44.1 C
Patiāla
Thursday, May 23, 2024

ਕੈਨੇਡਾ ਦਾ ਰਾਣੀ ਸ਼ਹਿਰ ਰਿਜਾਇਨਾ

Must read


ਜਗਜੀਤ ਸਿੰਘ ਲੋਹਟਬੱਦੀ

ਰਿਜਾਇਨਾ ਖ਼ੂਬਸੂਰਤੀ ਦਾ ਪ੍ਰਤੀਕ ਹੈ…ਕਾਦਰ ਦੀ ਕੁਦਰਤ ਦਾ ਜਲਵਾ ਹੈ। ਇਹ ਐਵੇਂ ਹੀ ਰਾਣੀ ਸ਼ਹਿਰ ਨਹੀਂ ਅਖਵਾਉਂਦਾ। ਕੈਨੇਡਾ ਦੇ ਸੂਬੇ ਸਸਕੈਚਵਨ ਦੀ ਰਾਜਧਾਨੀ ਆਪਣੇ ਅੰਦਰ ਮਿੱਠੀਆਂ ਤੇ ਕੌੜੀਆਂ ਯਾਦਾਂ ਦਾ ਇਤਿਹਾਸ ਸਮੋਈ ਬੈਠੀ ਹੈ। ਦੇਸ਼ ਦੇ ਦੱਖਣ ਪੱਛਮ ਖੇਤਰ ਵਿੱਚ ਵੱਸਿਆ ਇਹ ਸ਼ਹਿਰ ਬਹੁ-ਭਾਂਤੀ ਸੱਭਿਅਤਾ ਦਾ ਕੇਂਦਰ ਬਿੰਦੂ ਹੈ। ਦੁਨੀਆ ਦੇ ਕੋਨੇ ਕੋਨੇ ਤੋਂ ਆਏ ਪਰਵਾਸੀ ਅੱਡਰੀਆਂ ਕੌਮੀਅਤਾਂ ਦਾ ਰੰਗ ਬਿਰੰਗਾ ਗੁਲਦਸਤਾ ਪ੍ਰਤੀਤ ਹੁੰਦੇ ਹਨ। ਝੀਲਾਂ ਅਤੇ ਸੁੰਦਰ ਪਾਰਕਾਂ ਨਾਲ ਫੱਬੇ ਇਸ ਸ਼ਹਿਰ ਨੂੰ ਵਿਰਾਸਤੀ ਦਰਜਾ ਹਾਸਲ ਹੈ। ਇਹ ਮੁਲਕ ਦੇ ਸਭ ਤੋਂ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਹੇ ਸ਼ਹਿਰਾਂ ਵਿੱਚ ਸ਼ੁਮਾਰ ਹੈ। ਇਹ ਮੱਧ ਆਕਾਰੀ ਸ਼ਹਿਰਾਂ ਵਿੱਚੋਂ ਵਸੇਬਾ ਕਰਨ ਲਈ ਵਿਲੱਖਣ ਥਾਂ ਹੈ। ਕੈਨੇਡਾ ਦੇ 415 ਸ਼ਹਿਰਾਂ ਦੀ ਸੂਚੀ ਵਿੱਚੋਂ ਸੁਖੀ ਰੈਣ ਬਸੇਰੇ ਲਈ ਉੱਪਰਲੇ 100 ਸ਼ਹਿਰਾਂ ਵਿੱਚ ਇਸ ਸ਼ਹਿਰ ਦਾ ਨਾਂ ਦਰਜ ਹੈ।

ਕੈਨੇਡਾ ਦੀ ਸਰਜ਼ਮੀਂ ਨੂੰ ਕੁਦਰਤ ਨੇ ਗ਼ਜ਼ਬ ਦਾ ਸੁਹੱਪਣ ਬਖ਼ਸ਼ਿਆ ਹੈ ਤੇ ਕੈਨੇਡੀਅਨਾਂ ਨੇ ਵੀ ਪ੍ਰਕਿਰਤੀ ਦੇ ਇਸ ਕ੍ਰਿਸ਼ਮੇ ਨੂੰ ਸੰਭਾਲਿਆ ਅਤੇ ਹੋਰ ਸੁੰਦਰ ਬਣਾਇਆ ਹੈ। ਪੌਣ-ਪਾਣੀ, ਚੌਗਿਰਦਾ ਸ਼੍ਰਿਸਟੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਇਹ ਪੂਰੀ ਤਰ੍ਹਾਂ ਪ੍ਰਦੂਸ਼ਣ-ਮੁਕਤ ਸ਼ਹਿਰ ਹੈ। ਚੌਤਰਫ਼ਾ ਹਰਿਆਵਲ, ਦੂਰ ਤੱਕ ਨਜ਼ਰੀਂ ਪੈਂਦਾ ਖੁੱਲ੍ਹਾ ਅਸਮਾਨ, ਨੀਲੀ ਭਾਹ ਮਾਰਦਾ ਜਲ ਕੁਦਰਤ ਨਾਲ ਇੱਕ-ਮਿੱਕ ਹੋਏ ਦਿਖਾਈ ਦਿੰਦੇ ਹਨ। ਰਿਜਾਇਨਾ ਵਿੱਚ ਝੂਮਦੇ ਦਰੱਖਤ, ਪੌਦੇ, ਵਸਕਾਨਾ ਝੀਲ, ਛੋਟੀਆਂ ਛੋਟੀਆਂ ਨਹਿਰਾਂ, ਜੀਵ ਜੰਤੂਆਂ ਦੀਆਂ ਸੁਰੱਖਿਅਤ ਰੱਖਾਂ ਅਤੇ ਪੰਛੀਆਂ ਦੀਆਂ ਸੰਗੀਤਕ ਆਵਾਜ਼ਾਂ ਮਨ ਮੋਹ ਲੈਂਦੀਆਂ ਹਨ। ਖ਼ੂਬਸੂਰਤ ਤਰਾਸ਼ੇ ਹੋਏ ਘਾਹ ਦੇ ਮੈਦਾਨ, ਸੈਰਗਾਹਾਂ, ਪੈਦਲ-ਪਥ ਸ਼ਹਿਰ ਨੂੰ ਅਮੀਰ ਦਿੱਖ ਪ੍ਰਦਾਨ ਕਰਦੇ ਹਨ। ਖੁੱਲ੍ਹੀਆਂ ਸੜਕਾਂ, ਆਵਾਜਾਈ ਦੇ ਸੁਖਦ ਸਾਧਨ ਅਤੇ ਤਰਤੀਬਵਾਰ ਘਰ ਤੇ ਸ਼ਾਪਿੰਗ ਸੈਂਟਰ ਸੱਭਿਅਕ ਮੁਲਕ ਹੋਣ ਦੇ ਗਵਾਹ ਹਨ। ਇਉਂ ਲੱਗਦੈ, ਜਿਵੇਂ ਧਰਤੀ ’ਤੇ ਜੰਨਤ ਦਾ ਟੁਕੜਾ ਵੱਸਿਆ ਹੋਵੇ।

ਰਿਜਾਇਨਾ ਦਾ ਮੁੱਢਲਾ ਨਾਂ ਵਸਕਾਨਾ (ਹੱਡੀਆਂ ਦਾ ਢੇਰ) ਸੀ ਕਿਉਂਕਿ ਇੱਥੇ ਸ਼ਿਕਾਰੀਆਂ ਦਾ ਬੋਲਬਾਲਾ ਹੁੰਦਾ ਸੀ। ਉਨੀਵੀਂ ਸਦੀ ਦੇ ਪਿਛਲੇ ਅੱਧ ਵਿੱਚ ਡੋਮੀਨੀਅਨ ਲੈਂਡਜ਼ ਐਕਟ ਬਣਨ ਨਾਲ ਇਸ ਸਥਾਨ ਦੀ ਵੱਸੋਂ ਦਾ ਮੁੱਢ ਬੰਨ੍ਹਿਆ ਗਿਆ। ਆਬਾਦਕਾਰਾਂ ਨੂੰ ਵਸਾਉਣ ਲਈ ਸਸਤੇ ਮੁੱਲ-160 ਏਕੜ ਜ਼ਮੀਨ 10 ਡਾਲਰ ਵਿੱਚ ਵੇਚੀ ਗਈ। ਵਸਕਾਨਾ, ਉੱਤਰ-ਪੱਛਮ ਪ੍ਰਦੇਸ਼ਾਂ ਦੀ ਸਰਕਾਰ ਦਾ ਕੇਂਦਰ ਬਣ ਗਿਆ, ਜਿਸ ਵਿੱਚ ਅਜੋਕੇ ਸਸਕੈਚਵਨ ਅਤੇ ਅਲਬਰਟਾ ਪ੍ਰਾਂਤ ਅਤੇ ਐਸਨੀਬੋਆ ਜ਼ਿਲ੍ਹਾ ਸ਼ਾਮਲ ਸਨ। ਰਿਜਾਇਨਾ ਦਾ ਜਨਮ 1882 ਈਸਵੀ ਵਿੱਚ ਹੋਇਆ। ਰਾਜਕੁਮਾਰੀ ਲੂਈਸ ਜੋ ਉਸ ਸਮੇਂ ਦੇ ਕੈਨੇਡਾ ਦੇ ਗਵਰਨਰ ਜਨਰਲ ਦੀ ਪਤਨੀ ਸੀ, ਨੇ ਸ਼ਹਿਰ ਦਾ ਨਾਮ ਰਿਜਾਇਨਾ (ਲਾਤੀਨੀ ਭਾਸ਼ਾ ਵਿੱਚ ਮਹਾਰਾਣੀ) ਰੱਖਿਆ, ਜੋ ਉਸ ਨੇ ਆਪਣੀ ਮਾਂ ਮਹਾਰਾਣੀ ਵਿਕਟੋਰੀਆ ਦੇ ਸਨਮਾਨ ਵਿੱਚ ਚੁਣਿਆ ਸੀ। ਪੁਰਾਣੇ ਸਮਿਆਂ ਵਿੱਚ ਇਹ ਨਾਂ ਦੂਸਰੀ ਸਦੀ ਦੇ ਇੱਕ ਈਸਾਈ ਸੰਤ ਦੇ ਨਾਮ ’ਤੇ ਪ੍ਰਚੱਲਿਤ ਸੀ। ਮੱਧ-ਕਾਲੀਨ ਯੁੱਗ ਵਿੱਚ ਇੰਗਲੈਂਡ ਵਿੱਚ ਇਸ ਨਾਂ ਨੂੰ ‘ਮਦਰ ਮੇਰੀ’ ਦੇ ਸਤਿਕਾਰ ਵਜੋਂ ਲਿਆ ਜਾਂਦਾ ਸੀ ਅਤੇ ਉਨੀਵੀਂ ਸਦੀ ਵਿੱਚ ਰਿਜਾਇਨਾ ਨਾਂ ਦੀ ਮਹੱਤਤਾ ਫਿਰ ਉਜਾਗਰ ਹੋ ਗਈ। ਇਸ ਸਮੇਂ ਲਿਓਪੋਲਡ (ਮਹਾਰਾਣੀ ਦੇ ਪੁੱਤਰ ਦਾ ਨਾਂ) ਅਤੇ ਐਸਨੀਬੋਆ (ਮੂਲ ਨਿਵਾਸੀ) ਨਾਲੋਂ ‘ਰਿਜਾਇਨਾ’ ਨਾਂ ਰੱਖਣ ਨੂੰ ਤਰਜੀਹ ਦਿੱਤੀ ਗਈ। ਅਗਲੇ ਹੀ ਸਾਲ ਐਡਗਰਡਿਊਨੀ, ਲੈਫਟੀਨੈਂਟ ਗਵਰਨਰ ਦੇ ਆਦੇਸ਼ਾਂ ਤਹਿਤ ਬੈਟਲਫੋਰਡ ਦੀ ਜਗ੍ਹਾ ਰਿਜਾਇਨਾ ਨੂੰ ਉੱਤਰ-ਪੱਛਮੀ ਪ੍ਰਦੇਸ਼ਾਂ ਦੀ ਰਾਜਧਾਨੀ ਬਣਾ ਦਿੱਤਾ ਗਿਆ। ਵੀਹ ਸਾਲ ਬਾਅਦ 19 ਜੂਨ 1903 ਨੂੰ ਰਿਜਾਇਨਾ ਨੂੰ ਪੂਰੇ ਸ਼ਹਿਰ ਦਾ ਦਰਜਾ ਹਾਸਲ ਹੋਇਆ। 1905 ਵਿੱਚ ਸਸਕੈਚਵਨ ਸੂਬੇ ਦੇ ਹੋਂਦ ਵਿੱਚ ਆਉਣ ਨਾਲ 23 ਮਈ 1906 ਨੂੰ ਸ਼ਹਿਰ ਨੂੰ ਇਸ ਦੀ ਰਾਜਧਾਨੀ ਐਲਾਨ ਦਿੱਤਾ ਗਿਆ।

