇ ਹੋਏ ਮੰਜਿਆਂ ਦੀਆਂ ਕਤਾਰਾਂ, ਘੁਰਾੜਿਆਂ ਦੀ ਆਵਾਜ਼ਾਂ ਅਤੇ ਕਈਆਂ ਦੇ ਮੋਹਭਿੱਜੇ ਰੂਹਾਨੀ ਪਲਾਂ ਦੇ ਦੀਦਾਰੇ ਵੀ ਹੋ ਜਾਂਦੇ। ਕਿੰਨੀ ਬੇਫ਼ਿਕਰੀ ਵਿੱਚ ਮਿਹਨਤਕਸ਼ ਲੋਕ ਸੌਂਦੇ ਸਨ? ਕੁੱਕੜ ਦੀ ਪਹਿਲੀ ਬਾਂਗ ਨਾਲ ਉਸਲਵਾਟੇ ਲੈਂਦੇ, ਅੰਗੜਾਈ ਭਰਦੇ, ਲੱਸੀ, ਦੋਰਿੜਕਾ ਜਾਂ ਚਾਹ ਦਾ ਕੱਪ ਪੀਂਦੇ ਅਤੇ ਤਰੋਤਾਜ਼ੇ ਹੋ ਕੇ ਹਲ਼ ਜੋਤਣ ਲਈ ਆਪੋ-ਆਪਣੇ ਰਾਹ ਮੱਲ ਲੈਂਦੇ।

ਇਹ ਚੁਬਾਰਾ ਉਨ੍ਹਾਂ ਜਾਗਦੀਆਂ ਰਾਤਾਂ ਦਾ ਗਵਾਹ ਹੀ ਸੀ ਜਦੋਂ ਸਿਰਫ਼ ਪੜ੍ਹਨ ਦਾ ਹੀ ਜਨੂੰਨ ਹੁੰਦਾ ਸੀ। ਕੁਝ ਕਰਨ ਗੁਜ਼ਰਨ ਦੀ ਤਮੰਨਾ ਅਤੇ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਝੱਲ ਭਾਰੀ ਸੀ। ਉਨ੍ਹਾਂ ਸਮਿਆਂ ਵਿੱਚ ਪੜ੍ਹਨ ਦਾ ਸਮਾਂ ਹੀ ਰੋਟੀ-ਟੁੱਕ ਤੋਂ ਬਾਅਦ ਸ਼ੁਰੂ ਹੁੰਦਾ ਸੀ ਕਿਉਂਕਿ ਘਰਦਿਆਂ ਨੂੰ ਇਹ ਲਾਲਚ ਹੁੰਦਾ ਕਿ ਬੱਚਿਆਂ ਕੋਲੋਂ ਘਰ ਦਾ ਵੱਧ ਤੋਂ ਵੱਧ ਕੰਮ ਕਰਵਾ ਲਿਆ ਜਾਵੇ। ਉਨ੍ਹਾਂ ਲਈ ਪੜ੍ਹਾਈ ਤਾਂ ਐਂਵੇਂ ਵਾਧੂ ਜਿਹਾ ਕੰਮ ਹੀ ਸੀ। ਪੜ੍ਹਨ ਲਈ ਰਾਤ ਸਭ ਤੋਂ ਕਾਰਗਾਰ ਹੁੰਦੀ ਕਿਉਂਕਿ ਚਾਰੇ ਪਾਸੇ ਪਸਰੀ ਚੁੱਪ ਵਿੱਚ ਤੁਸੀਂ ਖੁਦ ਨਾਲ ਇਕਸਾਰ ਅਤੇ ਗਿਆਨ-ਗੋਸ਼ਟਿ ਨਾਲ ਇਕਸੁਰ ਹੁੰਦੇ। ਇਸ ਇਕਸੁਰਤਾ ਅਤੇ ਨਿਰੰਤਰਤਾ ਵਿੱਚੋਂ ਹੀ ਬਹੁਤ ਕੁਝ ਹਾਸਲ ਕੀਤਾ ਜੋ ਸੱਚੀ-ਸੁੱਚੀ ਕੀਰਤੀ ਦਾ ਸ਼ਰਫ਼ਨਾਮਾ ਬਣਿਆ।

ਖਿਆਲਾਂ ਵਿੱਚ ਇਹ ਕਮਰਾ ਮੇਰੇ ਨਾਲ ਸੰਵਾਦ ਕਰਦਾ:

ਬੜੇ ਚਿਰ ਬਾਅਦ ਜਾਗ ਪਿਆ ਅੱਜ

ਮੇਰੇ ਮਨ ਵਿੱਚ ਸੁੱਤਾ ਹੋਇਆ ਉਹ ਪਲ

ਜਦ ਮੈਂ ਤੇ ਮੇਰਾ ਕਮਰਾ

ਜ਼ਿੰਦਗੀ ਦੀ ਅੱਖਰਕਾਰੀ ਕਰਦੇ ਸਾਂ

ਇਹ ਚੁਬਾਰਾ ਕਾਹਦਾ

ਨਿਰਾ ਇੱਕ ਢਾਂਚਾ

ਬੋਰੀਆਂ ਦੇ ਲਟਕਦੇ ਪਰਦੇ

ਮੇਰੀ ਤੇ ਕਮਰੇ ਦੀ ਪਰਦਾਦਾਰੀ ਕਰਦੇ

ਛੱਤ ‘ਤੇ ਤਾਰ ਨਾਲ ਲਟਕਦਾ ਬਲਬ

ਨਿੰਮੀ ਨਿੰਮੀ ਰੌਸ਼ਨੀ ਵੰਡਦਾ

ਤੇ ਠੁਰ ਠੁਰ ਕਰਦੇ ਹੱਥਾਂ ਲਈ

ਨਿੱਘ ਦਾ ਨਿਉਂਦਾ ਵੀ

ਇਹ ਬਲਬ ਮੇਰੇ ਨੈਣਾਂ ਵਿੱਚ

ਉਨ੍ਹਾਂ ਸੂਰਜਾਂ ਦਾ ਸਿਰਨਾਵਾਂ ਵੀ ਧਰਦਾ

ਤਾਂ ਕਿ ਹਨੇਰੀਆਂ ਝੀਤਾਂ

ਚਾਨਣ ਵਿੱਚ ਨਹਾ ਸਕਣ

ਇਸ ਕਮਰੇ ਦੀ ਆਗੋਸ਼ ਵਿੱਚ

ਮੇਰਾ ਸਭ ਤੋਂ ਪਿਆਰਾ ਸਾਥੀ ਸੀ

ਮਾਂ ਦੇ ਛੂਛਕੜੇ ਵਿੱਚ ਆਇਆ

ਕਾਲੀ ਟਾਹਲੀ ਦਾ ਮੇਜ਼ ਤੇ ਕੁਰਸੀ

ਮੇਜ਼ ‘ਤੇ ਪਿਆ ਕਿਤਾਬਾਂ ਦਾ ਖਿਲਾਰਾ

ਅਤੇ ਕਾਗਜ਼ਾਂ ‘ਤੇ ਲਿਖੀ ਅੱਖਰਾਂ ਦੀ ਤਫਸ਼ੀਲ

ਪੂਰਨ ਗਿਆਨ-ਸ਼ਾਲਾ ਦਾ ਸਰੂਪ ਧਾਰ

ਜ਼ਿੰਦਗੀ ਦੇ ਸੁੱਚਮ ਨੂੰ ਰੂਬਰੂ ਕਰਦਾ

ਇਹ ਕਮਰਾ

ਨਿਰਾ ਕਮਰਾ ਹੀ ਨਹੀਂ

ਸਗੋਂ ਮੇਰੀ ਸੁਪਨ-ਨਗਰੀ ਸੀ

ਮੇਰੀ ਪਰਵਾਜ਼ ਦਾ ਪਹਿਲਾ ਪੜੁੱਲ

ਸੁਪਨੇ ਤੋਂ ਸੱਚ ਤੀਕ ਦਾ ਸਫ਼ਰਨਾਮਾ

ਇਹ ਕਮਰਾ

ਬਹੁਤ ਕੁਝ

ਅਚੇਤ ਤੇ ਸੁਚੇਤ ਰੂਪ ਵਿੱਚ

ਮੇਰੀ ਚੇਤਨਾ ਵਿੱਚ ਧਰਦਾ

ਇਸ ਦੀ ਹਰ ਇੱਟ ਵਿੱਚੋਂ ਝਲਕਦਾ

ਬਾਪ ਦੀ ਮੁਸ਼ਕੱਤ, ਮੁੜਕਾ ਤੇ ਮਹਿਕਸ਼ਾਂ

ਇਹ ਚੁਬਾਰਾ

ਬਾਪ ਦੀ ਨਵੀਂ ਪਹਿਲਕਦਮੀ ਦਾ ਸਬੱਬ

ਚੁਬਾਰਾ ਸਮਝਾਉਂਦਾ

ਕਿ ਅੱਗੇ ਵਧਣ ਲਈ

ਨਜ਼ਰਾਂ ਉੱਚੀਆਂ ਤੇ ਕਦਮਾਂ ਅਗਾਂਹ ਨੂੰ ਰੱਖੀਦਾ

ਇਸ ਦੀਆਂ ਦਹਿਲੀਜ਼ਾਂ

ਮਾਂ ਦੇ ਸੁਨਹਿਰੀ ਸੁਪਨਿਆਂ ਦੀ ਅਧਾਰਸ਼ਿਲਾ

ਜੋ ਮੇਰੀ ਮਾਂ ਨੇ ਛੂਛਕੜੇ ਵੇਲੇ

ਇਸ ਘਰ ਵਿੱਚ ਪੈਰ ਧਰਦਿਆਂ ਉਣੇ ਸਨ

ਅਤੇ ਹੁਣ ਮੇਰੀ ਵਾਰੀ ਸੀ

ਕਿ ਮੇਜ਼ ਨੂੰ ਕਰਮਸ਼ਾਲਾ ਬਣਾ

ਲਏ ਹੋਏ ਸੁਪਨਿਆਂ ਦਾ ਸੱਚ

ਮਾਂ ਦੀਆਂ ਚੁੰਨੀਆਂ ਅੱਖਾਂ ਵਿੱਚ ਧਰਾਂ

ਇਹ ਕਮਰਾ

ਇਹ ਮੇਜ਼

ਇਹ ਕੁਰਸੀ

ਕੁਰਸੀ ‘ਤੇ ਬੈਠਾ ਸ਼ਖ਼ਸ

ਤੇ ਕਿਤਾਬਾਂ, ਕਾਗਜ਼ ਤੇ ਕਲਮਾਂ ਦਾ ਖਿਲਾਰਾ

ਕਮਰੇ ਦਾ ਕੀਰਤੀਹਾਰ ਬਣ

ਕੀਰਤੀਮਾਨਾਂ ਦਾ ਸਰੂਪ ਸਿਰਜਣ ਲਈ ਕਾਹਲੇ।

ਚੁਬਾਰੇ ਵਿਚਲੀ ਲੋਅ ਨੂੰ ਦੇਖ

ਪਿੰਡ ਵਾਲੇ ਟਾਈਮ ਦਾ ਅੰਦਾਜ਼ਾ ਲਾਉਂਦੇ

ਇਹ ਕਮਰਾ

ਮੇਰੀਆਂ ਕਾਮਨਾਵਾਂ, ਕਰਮਯੋਗਤਾ

ਅਤੇ ਸੁਪਨਗੋਈ ਦਾ ਸ਼ਾਹ-ਅਸਵਾਰ

ਜੋ ਇਸ ਦੀ ਅਹਿਮੀਅਤ ਤੋਂ ਨਾ-ਵਾਕਫ਼

ਇਹ ਕਮਰਾ

ਮੇਰਾ ਗੁਰਦੁਆਰਾ, ਮੰਦਰ ਤੇ ਮਸੀਤ

ਮੇਰਾ ਦੁੱਖ-ਸੁੱਖ ਅਤੇ ਹਾਰ ਤੇ ਜੀਤ

ਅਰਧ-ਚੇਤਨਾ ਵਿੱਚ ਵੱਸਿਆ ਚਾਨਣ-ਦੁਆਰ

ਇਸ ਕਮਰੇ ਵਿੱਚ ਅਕਸਰ ਹੀ

ਬਾਜਰੇ ਦੇ ਸਿੱਟਿਆਂ ਦਾ ਢੇਰ

ਕੱਢੀਆਂ ਹੋਈਆਂ ਛੱਲੀਆਂ

ਜਾਂ ਪੀਹਣ ਲਈ ਕਣਕ ਦੀ ਢੇਰੀ

ਮੇਰੀਆਂ ਪੁਸਤਕਾਂ ਨਾਲ ਸੰਵਾਦ ਵੀ ਰਚਾਉਂਦੇ

ਤੇ ਕਿਤਾਬਾਂ ਵਿਚਲੇ ਅੱਖਰ

ਛਿੱਟਿਆਂ, ਛੱਲੀਆਂ ਤੇ ਦਾਣਿਆਂ ਦੀ ਮਹਿਕ ਨੂੰ

ਆਪਣੇ ਅੰਦਰ ਵਸਾਉਂਦੇ

ਅਤੇ ਇਹ ਵੀ ਸਮਝਾਉਂਦੇ

ਕਿ ਜਿਵੇਂ ਧਰਤੀ ਦੀ ਕੁੱਖ ਵਿੱਚੋਂ

ਸੋਨ ਰੰਗੇ ਦਾਣੇ ਉਗਾਏ ਜਾ ਸਕਦੇ

ਇਵੇਂ ਹੀ ਕਿਤਾਬਾਂ ਦੀ ਰਹਿਬਰੀ ਵਿੱਚੋਂ

ਰੁਜ਼ਗਾਰ, ਰਹਿਮਤਾਂ ਅਤੇ ਰੰਗਰੇਜ਼ਤਾ ਨੂੰ

ਜੀਵਨ ਦਾ ਹਾਸਲ ਬਣਾਇਆ ਜਾ ਸਕਦਾ

ਇਨ੍ਹਾਂ ਦਾਣਿਆਂ ਤੇ ਅੱਖਰਾਂ ਨਾਲ

ਅਨੇਕਾਂ ਚੁਬਾਰੇ ਤਾਮੀਰ ਕੀਤੇ ਜਾ ਸਕਦੈ

ਅੱਜ ਵੀ

ਕਮਰੇ ਨੂੰ ਅਦਾਬ ਕਹਿਣ ਲਈ

ਵਕਤ-ਬ-ਵਕਤ ਪਿੰਡ ਜਾਂਦਾ ਹਾਂ।

ਇਸ ਚੁਬਾਰੇ ਵਿੱਚ ਲਟਕਦੇ ਬਲਬ ਦੇ ਆਲੇ-ਦੁਆਲੇ ਭੁਮੱਕੜ ਮੰਡਰਾਉਂਦੇ। ਭਮੱਕੜ ਦੀ ਚਾਨਣ ਨੂੰ ਮਿਲਣ ਦੀ ਤਸਕੀਨ, ਮੇਰਾ ਹੌਸਲਾ ਤੇ ਹੱਠ ਤਪਾਉਂਦੀ। ਸਿਰੜ ਤੇ ਸਾਧਨਾ ਮੇਰੀ ਕੱਚਘੜ ਸੋਚ ਦੇ ਨਾਮ ਲਾਉਂਦੀ। ਇਸ ਵਿੱਚੋਂ ਨਵੀਆਂ ਮੰਜ਼ਿਲਾਂ ਦੀ ਪ੍ਰਦਖਣਾ ਕਰਨ ਅਤੇ ਇਨ੍ਹਾਂ ਨੂੰ ਹਾਸਲ ਕਰਨ ਦੀ ਤਾਂਘ ਜਾਗਦੀ।

ਇਹ ਚੁਬਾਰਾ ਮੇਰੇ ਤੇ ਮੇਰੀ ਸਾਧਨਾ ਲਈ ਗੈਬੀ ਤੀਰਥ-ਅਸਥਾਨ ਸੀ। ਇਸ ਦੀ ਆਸਥਾ ਅਤੇ ਅਰਦਾਸ ਵਿੱਚੋਂ ਬਹੁਤ ਕੁਝ ਪ੍ਰਾਪਤ ਕੀਤਾ। ਇਸ ਕਮਰੇ ਨੂੰ ਗਾਹੇ-ਬਗਾਹੇ ਨਤਮਸਤਕ ਕਰਨ ਲਈ ਮਨ ਅਹੁਲਦਾ, ਜਦ ਵੀ ਕਦੇ ਵਤਨ ਫੇਰੀ ਪਾਉਂਦਾ। ਭਾਵੇਂ ਪਿੰਡ ਵਿਚਲੇ ਉਸ ਪੁਰਾਣੇ ਘਰ ਵਿੱਚ ਹੁਣ ਹੋਰ ਲੋਕ ਰਹਿੰਦੇ ਨੇ, ਪਰ ਮੇਰੀ ਅਕੀਦਤ ਲਈ ਇਹ ਕਮਰਾ ਤੀਰਥ-ਦਰਸ਼ਨ ਤੋਂ ਘੱਟ ਨਹੀਂ। ਹੁਣ ਇਸ ਦਾ ਮੁਹਾਂਦਰਾ ਬਹੁਤ ਹੀ ਬਦਲ ਗਿਆ ਹੈ। ‘ਕੇਰਾਂ ਆਪਣੀਆਂ ਵਿਦੇਸ਼ ਵੱਸਦੀਆਂ ਬੇਟੀਆਂ ਅਤੇ ਦੋਹਤਰੀਆਂ ਨੂੰ ਇਸ ਕਮਰੇ ਦੇ ਦੀਦਾਰੇ ਕਰਵਾਏ। ਉਹ ਕਿਆਸ ਵੀ ਨਾ ਕਰ ਸਕੀਆਂ ਕਿ ਕਦੇ ਮੈਂ ਇਸ ਕਮਰੇ ਦਾ ਆੜੀ ਸਾਂ। ਇਹ ਕਮਰਾ ਕੁਝ ਨਾ ਹੁੰਦਿਆਂ ਵੀ ਮੇਰੀਆਂ ਕਿਤਾਬਾਂ, ਕਾਪੀਆਂ, ਕਲਮਾਂ ਅਤੇ ਕਾਗਜ਼ਾਂ ਦਾ ਸੰਗ੍ਰਹਿ ਤੇ ਉਨ੍ਹਾਂ ਵਿਚਲੀ ਕਿਰਤ-ਕਮਾਈ ਦਾ ਚਸ਼ਮਦੀਦ ਗਵਾਹ ਸੀ। ਮੈਨੂੰ ਸੰਭਾਲਦਾ ਅਤੇ ਮੇਰਾ ਰੱਖਿਅਕ ਵੀ ਹੁੰਦਾ ਸੀ।

