ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਮਾਮਲੇ ਦੀ ਸੁਣਵਾਈ 22 ਅਗਸਤ ਤੱਕ ਟਾਲ ਦਿੱਤੀ ਹੈ ਕਿਉਂਕਿ ਕੇਂਦਰ ਨੇ ਕਿਹਾ ਹੈ ਕਿ ਭਾਰਤ ਵਿੱਚ ਅੰਡਰ 17 ਮਹਿਲਾ ਵਿਸ਼ਵ ਕੱਪ ਕਰਾਉਣ ਸਬੰਧੀ ਫੀਫਾ ਨਾਲ ਗੱਲਬਾਤ ਜਾਰੀ ਹੈ। ਸਿਖਰਲੀ ਅਦਾਲਤ ਨੇ ਕੇਂਦਰ ਨੂੰ ਵਿਸ਼ਵ ਕੱਪ ਭਾਰਤ ਵਿੱਚ ਕਰਾਉਣ ਅਤੇ ਏਆਈਐੱਫਐੱਫ ਦੀ ਮੁਅੱਤਲੀ ਹਟਾਉਣ ਲਈ ਲੋੜੀਂਦੇ ਉਪਾਅ ਕਰਨ ਲਈ ਵੀ ਕਿਹਾ ਹੈ। ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੂੰ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਕਾਂ ਦੀ ਕਮੇਟੀ ਨੇ ਫੀਫਾ ਨਾਲ ਦੋ ਮੀਟਿੰਗਾਂ ਕੀਤੀਆਂ ਹਨ ਅਤੇ ਭਾਰਤ ਵਿੱਚ ਅੰਡਰ-17 ਮਹਿਲਾ ਵਿਸ਼ਵ ਕੱਪ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਮਾਮਲੇ ਦੀ ਸੁਣਵਾਈ 22 ਅਗਸਤ ਤੱਕ ਮੁਲਤਵੀ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਤਾਂ ਜੋ ਏਆਈਐੱਫਐੱਫ ਦੀਆਂ ਸਰਗਰਮ ਧਿਰਾਂ ਵਿਚਾਲੇ ਸਹਿਮਤੀ ਬਣ ਸਕੇ। ਮਹਿਤਾ ਨੇ ਕਿਹਾ ਕਿ ਬੈਂਚ ਦੇ ਇਹ ਕਹਿਣ ਨਾਲ ਕਾਫੀ ਮਦਦ ਮਿਲੇਗੀ ਕਿ ਸਾਰੀਆਂ ਧਿਰਾਂ ਮਾਮਲੇ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਬੈਂਚ ਨੇ ਕਿਹਾ ਕਿ ਅੰਡਰ 17 ਬੱਚਿਆਂ ਲਈ ਇਹ ਵੱਡਾ ਟੂਰਨਾਮੈਂਟ ਹੈ ਅਤੇ ਸਿਖਰਲੀ ਅਦਾਲਤ ਨੂੰ ਇਸੇ ਗੱਲ ਨਾਲ ਮਤਲਬ ਹੈ ਕਿ ਟੂਰਨਾਮੈਂਟ ਭਾਰਤ ਵਿੱਚ ਹੋਵੇ। ਬੈਂਚ ਨੇ ਕਿਹਾ ਕਿ ਕੋਈ ਬਾਹਰੀ ਇਸ ਵਿੱਚ ਦਖ਼ਲ ਦੇਵੇਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਂਚ ਨੇ ਕੇਂਦਰ ਨੂੰ ਇਸ ਮਾਮਲੇ ’ਚ ਸਰਗਰਮ ਭੂਮਿਕਾ ਨਿਭਾਉਣ ਅਤੇ ਏਆਈਐੱਫਐੱਫ ਦੀ ਮੁਅੱਤਲੀ ਹਟਾਉਣ ’ਚ ਮਦਦ ਕਰਨ ਲਈ ਕਿਹਾ। -ਪੀਟੀਆਈ