ਰਿਜਾਇਨਾ ਬਹੁਤ ਵਿਸ਼ਾਲ ਅਤੇ ਸਮਤਲ ਧਰਤੀ ’ਤੇ ਵਸਿਆ ਕੈਨੇਡਾ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ਹਿਰ ਹੈ। ਦੁਨੀਆ ਦੇ ਨਕਸ਼ੇ ’ਤੇ ਅੰਕਿਤ ਇਸ ਸ਼ਹਿਰ ਵਿੱਚ ਵਿਸ਼ਵ ਪ੍ਰਸਿੱਧ ਇਮਾਰਤਾਂ ਅਤੇ ਸੰਸਥਾਵਾਂ ਹਨ। ਉੱਚੇ ਗੁੰਬਦ ਵਾਲੀ ਪਾਰਲੀਮੈਂਟ ਬਿਲਡਿੰਗ ਦੀ ਇਮਾਰਤਸ਼ਾਜੀ ਦੀ ਖ਼ੂਬਸੂਰਤੀ ਦੇਖਿਆਂ ਹੀ ਬਣਦੀ ਹੈ। ਸਾਹਮਣੇ ਲਾਅਨ ਵਿੱਚ ਸੈਂਕੜੇ ਤਰ੍ਹਾਂ ਦੇ ਫੁੱਲ ਕੁਦਰਤੀ ਸੁਹੱਪਣ ਦਾ ਦਿਲ ਖਿੱਚਵਾਂ ਨਜ਼ਾਰਾ ਪੇਸ਼ ਕਰਦੇ ਹਨ। ਵਪਾਰਕ ਸਥਾਨ ਜਿਸ ਨੂੰ ਡਾਊਨ ਟਾਊਨ ਕਿਹਾ ਜਾਂਦਾ ਹੈ, ਤੋਂ ਇਸ ਇਮਾਰਤ ਦਾ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਕਾਨੂੰਨ ਦੀ ਖ਼ਾਸੀਅਤ ਹੈ ਕਿ ਸ਼ਹਿਰ ਵਿੱਚ ਬਣਨ ਵਾਲੀ ਕੋਈ ਵੀ ਬਿਲਡਿੰਗ ਇਸ ਝਲਕ ਨੂੰ ਨਹੀਂ ਰੋਕ ਸਕਦੀ। 180 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਸ਼ਹਿਰ ਵਿੱਚ ਕਈ ਯਾਦਗਾਰੀ ਸਮਾਰਕ ਹਨ, ਜਿੱਥੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੀਆਂ ਬੇਮਿਸਾਲ ਕਲਾਕ੍ਰਿਤਾਂ ਸਾਂਭੀਆਂ ਹੋਈਆਂ ਹਨ। ਵਸਕਾਨਾ ਸੈਂਟਰ ਵਿੱਚ ਬਣੇ ਰੌਇਲ ਸਸਕੈਚਵਨ ਮਿਊਜ਼ੀਅਮ ਵਿੱਚ ਮੂਲ ਆਦਿਵਾਸੀ ਲੋਕਾਂ ਦੇ ਜੀਵਨ ਦੀਆਂ ਅਦਭੁੱਤ ਯਾਦਾਂ ਚਕਾਚੌਂਧ ਕਰ ਦਿੰਦੀਆਂ ਹਨ। 1953 ਵਿੱਚ ਬਣੀ ਮਕੰਨਜ਼ੀ ਆਰਟ ਗੈਲਰੀ ਕਲਾ ਦਾ ਬੇਜੋੜ ਨਮੂਨਾ ਪੇਸ਼ ਕਰਦੀ ਹੈ। ਇੱਥੇ ਸਥਾਨਕ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੀਆਂ ਕਲਾਵਾਂ ਸਾਲਾਂ ਬੱਧੀ ਸਾਂਭੀਆਂ ਪਈਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਿਲੱਖਣ ਸੌਗਾਤ ਹੋਵੇਗੀ। ਰੌਇਲ ਕੈਨੇਡੀਅਨ ਮਾਊਂਟਡ ਪੁਲੀਸ ਹੈਰੀਟੇਜ ਸੈਂਟਰ ਇਤਿਹਾਸ ਨੂੰ ਯਾਦ ਰੱਖਣ ਦਾ ਇੱਕ ਹੋਰ ਸੁੰਦਰ ਯਤਨ ਹੈ। ਉੱਤਰ-ਪੱਛਮੀ ਪੁਲੀਸ ਦਾ ਹੈੱਡਕੁਆਟਰ 1885 ਈਸਵੀ ਦੀ ਬਣੀ ਇਮਾਰਤ ਵਿੱਚ ਹੈ, ਜਿੱਥੇ ਹਿੰਦੋਸਤਾਨੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਸਦੀ ਪੁਰਾਣੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਆਫ ਰਿਜਾਇਨਾ ਅਤੇ ਫਸਟ ਨੇਸ਼ਨਜ਼ ਯੂਨੀਵਰਸਿਟੀ ਆਫ ਕੈਨੇਡਾ ਉੱਚ ਮਿਆਰੀ ਵਿੱਦਿਆ ਦੇ ਕੇਂਦਰ ਹਨ, ਜਿੱਥੇ ਭਾਰਤ ਸਮੇਤ ਦੁਨੀਆ ਭਰ ਤੋਂ ਸੈਂਕੜੇ ਸਿਖਿਆਰਥੀ ਵਿੱਦਿਆ ਗ੍ਰਹਿਣ ਕਰਨ ਨੂੰ ਮਾਣ ਸਮਝਦੇ ਹਨ। ਇੱਥੋਂ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਘਰੇਲੂ ਅਤੇ ਵਿਦੇਸ਼ੀ ਹਵਾਈ ਸੇਵਾਵਾਂ ਲਈ ਜਾਣਿਆ ਜਾਂਦਾ ਹੈ। ਸਸਕੈਚਵਨ ਸੂਬੇ ਦੀਆਂ ਹੱਦਾਂ ਅਮਰੀਕਾ ਦੇ ਮੌਨਟਾਨਾ ਅਤੇ ਨਾਰਥ ਡਕੋਟਾ ਨੂੰ ਛੂੰਹਦੀਆਂ ਹਨ। 1912 ਈਸਵੀ ਦੇ ਰਿਜਾਇਨਾ ਚੱਕਰਵਾਤ ਵਿੱਚ ਇਹ ਸ਼ਹਿਰ ਤਬਾਹੀ ਦੇ ਕੰਢੇ ਪਹੁੰਚ ਗਿਆ ਸੀ, ਪਰ ਇਸ ਨੇ ਫਿਰ ਤੋਂ ਦੁਨੀਆ ਦੇ ਨਕਸ਼ੇ ’ਤੇ ਆਪਣੀ ਹਾਜ਼ਰੀ ਲਗਵਾਈ। ਇਸ ਨੇ ਆਪਣੇ ਅਤੀਤ ਨੂੰ ਭੁੱਲ ਕੇ ਵਿਸ਼ਵ ਨੂੰ ਮੰਤਰਮੁਗਧ ਕੀਤਾ ਹੈ। 1885 ਈਸਵੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਰਿਜਾਇਨਾ ਨੂੰ ਪੂਰੇ ਕੈਨੇਡਾ ਵਿੱਚ ਸੁਰਖੀਆਂ ਵਿੱਚ ਲਿਆਂਦਾ। ਇਹ ਹਾਦਸਾ ‘ਉੱਤਰ ਪੱਛਮੀ ਵਿਦਰੋਹ’ ਸੀ, ਜਿਸ ਵਿੱਚ ਲੁਈਸ ਰੀਲ ਦੀ ਅਗਵਾਈ ਵਿੱਚ ਮੇਤੀ ਕਬੀਲੇ ਅਤੇ ਮੂਲ ਆਦਿਵਾਸੀਆਂ ਨੇ ਕੈਨੇਡਾ ਸਰਕਾਰ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਿਆ। ਉਨ੍ਹਾਂ ਦਾ ਮੱਤ ਸੀ ਕਿ ਕੈਨੇਡਾ ਉਨ੍ਹਾਂ ਦੀ ਭਿੰਨਤਾ, ਵਿਸ਼ੇਸ਼ ਅਧਿਕਾਰ ਅਤੇ ਜਲ ਜ਼ਮੀਨ ਨੂੰ ਬਚਾਉਣ ਦੀ ਬਜਾਏ ਇਸ ਦੀ ਉਲੰਘਣਾ ਕਰ ਰਿਹਾ ਹੈ। ਇਹ ਉਨ੍ਹਾਂ ਲਈ ਜ਼ਿੰਦਗੀ ਮੌਤ ਦੀ ਲੜਾਈ ਸੀ। ਸਰਕਾਰੀ ਦਸਤਿਆਂ ਵੱਲੋਂ ਰੀਲ ਨੂੰ ਹਰਾਉਣ ਤੋਂ ਬਾਅਦ, ਇਸ ਸ਼ਹਿਰ ਵਿੱਚ ਲਿਆ ਕੇ ਉਸ ਉੱਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਰਿਜਾਇਨਾ ਨਾਲ ਇੱਕ ਹੋਰ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ। ਕੋਆਪਰੇਟਿਵ ਕਾਮਨਵੈਲਥ ਫੈਡਰੇਸ਼ਨ (ਸੀ.ਸੀ.ਐੱਫ.) ਜੋ ਅਜੋਕੀ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ. ਪੀ.) ਦੀ ਜਣਨੀ ਹੈ, ਨੇ ਇੱਥੇ 1933 ਵਿੱਚ ਰਿਜਾਇਨਾ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸ ਨਾਲ ਵੱਡੀਆਂ ਸਮਾਜਿਕ ਤਬਦੀਲੀਆਂ ਦਾ ਮੁੱਢ ਬੱਝਿਆ ਸੀ। ਸੀ.ਸੀ.ਐੱਫ. ਖੱਬੇ ਪੱਖੀ ਵਿਚਾਰਾਂ ਦੀ ਧਾਰਨੀ ਵਾਲਾ ਸਮਾਜਵਾਦੀ, ਖੇਤੀ ਪੱਖੀ, ਸਹਿਕਾਰਤਾ ਅਤੇ ਮਜ਼ਦੂਰ ਜਥੇਬੰਦੀਆਂ ਦਾ ਸਮੂਹ ਸੀ। ਟੌਮੀ ਡਗਲਸ ਦੀ ਅਗਵਾਈ ਵਿੱਚ 1944 ਵਿੱਚ ਸਸਕੈਚਵਨ ਸੂਬੇ ਦੀ ਸਰਕਾਰ ਨੇ ਹੀ ਸਮੂਹਿਕ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਪਿੱਛੋਂ ਜਾ ਕੇ ਪੂਰੇ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਲੈਸਟਰ ਪੀਅਰਸਨ ਨੇ ਲਾਗੂ ਕੀਤਾ। ਅੱਜ ਵੀ ਡਗਲਸ ਨੂੰ ‘ਫਾਦਰ ਆਫ ਮੈਡੀਕੇਅਰ’ ਦਾ ਰੁਤਬਾ ਹਾਸਲ ਹੈ। ਅਜੋਕੇ ਸਮੇਂ ਵਿੱਚ ਮੁਲਕ ਦੀ ਇਸ ਚੌਥੀ ਵੱਡੀ ਪਾਰਟੀ ਦੀ ਵਾਗਡੋਰ ਪੰਜਾਬੀ ਮੂਲ ਦੇ ਜਗਮੀਤ ਸਿੰਘ ਦੇ ਹੱਥ ਹੈ ਅਤੇ ਐੱਨ.ਡੀ.ਪੀ. ਕੈਨੇਡਾ ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਹੀ ਹੈ।

ਰਿਜਾਇਨਾ ਨਿੱਘੇ ਦਿਲ ਵਾਲਿਆਂ ਦਾ ਸ਼ਹਿਰ ਹੈ। ਢਾਈ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਗੋਰਿਆਂ ਦੀ 79 ਫੀਸਦੀ ਅਤੇ ਮੂਲਵਾਸੀਆਂ ਦੀ 10 ਫੀਸਦੀ ਆਬਾਦੀ ਹੋਣ ਦੇ ਬਾਵਜੂਦ ਇਹ ਘੱਟ ਗਿਣਤੀ ਪਰਵਾਸੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੋਈ ਰੰਗ ਤੇ ਨਸਲ ਭੇਦ ਨਹੀਂ। ਚਰਚ, ਗੁਰਦੁਆਰਾ ਤੇ ਮੰਦਰ ਪੂਜਣਯੋਗ ਸਥਾਨ ਹਨ। ਵਿਸਾਖੀ ਵੇਲੇ ਸਿੱਖ ਪਰੇਡ ਅਤੇ ਕੈਨੇਡਾ ਡੇ ਇੱਕੋ ਜਿਹੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਸਾਡੇ ਦੇਸ਼ ਤੋਂ ਉਲਟ ਇੱਥੇ 27 ਫੀਸਦ ਵੱਸੋਂ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਦਾ ਕੋਈ ਧਰਮ ਨਹੀਂ। ਤਾਨਾਸ਼ਾਹ ਸਰਕਾਰਾਂ ਤੋਂ ਪਰੇਸ਼ਾਨ ਜਾਂ ਜੰਗੀ ਬਿਪਤਾਵਾਂ ਦੇ ਝੰਬੇ ਲੋਕਾਂ ਲਈ ਰਿਜਾਇਨਾ ਨੇ ਹਮੇਸ਼ਾਂ ਦਿਲ ਖੋਲ੍ਹ ਕੇ ਸੁਆਗਤ ਕੀਤਾ ਹੈ। ਇਸ ਦੀ ਤਾਜ਼ਾ ਮਿਸਾਲ ਯੂਕਰੇਨ ਵਾਸੀਆਂ ਲਈ ਰੈਣ ਬਸੇਰਾ ਬਣ ਕੇ ਸ਼ਹਿਰ ਨੇ ਆਪਣੀ ਮਹਿਮਾਨ ਨਿਵਾਜੀ ਦਾ ਸਬੂਤ ਦਿੱਤਾ ਹੈ, ਜਿੱਥੇ 4 ਜੁਲਾਈ 2022 ਨੂੰ 230 ਬੇਘਰ ਯੂਕਰੇਨੀਆਂ ਨੂੰ ਰਿਜਾਇਨਾ ਵਿੱਚ ‘ਘਰ’ ਮਿਲਿਆ। ਉੱਜੜ ਕੇ ਆਏ ਸਲਾਵਾ ਲੁਚਯੁਸਕਾ ਅਤੇ ਉਸ ਦਾ ਪੁੱਤਰ ਮੈਕਸਿਮ ਹੰਝੂਆਂ ਭਰੀਆਂ ਅੱਖਾਂ ਨਾਲ ਦੱਸਦੇ ਹਨ, “ਰਿਜਾਇਨਾ ਵੱਡਾ ਸ਼ਹਿਰ ਨਹੀਂ, ਪਰ ਇੱਥੋਂ ਦੇ ਵਾਸੀਆਂ ਦੇ ਦਿਲ ਬਹੁਤ ਵੱਡੇ ਨੇ।” ਸਸਕੈਚਵਨ ਸਟੇਟ ਨੂੰ ‘ਲੈਂਡ ਆਫ ਦਿ ਲਿਵਿੰਗ ਸਕਾਈਜ਼’ ਕਿਹਾ ਜਾਂਦਾ ਹੈ। ਵਿਸ਼ਾਲ ਖੇਤਾਂ ਵਾਲਾ ਇਹ ਸੂਬਾ ਕਣਕ ਅਤੇ ਕਨੋਲਾ ਦੀ ਪੈਦਾਵਾਰ ਲਈ ਪ੍ਰਸਿੱਧ ਹੈ। ਤੇਲ ਅਤੇ ਗੈਸ ਵੀ ਇੱਥੋਂ ਨਿਕਲਦੇ ਹਨ। ਇਹ ਸੈਲਾਨੀਆਂ ਲਈ ਚਾਰ ਮਹੀਨੇ ਬਹੁਤ ਖੁਸ਼ਨੁਮਾ ਹੁੰਦਾ ਹੈ। ਮਈ ਤੋਂ ਸਤੰਬਰ ਤੱਕ ਔਸਤਨ ਤਾਪਮਾਨ 19 ਡਿਗਰੀ ਸੈਲਸੀਅਸ ਰਹਿੰਦਾ ਹੈ। ਨਵੰਬਰ ਤੋਂ ਫਰਵਰੀ ਚਿੱਲ ਚਾੜ੍ਹਦੀ ਹੈ, ਜਦੋਂ ਪਾਰਾ ਜ਼ੀਰੋ ਡਿਗਰੀ ਤੋਂ ਕਾਫ਼ੀ ਥੱਲੇ ਚਲਿਆ ਜਾਂਦਾ ਹੈ। ਸਭ ਕੁਝ ਚਾਂਦੀ ਰੰਗਾ ਨਜ਼ਰੀਂ ਪੈਂਦਾ ਹੈ ਤੇ ਵਸਕਾਨਾ ਝੀਲ ਤੇ ਲੋਕੀਂ ਸਕੇਟਿੰਗ ਕਰਦੇ ਮਿਲਦੇ ਹਨ। ਟੋਰਾਂਟੋ ਤੋਂ 2650 ਅਤੇ ਵੈਨਕੂਵਰ ਤੋਂ 1700 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਇਹ ਸ਼ਹਿਰ ਵਾਰ ਵਾਰ ਦੇਖਣ ਨੂੰ ਦਿਲ ਕਰਦਾ ਹੈ।
ਸੰਪਰਕ: +1 306 807 1099News Source link
#ਕਨਡ #ਦ #ਰਣ #ਸਹਰ #ਰਜਇਨ

- Advertisement -

More articles

- Advertisement -

Latest article