ਰਾਤ ਦੀ ਡੂੰਘੀ ਚੁੱਪ ਵਿੱਚ ਮੈਂ ਇਸ ਨੂੰ ਆਪਣਾ ਦੁੱਖ-ਸੁੱਖ ਸੁਣਾਉਂਦਾ ਸਾਂ। ਮੇਰੀਆਂ ਗੱਲਾਂ ਦਾ ਹੁੰਗਾਰਾ ਭਰਦਾ ਸੀ ਅਤੇ ਮੇਰੇ ਲਈ ਹੱਲਾਸ਼ੇਰੀ ਤੇ ਹਿੰਮਤ ਬਣਦਾ। ਮੇਰੀਆਂ ਯਾਦਾਂ ਦਾ ਸਰਮਾਇਆ। ਮੇਰੇ ਸੁਪਨਿਆਂ ਦਾ ਰੈਣ-ਬਸੇਰਾ। ਮੇਰੀਆਂ ਸਮ-ਭਾਵਨਾਵਾਂ ਦਾ ਸਾਰਥੀ। ਦਿੱਬ-ਦ੍ਰਿਸ਼ਟੀ ਵਿਚਲਾ ਦ੍ਰਿਸ਼ਟੀਕੋਣ। ਹਾਵਭਾਵਾਂ ਦੀ ਤਰਜਮਾਨੀ ਅਤੇ ਅੱਖਰਕਾਰੀ ਦਾ ਗਵਾਹ। ਪੈਰਾਂ ਵਿੱਚ ਉੱਗੇ ਹੋਏ ਸਫ਼ਰ ਦਾ ਸਿਰਨਾਵਾਂ। ਗਰਮੀ-ਸਰਦੀ ਤੋਂ ਬੇਪਰਵਾਹੀ ਤੇ ਬੇਅਸਰੀ ਦਾ ਆਲਮ। ਝੱਖੜਾਂ ਵਿੱਚ ਜ਼ਿੰਦਗੀ ਦੀ ਰਵਾਨਗੀ ਦਾ ਦੀਵਾਨਾ ਅਤੇ ਸਮੇਂ ਦੀਆਂ ਬੇਕਿਰਕ ਸੂਲੀਆਂ ‘ਤੇ ਖੁਦ ਨੂੰ ਕੁਰਬਾਨ ਕਰਨ ਵਾਲਾ ਪ੍ਰਵਾਨਾ।

ਅਕਸਰ ਹੀ ਗਈ ਰਾਤੇ, ਕਮਰੇ ਦੀ ਚੁੱਪ ਨੂੰ ਤੋੜਦੀ ਸੀ ਮਾਂ ਦੇ ਕਦਮਾਂ ਦੀ ਅਛੋਪਲੀ ਜਿਹੀ ਆਹਟ। ਉਹ ਡੂੰਘੀ ਰਾਤ ਦਾ ਫ਼ਿਕਰ ਕਰਦੀ ਸੌਣ ਲਈ ਪ੍ਰੇਰਦੀ, ਪਰ ਬੱਚੇ ਦੀ ਜ਼ਿੱਦ ਸਾਹਵੇਂ ਵਾਪਸ ਜਾ ਕੇ ਸੌਂ ਜਾਦੀ ਅਤੇ ਫਿਰ ਅੱਭੜਵਾਹੇ ਉੱਠ ਕੇ ਜਾਗਦੇ ਪੜ੍ਹਾਕੂ ਨੂੰ ਘੜੀ ਪਲ ਅੱਖ ਲਾਉਣ ਲਈ ਆਖਦੀ। ਅਜਿਹਾ ਅਕਸਰ ਹੀ ਹੁੰਦਾ ਕਿਉਂਕਿ ਮਾਂ ਨੂੰ ਪਤਾ ਹੁੰਦਾ ਕਿ ਇਸ ਨੇ ਆਪਣੀ ਮਰਜ਼ੀ ਨਾਲ ਹੀ ਸੌਣਾ ਏ। ਉਸ ਸਮੇਂ ਤਾਂ ਸਿਰਫ਼ ਕਿਤਾਬਾਂ ਅਤੇ ਇਸ ਵਿਚਲੇ ਗਿਆਨ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਹੀ ਚੇਸ਼ਟਾ ਸੀ, ਪਰ ਕਈ ਵਾਰ ਕੁਰਸੀ ‘ਤੇ ਹੀ ਸੁੱਤੇ ਆਪਣੇ ਪੜ੍ਹਾਕੂ ਪੁੱਤ ਦੇ ਦੁਆਲੇ ਬੰਬਲਾਂ ਵਾਲੇ ਖੇਸ ਦੀ ਬੁੱਕਲ ਵੀ ਮਾਰ ਜਾਂਦੀ ਸੀ।

ਇਸ ਕਮਰੇ ਵਿੱਚੋਂ ਹੀ ਕਰਮ-ਧਾਰਨਾ, ਕਰਮ-ਯੋਗਤਾ, ਕਰਮ-ਭਾਵਨਾ ਅਤੇ ਕਰਮ-ਕੀਰਤੀ ਨੂੰ ਅਰਥ ਅਤੇ ਅਰਘ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਹੀ ਕਰਮ ਰੇਖਾਵਾਂ ਦੀ ਕਲਾਕਾਰੀ ਕੀਤੀ ਅਤੇ ਇਸ ਦੇ ਨਕਸ਼ਾਂ ਨੂੰ ਮਿਲੀ ਨਵੀਨ ਪਛਾਣ ਤੇ ਪ੍ਰਤੀਤੀ।

ਇਹ ਕਮਰਾ ਤਾਂ ਮੇਰੇ ਅੰਦਰ ਸਦਾ ਜਿਉਂਦਾ ਹੈ ਤਾਂ ਹੀ ਇਸ ਨਾਲ ਗੁਫ਼ਤਗੂ ਕਰਦਿਆਂ ਬੋਲ ਵੀ ਛੋਟੇ ਪੈ ਜਾਂਦੇ:

ਅੱਜ ਕੱਲ੍ਹ

ਕਮਰਾ ਬਹੁਤ ਸੱਖਣਾ ਹੈ

ਆਲ੍ਹਣੇ ਦੇ ਖਿੱਲਰੇ ਤੀਲਿਆਂ

ਤੇ ਫਰਸ਼ ‘ਤੇ ਪਈਆਂ ਵਿੱਠਾਂ ਦਾ ਚਿੱਤਰਪੱਟ

ਕਦੇ ਕਦਾਈਂ

ਬੋਟ ਦੀ ਚਹਿਕਣੀ

ਇਸ ਦੇ ਜਿਉਂਦੇ ਹੋਣ ਦੀ ਸ਼ਾਹਦੀ ਭਰਦੀ

ਪਸਰੇ ਹਨੇਰੇ ਨੂੰ ਚਾਕ ਕਰਦੀ ਹੈ

ਦਰਵਾਜ਼ੇ ਦੀਆਂ ਵਿਰਲਾਂ ‘ਚੋਂ ਆਉਂਦੀ ਧੁੱਪ

ਰਾਤ ਨੂੰ ਰੌਸ਼ਨਦਾਨ ਰਾਹੀਂ ਆਉਂਦਾ ਚੰਨ

ਕਮਰੇ ਨਾਲ ਕਰਦਾ ਹੈ ਗੱਲਾਂ

ਕਿਤਾਬ ‘ਚ ਸਿਸਕਿਆ ਸੰਵਾਦ

ਕਦੇ ਕਦੇ ਜ਼ਰਜ਼ਰੀ ਵਰਕਿਆਂ ‘ਚੋਂ ਹੂੰਗਰਦਾ

ਕਮਰੇ ਨੂੰ ਲੱਗਦਾ ਹੈ

ਕੰਧਾਂ ‘ਤੇ ਮਾਰੀਆਂ ਲੀਕਾਂ ਦੀ ਖਾਮੋਸ਼ੀ ‘ਚੋਂ

ਬੀਤੇ ਦੇ ਨਕਸ਼ ਨਿਹਾਰਨ ਵਾਲੇ

ਬਹੁਤ ਦੂਰ ਤੁਰ ਗਏ ਨੇ।

ਪਰ

ਅਜਿਹਾ ਨਹੀਂ

ਮਹਾਤਮੀ ਆਭਾ ‘ਚ ਲੀਨ ਕਮਰੇ ਦੀ

ਜ਼ਿਆਰਤ ਕਰਨ ਲਈ

ਮੈਂ ਅਕਸਰ ਹੀ ਵਾਪਸ ਪਰਤਦਾ ਹਾਂ

ਇਹ ਕਮਰਾ

ਮੇਰੇ ਧੁਰ ਅੰਦਰ ਤੀਕ ਫੈਲ ਚੁੱਕਾ ਹੈ।



News Source link
#ਮਰ #ਕਮਰ

- Advertisement -

More articles

- Advertisement -

Latest article