42.7 C
Patiāla
Saturday, May 18, 2024

ਨਗਰ ਸੁਧਾਰ ਟਰੱਸਟ ਦੇ ਘੁਟਾਲਿਆਂ ਦੀ ਜਾਂਚ ਹੁਣ ਈਡੀ ਹਵਾਲੇ

Must read


ਗਗਨਦੀਪ ਅਰੋੜਾ

ਲੁਧਿਆਣਾ, 17 ਅਗਸਤ

ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਘੁਟਾਲਿਆਂ ਦੀ ਜਾਂਚ ਹੁਣ ਈਡੀ ਕਰੇਗੀ। ਇਸ ਸਬੰਧੀ ਈਡੀ ਨੇ ਟਰੱਸਟ ਕੋਲੋਂ ਇਸ ਸਾਰੇ ਮਾਮਲੇ ਦੀ ਫਾਈਲ ਮੰਗਵਾ ਲਈ ਹੈ। ਇਸ ਮਾਮਲੇ ਵਿੱਚ ਸਾਬਕਾ ਮੰਤਰੀ ਆਸ਼ੂ ਦਾ ਸਭ ਤੋਂ ਨਜ਼ਦੀਕੀ ਸਾਥੀ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਨਾਮਜ਼ਦ ਹੈ। ਚਰਚਾ ਹੈ ਕਿ ਹੁਣ ਇਸ ਮਾਮਲੇ ਰਾਹੀਂ ਕੇਂਦਰ ਸਰਕਾਰ ਕਿਤੇ ਨਾ ਕਿਤੇ ਸਾਬਕਾ ਮੰਤਰੀ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਪੁਸ਼ਟੀ ਕੀਤੀ ਹੈ ਕਿ ਈਡੀ ਨੇ ਇਸ ਮਾਮਲੇ ਦੀ ਫਾਈਲ ਲੈਣ ਲਈ ਚਿੱਠੀ ਭੇਜੀ ਹੈ। ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਵਿਜੀਲੈਂਸ ਵੱਲੋਂ ਟਰਸੱਟ ਵਿੱਚ ਕਾਂਗਰਸ ਸਰਕਾਰ ਵੇਲੇ ਹੋਏ ਘੁਟਾਲਿਆਂ ਸਬੰਧੀ ਲੁਧਿਆਣਾ ’ਚ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਵਿੱਚ ਟਰਸੱਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ, ਉਸ ਦੇ ਪੀਏ ਸੰਦੀਪ ਸ਼ਰਮਾ, ਕਲਰਕ ਗਗਨਦੀਪ, ਸੇਲ ਕਲਰਕ ਪ੍ਰਵੀਨ ਕੁਮਾਰ, ਅੰਕਿਤ ਐੱਸਡੀਓ ’ਤੇ ਵਿਜੀਲੈਂਸ ਨੇ ਗਲਤ ਢੰਗ ਨਾਲ ਪਲਾਟਾਂ ਦੀ ਅਲਾਟਮੈਂਟ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਉਸੇ ਦਿਨ ਪੀਏ ਸੰਦੀਪ ਸ਼ਰਮਾ, ਪ੍ਰਵੀਨ ਕੁਮਾਰ ਤੇ ਈਓ ਕੁਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਜਾਂਚ ਕਰਦੇ ਹੋਏ ਪੁਲੀਸ ਨੇ ਪਲਾਟ ਲੈਣ ਵਾਲੇ ਸੰਜੈ ਜੈਨ, ਪ੍ਰਾਪਰਟੀ ਡੀਲਰ ਸੇਠੀ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ਵਿੱਚ ਹਾਲੇ ਚੇਅਰਮੈਨ ਦੀ ਗ੍ਰਿਫ਼ਤਾਰੀ ਨਹੀਂ ਹੋਈ। ਐੱਫਆਈਆਰ ਵਿੱਚ ਸਾਬਕਾ ਚੇਅਰਮੈਨ ਤੇ ਉਨ੍ਹਾਂ ਦੇ ਗੁੱਟ ’ਤੇ 8 ਪਲਾਟਾਂ ਨੂੰ ਨਿਯਮਾਂ ਤੋਂ ਉਲਟ ਜਾ ਕੇ ਅਲਾਟ ਕੀਤਾ ਗਿਆ, ਦੱਸਿਆ ਗਿਆ ਹੈ। ਇਹ ਸਾਰੇ ਹੀ ਪਲਾਟ ਲੁਧਿਆਣਾ ਦੇ ਪੌਸ਼ ਖੇਤਰਾਂ ਵਿੱਚ ਸਥਿਤ ਹਨ ਤੇ ਇੱਕ ਇੱਕ ਪਲਾਟ ਦੀ ਕੀਮਤ 4.5 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ। ਸਾਰੇ ਹੀ ਪਲਾਟ 500 ਗਜ਼ ਤੋਂ ਵੱਧ ਦੇ ਹਨ। ਜਿਨ੍ਹਾਂ ਦੇ ਨੰਬਰ 9 ਬੀ ਐੱਸਬੀਐੱਸ ਨਗਰ, 102, 103, 104, 105, 106 ਡੀ ਰਿਸ਼ੀ ਨਗਰ, 364 ਬੀ ਤੇ 140 ਸਰਾਭਾ ਨਗਰ ਸ਼ਾਮਲ ਹਨ। ਹੁਣ ਇਸ ਮਾਮਲੇ ਵਿੱਚ ਈਡੀ ਨੇ ਇਹ ਸਾਰੇ ਕੇਸ ਦੀ ਫਾਈਲ ਮੰਗਵਾ ਲਈ ਹੈ। ਨਾਲ ਹੀ ਹੁਣ ਤੱਕ ਵਿਜੀਲੈਂਸ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਵੀ ਮੰਗੀ ਗਈ ਹੈ ਤਾਂ ਕਿ ਈਡੀ ਆਪਣੇ ਤਰੀਕੇ ਨਾਲ ਜਾਂਚ ਕਰ ਸਕੇ। 

News Source link

- Advertisement -

More articles

- Advertisement -

Latest article